ਨਵੀਂ ਦਿੱਲੀ / ਭਾਰਤ ‘ਚ ਪਿਛਲੇ 24 ਘੰਟਿਆਂ ‘ਚ ਤਕਰੀਬਨ 3 ਲੱਖ ਦੇ ਨੇੜੇ ਪਹੁੰਚ ਚੁੱਕੇ ਕੋਰੋਨਾ ਦੇ ਮਾਮਲਿਆਂ ਅਤੇ 2000 ਤੋਂ ਵੱਧ ਮੌਤਾਂ ਨਾਲ ਮਹਾਂਮਾਰੀ ਦੇ ਅੰਕੜਿਆਂ ‘ਚ ਹਾਲੇ ਤੱਕ ਦਾ ਸਭ ਤੋਂ ਵੱਡਾ ਉਛਾਲ ਦਰਜ ਕੀਤਾ ਗਿਆ ਹੈ |
ਆਕਸੀਜਨ ਦੀ ਕਿੱਲਤ, ਬੈੱਡਾਂ ਦੀ ਘਾਟ ਅਤੇ ਲੋੜੀਂਦੀਆਂ ਦਵਾਈਆਂ ਲਈ ਥਾਂ-ਥਾਂ ਭਟਕਦੇ ਮਰੀਜ਼ਾਂ ਦੇ ਰਿਸ਼ਤੇਦਾਰ ਜਿਥੇ ਦੇਸ਼ ਦੇ ਸਿਹਤ ਢਾਂਚੇ ‘ਤੇ ਸਵਾਲ ਖੜੇ੍ਹ ਕਰ ਰਹੇ ਹਨ ਉਥੇ ਵਾਇਰਸ ਦੇ ਪਸਾਰ ਦੀ ਲੜੀ ਨੂੰ ਰੋਕਣ ‘ਚ ਨਾਕਾਮ ਹੋਇਆ ਪ੍ਰਸ਼ਾਸਨ ਵੀ ਕਟਹਿਰੇ ‘ਚ ਖੜ੍ਹਾ ਹੈ | ਅਜਿਹੇ ਸਮੇਂ ‘ਚ ਸਾਹਮਣੇ ਆਉਂਦੇ ਕੋਰੋਨਾ ਦੇ ਨਵੇਂ ਰੂਪ ਵੀ ਸਰਕਾਰ ਲਈ ਚੁਣੌਤੀ ਬਣੇ ਖੜ੍ਹੇ ਹਨ | ਹਾਸਲ ਖ਼ਬਰਾਂ ਮੁਤਾਬਿਕ ਭਾਰਤ ਦੇ ਕੁਝ ਹਿੱਸਿਆਂ ‘ਚ ਡਬਲ ਸਟ੍ਰੇਨ ਤੋਂ ਬਾਅਦ ਟਿ੍ਪਲ ਸਟ੍ਰੇਨ ਪਾਏ ਗਏ ਹਨ | ਕੋਰੋਨਾ ਸੰਕਟ ਦਰਮਿਆਨ ਹੀ ਏਅਰ ਇੰਡੀਆ ਵਲੋਂ 24 ਤੋਂ 30 ਅਪ੍ਰੈਲ ਤੱਕ ਬਰਤਾਨੀਆ ਜਾਣ ਵਾਲੀਆਂ ਸਾਰੀਆਂ ਉਡਾਨਾਂ ਰੱਦ ਕਰ ਦਿੱਤੀਆਂ ਗਈਆਂ ਹਨ | ਦੱਸਣਯੋਗ ਹੈ ਕਿ ਭਾਰਤ ‘ਚ ਕੋਰੋਨਾ ਦੇ ਫ਼ੈਲਾਅ ਨੂੰ ਵੇਖਦਿਆਂ ਅਮਰੀਕਾ ਅਤੇ ਬਰਤਾਨੀਆ ਨੇ ਵੀ ਭਾਰਤ ਲਈ ਸਖ਼ਤ ਪਾਬੰਦੀਆਂ ਦਾ ਐਲਾਨ ਕਰ ਦਿੱਤਾ ਹੈ | ਕੋਰੋਨਾ ਮਹਾਂਮਾਰੀ ‘ਚ ਹੁਣ ਤੱਕ ਦੇ ਦੁਨੀਆ ਭਰ ਦੇ ਸਾਰੇ ਰਿਕਾਰਡ ਤੋੜਦਿਆਂ ਭਾਰਤ ‘ਚ ਪਿਛਲੇ 24 ਘੰਟਿਆਂ ‘ਚ 2, 95,041 ਕੋਰੋਨਾ ਦੇ ਨਵੇਂ ਮਾਮਲੇ ਦਰਜ ਕੀਤੇ ਗਏ ਹਨ |
ਨਾਲ ਹੀ ਪਿਛਲੇ 24 ਘੰਟਿਆਂ ‘ਚ ਕੋਰੋਨਾ ਕਾਰਨ 2023 ਮੌਤਾਂ ਦਰਜ ਕੀਤੀਆਂ ਗਈਆਂ ਹਨ | ਦੂਜੀ ਲਹਿਰ ਦਾ ਕਹਿਰ ਐਨਾ ਜ਼ਿਆਦਾ ਹੈ ਕਿ ਪਿਛਲੇ 21 ਦਿਨਾਂ ‘ਚ ਦੇਸ਼ ‘ਚ 34 ਲੱਖ ਲੋਕ ਕੋਰੋਨਾ ਵਾਇਰਸ ਤੋਂ ਪ੍ਰਭਾਵਿਤ ਹੋਏ ਹਨ ਜਦਕਿ ਇਸੇ ਸਮੇਂ ਦੌਰਾਨ 20,085 ਲੋਕਾਂ ਦੀ ਮੌਤ ਹੋ ਚੁੱਕੀ ਹੈ | ਹਾਲੇ ਤੱਕ ਦੇਸ਼ ‘ਚ ਕੋਰੋਨਾ ਦੇ ਕੁੱਲ ਮਾਮਲਿਆਂ ਦੀ ਗਿਣਤੀ 1 ਕਰੋੜ 56 ਲੱਖ ਤੋਂ ਪਾਰ ਹੋ ਗਈ ਹੈ ਜਦਕਿ ਮ੍ਤਿਕਾਂ ਦੀ ਗਿਣਤੀ 1 ਲੱਖ 82 ਹਜ਼ਾਰ ਤੋਂ ਉਪਰ ਪਹੁੰਚ ਗਈ ਹੈ | ਅੰਕੜਿਆਂ ਮੁਤਾਬਿਕ ਕੋਰੋਨਾ ਤੋਂ ਠੀਕ ਹੋਣ ਵਾਲਿਆਂ ਦੀ ਦਰ 85.01 ਫ਼ੀਸਦੀ ਹੈ ਜਦਕਿ ਮੌਤ ਦਰ 1.17 ਫ਼ੀਸਦੀ ਹੈ | ਹਾਲੇ ਤੱਕ ਦੇਸ਼ ‘ਚ ਕੁੱਲ 1 ਕਰੋੜ 32 ਲੱਖ ਲੋਕ ਸਿਹਤਯਾਬ ਹੋਏ ਹਨ | ਪੱਛਮੀ ਬੰਗਾਲ ਕਾਂਗਰਸ ਦੇ ਪ੍ਰਧਾਨ ਅਧੀਰ ਰੰਜਨ ਚੌਧਰੀ ਅਤੇ ਕਾਂਗਰਸੀ ਆਗੂ ਸ਼ਸ਼ੀ ਥਰੂਰ ਵੀ ਕੋਰੋਨਾ ਪਾਜ਼ੀਟਿਵ ਪਾਏ ਗਏ |
