ਭਗਵੰਤ ਮਾਨ ਵਰਗੇ ਕਾਮੇਡੀਅਨ ਦੀ ਸੂਬੇ ਨੂੰ ਲੋੜ ਨਹੀਂ: ਕੈਪਟਨ

ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਪੱਸ਼ਟ ਕੀਤਾ ਹੈ ਕਿ ਉਹ ਇਕ ਵਾਰ ਫਿਰ ਆਪਣੇ ਘਰੇਲੂ ਹਲਕਾ ਪਟਿਆਲਾ ਤੋਂ ਹੀ ਚੋਣ ਲੜਨਗੇ।

ਕੈਪਟਨ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ’ਤੇ ਮੁੜ ਹਮਲਾ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਚੰਨੀ ਦੀ ਰੇਤ ਮਾਫੀਆ ਵਿੱਚ ਸ਼ਮੂਲੀਅਤ ਰਹੀ ਹੈ ਅਤੇ ਹੋਰ ਵੀ ਕਈ ਵਿਧਾਇਕ ਤੇ ਵਜ਼ੀਰ ਇਸ ਧੰਦੇ ਵਿੱਚ ਸਨ। ਅਮਰਿੰਦਰ ਨੇ ਕਿਹਾ ਕਿ ਸੋਨੀਆ ਗਾਂਧੀ ਤੋਂ ਮਨਜ਼ੂਰੀ ਨਾ ਮਿਲਣ ਕਰਕੇ ਉਹ ਰੇਤ ਮਾਫੀਆ ਵਿੱਚ ਸ਼ਾਮਲ ਵਿਧਾਇਕਾਂ ਖ਼ਿਲਾਫ਼ ਕਾਰਵਾਈ ਨਹੀਂ ਕਰ ਸਕੇ ਸਨ। ਉਨ੍ਹਾਂ ਇਸ ਨੂੰ ਆਪਣੀ ਗਲਤੀ ਕਬੂਲ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਰੇਤ ਮਾਫੀਏ ਖ਼ਿਲਾਫ਼ ਉਪਰ ਤੋਂ ਕਾਰਵਾਈ ਕਰਨੀ ਪੈਣੀ ਸੀ। ਅਮਰਿੰਦਰ ਸਿੰਘ ਨੇ ਕਿਹਾ ਕਿ ਚੰਨੀ ਦੀ ਰੇਤ ਮਾਫੀਆ ਵਿੱਚ ਸ਼ਮੂਲੀਅਤ ਅਤੇ ਮੀ-ਟੂ ਕਾਂਡ ਵਿੱਚ ਸ਼ਮੂਲੀਅਤ ਨੇ ਉਸ ਨੂੰ ਪੰਜਾਬ ਦੀ ਸੱਤਾ ਧਿਰ ਦੇ ਇੱਕ ਅਯੋਗ ਵਿਅਕਤੀ ਵਜੋਂ ਬੇਨਕਾਬ ਕੀਤਾ ਹੈ। ਉਨ੍ਹਾਂ ਕਿਹਾ ਕਿ ਨਵਜੋਤ ਸਿੱਧੂ ਨੂੰ ਉਸ ਦੀ ਮਾਨਸਿਕ ਅਸਥਿਰਤਾ ਨੇ ਪੂਰੀ ਤਰ੍ਹਾਂ ਅਯੋਗ ਬਣਾ ਦਿੱਤਾ ਹੈ।

ਕੈਪਟਨ ਨੇ ਇਨ੍ਹਾਂ ਦੋਵੇਂ ਆਗੂਆਂ ਨੂੰ ਬੇਕਾਰ ਕਿਹਾ। ਕੈਪਟਨ ਨੇ ਭਗਵੰਤ ਮਾਨ ਨੂੰ ਨਿਸ਼ਾਨੇ ’ਤੇ ਲੈਂਦਿਆਂ ਕਿਹਾ ਕਿ ਉਹ ਹਲਕਾ-ਫੁਲਕਾ ਕਾਮੇਡੀਅਨ ਹੈ ਅਤੇ ਉਸ ਦੀ ਕੌਮਾਂਤਰੀ ਸਰਹੱਦ ਵਾਲੇ ਸੂਬੇ ਪੰਜਾਬ ਲਈ ਲੋੜ ਨਹੀਂ ਹੈ। ਉਨ੍ਹਾਂ ਚੋਣ ਸਰਵੇਖਣਾਂ ਨੂੰ ਰੱਦ ਕਰਦਿਆਂ ਕਿਹਾ ਕਿ ਪੰਜਾਬ ਦੇ ਲੋਕ ‘ਆਪ’ ਅਤੇ ਕੇਜਰੀਵਾਲ ਦੀਆਂ ਹਰਕਤਾਂ ਤੋਂ ਮੂਰਖ ਨਹੀਂ ਬਣਨਗੇ। ਅਮਰਿੰਦਰ ਨੇ ਬੇਦਅਬੀ ਦੀਆਂ ਘਟਨਾਵਾਂ ਅਤੇ ਨਸ਼ਿਆਂ ਦੇ ਸੰਕਟ ਲਈ ਸ਼੍ਰੋਮਣੀ ਅਕਾਲੀ ਦਲ ਨੂੰ ਜ਼ਿੰਮੇਵਾਰ ਦੱਸਿਆ। ਉਨ੍ਹਾਂ ਇਹ ਵੀ ਕਿਹਾ ਕਿ ਉਨ੍ਹਾਂ ਦੀ ਲੋਕ ਕਾਂਗਰਸ ਪਾਰਟੀ, ਸੰਯੁਕਤ ਅਕਾਲੀ ਦਲ ਅਤੇ ਭਾਜਪਾ ਵੱਲੋਂ ਪੰਜਾਬ ਲਈ ਘੱਟੋ-ਘੱਟ ਸਾਂਝੇ ਪ੍ਰੋਗਰਾਮ ’ਤੇ ਕੰਮ ਕੀਤਾ ਜਾ ਰਿਹਾ ਹੈ। ਗੱਠਜੋੜ ਵੱਲੋਂ ਮੁੱਖ ਮੰਤਰੀ ਦਾ ਚਿਹਰਾ ਤੈਅ ਹੋਣਾ ਬਾਕੀ ਹੈ।

Leave a Reply

Your email address will not be published. Required fields are marked *