ਭਾਰਤ ਨੇ ਕਾਬੁਲ ਤੋਂ ਆਪਣੇ ਰਾਜਦੂਤ ਤੇ ਹੋਰ ਅਧਿਕਾਰੀਆਂ ਨੂੰ ਵਾਪਸ ਲਿਆਂਦਾ

Home » Blog » ਭਾਰਤ ਨੇ ਕਾਬੁਲ ਤੋਂ ਆਪਣੇ ਰਾਜਦੂਤ ਤੇ ਹੋਰ ਅਧਿਕਾਰੀਆਂ ਨੂੰ ਵਾਪਸ ਲਿਆਂਦਾ
ਭਾਰਤ ਨੇ ਕਾਬੁਲ ਤੋਂ ਆਪਣੇ ਰਾਜਦੂਤ ਤੇ ਹੋਰ ਅਧਿਕਾਰੀਆਂ ਨੂੰ ਵਾਪਸ ਲਿਆਂਦਾ

ਨਵੀਂ ਦਿੱਲੀ / ਕਾਬੁਲ ‘ਤੇ ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਉਥੇ ਖ਼ਰਾਬ ਹੁੰਦੇ ਸੁਰੱਖਿਆ ਹਾਲਾਤ ਦੇ ਮੱਦੇਨਜ਼ਰ ਭਾਰਤ ਨੇ ਅਫ਼ਗਾਨਿਸਤਾਨ ‘ਚ ਆਪਣੇ ਰਾਜਦੂਤ ਅਤੇ ਭਾਰਤੀ ਦੂਤਘਰ ਦੇ ਹੋਰ ਅਧਿਕਾਰੀਆਂ ਤੇ ਮੁਲਾਜ਼ਮਾਂ ਨੂੰ ਫ਼ੌਜ ਦੇ ਵਿਸ਼ੇਸ਼ ਜਹਾਜ਼ ਰਾਹੀ ਸੁਰੱਖਿਅਤ ਵਾਪਸ ਲਿਆਂਦਾ ਹੈ |

ਭਾਰਤੀ ਹਵਾਈ ਫ਼ੌਜ ਦਾ ਸੀ-17 ਗਲੋਬਮਾਸਟਰ ਹਵਾਈ ਜਹਾਜ਼ ਭਾਰਤੀ ਰਾਜਦੂਤ, ਕੂਟਨੀਤਕਾਂ, ਅਧਿਕਾਰੀਆਂ, ਸੁਰੱਖਿਆ ਮੁਲਾਜ਼ਮਾਂ ਸਮੇਤ ਕਰੀਬ 150 ਭਾਰਤੀ ਨਾਗਰਿਕਾਂ ਨੂੰ ਲੈ ਕੇ ਸ਼ਾਮ 5 ਵਜੇ ਨਵੀਂ ਦਿੱਲੀ ਦੇ ਹਿੰਡਨ ਸੈਨਿਕ ਹਵਾਈ ਅੱਡੇ ‘ਤੇ ਪੁੱਜਾ | ਇਸ ਤੋਂ ਪਹਿਲਾ ਜਹਾਜ਼ ਸਵੇਰੇ 11:15 ਵਜੇ ਗੁਜਰਾਤ ਦੇ ਜਾਮਨਗਰ ਹਵਾਈ ਅੱਡੇ ‘ਤੇ ਉਤਰਿਆ ਸੀ | ਬੀਤੇ ਕੱਲ੍ਹ ਵੀ ਕਰੀਬ 40 ਭਾਰਤੀ ਨਾਗਰਿਕਾਂ ਨੂੰ ਕਾਬੁਲ ਤੋਂ ਵਾਪਸ ਲਿਆਂਦਾ ਸੀ | ਅਫ਼ਗਾਨਿਸਤਾਨ ‘ਚ ਭਾਰਤ ਦੇ ਰਾਜਦੂਤ ਰੁਦਰੇਂਦਰ ਟੰਡਨ ਨੇ ਜਾਮਨਗਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਕਾਬੁਲ ‘ਚ ਹਾਲਾਤ ਬਹੁਤ ਗੰਭੀਰ ਹਨ ਅਤੇ ਉਥੇ ਫਸੇ ਬਾਕੀ ਰਹਿੰਦੇ ਭਾਰਤੀ ਨਾਗਰਿਕਾਂ ਨੂੰ ਵੀ ਜਲਦ ਹੀ ਵਾਪਸ ਲਿਆਂਦਾ ਜਾਵੇਗਾ |

