ਭਾਰਤ-ਪਾਕਿ ਵੰਡ ਦੇ 74 ਸਾਲ ਮਗਰੋਂ ਦੋ ਪਰਿਵਾਰਾਂ ਦੀ ਹੋਈ ਮੁਲਾਕਾਤ

ਭਾਰਤ-ਪਾਕਿ ਵੰਡ ਦੇ 74 ਸਾਲ ਮਗਰੋਂ ਦੋ ਪਰਿਵਾਰਾਂ ਦੀ ਹੋਈ ਮੁਲਾਕਾਤ

ਚੰਡੀਗੜ੍ਹ: ਭਾਰਤ-ਪਾਕਿਸਤਾਨ ਵਿਚਾਲੇ ਕਰਤਾਰਪੁਰ ਲਾਂਘੇ ਦਾ ਖੁੱਲ੍ਹਣਾ ਨਾ ਸਿਰਫ਼ ਸਿੱਖ ਭਾਈਚਾਰੇ ਲਈ ਬਲਕਿ ਧਾਰਮਿਕ ਖੁਸ਼ੀ ਦੀ ਵੀ ਗੱਲ ਹੈ, ਇਹ ਲਾਂਘਾ ਵੰਡ ਵਿਛੜ ਚੁੱਕੇ ਲੋਕਾਂ ਨੂੰ ਮੁੜ ਜੋੜਨ ਦਾ ਜ਼ਰੀਆ ਵੀ ਬਣ ਗਿਆ ਹੈ। 

ਵੰਡ ਤੋਂ 74 ਸਾਲ ਬਾਅਦ, ਕਰਤਾਰਪੁਰ ਲਾਂਘੇ ਕਾਰਨ ਹੀ ਅੰਮ੍ਰਿਤਸਰ ਦਾ ਸੁਖਪਾਲ ਸਿੰਘ ਪਾਕਿਸਤਾਨ ਤੋਂ ਆਏ ਇੱਕ ਪਰਿਵਾਰ ਨਾਲ ਮੁੜ ਮਿਲ ਸਕਿਆ, ਜਿਸ ਦੇ ਇੱਕ ਮੈਂਬਰ ਨੂੰ 1947 ਦੇ ਦੰਗਿਆਂ ਦੌਰਾਨ ਉਨ੍ਹਾਂ ਦੇ ਪੁਰਖਿਆਂ ਨੇ ਬਚਾਇਆ ਸੀ। ਅੰਮ੍ਰਿਤਸਰ ਦੇ ਸੁਖਪਾਲ ਅਤੇ ਲਾਹੌਰ ਦੇ ਸ਼ਕੀਲ ਅਹਿਮਦ, ਜੋ ਦੋਵਾਂ ਪਰਿਵਾਰਾਂ ਦੀ ਚੌਥੀ ਪੀੜ੍ਹੀ ਨਾਲ ਸਬੰਧਤ ਸਨ, ਆਬੂ ਧਾਬੀ ਵਿੱਚ ਇੱਕ ਵਿਅਕਤੀ ਰਾਹੀਂ ਇੱਕ ਦੂਜੇ ਦੇ ਸੰਪਰਕ ਵਿੱਚ ਆਏ ਸਨ।

