ਭਾਰਤ ਵਿਚ ਹੁਣ ਕਰੋਨਾ ਵਾਇਰਸ ਦੇ ਤੀਜੇ ਹੱਲੇ ਦਾ ਖਤਰਾ

Home » Blog » ਭਾਰਤ ਵਿਚ ਹੁਣ ਕਰੋਨਾ ਵਾਇਰਸ ਦੇ ਤੀਜੇ ਹੱਲੇ ਦਾ ਖਤਰਾ
ਭਾਰਤ ਵਿਚ ਹੁਣ ਕਰੋਨਾ ਵਾਇਰਸ ਦੇ ਤੀਜੇ ਹੱਲੇ ਦਾ ਖਤਰਾ

ਨਵੀਂ ਦਿੱਲੀ: ਭਾਰਤ ਵਿਚ ਕਰੋਨਾ ਦੀ ਦੂਜੀ ਲਹਿਰ ਦਾ ਕਹਿਰ ਹੁਣ ਘਟਣ ਲੱਗਾ ਹੈ। ਕਰੋਨਾ ਪਾਬੰਦੀਆਂ ਵਿਚ ਲਗਾਤਾਰ ਢਿੱਲ ਦਿੱਤੀ ਜਾ ਰਹੀ ਹੈ ਪਰ ਖਤਰਾ ਅਜੇ ਟਲਿਆ ਨਹੀਂ ਹੈ।

ਸਿਹਤ ਮਾਹਰਾਂ ਵੱਲੋਂ ਕਰੋਨਾ ਦੀ ਤੀਜੀ ਲਹਿਰ ਦੀ ਛੇਤੀ ਹੀ ਦਸਤਕ ਦੇਣ ਦੀ ਚਿਤਾਵਨੀ ਦੇ ਦਿੱਤੀ ਹੈ। ਏਮਸ ਦੇ ਡਾਇਰੈਕਟਰ ਰਣਦੀਪ ਗੁਲੇਰੀਆ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਕੋਵਿਡ ਨੇਮਾਂ ਦਾ ਪਾਲਣ ਨਾ ਕੀਤਾ ਗਿਆ ਅਤੇ ਭੀੜ ਨੂੰ ਨਾ ਰੋਕਿਆ ਗਿਆ ਤਾਂ ਲਾਗ ਦੀ ਤੀਜੀ ਲਹਿਰ ਅਗਲੇ ਛੇ ਤੋਂ ਅੱਠ ਹਫਤਿਆਂ ‘ਚ ਆ ਸਕਦੀ ਹੈ। ਉਨ੍ਹਾਂ ਕਿਹਾ ਕਿ ਜਦੋਂ ਤੱਕ ਵੱਡੀ ਗਿਣਤੀ ‘ਚ ਲੋਕਾਂ ਨੂੰ ਵੈਕਸੀਨ ਨਹੀਂ ਲੱਗ ਜਾਂਦੀ, ਉਦੋਂ ਤੱਕ ਕੋਵਿਡ ਨੇਮਾਂ ਦਾ ਸਖਤੀ ਨਾਲ ਪਾਲਣ ਕਰਨ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਜੇਕਰ ਕਰੋਨਾ ਦੇ ਕੇਸ ਵਧਦੇ ਹਨ ਤਾਂ ਉਨ੍ਹਾਂ ਇਲਾਕਿਆਂ ‘ਚ ਲੌਕਡਾਊਨ ਅਤੇ ਸਖਤੀ ਨਾਲ ਨਿਗਰਾਨੀ ਦੀ ਲੋੜ ਹੈ। ਯਾਦ ਰਹੇ ਕਿ ਪਿਛਲੇ ਸਾਲ ਦੇ ਪਹਿਲੇ ਮਹੀਨਿਆਂ ਵਿਚ ਭਾਰਤ ‘ਤੇ ਕਰੋਨਾ ਮਹਾਂਮਾਰੀ ਨੇ ਹਮਲਾ ਬੋਲਿਆ ਸੀ। ਚੀਨ ਤੋਂ ਸ਼ੁਰੂ ਹੋਈ ਇਸ ਬਿਮਾਰੀ ਨੇ ਅਮਰੀਕਾ ਅਤੇ ਬਹੁਤੇ ਯੂਰਪੀਨ ਦੇਸ਼ਾਂ ਨੂੰ ਪੂਰੀ ਤਰ੍ਹਾਂ ਜਕੜ ਲਿਆ ਸੀ। ਭਾਰਤ ਵਿਚ ਪਹਿਲਾਂ ਇਸ ਦਾ ਅਸਰ ਘੱਟ ਸੀ। ਮਰੀਜ਼ਾਂ ਅਤੇ ਮੌਤਾਂ ਦੇ ਮਾਮਲੇ ਵਿਚ ਇਹ ਹੋਰ ਬਹੁਤੇ ਦੇਸ਼ਾਂ ਤੋਂ ਪਿੱਛੇ ਸੀ ਪਰ ਹੌਲੀ-ਹੌਲੀ ਇਹ ਦੁਨੀਆਂ ਦੇ ਉਨ੍ਹਾਂ 4 ਵੱਡੇ ਦੇਸ਼ਾਂ ਵਿਚ ਸ਼ਾਮਲ ਹੋ ਗਿਆ ਜਿਨ੍ਹਾਂ ‘ਤੇ ਇਸ ਮਹਾਂਮਾਰੀ ਦਾ ਵਧੇਰੇ ਅਸਰ ਹੋਇਆ ਸੀ।

ਇਸ ਦੇ ਵਧਣ ਨਾਲ ਦੇਸ਼ ਵਿਚ ਤਾਲਾਬੰਦੀਆਂ ਦੇ ਐਲਾਨ ਸ਼ੁਰੂ ਹੋ ਗਏ ਸਨ। 24 ਮਾਰਚ, 2020 ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਭਰ ਵਿਚ 21 ਦਿਨਾਂ ਤਾਲਾਬੰਦੀ ਦਾ ਐਲਾਨ ਕਰ ਦਿੱਤਾ ਸੀ। ਉਸ ਤੋਂ ਅਗਲੇ ਹੀ ਦਿਨ ਪਰਵਾਸੀ ਮਜ਼ਦੂਰਾਂ ਦੀ ਆਪਣੇ ਘਰਾਂ ਨੂੰ ਜਾਣ ਦੀ ਹੋੜ ਲੱਗ ਗਈ ਸੀ। ਦੇਸ਼ ਭਰ ਵਿਚ ਪਹਿਲਾਂ ਅਜਿਹਾ ਵਰਤਾਰਾ ਨਹੀਂ ਸੀ ਦੇਖਿਆ ਗਿਆ। ਕਰੋੜਾਂ ਹੀ ਲੋਕ ਬੇਰੁਜ਼ਗਾਰ ਹੋ ਗਏ। ਦੇਸ਼ ਦੀ ਆਰਥਿਕਤਾ ਨੂੰ ਵੱਡਾ ਧੱਕਾ ਲੱਗਾ। ਚਾਹੇ ਕੇਂਦਰ ਸਰਕਾਰ ਵੱਲੋਂ ਗਰੀਬ ਵਰਗ ਦੀ ਸਹਾਇਤਾ ਲਈ ਮੁਫਤ ਰਾਸ਼ਨ ਦੇ ਕੇ ਜਾਂ ਹੋਰ ਢੰਗਾਂ ਨਾਲ ਯਤਨ ਕੀਤੇ ਗਏ ਪਰ ਵਾਪਰਦੇ ਵੱਡੇ ਦੁਖਾਂਤ ਸਾਹਮਣੇ ਇਹ ਯਤਨ ਨਿਗੂਣੇ ਹੀ ਬਣੇ ਰਹੇ। ਮਹਾਂਮਾਰੀ ਨਾ ਰੁਕਣ ਕਾਰਨ ਬਹੁਤੀਆਂ ਥਾਵਾਂ ‘ਤੇ ਤਾਲਾਬੰਦੀਆਂ ਨੂੰ ਹੋਰ ਵਧਾ ਦਿੱਤਾ ਗਿਆ। ਦੇਸ਼ ਦੇ ਵੱਡੇ ਸ਼ਹਿਰਾਂ ਮੁੰਬਈ, ਜੈਪੁਰ, ਪੂਨੇ ਤੇ ਕੋਲਕਾਤਾ ਉਤੇ ਬਿਮਾਰੀ ਦਾ ਵੱਡਾ ਅਸਰ ਵੇਖਿਆ ਗਿਆ, ਜਿਸ ਨੇ ਆਮ ਲੋਕਾਂ ਦੀਆਂ ਪਰੇਸ਼ਾਨੀਆਂ ਨੂੰ ਹੋਰ ਵੀ ਵਧਾ ਦਿੱਤਾ।

