ਭਗਵੰਤ ਮਾਨ ਦੀ ਕੈਬਨਿਟ ਚ 10 ਵਿਧਾਇਕ ਬਣਾਏ ਗਏ ਮੰਤਰੀ

ਚੰਡੀਗੜ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕੈਬਨਿਟ ਮੰਤਰੀਆਂ ਦਾ ਐਲਾਨ ਕਰ ਦਿੱਤਾ ਗਿਆ ਹੈ।

ਇਹ ਸਾਰੇ ਮੰਤਰੀ ਸ਼ਨੀਵਾਰ ਨੂੰ ਚੰਡੀਗੜ੍ਹ ਵਿਖੇ ਸਹੁੰ ਚੁੱਕਣਗੇ। ਮਾਨ ਵੱਲੋਂ 10 ਕੈਬਨਿਟ ਮੰਤਰੀਆਂ ਦੀ ਸੂਚੀ ਜਾਰੀ ਕੀਤੀ ਗਈ ਹੈ। ਮਾਨ ਵੱਲੋਂ ਮਾਲਵੇ ਤੋਂ 5, ਮਾਝੇ ਤੋਂ 4 ਤੇ ਦੁਆਬੇ ਤੋਂ 1 ਕੈਬਨਿਟ ਮੰਤਰੀ ਦੀ ਚੋਣ ਕੀਤੀ ਗਈ ਗਈ ਹੈ। ਹਲਕਾ ਦਿੜ੍ਹਬਾ ਤੋਂ ਹਰਪਾਲ ਸਿੰਘ ਚੀਮਾ, ਮਲੋਟ ਤੋਂ ਡਾ. ਬਲਜੀਤ ਕੌਰ, ਜੰਡਿਆਲਾ ਤੋਂ ਹਰਭਜਨ ਸਿੰਘ ਈਟੀਓ, ਮਾਨਸਾ ਤੋਂ ਡਾ. ਵਿਜੈ ਸਿੰਗਲਾ, ਭੋਆ ਤੋਂ ਲਾਲਚੰਦ ਕਟਾਰੂਚੱਕ, ਬਰਨਾਲਾ ਤੋਂ ਗੁਰਮੀਤ ਸਿੰਘ ਹੇਅਰ, ਅਜਨਾਲਾ ਤੋਂ ਕੁਲਦੀਪ ਸਿੰਘ ਧਾਲੀਵਾਲ, ਪੱਟੀ ਤੋਂ ਲਾਲਜੀਤ ਸਿੰਘ ਭੁੱਲਰ, ਹੁਸ਼ਿਆਰਪੁਰ ਤੋਂ ਬ੍ਰਹਮ ਸ਼ੰਕਰ ਤੇ ਸ੍ਰੀ ਆਨੰਦਪੁਰ ਸਾਹਿਬ ਤੋਂ ਹਰਜੋਤ ਸਿੰਘ ਬੈਂਸ ਨੂੰ ਵਿਧਾਇਕ ਤੋਂ ਕੈਬਨਿਟ ਮੰਤਰੀਆਂ ਬਣਾਇਆ ਗਿਆ ਹੈ।

ਭਗਵੰਤ ਮਾਨ ਨੇ ਸੂਚੀ ‘ਚ 10 ਮੰਤਰੀਆਂ ਦੇ ਨਾਵਾਂ ਦਾ ਐਲਾਨ ਕੀਤਾ ਹੈ  ਜਦਕਿ ਅਜੇ ਮਹਿਕਮਿਆਂ ਦੀ ਵੰਡ ਹੋਣੀ ਬਾਕੀ ਹੈ। ਕੈਬਨਿਟ ਮੀਟਿੰਗ ਵਿਚ ‘ਆਪ’ ਦੇ ਚੋਣ ਐਲਾਨਾਂ ਨਾਲ ਜੁੜੇ ਕਈ ਅਹਿਮ ਫੈਸਲੇ ਲਏ ਜਾ ਸਕਦੇ ਹਨ। ਪੰਜਾਬ ਸਰਕਾਰ ਵਿਚ ਮੁੱਖ ਮੰਤਰੀ ਤੋਂ ਇਲਾਵਾ 17 ਮੰਤਰੀ ਬਣ ਸਕਦੇ ਹਨ। ਹਾਲਾਂਕਿ ਸ਼ੁਰੂਆਤ ਵਿਚ 10 ਤੋਂ 12 ਮੰਤਰੀ ਸਹੁੰ ਚੁੱਕਣਗੇ। ਇਸ ਤੋਂ ਬਾਅਦ ਕੁਝ ਸਮੇਂ ਬਾਅਦ ਮਾਨ ਸਰਕਾਰ ਦੀ ਕੈਬਨਿਟ ਦਾ ਵਿਸਤਾਰ ਹੋਵੇਗਾ। ਫਿਲਹਾਲ ਮੰਤਰੀਆਂ ਦੇ ਨਾਂ ਦੀ ਰਸਮੀ ਸੂਚੀ ਜਾਰੀ ਨਹੀਂ ਹੋਈ ਹੈ। ਆਮ ਆਦਮੀ ਪਾਰਟੀ ਨੇ ਚੋਣਾਂ ਵਿਚ ਪੰਜਾਬ ਦੇ ਹਰ ਘਰ ਨੂੰ 300 ਯੂਨਿਟ ਮੁਫਤ ਬਿਜਲੀ ਦਾ ਵਾਅਦਾ ਕੀਤਾ ਸੀ। ਇਸ ਤੋਂ ਇਲਾਵਾ ਸਰਕਾਰੀ ਨੌਕਰੀਆਂ ਦੇਣ ਤੇ 18 ਸਾਲ ਤੋਂ ਵੱਡੀ ਉਮਰ ਦੀ ਹਰ ਮਹਿਲਾ ਨੂੰ ਹਰੇਕ ਮਹੀਨੇ 100 ਰੁਪਏ ਦੇਣ ਦਾ ਐਲਾਨ ਕੀਤਾ ਸੀ। ਸਕੂਲਾਂ ਤੇ ਹਸਪਤਾਲਾਂ ਦੇ ਹਾਲਾਤਾਂ ਨੂੰ ਸੁਧਾਰਨ ਦਾ ਦਾਅਵਾ ਕੀਤਾ ਸੀ। ਹੁਣ ਪਹਿਲੀ ਕੈਬਨਿਟ ਵਿਚ ਇਨ੍ਹਾਂ ਸਾਰੇ ਫੈਸਲਿਆਂ ‘ਤੇ ਨਜ਼ਰ ਰਹੇਗੀ।

Leave a Reply

Your email address will not be published. Required fields are marked *