ਭਾਰਤ ਤੇ ਅਮਰੀਕਾ ਨੇ ਰਲ ਕੇ ਚੱਲਣ ਲਈ ਦ੍ਰਿੜ੍ਹਤਾ ਪ੍ਰਗਟਾਈ

Home » Blog » ਭਾਰਤ ਤੇ ਅਮਰੀਕਾ ਨੇ ਰਲ ਕੇ ਚੱਲਣ ਲਈ ਦ੍ਰਿੜ੍ਹਤਾ ਪ੍ਰਗਟਾਈ
ਭਾਰਤ ਤੇ ਅਮਰੀਕਾ ਨੇ ਰਲ ਕੇ ਚੱਲਣ ਲਈ ਦ੍ਰਿੜ੍ਹਤਾ ਪ੍ਰਗਟਾਈ

ਵਾਸ਼ਿੰਗਟਨ: ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਨੇ ਇਥੇ ਵਾਈਟ ਹਾਊਸ ‘ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਪਹਿਲੀ ਸਿੱਧੀ ਮੁਲਾਕਾਤ ਮਗਰੋਂ ਕਿਹਾ ਕਿ ਭਾਰਤ ਅਤੇ ਅਮਰੀਕਾ ਦੁਨੀਆਂ ਦੇ ਸਭ ਤੋਂ ਵੱਡੇ ਲੋਕਤੰਤਰੀ ਦੇਸ ਹਨ ਅਤੇ ਦੋਵੇਂ ਦੇਸ ਮਿਲ ਕੇ ਸਖਤ ਚੁਣੌਤੀਆਂ ਦਾ ਸਾਹਮਣਾ ਕਰ ਸਕਦੇ ਹਨ। ਦੋਵਾਂ ਨੇਤਾਵਾਂ ਦੀ ਮੁਲਾਕਾਤ ਨਿਰਧਾਰਤ 60 ਮਿੰਟਾਂ ਦੀ ਬਜਾਏ 90 ਮਿੰਟ ਤੋਂ ਜ਼ਿਆਦਾ ਚੱਲੀ।

ਬਾਇਡਨ ਨੇ ਟਵਿੱਟਰ ‘ਤੇ ਮੋਦੀ ਨਾਲ ਤਸਵੀਰ ਸਾਂਝੀ ਕੀਤੀ ਜਿਸ ਵਿਚ ਦੋਵੇਂ ਹੱਥ ਮਿਲਾਉਂਦੇ ਹੋਏ ਨਜ਼ਰ ਆ ਰਹੇ ਹਨ। ਇਕ ਸਾਂਝੇ ਬਿਆਨ ਵਿਚ ਕਿਹਾ ਗਿਆ ਹੈ ਕਿ ਵਾਸ਼ਿੰਗਟਨ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਮਰੀਕੀ ਰਾਸ਼ਟਰਪਤੀ ਦਰਮਿਆਨ ਹੋਈ ਦੁਵੱਲੀ ਮੀਟਿੰਗ ਵਿਚ ਲਏ ਗਏ ਫੈਸਲੇ ਅਗਲੀ ਸਦੀ ਦੇ ਆਰਥਿਕ ਅਤੇ ਸੁਰੱਖਿਆ ਦੇ ਦ੍ਰਿਸ਼ ਨੂੰ ਪਰਿਭਾਸ਼ਤ ਕਰਨਗੇ। ਦੋਵੇਂ ਧਿਰਾਂ ਰਣਨੀਤਕ ਸਾਂਝੇਦਾਰੀ ਬਣਾਉਣਗੀਆਂ ਅਤੇ ਆਸੀਆਨ ਅਤੇ ਕਵਾਡ ਸਮੇਤ ਖੇਤਰੀ ਸਮੂਹਾਂ ਦੇ ਨਾਲ ਮਿਲ ਕੇ ਕੰਮ ਕਰਨਗੀਆਂ, ਵਪਾਰ ਅਤੇ ਨਿਵੇਸ਼ ਦੀ ਭਾਈਵਾਲੀ ਵਿਕਸਤ ਕਰਨਗੀਆਂ, ਮਹਾਂਮਾਰੀ ਵਿਰੁੱਧ ਲੜਨਗੀਆਂ, ਵਾਤਾਵਰਨ ਬਚਾਉਣ ਲਈ ਕੰਮ ਕਰਨਗੀਆਂ ਤੇ ਲੋਕਤੰਤਰੀ ਕਦਰਾਂ ਕੀਮਤਾਂ ਨੂੰ ਮਜ਼ਬੂਤ ਕਰਨਗੀਆਂ। ਇਸ ਤੋਂ ਪਹਿਲਾਂ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੁਆਡ (ਚਾਰ ਮੁਲਕਾਂ) ਦੀ ਬੈਠਕ ਦੌਰਾਨ ਅਮਰੀਕਾ ਅਤੇ ਭਾਰਤ ਵਿਚਾਲੇ ਸਹਿਯੋਗ ਵਧਣ ਦਾ ਸਵਾਗਤ ਕੀਤਾ ਹੈ।

ਇਸ ‘ਚ ਖੇਤਰੀ ਅਖੰਡਤਾ ਅਤੇ ਕੌਮਾਂਤਰੀ ਕਾਨੂੰਨਾਂ ਦੇ ਸਬੰਧ ‘ਚ ਆਜ਼ਾਦ, ਖੁੱਲ੍ਹੇ ਅਤੇ ਸਾਰਿਆਂ ਦੀ ਪਹੁੰਚ ਵਾਲੇ ਹਿੰਦ ਪ੍ਰਸ਼ਾਤ ਖਿੱਤੇ ‘ਚ ਬਹੁਧਿਰੀ ਸਹਿਯੋਗ ਸ਼ਾਮਲ ਹੈ। ਕੁਆਡ ਸੁਰੱਖਿਆ ਵਾਰਤਾ ‘ਚ ਭਾਰਤ, ਅਮਰੀਕਾ, ਜਪਾਨ ਅਤੇ ਆਸਟਰੇਲੀਆ ਸ਼ਾਮਲ ਹਨ। ਸਾਂਝੇ ਬਿਆਨ ‘ਚ ਮੋਦੀ ਅਤੇ ਬਾਇਡਨ ਨੇ ਸਪੱਸ਼ਟ ਨਜ਼ਰੀਏ ਦੀ ਪੁਸ਼ਟੀ ਕੀਤੀ ਜੋ ਅਮਰੀਕਾ-ਭਾਰਤ ਰਿਸ਼ਤਿਆਂ ਨੂੰ ਅੱਗੇ ਵਧਾਏਗਾ। ਇਸ ‘ਚ ਰਣਨੀਤਕ ਸਾਂਝੇਦਾਰੀ ਅਤੇ ਆਸੀਆਨ ਤੇ ਕੁਆਡ ਮੈਂਬਰਾਂ ਸਮੇਤ ਖੇਤਰੀ ਗੁੱਟਾਂ ਨਾਲ ਮਿਲ ਕੇ ਕੰਮ ਕਰਨਾ ਅਤੇ ਹਿੰਦ ਪ੍ਰਸ਼ਾਂਤ ਖਿੱਤੇ ‘ਚ ਸਾਂਝੇ ਹਿੱਤਾਂ ਨੂੰ ਉਤਸ਼ਾਹਿਤ ਕਰਨਾ ਸ਼ਾਮਲ ਹੈ। ਦੱਖਣੀ ਚੀਨ ਸਾਗਰ ‘ਤੇ ਚੀਨ ਆਪਣਾ ਦਾਅਵਾ ਜਤਾਉਂਦਾ ਆ ਰਿਹਾ ਹੈ ਜਿਸ ਨੂੰ ਲੈ ਕੇ ਉਥੇ ਜਪਾਨ ਨਾਲ ਵਿਵਾਦ ਚੱਲ ਰਿਹਾ ਹੈ। ਦੋਵੇਂ ਆਗੂਆਂ ਨੇ ਕੋਵਿਡ-19 ਮਹਾਮਾਰੀ ਅਤੇ ਹੋਰ ਸਿਹਤ ਚੁਣੌਤੀਆਂ ਖਿਲਾਫ ਲੜਾਈ ਨੂੰ ਖਤਮ ਕਰਨ ‘ਤੇ ਵੀ ਜੋਰ ਦਿੱਤਾ। ਬਿਆਨ ‘ਚ ਕਿਹਾ ਗਿਆ ਹੈ ਕਿ ਉਨ੍ਹਾਂ ਇਸ ਸਾਲ ਦੇ ਅਖੀਰ ‘ਚ ਭਾਰਤ ਅਤੇ ਅਮਰੀਕਾ ਦੇ ਵਿਦੇਸ਼ ਤੇ ਰੱਖਿਆ ਮੰਤਰੀਆਂ ਦੀ 2+2 ਵਾਰਤਾ ਰਾਹੀਂ ਵਿਚਾਰ ਵਟਾਂਦਰੇ ਦਾ ਵੀ ਸਵਾਗਤ ਕੀਤਾ ਹੈ।

ਨਰਿੰਦਰ ਮੋਦੀ ਦੇ ਸੰਬੋਧਨ ਦੌਰਾਨ ਸੰਯੁਕਤ ਰਾਸ਼ਟਰ ਬਾਹਰ ਪ੍ਰਦਰਸ਼ਨ ਸੰਯੁਕਤ ਰਾਸ਼ਟਰ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਦੋਂ ਸੰਯੁਕਤ ਰਾਸ਼ਟਰ ਮਹਾਸਭਾ ਨੂੰ ਸੰਬੋਧਨ ਕਰ ਰਹੇ ਸਨ ਤਾਂ ਬਾਹਰ ਚਾਰ ਵੱਖ-ਵੱਖ ਪ੍ਰਦਰਸ਼ਨ ਹੋ ਰਹੇ ਸਨ। ਸੁਰੱਖਿਆ ਕਾਰਨਾਂ ਕਰਕੇ ਖਾਲਿਸਤਾਨ ਪੱਖੀ, ਨੈਸ਼ਨਲ ਉਵਰਸੀਜ਼ ਕਾਂਗਰਸ, ਕਿਸਾਨਾਂ ਦੀ ਹਮਾਇਤ ‘ਚ ਸਥਾਨਕ ਗੁਰਦੁਆਰਾ ਕਮੇਟੀ ਅਤੇ ਹਿੰਦੂਜ ਫਾਰ ਹਿਊਮਨ ਰਾਈਟਸ ਨੂੰ ਵੱਖ-ਵੱਖ ਥਾਵਾਂ ‘ਤੇ ਪ੍ਰਦਰਸ਼ਨ ਕਰਨ ਦੀ ਇਜਾਜ਼ਤ ਦਿੱਤੀ ਗਈ ਸੀ। ਵਿਰੋਧ ਕਰਨ ਵਾਲਿਆਂ ‘ਚ ਖਾਲਿਸਤਾਨ ਪੱਖੀ ਸਿੱਖਾਂ ਦਾ ਜਥਾ ਸਭ ਤੋਂ ਵੱਡਾ ਸੀ ਅਤੇ ਉਹ ਕੇਸਰੀ ਝੰਡੇ ਝੁਲਾ ਰਹੇ ਸਨ। ਇੰਡੀਅਨ ਨੈਸ਼ਨਲ ਉਵਰਸੀਜ਼ ਕਾਂਗਰਸ ਨੇ ਭਾਰਤ ‘ਚ ਮਨੁੱਖੀ ਹੱਕਾਂ ਦੇ ਘਾਣ ਦਾ ਵਿਰੋਧ ਕਰਦਿਆਂ ਪ੍ਰਦਰਸ਼ਨ ਕੀਤਾ।

ਖੇਤੀ ਕਾਨੂੰਨਾਂ ਖਿਲਾਫ ਦਿੱਲੀ ਦੀਆਂ ਬਰੂੰਹਾਂ ‘ਤੇ ਡਟੇ ਕਿਸਾਨਾਂ ਦੇ ਪੱਖ ‘ਚ ਆਵਾਜ਼ ਬੁਲੰਦ ਕਰਦਿਆਂ ਸਥਾਨਕ ਗੁਰਦੁਆਰਾ ਕਮੇਟੀ ਨੇ ਵਿਰੋਧ ਪ੍ਰਦਰਸ਼ਨ ਕੀਤਾ। ਉਨ੍ਹਾਂ ਸਿਰਾਂ ‘ਤੇ ਹਰੀਆਂ ਦਸਤਾਰਾਂ ਸਜਾਈਆਂ ਹੋਈਆਂ ਸਨ। ਹਿੰਦੂਜ ਫਾਰ ਹਿਊਮਨ ਰਾਈਟਜ ਦੇ ਪ੍ਰਬੰਧਕਾਂ ਨੇ ਕਿਹਾ ਕਿ ਉਹ ਨਾਗਰਿਕਤਾ ਸੋਧ ਐਕਟ (ਸੀ.ਏ.ਏ.), ਕੌਮੀ ਨਾਗਰਿਕਤਾ ਰਜਿਸਟਰ (ਐਨ.ਆਰ.ਸੀ.), ਭਾਰਤ ‘ਚ ਕਾਰਕੁਨਾਂ ਨੂੰ ਜੇਲ੍ਹਾਂ ਅੰਦਰ ਡੱਕਣ ਅਤੇ ਹੋਰ ਕਾਨੂੰਨਾਂ ਖਿਲਾਫ ਪ੍ਰਦਰਸ਼ਨ ਕਰ ਰਹੇ ਹਨ ਜਿਨ੍ਹਾਂ ਨੂੰ ਉਨ੍ਹਾਂ ਮਨੁੱਖੀ ਹੱਕਾਂ ਦਾ ਘਾਣ ਕਰਾਰ ਦਿੱਤਾ। ਉਨ੍ਹਾਂ ਨਾਲ ਨਿਊ ਯਾਰਕ ਦੇ ਗਿਰਜਾਘਰਾਂ ਦੀ ਪ੍ਰੀਸ਼ਦ ਦੇ ਨੁਮਾਇੰਦੇ ਵੀ ਮੌਜੂਦ ਸਨ। ਖਾਲਿਸਤਾਨੀ ਪ੍ਰਦਰਸ਼ਨਕਾਰੀਆਂ ਨੂੰ ਸੰਯੁਕਤ ਰਾਸ਼ਟਰ ‘ਚ ਭਾਰਤੀ ਮਿਸ਼ਨ ਦੇ ਬਾਹਰ ਪੁਲਿਸ ਨੇ ਪ੍ਰਦਰਸ਼ਨ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਅਤੇ ਉਹ ਕਾਰਾਂ ‘ਚ ਕੇਸਰੀ ਝੰਡੇ ਲਹਿਰਾਉਂਦੇ ਹੋਏ ਨਾਅਰੇਬਾਜ਼ੀ ਕਰਦੇ ਰਹੇ।

Leave a Reply

Your email address will not be published.