ਬਰਤਾਨੀਆ ਦੀਆਂ ਉਡਾਣਾਂ ਰੱਦ ਬਰਤਾਨੀਆਂ ਵਲੋਂ ਭਾਰਤ ‘ਤੇ ਲਾਈਆਂ ਪਾਬੰਦੀਆਂ ਤੋਂ ਬਾਅਦ ਭਾਰਤ ਵਲੋਂ ਵੀ ਪਾਬੰਦੀਆਂ ਦਾ ਐਲਾਨ ਕੀਤਾ ਗਿਆ ਹੈ | ਏਅਰ ਇੰਡੀਆ ਵਲੋਂ ਹਾਸਲ ਜਾਣਕਾਰੀ ਮੁਤਾਬਿਕ 24 ਤੋਂ 30 ਅਪ੍ਰੈਲ ਦੀ ਮਿਆਦ ਦੌਰਾਨ ਭਾਰਤ ਅਤੇ ਬਰਤਾਨੀਆ ਦੀਆਂ ਸਾਰੀਆਂ ਉਡਾਨਾਂ ਰੱਦ ਕਰ ਦਿੱਤੀਆਂ ਗਈਆਂ ਹਨ | ਕੰਪਨੀ ਵੈੱਬਸਾਈਟ ਅਤੇ ਸੋਸ਼ਲ ਮੀਡੀਆ ਰਾਹੀਂ ਅੱਗੇ ਦੀ ਜਾਣਕਾਰੀ ਮੁਹੱਈਆ ਕਰਵਾਏਗੀ | ਜ਼ਿਕਰਯੋਗ ਹੈ ਕਿ ਬਰਤਾਨੀਆ ਪਹਿਲਾਂ ਹੀ ਭਾਰਤ ਨੂੰ ਲਾਲ ਸੂਚੀ ‘ਚ ਪਾ ਚੁੱਕਾ ਹੈ ਜਿਸ ਮੁਤਾਬਿਕ ਭਾਰਤੀਆਂ ਦੀ ਬਰਤਾਨੀਆ ‘ਚ ਦਾਖ਼ਲ ‘ਤੇ ਹੀ ਪਾਬੰਦੀ ਹੈ | ਅਮਰੀਕਾ ਵਲੋਂ ਵੀ ਆਪਣੇ ਨਾਗਰਿਕਾਂ ਨੂੰ ਸਲਾਹ ਜਾਰੀ ਕਰਦਿਆਂ ਕਿਹਾ ਗਿਆ ਹੈ ਕਿ ਭਾਰਤ ਦੇ ਸਫ਼ਰ ਤੋਂ ਪ੍ਰਹੇਜ਼ ਕਰਨ |
ਕੋਵੀਸ਼ੀਲਡ ਲਈ ਕੀਮਤ ਦਾ ਐਲਾਨ ਕੇਂਦਰ ਸਰਕਾਰ ਵਲੋਂ ਟੀਕਾਕਰਨ ਦੀ ਨਵੀਂ ਰਣਨੀਤੀ ਤਹਿਤ ਰਾਜ ਸਰਕਾਰਾਂ ਨੂੰ ਨਿੱਜੀ ਹਸਪਤਾਲਾਂ ਨੂੰ ਸਿੱਧੇ ਟੀਕਾ ਨਿਰਮਾਤਾਵਾਂ ਤੋਂ ਖ਼ੁਰਾਕ ਖਰੀਦਣ ਦੀ ਇਜਾਜ਼ਤ ਦੇਣ ਤੋਂ ਇਕ ਦਿਨ ਬਾਅਦ ਸੀਰਮ ਇੰਸਟੀਚਿਊਟ ਨੇ ਨਵੀਂਆਂ ਕੀਮਤਾਂ ਦਾ ਐਲਾਨ ਕੀਤਾ | ਕੰਪਨੀ ਮੁਤਾਬਿਕ ਕੋਵੀਸ਼ੀਲਡ ਵੈਕਸੀਨ ਦੇ ਲਈ ਰਾਜ ਸਰਕਾਰਾਂ ਨੂੰ 400 ਰੁਪਏ ਪ੍ਰਤੀ ਖ਼ੁਰਾਕ ਅਤੇ ਨਿੱਜੀ ਹਸਪਤਾਲਾਂ ਨੂੰ 600 ਰੁਪਏ ਪ੍ਰਤੀ ਖ਼ੁਰਾਕ ਅਦਾ ਕਰਨੀ ਹੋਵੇਗੀ | ਹਾਲਾਂਕਿ ਕੇਂਦਰ ਸਰਕਾਰ ਨੂੰ ਇਹ ਖ਼ੁਰਾਕ 150 ਰੁਪਏ ‘ਚ ਮਿਲਦੀ ਰਹੇਗੀ | ਸੀਰਮ ਨੇ ਕਿਹਾ ਕਿ ਅਗਲੇ ਦੋ ਮਹੀਨਿਆਂ ‘ਚ ਵੈਕਸੀਨ ਦਾ ਉਤਪਾਦਨ ਵਧਾਇਆ ਜਾਵੇਗਾ | ਹਾਲੇ ਤੱਕ ਜਿੰਨੀ ਵੀ ਵੈਕਸੀਨ ਦਾ ਉਤਾਪਦਨ ਹੁੰਦਾ ਸੀ, ਉਨ੍ਹਾਂ ‘ਚੋਂ 50 ਫ਼ੀਸਦੀ ਵੈਕਸੀਨ ਕੇਂਦਰ ਦੇ ਟੀਕਾਕਰਨ ਮੁਹਿੰਮ ਲਈ ਅਤੇ ਬਾਕੀ 50 ਫ਼ੀਸਦੀ ਰਾਜਾਂ ਅਤੇ ਨਿੱਜੀ ਹਸਪਤਾਲਾਂ ਨੂੰ ਦਿੱਤੀ ਜਾਂਦੀ ਸੀ | ਸੀਰਮ ਨੇ ਬਿਆਨ ‘ਚ ਕਿਹਾ ਕਿ ਆਲਮੀ ਪੱਧਰ ‘ਤੇ ਭਾਰਤ ‘ਚ ਵੈਕਸੀਨ ਦੀ ਕੀਮਤ ਘੱਟ ਹੈ | ਅਮਰੀਕਾ ਵੈਕਸੀਨ 1500 ਰੁਪਏ ਪ੍ਰਤੀ ਖ਼ੁਰਾਕ ਜਦਕਿ ਰੂਸ ਦੀ ਵੈਕਸੀਨ 750 ਰੁਪਏ ਪ੍ਰਤੀ ਖ਼ੁਰਾਕ ਮਿਲ ਰਹੀ ਹੈ | ਉਸ ਲਿਹਾਜ਼ ਨਾਲ ਭਾਰਤ ਦੀ ਵੈਕਸੀਨ ਦੀ ਕੀਮਤ ਬਾਕੀ ਦੇਸ਼ਾਂ ਦੇ ਮੁਕਾਬਲੇ ਘੱਟ ਹੈ |
ਅਸਰਦਾਰ ਹੈ ਕੋਵੈਕਸੀਨ ਮੈਡੀਕਲ ਰਿਸਰਚ ਆਈ. ਸੀ. ਐਮ. ਆਰ. ਕੌ ਾਸਲ ਆਫ਼ ਵੈਕਸੀਨ ਕੋਵੈਕਸੀਨ ਡਬਲ ਮਿਊਟੈਂਟ ਅਤੇ ਮਲਟੀਪਲ ਵੇਰੀਐਂਟ ਦੇ ਖ਼ਿਲਾਫ਼ ਵੀ ਕਾਰਗਰ ਹੈ | ਕੋਵੈਕਸੀਨ ਨੂੰ ਆਈ. ਸੀ. ਐਮ. ਆਰ. ਅਤੇ ਭਾਰਤ ਬਇਊਟੈੱਕ ਨੇ ਮਿਲ ਕੇ ਵਿਕਸਿਤ ਕੀਤਾ ਹੈ | ਜ਼ਿਕਰਯੋਗ ਹੈ ਕਿ ਕੋਰੋਨਾ ਟੀਕਾਕਰਨ ਦਾ ਤੀਜਾ ਪੜਾਅ 1 ਮਈ ਤੋਂ ਸ਼ੁਰੂ ਹੋਵੇਗਾ ਅਤੇ ਇਸ ‘ਚ 18 ਅਤੇ ਉਸ ਤੋਂ ਵੱਧ ਉਮਰ ਦੇ ਲੋਕਾਂ ਦਾ ਟੀਕਾਕਰਨ ਕੀਤਾ ਜਾਵੇਗਾ | ਟੀਕਾਕਰਨ ਮੁਹਿੰਮ ਦੇ ਸਮਰਥਨ ‘ਚ ਭਾਰਤ ਬਾਇਊਟੈੱਕ ਅਗਲੇ ਮਹੀਨੇ ਕੋਵੈਕਸੀਨ ਦੀਆਂ 3 ਕਰੋੜ ਖ਼ੁਰਾਕਾਂ ਦਾ ਉਤਪਾਦਨ ਕਰੇਗੀ | ਦੇਸ਼ ‘ਚ ਹਾਲੇ ਤੱਕ ਵੈਕਸੀਨ ਦੀਆਂ 13.01 ਕਰੋੜ ਖੁਰਾਕਾਂ ਦਿੱਤੀਆਂ ਜਾ ਚੁੱਕੀਆਂ ਹਨ | ਇਨ੍ਹਾਂ ‘ਚ 11.16 ਕਰੋੜ ਪਹਿਲੀ ਖ਼ੁਰਾਕ ਹਨ |
ਕੋਰੋਨਾ ਦਾ ਟਿ੍ਪਲ ਮਿਊਟੈਸ਼ਨ ਕੋਰੋਨਾ ਦੀਆਂ ਨਿੱਤ ਨਵੀਆਂ ਚੁਣੌਤੀਆਂ ਦਰਮਿਆਨ ਦੇਸ਼ ਦੇ ਕਈ ਹਿੱਸਿਆਂ ‘ਚ ਇਸ ਦਾ ਟਿ੍ਪਲ ਮਿਊਟੈਸ਼ਨ ਵੀ ਮਿਲਿਆ ਹੈ | ਕੋਵਿਡ ਦੇ 3 ਵੱਖ-ਵੱਖ ਸਟ੍ਰੇਨਾਂ ਤੋਂ ਬਣੇ ਇਸ ਰੂਪ ਨੂੰ ਕਾਫ਼ੀ ਖ਼ਤਰਨਾਕ ਮੰਨਿਆ ਜਾ ਰਿਹਾ ਹੈ | ਸਾਇੰਸਦਾਨਾਂ ਮੁਤਾਬਿਕ ਇਹ ਕਾਫ਼ੀ ਤੇਜ਼ੀ ਨਾਲ ਫ਼ੈਲ ਰਿਹਾ ਹੈ ਅਤੇ ਲੋਕਾਂ ਨੂੰ ਬਿਮਾਰ ਕਰ ਰਿਹਾ ਹੈ | ਮਹਾਂਰਾਸ਼ਟਰ, ਦਿੱਲੀ ਅਤੇ ਪੱਛਮੀ ਬੰਗਾਲ ‘ਚ ਵੱਧ ਰਹੇ ਕੇਸਾਂ ਪਿੱਛੇ ਟਿ੍ਪਲ ਮਿਊਟੇਸ਼ਨ ਨੂੰ ਵੱਡਾ ਕਾਰਨ ਮੰਨਿਆ ਜਾ ਰਿਹਾ ਹੈ |