ਭਗਵੰਤ ਮਾਨ ਬਤੌਰ ਐਮ.ਪੀ 8 ਸਾਲ ਦਿੱਲੀ ਰਹੇ, ਉਦੋਂ ਸਕੂਲਾਂ ਤੇ ਮੁਹੱਲਾ ਕਲੀਨਿਕਾਂ ਦਾ ਦੌਰਾ ਕਿਉਂ ਨਹੀਂ ਕੀਤਾ?

ਅਮ੍ਰਿਤਸਰ : ਮੁੱਖ ਮੰਤਰੀ ਭਗਵੰਤ ਮਾਨ ਦੇ ਦੋ ਦਿਨਾਂ ਲਈ ਦਿੱਲੀ ਦੌਰੇ ਉਤੇ ਪੰਜਾਬ ਵਿਚ ਸਿਆਸਤ ਭਖੀ ਹੋਈ ਹੈ। ਭਗਵੰਤ ਮਾਨ ਇਥੇ ਦਿੱਲੀ ਦੇ ਸਕੂਲਾਂ ਤੇ ਸਿਹਤ ਕੇਂਦਰਾਂ ਦਾ ਦੌਰਾ ਕਰਨ ਗਏ ਹਨ। ਵਿਰੋਧੀ ਧਿਰਾਂ ਇਸ ਮਾਮਲੇ ਉਤੇ ਪੰਜਾਬ ਸਰਕਾਰ ਨੂੰ ਤਿੱਖੇ ਸਵਾਲ ਕਰ ਰਹੀਆਂ ਹਨ।

ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਇਸ ਮੁੱਦੇ ਉਤੇ ਭਗਵੰਤ ਮਾਨ ਨੂੰ ਤਿੱਖੇ ਸਵਾਲ ਕੀਤੇ ਹਨ। ਉਨ੍ਹਾਂ ਨੇ ਇਸ ਸਬੰਧੀ ਇਕ ਟਵੀਟ ਕੀਤਾ ਹੈ।ਸਿੱਧੂ ਨੇ ਟਵੀਟ ਵਿਚ ਲਿਖਿਆ ਹੈ- ‘ਮੁੱਖ ਮੰਤਰੀ ਭਗਵੰਤ ਮਾਨ ਜੀ, ਬਤੌਰ ਮੈਂਬਰ ਲੋਕ ਸਭਾ ਤੁਸੀਂ 8 ਸਾਲ ਦਿੱਲੀ ‘ਚ ਰਹੇ, ਉਦੋਂ ਤੁਸੀਂ ਦਿੱਲੀ ਦੇ ਸਕੂਲਾਂ ਅਤੇ ਮੁਹੱਲਾ ਕਲੀਨਿਕਾਂ ਦਾ ਦੌਰਾ ਕਿਉਂ ਨਹੀਂ ਕੀਤਾ? ਤੇ ਤੁਸੀਂ ਐਮ.ਪੀ. ਕੋਟੇ ਦੇ ਫੰਡਾਂ ਨਾਲ ਆਪਣੇ ਹਲਕੇ ਸੰਗਰੂਰ ਵਿੱਚ ਇੱਕ ਵੀ ਓਹੋ ਜਿਹੀ ਸੰਸਥਾ ਕਿਉਂ ਨਹੀਂ ਬਣਾਈ? ਤੁਹਾਡੀ ਦਿੱਲੀ ਫੇਰੀ ਮਹਿਜ਼ ਪ੍ਰਚਾਰ ਲਈ ਹੈ ਤੇ ਇਹ ਸਰਕਾਰੀ ਖਜ਼ਾਨੇ ਦਾ ਨੁਕਸਾਨ ਅਤੇ ਪੰਜਾਬੀ ਅਣਖ ਨੂੰ ਢਾਹ ਲਗਾ ਰਹੀ ਹੈ।

ਉਧਰ, ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਹੈ ਕਿ ਲੱਗਦਾ ਹੈ ਕਿ ਭਗਵੰਤ ਮਾਨ ਦਿੱਲੀ ਦੇ ਕੋਵਿਡ-19 ਦਾ ਖ਼ੌਫ਼ਨਾਕ ਮੰਜ਼ਰ ਭੁੱਲ ਗਏ ਹਨ। ਰਾਜਾ ਵੜਿੰਗ ਨੇ ਮੁੱਖ ਮੰਤਰੀ ਭਗਵੰਤ ਮਾਨ ਦੇ ਦਿੱਲੀ ਦੌਰੇ ਨੂੰ ਲੈ ਕੇ ਇਹ ਟਵੀਟ ਕੀਤਾ ਹੈ ਜਿਸ ’ਚ ਉਨ੍ਹਾਂ ਕਿਹਾ ਹੈ ਕਿ ਕੇਜਰੀਵਾਲ ਸਰਕਾਰ ਨੇ ਦਿੱਲੀ ਦੇ ਲੋਕਾਂ ਨੂੰ ਆਕਸੀਜਨ ਲਈ ਤਰਸਾ ਦਿੱਤਾ ਸੀ। ਵੜਿੰਗ ਨੇ ਕਿਹਾ ਹੈ ਕਿ ਦਿੱਲੀ ਸਰਕਾਰ ਦਾ ਇੱਕ ਹੋਰ ਝੂਠ ਫੜਿਆ ਗਿਆ ਹੈ ਕਿਉਂਕਿ ਕੇਰਲਾ ਦੇ ਮੰਤਰੀ ਨੇ ‘ਆਪ’ ਸਰਕਾਰ ਦੇ ਉਸ ਦਾਅਵੇ ਨੂੰ ਰੱਦ ਕਰ ਦਿੱਤਾ ਹੈ ਕਿ ਕੇਰਲਾ ਸਰਕਾਰ ਨੇ ਦਿੱਲੀ ਦੇ ਸਿੱਖਿਆ ਮਾਡਲ ਨੂੰ ਦੇਖਣ ਲਈ ਵਫ਼ਦ ਭੇਜਿਆ ਸੀ।

Leave a Reply

Your email address will not be published. Required fields are marked *