ਰਾਜ ਸਰਕਾਰਾਂ ਨੇ ਵੀ ਆਪੋ-ਆਪਣੀ ਸਥਿਤੀ ਮੁਤਾਬਕ ਸਮੇਂ-ਸਮੇਂ ਤਾਲਾਬੰਦੀਆਂ ਦੇ ਐਲਾਨ ਕੀਤੇ। ਇਨ੍ਹਾਂ ਦਿਨਾਂ ਵਿਚ ਜਿੰਨੀਆਂ ਤਕਲੀਫਾਂ ‘ਚੋਂ ਲੋਕਾਂ ਨੂੰ ਗੁਜ਼ਰਨਾ ਪਿਆ, ਉਨ੍ਹਾਂ ਦੀ ਥਾਹ ਪਾਈ ਜਾਣੀ ਬੇਹੱਦ ਮੁਸ਼ਕਲ ਹੈ, ਪਰ ਇਸ ਦੀ ਜ਼ੱਦ ਵਿਚ ਆਮ ਲੋਕ ਵਧੇਰੇ ਆਏ। ਮਜ਼ਦੂਰ, ਕਾਰੀਗਰ, ਰੇਹੜੀਆਂ ਵਾਲੇ ਅਤੇ ਨਿੱਤ ਦਿਨ ਦੀ ਕਮਾਈ ਕਰਨ ਵਾਲੇ ਲੋਕਾਂ ਦੀ ਪਰੇਸ਼ਾਨੀ ਦਾ ਅੰਤ ਨਾ ਰਿਹਾ। ਜ਼ਿੰਦਗੀ ਇਕ ਤਰ੍ਹਾਂ ਨਾਲ ਠਹਿਰ ਗਈ। ਸਕੂਲ, ਕਾਲਜ ਬੰਦ ਹੋ ਗਏ, ਹਰ ਤਰ੍ਹਾਂ ਦੇ ਅਦਾਰਿਆਂ ਵਿਚ ਕੰਮ ਕਰਨ ਵਾਲੇ ਮੁਲਾਜ਼ਮ ਵੀ ਬੇਰੁਜ਼ਗਾਰ ਹੋ ਗਏ। ਹਰ ਤਰ੍ਹਾਂ ਦੇ ਸਮਾਜਿਕ ਸਮਾਗਮ ਤਾਂ ਇਕ ਤਰ੍ਹਾਂ ਨਾਲ ਬੰਦ ਹੀ ਹੋ ਗਏ। ਦੂਜੀ ਲਹਿਰ ਨੇ ਦੇਸ਼ ਨੂੰ ਹੋਰ ਵੀ ਵਧੇਰੇ ਹਿਲਾ ਕੇ ਰੱਖ ਦਿੱਤਾ ਸੀ। ਪਰ ਹੁਣ ਜਦੋਂ ਦੇਸ਼ ਭਰ ਵਿਚ ਬਹੁਤੀਆਂ ਥਾਵਾਂ ‘ਤੇ ਇਸ ਬਿਮਾਰੀ ਦਾ ਪ੍ਰਭਾਵ ਮੁੜ ਘਟਣ ਲੱਗਾ ਹੈ ਤਾਂ ਪੰਜਾਬ ਉਤੇ ਵੀ ਇਸ ਦਾ ਪ੍ਰਤੱਖ ਪ੍ਰਭਾਵ ਦੇਖਿਆ ਜਾ ਸਕਦਾ ਹੈ।

