ਭਾਜਪਾ ਵਿਧਾਇਕ ‘ਤੇ ਹਮਲੇ ਦੇ ਮਾਮਲੇ ‘ਚ ਰਾਜਪਾਲ ਵਲੋਂ ਕੈਪਟਨ ਸਰਕਾਰ ਤੋਂ ਰਿਪੋਰਟ ਤਲਬ

ਚੰਡੀਗੜ੍ਹ, / ਰਾਜਪਾਲ ਵੀ.ਪੀ. ਸਿੰਘ ਬਦਨੌਰ ਨੇ ਬੀਤੇ ਕੱਲ੍ਹ ਮਲੋਟ ਵਿਖੇ ਭਾਜਪਾ ਵਿਧਾਇਕ ਅਰੁਣ ਨਾਰੰਗ ‘ਤੇ ਹੋਏ ਹਮਲੇ ਦੀ ਨਿੰਦਾ ਕਰਦਿਆਂ ਸੂਬਾ ਸਰਕਾਰ ਤੋਂ ਭਾਜਪਾ ਆਗੂਆਂ ‘ਤੇ ਹੋ ਰਹੇ ਹਮਲਿਆਂ ਦੀ ਜਾਂਚ ਸਬੰਧੀ ਰਿਪੋਰਟ ਮੰਗੀ ਹੈ ।

ਇਸ ਤੋਂ ਪਹਿਲਾਂ ਅੱਜ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਤੇ ਪੰਜਾਬ ਭਾਜਪਾ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਦੀ ਅਗਵਾਈ ‘ਚ ਭਾਜਪਾ ਦੇ ਵਫ਼ਦ ਨੇ ਰਾਜਪਾਲ ਨੂੰ ਮਿਲ ਕੇ ਕੱਲ੍ਹ ਭਾਜਪਾ ਵਿਧਾਇਕ ਅਰੁਣ ਨਾਰੰਗ ‘ਤੇ ਹਮਲੇ ਦੀ ਘਟਨਾ ਸਬੰਧੀ ਦੋਸ਼ ਲਗਾਇਆ ਕਿ ਸੂਬੇ ‘ਚ ਉਨ੍ਹਾਂ ਦੇ ਆਗੂਆਂ ਦੇ ਮੌਲਿਕ ਅਧਿਕਾਰ ਖ਼ਤਮ ਕਰ ਦਿੱਤੇ ਗਏ ਹਨ ਤੇ ਭਾਜਪਾ ਆਗੂਆਂ ਜਾਂ ਵਰਕਰਾਂ ਲਈ ਕੋਈ ਮੀਟਿੰਗ ਕਰਨਾ ਜਾਂ ਤੁਰਨਾ ਫਿਰਨਾ ਵੀ ਮੁਸ਼ਕਿਲ ਬਣਾ ਦਿੱਤਾ ਗਿਆ ਹੈ । ਉਨ੍ਹਾਂ ਇਹ ਵੀ ਦੋਸ਼ ਲਗਾਇਆ ਕਿ ਸੂਬੇ ‘ਚ ਅਮਨ ਕਾਨੂੰਨ ਦੀ ਸਥਿਤੀ ਸਰਕਾਰ ਦੇ ਕਾਬੂ ‘ਚ ਨਹੀਂ । ਵਫ਼ਦ ਨੇ ਇਹ ਵੀ ਦੋਸ਼ ਲਗਾਇਆ ਕਿ ਅਰੁਣ ਨਾਰੰਗ ‘ਤੇ ਹੋਇਆ ਹਮਲਾ ਕਾਂਗਰਸ ਦੀ ਸ਼ਹਿ ਪ੍ਰਾਪਤ ਕੁਝ ਸ਼ਰਾਰਤੀ ਅਨਸਰਾਂ ਵਲੋਂ ਕੀਤਾ ਗਿਆ ਹੈ । ਵਫ਼ਦ ਵਲੋਂ ਕਾਂਗਰਸ ਸਰਕਾਰ ਨੂੰ ਬਰਖ਼ਾਸਤ ਕਰਨ ਤੇ ਰਾਜ ‘ਚ ਅਮਨ ਕਾਨੂੰਨ ਦੀ ਸਥਿਤੀ ਬਹਾਲ ਕਰਨ ਦੀ ਵੀ ਮੰਗ ਕੀਤੀ ਗਈ । ਰਾਜਪਾਲ ਬਦਨੌਰ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਜਿਨ੍ਹਾਂ ਕੋਲ ਗ੍ਰਹਿ ਵਿਭਾਗ ਵੀ ਹੈ, ਨਾਲ ਟੈਲੀਫ਼ੋਨ ‘ਤੇ ਗੱਲਬਾਤ ਕੀਤੀ ਤੇ ਇਸ ਸਥਿਤੀ ਸਬੰਧੀ ਆਪਣੀ ਗੰਭੀਰ ਚਿੰਤਾ ਦਾ ਇਜ਼ਹਾਰ ਕੀਤਾ । ਰਾਜਪਾਲ ਨੇ ਭਾਜਪਾ ਵਿਧਾਇਕ ‘ਤੇ ਹੋਏ ਤਾਜ਼ਾ ਹਮਲੇ ਦੀ ਨਿੰਦਾ ਕਰਦਿਆਂ ਕਿਹਾ ਕਿ ਸੂਬੇ ਦੀਆਂ ਵਿਧਾਨਕ ਅਥਾਰਟੀਆਂ ‘ਤੇ ਕਿਸੇ ਵੀ ਤਰ੍ਹਾਂ ਗੈਰ-ਕਾਨੂੰਨੀ ਤੇ ਹਿੰਸਕ ਹਮਲਿਆਂ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ ।

ਰਾਜਪਾਲ ਨੇ ਇਹ ਵੀ ਕਿਹਾ ਕਿ ਅਜਿਹੀ ਘਟਨਾ ਦੁਬਾਰਾ ਨਹੀਂ ਹੋਣੀ ਚਾਹੀਦੀ ਤੇ ਦੋਸ਼ੀਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ । ਰਾਜਪਾਲ ਵਲੋਂ ਭਾਜਪਾ ਵਿਰੁੱਧ ਹੋ ਰਹੀਆਂ ਅਜਿਹੀਆਂ ਕਾਰਵਾਈਆਂ ਸਬੰਧੀ ਕੀਤੀ ਜਾ ਰਹੀ ਕਾਰਵਾਈ ਬਾਰੇ ਵੀ ਰਿਪੋਰਟ ਮੰਗੀ ਗਈ ਹੈ । ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਨੇ ਰਾਜ ਭਵਨ ਦੇ ਬਾਹਰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸੂਬੇ ‘ਚ ਅਮਨ ਕਾਨੂੰਨ ਨਾਂਅ ਦੀ ਕੋਈ ਚੀਜ਼ ਨਜ਼ਰ ਨਹੀਂ ਆ ਰਹੀ ਤੇ ਕੱਲ੍ਹ ਭਾਜਪਾ ਵਿਧਾਇਕ ‘ਤੇ ਹੋਇਆ ਕਾਤਲਾਨਾ ਹਮਲਾ ਇਸ ਦੀ ਮੂੰਹ ਬੋਲਦੀ ਤਸਵੀਰ ਹੈ । ਉਨ੍ਹਾਂ ਕਿਹਾ ਕਿ ਪਰਚਾ ਦਰਜਾ ਕਰਨ ਦਾ ਕੀ ਫ਼ਾਇਦਾ ਹੈ ਜੇ ਉਸ ‘ਤੇ ਕੋਈ ਕਾਰਵਾਈ ਹੀ ਨਹੀਂ ਹੋਣੀ ਤੇ ਨਾ ਹੀ ਕਿਸੇ ਨੂੰ ਗਿ੍ਫ਼ਤਾਰ ਕੀਤਾ ਜਾਣਾ ਹੈ । ਉਨ੍ਹਾਂ ਕਿਹਾ ਕਿ ਅਗਰ ਰਾਜ ਸਰਕਾਰ ਇਸ ਮਾਮਲੇ ਵਿਚ ਕੋਈ ਕਾਰਵਾਈ ਨਹੀਂ ਕਰਦੀ ਤਾਂ ਭਾਜਪਾ ਕੋਲ ਰਾਸ਼ਟਰਪਤੀ ਰਾਜ ਲਾਗੂ ਕਰਨ ਦੀ ਮੰਗ ਕਰਨ ਤੋਂ ਬਿਨਾਂ ਕੋਈ ਰਸਤਾ ਰਹਿ ਜਾਂਦਾ ਹੈ । ਇਸ ਤੋਂ ਬਾਅਦ ਭਾਜਪਾ ਵਰਕਰ, ਜਿਨ੍ਹਾਂ ਦੀ ਗਿਣਤੀ 20-25 ਹੋਵੇਗੀ, ਵਲੋਂ ਪੰਜਾਬ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਦੀ ਅਗਵਾਈ ‘ਚ ਮੁੱਖ ਮੰਤਰੀ ਦੇ ਸੈਕਟਰ 2 ਸਥਿਤ ਸਰਕਾਰੀ ਨਿਵਾਸ ਦੇ ਬਾਹਰ ਆਪਣੇ ਕੱਪੜੇ ਉਤਾਰ ਕੇ ਧਰਨਾ ਦਿੱਤਾ ਗਿਆ । ਹਾਲਾਂ ਕ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਆਪਣਾ ਇਹ ਨਿਵਾਸ ਮਗਰਲੇ 2 ਸਾਲਾਂ ਤੋਂ ਛੱਡ ਚੁੱਕੇ ਹਨ ਤੇ ਆਪਣੇ ਫਾਰਮ ਹਾਊਸ ‘ਤੇ ਰਹਿੰਦੇ ਹਨ ।

ਧਰਨਾ ਦੇਣ ਵਾਲੇ ਆਗੂਆਂ ‘ਚ ਭਾਜਪਾ ਦੇ ਸੀਨੀਅਰ ਆਗੂ ਮਦਨ ਮੋਹਨ ਮਿੱਤਲ, ਤੀਕਸ਼ਣ ਸੂਦ, ਸ਼ਵੇਤ ਮਲਿਕ, ਅਨਿਲ ਸਰੀਨ, ਰਾਜੇਸ਼ ਬਾਘਾ, ਇਕਬਾਲ ਸਿੰਘ ਲਾਲਪੁਰਾ, ਵਿਧਾਇਕ ਦਿਨੇਸ਼ ਕੁਮਾਰ ਬੱਬੂ ਸ਼ਾਮਿਲ ਸਨ । ਇਸ ਖੇਤਰ ‘ਚ ਧਾਰਾ 144 ਵੀ ਲੱਗੀ ਹੋਈ ਹੈ ਤੇ ਜਦੋਂ ਭਾਜਪਾ ਵਫ਼ਦ ਨੂੰ ਚੰਡੀਗੜ੍ਹ ਪੁਲਿਸ ਵਲੋਂ ਗਿ੍ਫ਼ਤਾਰ ਕਰਨ ਦੀ ਚਿਤਾਵਨੀ ਦਿੱਤੀ ਗਈ ਤਾਂ ਵਫ਼ਦ ਦੇ ਮੈਂਬਰ ਪ੍ਰਦੇਸ਼ ਭਾਜਪਾ ਦਫ਼ਤਰ ਵਿਖੇ ਆਪਣੀ ਮੀਟਿੰਗ ਲਈ ਰਵਾਨਾ ਹੋ ਗਏ, ਪਰ ਵਫ਼ਦ ਵਲੋਂ ਮੁੱਖ ਮੰਤਰੀ ਨਿਵਾਸ ‘ਤੇ ਕੋਈ ਇਕ ਘੰਟਾ ਧਰਨਾ ਦਿੱਤਾ ਗਿਆ । ਇਹ ਸਪਸ਼ਟ ਨਹੀਂ ਹੋ ਸਕਿਆ ਕਿ ਧਾਰਾ 144 ਭੰਗ ਕਰਨ ਲਈ ਭਾਜਪਾ ਵਫ਼ਦ ਖ਼ਿਲਾਫ਼ ਚੰਡੀਗੜ੍ਹ ਕੇਂਦਰੀ ਪ੍ਰਸ਼ਾਸਨ ਵਲੋਂ ਕੋਈ ਕੇਸ ਦਰਜ ਕੀਤਾ ਜਾ ਰਿਹਾ ਹੈ ਜਾਂ ਨਹੀਂ, ਪਰ ਪੰਜਾਬ ਸਰਕਾਰ ‘ਚ ਕੱਲ੍ਹ ਦੀ ਘਟਨਾ ਨੂੰ ਲੈ ਕੇ ਕਾਫ਼ੀ ਚਿੰਤਾ ਨਜ਼ਰ ਆ ਰਹੀ ਹੈ ਕਿਉਂਕਿ ਪ੍ਰਸ਼ਾਸਨ ਦੀ ਇਕ ਵਿਧਾਇਕ ਨੂੰ ਸੁਰੱਖਿਆ ਪ੍ਰਦਾਨ ਕਰਨ ‘ਚ ਅਸਫਲਤਾ ਕਾਰਨ ਕਾਫ਼ੀ ਨੁਕਤਾਚੀਨੀ ਹੋ ਰਹੀ ਹੈ ਤੇ ਸਰਕਾਰ ਲਈ ਇਸ ਮਾਮਲੇ ‘ਚ ਜਵਾਬ ਦੇਣਾ ਕਾਫ਼ੀ ਮੁਸ਼ਕਿਲ ਹੋਵੇਗਾ । ਪ੍ਰਦੇਸ਼ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਸਾਰੇ ਮਾਮਲੇ ਲਈ ਮੁੱਖ ਮੰਤਰੀ ਅਮਰਿੰਦਰ ਸਿੰਘ ਨੂੰ ਜ਼ਿੰਮੇਵਾਰ ਠਹਿਰਾਉਂਦਿਆਂ ਕਿਹਾ ਕਿ ਕਿੰਨੀ ਹੈਰਾਨੀ ਦੀ ਗੱਲ ਹੈ ਕਿ ਪੰਜਾਬ ‘ਚ ਮੁਖਤਾਰ ਅੰਸਾਰੀ ਵਰਗੇ ਅਪਰਾਧੀ ਸੁਰੱਖਿਅਤ ਹਨ, ਪਰ ਆਮ ਲੋਕ ਤੇ ਵਿਧਾਇਕ ਨਹੀਂ ।

ਮਲੋਟ ‘ਚ ਭਾਜਪਾ ਵਿਧਾਇਕ ਅਰੁਣ ਨਾਰੰਗ ‘ਤੇ ਹੋਏ ਹਮਲੇ ਦੇ ਮਾਮਲੇ ‘ਚ ਪੁਲਿਸ ਨੇ 4 ਵਿਅਕਤੀਆਂ ਨੂੰ ਗਿ੍ਫ਼ਤਾਰ ਕੀਤਾ ਹੈ ਤੇ 23 ਹੋਰਾਂ ਖ਼ਿਲਾਫ਼ ਕੇਸ ਦਰਜ ਕੀਤਾ ਹੈ । ਇਸ ਸਬੰਧੀ ਜ਼ਿਲ੍ਹਾ ਪੁਲਿਸ ਮੁਖੀ ਸ੍ਰੀਮਤੀ ਡੀ. ਸੁਡਰਵਿਲੀ ਨੇ ਦੱਸਿਆ ਕਿ ਵੀਡੀE ਫੁਟੇਜ ਤੇ ਹੋਰ ਸਾਧਨਾਂ ਦੀ ਸਹਾਇਤਾ ਨਾਲ ਪੁਲਿਸ ਨੇ ਇਸ ਕੇਸ ‘ਚ ਤਕਰੀਬਨ 27 ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ, ਜਿਨ੍ਹਾਂ ‘ਚੋਂ ਸੁਰਜੀਤ ਸਿੰਘ, ਨੇਮਪਾਲ ਸਿੰਘ ਤੇ ਬਲਦੇਵ ਸਿੰਘ ਤਿੰਨੇ ਵਾਸੀ ਪਿੰਡ ਬੋਦੀਵਾਲਾ ਤੇ ਗੁਰਮੀਤ ਸਿੰਘ ਵਾਸੀ ਖੁਨਣਕਲਾਂ ਨੂੰ ਗਿ੍ਫ਼ਤਾਰ ਕੀਤਾ ਹੈ । ਉਨ੍ਹਾਂ ਦੱਸਿਆ ਕਿ ਬੀਤੇ ਦਿਨ ਪੁਲਿਸ ਨੇ ਇਸ ਸਬੰਧੀ ਐਫ.ਆਈ.ਆਰ. ਦਰਜ ਕੀਤੀ ਸੀ ਤੇ ਆਲਮਵਾਲਾ ਦੇ ਲਖਨਪਾਲ ਸ਼ਰਮਾ, ਨਿਰਮਲ ਸਿੰਘ ਜੱਸੇਆਣਾ ਤੇ ਅਵਤਾਰ ਸਿੰਘ ਫਕਰਸਰ ਆਦਿ ‘ਤੇ ਕੇਸ ਦਰਜ ਕੀਤਾ ਸੀ । ਉਨ੍ਹਾਂ ਦੱਸਿਆ ਕਿ ਇਹ ਕੇਸ ਥਾਣਾ ਸਿਟੀ ਮਲੋਟ ਵਿਖੇ ਧਾਰਾ 307, 353, 186, 188, 332, 323, 342, 506, 148 ਤੇ 149 ਤਹਿਤ ਦਰਜ ਕੀਤਾ ਗਿਆ ਸੀ । ਉਨ੍ਹਾਂ ਕਿਹਾ ਕਿ ਪ੍ਰੈੱਸ ਕਾਨਫਰੰਸ ਦੇ ਸਬੰਧ ‘ਚ ਮਲੋਟ ਪੁੱਜੇ ਵਿਧਾਇਕ ਅਰੁਣ ਨਾਰੰਗ ਦਾ ਘਿਰਾE ਕੀਤਾ ਗਿਆ ਤੇ ਅੰਦੋਲਨਕਾਰੀ ਕਿਸਾਨਾਂ ਨੇ ਉਨ੍ਹਾਂ ਨਾਲ ਕੁੱਟਮਾਰ ਕੀਤੀ । ਇਸ ਦੌਰਾਨ ਵਿਧਾਇਕ ਨੂੰ ਸੁਰੱਖਿਅਤ ਕੱਢਣ ‘ਤੇ ਪ੍ਰਦਰਸ਼ਨਕਾਰੀਆਂ ਦੀ ਭੀੜ ਨੇ ਵੀ ਹਮਲਾ ਕੀਤਾ, ਜਿਸ ‘ਚ ਐਸ.ਪੀ. ਗੁਰਮੇਲ ਸਿੰਘ, ਕਾਂਸਟੇਬਲ ਰਣਜੀਤ ਸਿੰਘ ਤੇ ਕਾਂਸਟੇਬਲ ਹਰਮਨਪ੍ਰੀਤ ਸਿੰਘ ਨੂੰ ਸੱਟਾਂ ਲੱਗੀਆਂ ਸਨ, ਜੋ ਇਸ ਸਮੇਂ ਸਿਵਲ ਹਸਪਤਾਲ ਮਲੋਟ ਵਿਖੇ ਜ਼ੇਰੇ ਇਲਾਜ ਹਨ । ਉਨ੍ਹਾਂ ਕਿਹਾ ਕਿ ਪੁਲਿਸ ਛਾਪੇਮਾਰੀ ਕਰ ਰਹੀ ਹੈ ਤੇ ਹਮਲੇ ‘ਚ ਸ਼ਾਮਿਲ ਹੋਰ ਵਿਅਕਤੀਆਂ ਨੂੰ ਜਲਦ ਹੀ ਗਿ੍ਫ਼ਤਾਰ ਕਰ ਲਿਆ ਜਾਵੇਗਾ ।

Leave a Reply

Your email address will not be published.