ਕੋਵਿਡ ਦੇ ਬਾਵਜੂਦ ਭਾਰਤ-ਰੂਸ ਸੰਬੰਧਾਂ ‘ਚ ਕੋਈ ਬਦਲਾਅ ਨਹੀਂ ਆਇਆ-ਮੋਦੀ
ਕੈਨੇਡਾ ਨਵੀਂ ਦਿੱਲੀ / ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਦੌਰਾਨ ਭਾਰਤ ਨੂੰ ਮਹਾਨ ਸ਼ਕਤੀ, ਇਕ ਮਿੱਤਰ ਦੇਸ਼ ਤੇ ਸਮੇਂ ਦੀ ਕਸੌਟੀ ‘ਤੇ ਖਰਾ ਉਤਰਿਆ ਦੇਸ਼ ਕਰਾਰ ਦਿੱਤਾ। ਮੁਲਾਕਾਤ ਦੌਰਾਨ ਪੁਤਿਨ ਨੇ ਵਿਸ਼ਵ ‘ਚ ਅੱਤਵਾਦ, ਨਸ਼ਾ ਤਸਕਰੀ ਤੇ ਸੰਗਠਿਤ ਅਪਰਾਧ ‘ਤੇ ਚਿੰਤਾ ਦਾ ਪ੍ਰਗਟਾਵਾ ਕੀਤਾ। ਇਸ ਤੋਂ ਇਲਾਵਾ ਪੁਤਿਨ ਨੇ ਅਫ਼ਗਾਨਿਸਤਾਨ ‘ਚ ਜਾਰੀ ਹਾਲਾਤ ‘ਤੇ ਵੀ ਚਿੰਤਾ ਜ਼ਾਹਿਰ ਕੀਤੀ ਤੇ ਕਿਹਾ ਕਿ ਇਸ ਖੇਤਰ ‘ਚ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਭਾਰਤ ਤੇ ਰੂਸ ਵਲੋਂ ਤਾਲਮੇਲ ਜਾਰੀ ਹੈ। ਰੂਸੀ ਰਾਸ਼ਟਰਪਤੀ ਨੇ ਕਿਹਾ ਕਿ ‘ਅਸੀਂ ਭਾਰਤ ਨੂੰ ਮਹਾਨ ਰਾਸ਼ਟਰ, ਇਕ ਮਿੱਤਰ ਦੇਸ਼ ਤੇ ਸਮੇਂ ਦੀ ਕਸੌਟੀ ‘ਤੇ ਖਰਾ ਉਤਰਨ ਵਾਲਾ ਦੇਸ਼ ਸਮਝਦੇ ਹਾਂ’। ਦੋਵਾਂ ਦੇਸ਼ਾਂ ਵਿਚਾਲੇ ਸੰਬੰਧ ਅੱਗੇ ਵਧ ਰਹੇ ਹਨ ਤੇ ਅਸੀਂ ਦੋਵਾਂ ਦੇਸ਼ਾਂ ਦੇ ਬਿਹਤਰੀਨ ਭਵਿੱਖ ਲਈ ਆਸਵੰਦ ਹਾਂ। ਮੁਲਾਕਾਤ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਕੋਵਿਡ ਮਹਾਂਮਾਰੀ ਦੇ ਬਾਵਜੂਦ ਭਾਰਤ ਤੇ ਰੂਸ ਦੇ ਸੰਬੰਧਾਂ ‘ਚ ਕੋਈ ਬਦਲਾਅ ਨਹੀਂ ਆਇਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਦੋਵਾਂ ਦੇਸ਼ਾਂ ਵਿਚਾਲੇ ਵਿਸ਼ੇਸ਼ ਰਣਨੀਤਕ ਸੰਬੰਧ ਮਜ਼ਬੂਤ ਹੋ ਰਹੇ ਹਨ ਤੇ ਦੋਵੇਂ ਧਿਰਾਂ ਅਫਗਾਨਿਸਤਾਨ ‘ਚ ਸਥਿਤੀ ਤੇ ਹੋਰ ਮੁੱਦਿਆਂ ‘ਤੇ ਸੰਪਰਕ ‘ਚ ਬਣੇ ਹੋਏ ਹਨ।
ਉਨ੍ਹਾਂ ਕਿਹਾ ਕਿ ਪਿਛਲੇ ਕੁਝ ਦਹਾਕਿਆਂ ‘ਚ ਵਿਸ਼ਵ ਨੇ ਮੌਲਿਕ ਪਰਿਵਰਤਨ ਤੇ ਵੱਖ-ਵੱਖ ਪ੍ਰਕਾਰ ਦੇ ਭੂ-ਰਾਜਨੀਤਕ ਬਦਲਾਅ ਵੇਖੇ ਹਨ, ਪਰ ਭਾਰਤ ਤੇ ਰੂਸ ਦੀ ਮਿੱਤਰਤਾ ਪਹਿਲਾਂ ਵਾਂਗ ਬਣੀ ਹੋਈ ਹੈ। 2+2 ਗੱਲਬਾਤ ਲਈ ਭਾਰਤ ਦੇ ਸੰਖੇਪ ਦੌਰੇ ‘ਤੇ ਪੁੱਜੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਭਾਰਤ-ਰੂਸ ਸਿਖਰ ਬੈਠਕ ਕੀਤੀ, ਜਿਸ ‘ਚ ਦੋਵਾਂ ਦੇਸ਼ਾਂ ਵਿਚਾਲੇ ਵਿਸ਼ੇਸ਼ ਰਣਨੀਤਕ ਭਾਈਵਾਲੀ ਨੂੰ ਹੋਰ ਵਧਾਉਣ ਦੇ ਉਦੇਸ਼ਾਂ ਨਾਲ ਕਈ ਖੇਤਰਾਂ ਨੂੰ ਸ਼ਾਮਿਲ ਕੀਤਾ ਗਿਆ।
ਭਾਰਤ ਤੇ ਰੂਸ ਮਿਲ ਕੇ ਬਣਾਉਣਗੇ ਏ. ਕੇ. 203 ਅਸਾਲਟ ਰਾਈਫ਼ਲਾਂ ਨਵੀਂ ਦਿੱਲੀ / 10 ਸਾਲਾਂ ਤੱਕ ਫੌਜੀ ਸਹਿਯੋਗ ਲਈ ਇਕ ਹੋਰ ਸਮਝੌਤੇ ਨੂੰ ਪੱਕੇ ਕਰਨ ਤੋਂ ਇਲਾਵਾ ਭਾਰਤ ਤੇ ਰੂਸ ਨੇ ਉੱਤਰ ਪ੍ਰਦੇਸ਼ ਦੇ ਅਮੇਠੀ ‘ਚ 6 ਲੱਖ ਤੋਂ ਵੱਧ ਏ[ਕੇ[ 203 ਅਸਾਲਟ ਰਾਈਫਲਾਂ ਦੇ ਸਾਂਝੇ ਉਤਪਾਦਨ ਲਈ ਇਕ ਸਮਝੌਤੇ ‘ਤੇ ਹਸਤਾਖਰ ਕੀਤੇ ਹਨ। ਭਾਰਤ ਦੀਆਂ ਹਥਿਆਰਬੰਦ ਫੌਜਾਂ ਲਈ ਅਸਾਲਟ ਰਾਈਫਲਾਂ ਦੇ ਉਤਪਾਦਨ ‘ਤੇ ਕਰੀਬ 5 ਹਜ਼ਾਰ ਕਰੋੜ ਰੁਪਏ ਦਾ ਖਰਚਾ ਆਵੇਗਾ।
ਇਸ ਤੋਂ ਇਲਾਵਾ ਦੋਵਾਂ ਦੇਸ਼ਾਂ ਨੇ ਛੋਟੇ ਹਥਿਆਰਾਂ ਦੀ ਕਲਾਸ਼ਨੀਕੋਵ ਲੜੀ ਦੇ ਨਿਰਮਾਣ ਖੇਤਰ ‘ਚ ਸਹਿਯੋਗ ਲਈ ਸਮਝੌਤੇ ‘ਚ ਸੋਧ ਕਰਨ ਲਈ ਇਕ ਹੋਰ ਸਮਝੌਤਾ ਕੀਤਾ, ਜਿਸ ਨੂੰ ਅਸਲ ‘ਚ ਫਰਵਰੀ 2019 ‘ਚ ਸਹੀਬੱਧ ਕੀਤਾ ਗਿਆ ਸੀ। ਇਹ ਸਮਝੌਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਵਲੋਂ ਰੂਸ ਨਾਲ 2+2 ਗੱਲਬਾਤ ਸ਼ੁਰੂ ਕਰਨ ਮੌਕੇ ਕੀਤੇ ਗਏ। ਇਸ ਮੌਕੇ ਰਾਜਨਾਥ ਸਿੰਘ ਨੇ ਕਿਹਾ ਕਿ ਇਹ ਭਾਰਤ-ਰੂਸ ਸੰਬੰਧਾਂ ਦਾ ਇਤਿਹਾਸਕ ਦਿਨ ਹੈ। ਉਨ੍ਹਾਂ ਚੀਨ ਦੇ ਅਸਿੱਧੇ ਹਵਾਲੇ ਨਾਲ ਕਿਹਾ ਕਿ ਗੁਆਂਢੀ ਮੁਲਕ ‘ਚ ਅਸਾਧਾਰਨ ਫੌਜੀਕਰਨ ਤੇ ਉੱਤਰੀ ਸਰਹੱਦ ‘ਤੇ ਬਿਨਾਂ ਕਿਸੇ ਕਾਰਨ ਹਮਲਾਵਰ ਰੁਖ਼ ਨੇ ਸਖ਼ਤ ਚੁਣੌਤੀਆਂ ਖੜ੍ਹੀਆਂ ਕੀਤੀਆਂ ਹਨ। ਉਨ੍ਹਾਂ ਕਿਹਾ ਕਿ ਭਾਰਤ ਆਪਣੇ ਲੋਕਾਂ ਦੀ ਮਜ਼ਬੂਤ ਰਾਜਨੀਤਕ ਇੱਛਾ ਸ਼ਕਤੀ ਤੇ ਅੰਦਰੂਨੀ ਸਮਰੱਥਾ ਦੇ ਨਾਲ ਕਿਸੇ ਵੀ ਚੁਣੌਤੀ ਦੇ ਟਾਕਰੇ ਲਈ ਪੂਰੀ ਤਰ੍ਹਾਂ ਤਿਆਰ ਹੈ। ਉਨ੍ਹਾਂ ਕਿਹਾ ਕਿ ਭਾਰਤ-ਰੂਸ ਸੰਬੰਧਾਂ ਵਿਚ ਪਿਛਲੇ ਦਿਨਾਂ ‘ਚ ਬੇਮਿਸਾਲ ਤਰੱਕੀ ਹੋਈ ਹੈ।
ਭਾਰਤ-ਰੂਸ ਰਿਸ਼ਤੇ ਇਸ ਬਦਲਦੀ ਦੁਨੀਆ ‘ਚ ਹੋਰ ਗੂੜ੍ਹੇ ਹੋਣ ਦੇ ਨਾਲ-ਨਾਲ ਸਮੇਂ ਦੀ ਕਸਵੱਟੀ ‘ਤੇ ਖਰੇ ਉਤਰੇ ਹਨ। ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਅੱਤਵਾਦ, ਹਿੰਸਾ ਤੇ ਕੱਟੜਵਾਦ ਨੂੰ ਖਿੱਤੇ ‘ਚ ਦਰਪੇਸ਼ ਪ੍ਰਮੁੱਖ ਚੁਣੌਤੀਆਂ ਵਜੋਂ ਪੇਸ਼ ਕੀਤਾ। ਉਧਰ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਆਪਣੇ ਰੂਸੀ ਹਮਰੁਤਬਾ ਸਰਗੇਈ ਲੈਵਰੋਵ ਨਾਲ ਦੁਵੱਲੀ ਗੱਲਬਾਤ ਦੌਰਾਨ ਕਿਹਾ ਕਿ ਭਾਰਤ ਤੇ ਰੂਸ ਦੇ ਰਿਸ਼ਤੇ ਨਿਵੇਕਲੇ ਹਨ ਤੇ ਤੇਜ਼ੀ ਨਾਲ ਬਦਲਦੇ ਭੂ-ਸਿਆਸੀ ਆਲਮ ‘ਚ ਵਿਸ਼ੇਸ਼ ਤੌਰ ‘ਤੇ ਸਥਿਰ ਤੇ ਮਜ਼ਬੂਤ ਬਣੇ ਹੋਏ ਹਨ। ਭਾਰਤ ਅਤੇ ਰੂਸ ਨੇ ਮਨੁੱਖੀ ਪੁਲਾੜ ਉਡਾਨ ਪ੍ਰੋਗਰਾਮ ਸਮੇਤ ਪੁਲਾੜ ਖੇਤਰ ‘ਚ ਸਹਿਯੋਗ ਨੂੰ ਮਜ਼ਬੂਤ ਕਰਨ ਦੀ ਵਚਨਬੱਧਤਾ ਪ੍ਰਗਟਾਈ ਅਤੇ ਲਾਂਚ ਵਾਹਨਾਂ ਦੇ ਸੰਚਾਲਨ ਲਈ ਇਕ ਸਮਝੌਤੇ ‘ਤੇ ਦਸਤਖਤ ਕੀਤੇ। ਰੂਸ ਦੇ ਵਿਦੇਸ਼ ਮੰਤਰੀ ਸਰਗੇਈ ਲਾਵਰੋਵ ਨੇ ਕਿਹਾ ਕਿ ਐਸ-400 ਸੌਦੇ ਦਾ ਕੇਵਲ ਪ੍ਰਤੀਕਾਤਮਕ ਅਰਥ ਨਹੀਂ ਹੈ, ਬਲਕਿ, ਭਾਰਤੀ ਰੱਖਿਆ ਸਮਰੱਥਾ ਲਈ ਇਸ ਦਾ ਇਕ ਬਹੁਤ ਹੀ ਮਹੱਤਵਪੂਰਨ ਵਿਵਹਾਰਕ ਅਰਥ ਹੈ ਅਤੇ ਅਮਰੀਕਾ ਵਲੋਂ ਸਹਿਯੋਗ ਨੂੰ ਕਮਜ਼ੋਰ ਕਰਨ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ ਇਸ ਨੂੰ ਲਾਗੂ ਕੀਤਾ ਜਾ ਰਿਹਾ ਹੈ।
ਭਾਰਤ-ਰੂਸ ਵਿਚਾਲੇ 28 ਸਮਝੌਤੇ ਅੱਤਵਾਦ ਨਾਲ ਨਜਿੱਠਣ ਲਈ ਸਹਿਯੋਗ ਵਧਾਉਣ ‘ਤੇ ਬਣੀ ਸਹਿਮਤੀ ਭਾਰਤ ਤੇ ਰੂਸ ਨੇ ਸੋਮਵਾਰ ਆਪਸੀ ਭਾਈਵਾਲੀ ਨੂੰ ਹੋਰ ਵਿਆਪਕ ਆਧਾਰ ਦੇਣ ਲਈ 28 ਸਮਝੌਤਿਆਂ ‘ਤੇ ਦਸਤਖਤ ਕੀਤੇ ਅਤੇ ਅੱਤਵਾਦ ਦੇ ਖ਼ਤਰੇ ਵਰਗੀਆਂ ਵੱਡੀਆਂ ਚੁਣੌਤੀਆਂ ਤੇ ਅਫਗਾਨਿਸਤਾਨ ਦੀ ਸਥਿਤੀ ਨਾਲ ਨਜਿੱਠਣ ਲਈ ਸਹਿਯੋਗ ਤੇ ਤਾਲਮੇਲ ਵਧਾਉਣ ‘ਤੇ ਸਹਿਮਤੀ ਪ੍ਰਗਟ ਕੀਤੀ। ਵਿਦੇਸ਼ ਸਕੱਤਰ ਹਰਸ਼ਵਰਧਨ ਸ਼੍ਰਿੰਗਲਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਵਿਚਾਲੇ ਹੋਈ ਸਿਖਰ ਵਾਰਤਾ ਨੂੰ ‘ਬਹੁਤ ਲਾਭਕਾਰੀ’ ਦੱਸਦਿਆਂ ਕਿਹਾ ਕਿ ਦੋਵੇਂ ਧਿਰਾਂ ਦਰਮਿਆਨ ਕਈ ਖੇਤਰਾਂ ‘ਚ ਸਰਕਾਰ-ਦਰ-ਸਰਕਾਰ 28 ਸਮਝੌਤੇ ਹੋਏ ਹਨ।
ਸ਼੍ਰਿੰਗਲਾ ਨੇ ਦੱਸਿਆ ਕਿ ਮੋਦੀ ਤੇ ਪੁਤਿਨ ਨੇ ਅਫਗਾਨਿਸਤਾਨ ਦੀ ਸਥਿਤੀ ‘ਤੇ ਭਾਰਤ ਤੇ ਰੂਸ ਵਿਚਾਲੇ ਨਜ਼ਦੀਕੀ ਸਲਾਹ ਤੇ ਤਾਲਮੇਲ ਜਾਰੀ ਰੱਖਣ ਦਾ ਫ਼ੈਸਲਾ ਕੀਤਾ। ਦੋਵੇਂ ਧਿਰਾਂ ਇਸ ਗੱਲ ‘ਤੇ ਸਪੱਸ਼ਟ ਹਨ ਕਿ ਅਫਗਾਨ ਖੇਤਰ ਨੂੰ ਅੱਤਵਾਦੀਆਂ ਨੂੰ ਪਨਾਹ ਦੇਣ, ਸਿਖਲਾਈ ਦੇਣ ਜਾਂ ਕਿਸੇ ਵੀ ਅੱਤਵਾਦੀ ਕਾਰਵਾਈ ਦੀ ਯੋਜਨਾ ਬਣਾਉਣ ਲਈ ਨਹੀਂ ਵਰਤਿਆ ਜਾਣਾ ਚਾਹੀਦਾ ਤੇ ਦੋਵਾਂ ਧਿਰਾਂ ਨੇ ਸਰਹੱਦ ਪਾਰ ਦੇ ਅੱਤਵਾਦ ਨਾਲ ਲੜਨ ਦੀ ਲੋੜ ‘ਤੇ ਜ਼ੋਰ ਦਿੱਤਾ। ਭਾਰਤ ਅਤੇ ਰੂਸ ਨੇ ਅਫ਼ਗਾਨਿਸਤਾਨ ਦੇ ਲੋਕਾਂ ਨੂੰ ਤੁਰੰਤ ਮਨੁੱਖੀ ਸਹਾਇਤਾ ਪ੍ਰਦਾਨ ਕਰਨ ਦਾ ਫ਼ੈਸਲਾ ਕੀਤਾ। ਵਿਦੇਸ਼ ਸਕੱਤਰ ਨੇ ਦੱਸਿਆ ਕਿ ਇਸ ਤੋਂ ਇਲਾਵਾ ਊਰਜਾ ਦੇ ਰਣਨੀਤਕ ਖੇਤਰ ‘ਚ ਸਹਿਯੋਗ ਬਾਰੇ ਵਿਸਥਾਰ ‘ਚ ਚਰਚਾ ਹੋਈ।