ਪਿਛਲੇ ਦਿਨਾਂ ਤੋਂ ਪ੍ਰਸ਼ਾਸਨ ਵਲੋਂ ਪੜਾਅਵਾਰ ਪਾਬੰਦੀਆਂ ਨੂੰ ਘਟਾਇਆ ਜਾਂਦਾ ਰਿਹਾ ਹੈ ਅਤੇ ਸੂਬੇ ਵਿਚ ਟੀਕਾਕਰਨ ਦੀ ਮੁਹਿੰਮ ਵੀ ਤੇਜ਼ ਕੀਤੀ ਗਈ ਹੈ। ਇਹ ਖਬਰ ਰਾਹਤ ਦੇਣ ਵਾਲੀ ਹੈ ਕਿ ਨਵੇਂ ਮਰੀਜ਼ਾਂ ਦੀ ਦਰ ਹੁਣ 2 ਫੀਸਦੀ ਤੋਂ ਹੇਠਾਂ ਆ ਗਈ ਹੈ, ਜਿਸ ਨੂੰ ਦੇਖਦਿਆਂ ਸਰਕਾਰ ਵਲੋਂ ਬਹੁਤੇ ਕਾਰੋਬਾਰਾਂ ਨੂੰ ਮੁੜ ਸ਼ੁਰੂ ਕਰਨ ਦਾ ਐਲਾਨ ਕਰ ਦਿੱਤਾ ਗਿਆ ਹੈ। ਚਾਹੇ ਸਕੂਲਾਂ ਅਤੇ ਹੋਰ ਵਿੱਦਿਅਕ ਅਦਾਰਿਆਂ ਨੂੰ ਤਾਂ ਹਾਲੇ ਵੀ ਬੰਦ ਰੱਖਿਆ ਜਾ ਰਿਹਾ ਹੈ ਪਰ ਰੈਸਟੋਰੈਂਟਾਂ, ਢਾਬਿਆਂ, ਸਿਨੇਮਾ ਅਤੇ ਜਿੰਮ ਆਦਿ ਨੂੰ ਖੋਲ੍ਹ ਸਕਣ ਦਾ ਐਲਾਨ ਕਰ ਦਿੱਤਾ ਗਿਆ ਹੈ। ਬੱਸਾਂ ਦੀ ਆਵਾਜਾਈ ਨੂੰ ਵੀ ਵਧਾ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਦੁਕਾਨਾਂ ਤੇ ਹੋਰ ਅਦਾਰੇ ਖੁੱਲ੍ਹਣ ਦੇ ਸਮੇਂ ਵਿਚ ਵੀ ਵਾਧਾ ਕਰ ਦਿੱਤਾ ਗਿਆ ਹੈ ਪਰ ਇਸ ਦੇ ਨਾਲ-ਨਾਲ ਇਹ ਵੀ ਜ਼ਰੂਰੀ ਬਣ ਜਾਂਦਾ ਹੈ ਕਿ ਲੋਕ ਇਸ ਬਿਮਾਰੀ ਪ੍ਰਤੀ ਸੁਚੇਤ ਰਹਿਣ ਅਤੇ ਉਨ੍ਹਾਂ ਨਿਯਮਾਂ ਦੀ ਪਾਲਣਾ ਜ਼ਰੂਰ ਕਰਨ, ਜਿਨ੍ਹਾਂ ਨਾਲ ਇਸ ਬਿਮਾਰੀ ਤੋਂ ਬਚਿਆ ਜਾ ਸਕਦਾ ਹੈ।