ਸ਼ਕੀਲ ਦੇ ਪੜਦਾਦਾ ਸਿਰਾਜਦੀਨ ਨੂੰ ਵੰਡ ਵੇਲੇ ਸੁਖਪਾਲ ਦੇ ਪੁਰਖਿਆਂ ਨੇ ਬਚਾਇਆ ਸੀ, ਜਦੋਂ ਉਹ 20 ਸਾਲ ਦਾ ਸਨ। ਦੋਹਾਂ ਨੇ ਟੈਲੀਫੋਨ ‘ਤੇ ਗੱਲਬਾਤ ਕੀਤੀ ਅਤੇ ਪਾਕਿਸਤਾਨ ਦੇ ਗੁਰਦੁਆਰਾ ਦਰਬਾਰ ਸਾਹਿਬ ਕਰਤਾਰਪੁਰ ਵਿਖੇ ਮਿਲਣ ਲਈ ਇਕ ਦਿਨ ਤੈਅ ਕੀਤਾ। ਬੀਤੇ ਦਿਨਾਂ ਨੂੰ ਯਾਦ ਕਰਦਿਆਂ ਸੁਖਪਾਲ ਨੇ ਦੱਸਿਆ ਕਿ ਵੰਡ ਸਮੇਂ ਉਨ੍ਹਾਂ ਦਾ ਪਰਿਵਾਰ ਪੱਟੀ ਤਹਿਸੀਲ (ਤਰਨਤਾਰਨ) ਦੇ ਪਿੰਡ ਸੈਦਪੁਰ ਵਿਖੇ ਰਹਿੰਦਾ ਸੀ। ਉਨ੍ਹਾਂ ਦੇ ਮਰਹੂਮ ਪੜਦਾਦਾ ਹੀਰਾ ਸਿੰਘ ਅਤੇ ਦਾਦਾ ਊਧਮ ਸਿੰਘ ਨੇ ਆਪਣੇ ਆਲੇ-ਦੁਆਲੇ ਰਹਿੰਦੇ ਮੁਸਲਮਾਨ ਪਰਿਵਾਰਾਂ ਨੂੰ ਉਸ ਬੇਕਾਬੂ ਭੀੜ ਤੋਂ ਬਚਾਇਆ ਸੀ ਜੋ ਵੰਡ ਵੇਲੇ ਮੁਸਲਮਾਨਾਂ ਨੂੰ ਮਾਰਨ ‘ਤੇ ਤੁਲੀ ਹੋਈ ਸੀ। ਸ਼ਕੀਲ ਦੇ ਪੜਦਾਦਾ ਸਿਰਾਜ ਵੀ ਉਨ੍ਹਾਂ ਵਿੱਚੋਂ ਇੱਕ ਸਨ। ਸੁਖਪਾਲ ਨੇ ਦੱਸਿਆ, “ਮੇਰੇ ਦਾਦਾ ਜੀ ਨੇ ਮੁਸਲਮਾਨ ਪਰਿਵਾਰਾਂ ਨੂੰ ਭੀੜ ਤੋਂ ਬਚਾਉਣ ਲਈ ਪਸ਼ੂਆਂ ਦੇ ਬਾੜੇ ਅਤੇ ਗੰਨੇ ਦੇ ਖੇਤਾਂ ਵਿੱਚ ਛੁਪਾ ਦਿੱਤਾ ਸੀ। ਸਥਿਤੀ ਆਮ ਵਾਂਗ ਹੋਣ ਤੋਂ ਬਾਅਦ ਉਨ੍ਹਾਂ ਨੂੰ ਪਾਕਿਸਤਾਨ ਦੀ ਸਰਹੱਦ ‘ਤੇ ਸਥਿਤ ਇੱਕ ਸਰਹੱਦੀ ਪਿੰਡ ਲਿਜਾਇਆ ਗਿਆ। ਮੇਰੇ ਦਾਦਾ ਜੀ ਦੱਸਦੇ ਸਨ ਕਿ ਸਿਰਾਜ ਜ਼ਖਮੀ ਹੋਣ ਕਾਰਨ ਉੱਥੇ ਹੀ ਰੁਕਿਆ ਸੀ। ਕੋਈ ਡਾਕਟਰੀ ਸਹੂਲਤ ਨਾ ਹੋਣ ਕਾਰਨ ਸਾਡੇ ਪਰਿਵਾਰ ਨੇ ਉਸ ਦਾ ਇਲਾਜ ਘਰ ਹੀ ਕੀਤਾ। ਕਰੀਬ ਇੱਕ ਮਹੀਨੇ ਬਾਅਦ ਬਲੋਚਿਸਤਾਨ ਰੈਜੀਮੈਂਟ ਦਾ ਇੱਕ ਟਰੱਕ ਆਇਆ ਅਤੇ ਉਨ੍ਹਾਂ ਨੂੰ ਸਰਹੱਦ ਦੇ ਦੂਜੇ ਪਾਸੇ ਲੈ ਗਿਆ। ਉਦੋਂ ਤੋਂ ਉਨ੍ਹਾਂ ਵਿਚਕਾਰ ਕੋਈ ਸੰਪਰਕ ਨਹੀਂ ਸੀ।

ਸ਼ਕੀਲ ਨੇ ਦੱਸਿਆ ਕਿ ਉਸ ਦੇ ਪੜਦਾਦਾ (ਸਿਰਾਜ) ਨੂੰ ਛੱਡ ਕੇ ਉਨ੍ਹਾਂ ਦੇ ਪਰਿਵਾਰ ਦੇ ਤਿੰਨ ਹੋਰ ਮੈਂਬਰ ਵੰਡ ਦੌਰਾਨ ਹਿੰਦੂ-ਮੁਸਲਿਮ ਦੰਗਿਆਂ ਵਿੱਚ ਮਾਰੇ ਗਏ ਸਨ। ਉਨ੍ਹਾਂ ਸੁਖਪਾਲ ਸਿੰਘ ਨੂੰ ਆਪਣੇ ਪੜਦਾਦੇ ਸਿਰਾਜ ਦੇ ਜਨਮ ਸਥਾਨ ਪਿੰਡ ਸੈਦਪੁਰ ਤੋਂ ਮਿੱਟੀ ਅਤੇ ਪਾਣੀ ਲਿਆਉਣ ਦੀ ਬੇਨਤੀ ਕੀਤੀ ਸੀ। ਉਨ੍ਹਾਂ ਦੇ ਪੜਦਾਦਾ ਦਾ 2 ਸਾਲ ਪਹਿਲਾਂ 2020 ਵਿੱਚ 97 ਸਾਲ ਦੀ ਉਮਰ ਵਿੱਚ ਦਿਹਾਂਤ ਹੋ ਗਿਆ ਸੀ। ਉਹ ਹਮੇਸ਼ਾ ਭਾਰਤੀ ਸਿੱਖ ਪਰਿਵਾਰ ਨੂੰ ਮਿਲਣਾ ਚਾਹੁੰਦੇ ਸਨ ਜਿਸ ਨੇ ਉਨ੍ਹਾਂ ਦੀ ਜਾਨ ਬਚਾਈ ਸੀ। ਪਰ ਜਿਉਂਦੇ ਜੀ ਉਨ੍ਹਾਂ ਦੀ ਇਹ ਇੱਛਾ ਪੂਰੀ ਨਾ ਹੋ ਸਕੀ।

Leave a Reply

Your email address will not be published.