ਉਨ੍ਹਾਂ ਕਿਹਾ ਕਿ ਅਸੀਂ ਆਪਣੇ ਘਰ ਸੁਰੱਖਿਅਤ ਪਹੁੰਚ ਕੇ ਬਹੁਤ ਖੁਸ਼ ਹਾਂ | ਅਸੀਂ ਬਹੁਤ ਵੱਡੇ ਮਿਸ਼ਨ ‘ਤੇ ਸੀ | ਟੰਡਨ ਨੇ ਬੀਤੇ ਸਾਲ ਅਗਸਤ ਵਿਚ ਅਫ਼ਗਾਨਿਸਤਾਨ ‘ਚ ਭਾਰਤ ਦੇ ਰਾਜਦੂਤ ਵਜੋਂ ਅਹੁਦਾ ਸੰਭਾਲਿਆ ਸੀ | ਉਨ੍ਹਾਂ ਦੱਸਿਆ ਕਿ ਕਾਬੁਲ ‘ਚ ਤੇਜ਼ੀ ਨਾਲ ਬਦਲ ਰਹੇ ਹਾਲਾਤ ਦੌਰਾਨ ਭਾਰਤੀ ਦੂਤਘਰ ਨੇ ਬਹੁਤ ਸਾਰੇ ਭਾਰਤੀ ਨਾਗਰਿਕਾਂ ਨੂੰ ਸਹਾਇਤਾ ਮੁਹੱਈਆ ਕਰਵਾਈ ਅਤੇ ਕਈਆਂ ਨੂੰ ਪਨਾਹ ਵੀ ਦਿੱਤੀ |

ਅਸੀਂ ਸਾਰੇ ਹਾਲਾਤ ‘ਤੇ ਲਗਾਤਾਰ ਨਜ਼ਰ ਰੱਖ ਰਹੇ ਹਾਂ ਕਿਉਂਕਿ ਅਜੇ ਵੀ ਕੁਝ ਭਾਰਤੀ ਨਾਗਰਿਕ ਉਥੇ ਫਸੇ ਹੋਏ ਹਨ | ਕਾਬੁਲ ਹਵਾਈ ਅੱਡੇ ਦਾ ਸੰਚਾਲਨ ਮੁੜ ਸ਼ੁਰੂ ਹੋਣ ‘ਤੇ ਏਅਰ ਇੰਡੀਆ ਦੀਆਂ ਉਡਾਣਾਂ ਰਾਹੀਂ ਉਨ੍ਹਾਂ ਨੂੰ ਵਾਪਸ ਲਿਆਂਦਾ ਜਾਵੇਗਾ | ਇਸ ਮੌਕੇ ਉਨ੍ਹਾਂ ਭਾਰਤੀ ਹਵਾਈ ਫ਼ੌਜ ਦਾ ਧੰਨਵਾਦ ਵੀ ਕੀਤਾ | ਇਸ ਤੋਂ ਪਹਿਲਾਂ ਅੱਜ ਸਵੇਰੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਰਿਨਦਮ ਬਾਗਚੀ ਨੇ ਟਵੀਟ ਕੀਤਾ ਸੀ ਕਿ ਕਾਬੁਲ ‘ਚ ਬਦਲੇ ਹਾਲਾਤ ਨੂੰ ਦੇਖਦੇ ਹੋਏ ਭਾਰਤੀ ਰਾਜਦੂਤ ਅਤੇ ਹੋਰ ਅਧਿਕਾਰੀਆਂ ਨੂੰ ਤੁਰੰਤ ਵਾਪਸ ਲਿਆਉਣ ਦਾ ਫ਼ੈਸਲਾ ਕੀਤਾ ਗਿਆ ਹੈ |

9 ਭਾਰਤੀ ਤੇ 118 ਨਿਪਾਲੀ ਨਾਗਰਿਕ ਕਠਮੰਡੂ ਪੁੱਜੇ ਕਾਬੁਲ ‘ਚ ਅਮਰੀਕੀ ਦੂਤਘਰ ਵਿਚ ਕੰਮ ਕਰਦੇ 9 ਭਾਰਤੀ ਅਤੇ 118 ਨਿਪਾਲੀ ਨਾਗਰਿਕ ਅੱਜ ਅਫ਼ਗਾਨਿਸਤਾਨ ਤੋਂ ਕਠਮੰਡੂ ਸੁਰੱਖਿਅਤ ਪਹੁੰਚ ਗਏ | ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਨੁਸਾਰ ਸਾਰੇ 127 ਵਿਅਕਤੀਆਂ ਨੂੰ ਵਿਸ਼ੇਸ਼ ਹਵਾਈ ਜਹਾਜ਼ ਰਾਹੀਂ ਕਾਬੁਲ ਤੋਂ ਵਾਇਆ ਕਤਰ ਵਾਪਸ ਨਿਪਾਲ ਲਿਆਂਦਾ ਗਿਆ |

Leave a Reply

Your email address will not be published.