ਚੰਡੀਗੜ: ਮੱਤੇਵਾੜਾ ਜੰਗਲਾਂ ਨੂੰ ਲੈ ਕੇ ਸੀਐਮ ਭਗਵੰਤ ਮਾਨ ਵੱਲੋਂ ਵੱਡਾ ਐਲਾਨ ਕੀਤਾ ਗਿਆ ਹੈ।
ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਮੱਤੇਵਾੜਾ ਇੰਡਸਟਰੀ ਪਾਰਕ ਪ੍ਰੋਜੈਕਟ ਨੂੰ ਰੱਦ ਕਰਨ ਦਾ ਐਲਾਨ ਕੀਤਾ ਗਿਆ ਹੈ।ਸੀਐਮ ਮਾਨ ਨੇ ਸੋਮਵਾਰ ਨੂੰ ਪਬਲਿਕ ਐਕਸ਼ਨ ਕਮੇਟੀ ਦੇ ਨਾਲ ਮੀਟਿੰਗ ਕੀਤੀ। ਜਿਸ ਵਿੱਚ ਇਹ ਫ਼ੈਸਲਾ ਲਿਆ ਗਿਆ ਹੈ। ਦੱਸ ਦੇਈਏ ਕਿ ਮੱਤੇਵਾੜਾ ਜੰਗਲ ਨੂੰ ਹਟਾਕੇ ਇੱਥੇ ਟੈਕਸਟਾਈਲ ਪਾਰਕ ਬਣਾਇਆ ਜਾਣਾ ਸੀ। ਜਿਸ ਦਾ ਵਿਰੋਧੀ ਪਾਰਟੀਆਂ ਤੇ ਵਾਤਾਵਰਨ ਪ੍ਰੇਮੀਆਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਸੀ। ਜਿਸ ਦੇ ਮੱਦੇਨਜ਼ਰ ਹੁਣ ਫ਼ੈਸਲਾ ਲਿਆ ਗਿਆ ਹੈ ਕਿ ਮੱਤੇਵਾੜਾ ਜੰਗਲ ਦੀ ਬਜਾਏ ਹੁਣ ਕਿਸੇ ਹੋਰ ਸਥਾਨ ‘ਤੇ ਟੈਕਸਟਾਈਲ ਪਾਰਕ ਬਣਾਇਆ ਜਾਵੇਗਾ। ਲੁਧਿਆਣਾ ਦੇ ਮੱਤੇਵਾੜਾ ਦੇ ਜੰਗਲਾਂ ਨੇੜੇ ਪ੍ਰਸਤਾਵਿਤ ਮਾਡਰਨ ਇੰਡਸਟਰੀਅਲ ਪਾਰਕ ਦੇ ਵਿਰੋਧ ਵਿੱਚ ਐਤਵਾਰ ਨੂੰ ਵੱਖ-ਵੱਖ ਜਥੇਬੰਦੀਆਂ ਵਲੋਂ ਮੋਰਚਾ ਲਗਾਇਆ ਗਿਆ ਸੀ । ਜਿਸ ਵਿੱਚ ਪੰਜਾਬ ਦੇ ਕੋਨੇ-ਕੋਨੇ ਵਿਚੋਂ ਹਜ਼ਾਰਾਂ ਦੀ ਗਿਣਤੀ ਵਿੱਚ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਨੇ ਸ਼ਿਰਕਤ ਕੀਤੀ ਗਈ ਸੀ ।
ਸਮੂਹ ਪੰਜਾਬੀਆਂ ਨੇ ਸਰਕਾਰ ਨੂੰ ਅਪੀਲ ਕੀਤੀ ਸੀ ਕਿ ਮੱਤੇਵਾੜਾ ਦਾ ਇਹ ਜੰਗਲ ਲੱਖਾਂ ਹੀ ਬੇਜ਼ੁਬਾਨ ਪਸ਼ੂ-ਪੰਛੀਆਂ ਦਾ ਘਰ ਹੀ ਨਹੀਂ ਸਗੋਂ ਪੰਜਾਬ ਵਾਸੀਆਂ ਨੂੰ ਸਾਫ-ਸੁਥਰੀ ਹਵਾ ਦੇਣ ਵਿੱਚ ਵੀ ਸਹਾਈ ਹੈ। ਪਬਲਿਕ ਐਕਸ਼ਨ ਕਮੇਟੀ ਦੀ ਅਗਵਾਈ ਵਿੱਚ ਪ੍ਰਦਰਸ਼ਨ ਕੀਤਾ ਗਿਆ। ਜਿਸ ਵਿੱਚ ਵੱਡੀ ਗਿਣਤੀ ਵਿੱਚ ਲੋਕ ਸ਼ਾਮਿਲ ਹੋਏ ਸਨ । ਇਸ ਤੋਂ ਇਲਾਵਾ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਅਕਾਲੀ ਵਿਧਾਇਕ ਮਨਪ੍ਰੀਤ ਇਆਲੀ, ਸੰਗਰੂਰ ਤੋਂ ਸਾਂਸਦ ਸਿਮਰਨਜੀਤ ਮਾਨ ਵੀ ਸ਼ਾਮਿਲ ਹੋਏ ਸਨ । ਇਨ੍ਹਾਂ ਸਭ ਵੱਲੋਂ ਮੱਤੇਵਾੜਾ ਦੇ ਜੰਗਲਾਂ ਨੂੰ ਉਜਾੜਨ ਦਾ ਵਿਰੋਧ ਕੀਤਾ ਗਿਆ ਸੀ । ਇਸ ਮਾਮਲੇ ਵਿੱਚ ਗੁਰਮੀਤ ਸਿੰਘ ਮੀਤ ਹੇਅਰ ਵੱਲੋਂ ਵੀ ਇੱਕ ਟਵੀਟ ਕੀਤਾ ਗਿਆ ਹੈ। ਜਿਸ ਵਿੱਚ ਉਨ੍ਹਾਂ ਨੇ ਲਿਖਿਆ, ”ਮਾਣਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਵੱਲੋਂ ਸੂਬੇ ਦੇ ਲੋਕਾਂ ਦੀਆਂ ਭਾਵਨਾਵਾਂ ਦਾ ਸਤਿਕਾਰ ਕਰਦੇ ਹੋਏ ਮੱਤੇਵਾੜਾ ਪ੍ਰਾਜੈਕਟ ਰੱਦ ਕਰਨ ਦਾ ਐਲਾਨ ਕੀਤਾ ਹੈ । ਮੁੱਖ ਮੰਤਰੀ ਜੀ ਦੇ ਇਸ ਐਲਾਨ ਦਾ ਸਵਾਗਤ ਕਰਦੇ ਹਾਂ । ਆਮ ਆਦਮੀ ਪਾਰਟੀ ਦੀ ਸਰਕਾਰ ਲੋਕਾਂ ਦੀ ਸਰਕਾਰ ਹੈ ਅਤੇ ਲੋਕਾਂ ਦੀ ਰਾਏ ਨਾਲ ਹੀ ਸਾਰੇ ਫ਼ੈਸਲੇ ਕਰਨ ਵਿੱਚ ਵਿਸ਼ਵਾਸ ਰੱਖਦੀ ਹੈ।”
Leave a Reply