ਨਵੀਂ ਦਿੱਲੀ: ਡਬਲਿਊ.ਐਚ.ਉ. ਦੱਖਣ-ਪੂਰਬੀ ਏਸ਼ੀਆ ਦੀ ਖੇਤਰੀ ਡਾਇਰੈਕਟਰ ਪੂਨਮ ਖੇਤਰਪਾਲ ਸਿੰਘ ਨੇ ਕਿਹਾ, ‘ਸਾਨੂੰ ਜਾਂਚ, ਪੀੜਤਾਂ ਦਾ ਪਤਾ ਲਾਉਣ ਤੇ ਇਕਾਂਤਵਾਸ ਸਬੰਧੀ ਆਪਣੇ ਯਤਨਾਂ ਨੂੰ ਮਜ਼ਬੂਤ ਕਰਨ ਦੀ ਲੋੜ ਹੈ। ਸਮਾਜਿਕ ਦੂਰੀ ਯਕੀਨੀ ਬਣਾਉਣ, ਹੱਥ ਧੋਣ ਤੇ ਸਹੀ ਤਰੀਕੇ ਨਾਲ ਮਾਸਕ ਪਹਿਨਣ ਸਬੰਧੀ ਹਦਾਇਤਾਂ ਨੂੰ ਸਖਤੀ ਨਾਲ ਲਾਗੂੁ ਕਰਨਾ ਚਾਹੀਦਾ ਹੈ। ਜਿਨ੍ਹਾਂ ਖੇਤਰਾਂ ਵਿਚ ਵਾਇਰਸ ਦੇ ਖਤਰਨਾਕ ਰੂਪਾਂ ਦੇ ਵਧੇਰੇ ਮਾਮਲੇ ਸਾਹਮਣੇ ਆ ਰਹੇ ਹਨ, ਉਥੇ ਇਨ੍ਹਾਂ ਹਦਾਇਤਾਂ ਦੀ ਲੰਮੇ ਸਮੇਂ ਲਈ ਸਖਤੀ ਨਾਲ ਪਾਲਣਾ ਕੀਤੀ ਜਾਣੀ ਚਾਹੀਦੀ ਹੈ।`

ਚੰਡੀਗੜ੍ਹ: ਮੁੱਖ ਸਕੱਤਰ ਵਿਨੀ ਮਹਾਜਨ ਨੇ ਕੋਵਿਡ ਮਹਾਮਾਰੀ ਖਿਲਾਫ ਲੜਾਈ ਜਿੱਤਣ ਅਤੇ ਵਾਇਰਸ ਦੀ ਸੰਭਾਵਿਤ ਤੀਜੀ ਲਹਿਰ ਦੀ ਰੋਕਥਾਮ ਦੇ ਮੱਦੇਨਜਰ ਸਮੂਹ ਡਿਪਟੀ ਕਮਿਸ਼ਨਰਾਂ ਨੂੰ 18 ਸਾਲਾਂ ਤੋਂ ਵੱਧ ਉਮਰ ਵਰਗ ਲਈ ਚਲਾਈ ਜਾ ਰਹੀ ਟੀਕਾਕਰਨ ਮੁਹਿੰਮ ਨੂੰ ਹੋਰ ਤੇਜੀ ਨਾਲ ਅੱਗੇ ਵਧਾਉਣ ਅਤੇ ਸੂਬੇ ਵਿੱਚ ਵੱਧ ਇਨਫੈਕਸ਼ਨ ਫੈਲਾਉਣ ਦੀ ਸੰਭਾਵਨਾ ਵਾਲੇ, ਕਮਜ਼ੋਰ ਅਤੇ ਸਹਿ-ਰੋਗਾਂ ਵਾਲੇ ਵਿਅਕਤੀਆਂ ਨੂੰ ਤਰਜੀਹੀ ਆਧਾਰ ‘ਤੇ ਟੀਕਾ ਲਾਉਣ ਲਈ ਆਖਿਆ। ਸੂਬੇ ਵਿਚ ਚੱਲ ਰਹੀ ਟੀਕਾਕਰਨ ਮੁਹਿੰਮ ਦਾ ਜਾਇਜ਼ਾ ਲੈਣ ਲਈ ਰਾਜ ਦੇ ਸਿਹਤ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਅਤੇ ਡਿਪਟੀ ਕਮਿਸ਼ਨਰਾਂ ਨਾਲ ਆਨਲਾਈਨ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਮੁੱਖ ਸਕੱਤਰ ਨੇ ਡਿਪਟੀ ਕਮਿਸ਼ਨਰਾਂ ਨੂੰ ਆਉਂਦੇ ਦਿਨਾਂ ਵਿਚ ਵੱਧ ਤੋਂ ਵੱਧ ਲੋਕਾਂ ਨੂੰ ਟੀਕਾ ਲਗਾਉਣ ਲਈ ਪ੍ਰਭਾਵੀ ਰਣਨੀਤੀਆਂ ਦੀ ਯੋਜਨਾ ਤਿਆਰ ਕਰਨ ਨੂੰ ਕਿਹਾ।

Leave a Reply

Your email address will not be published.