ਬੰਗਾਲ ਚੋਣਾਂ: ਚੋਣ ਕਮਿਸ਼ਨ ਦੀ ਕਾਰਗੁਜ਼ਾਰੀ ‘ਤੇ ਉਠੇ ਸਵਾਲ

Home » Blog » ਬੰਗਾਲ ਚੋਣਾਂ: ਚੋਣ ਕਮਿਸ਼ਨ ਦੀ ਕਾਰਗੁਜ਼ਾਰੀ ‘ਤੇ ਉਠੇ ਸਵਾਲ
ਬੰਗਾਲ ਚੋਣਾਂ: ਚੋਣ ਕਮਿਸ਼ਨ ਦੀ ਕਾਰਗੁਜ਼ਾਰੀ ‘ਤੇ ਉਠੇ ਸਵਾਲ

ਨਵੀਂ ਦਿੱਲੀ: ਪੱਛਮੀ ਬੰਗਾਲ ਦੀਆਂ ਵਿਧਾਨ ਸਭਾ ਚੋਣਾਂ ਜੰਗ ਦਾ ਮੈਦਾਨ ਬਣ ਗਈਆਂ ਹਨ। ਚੋਣਾਂ ਵਿਚ ਹੋ ਰਹੀ ਹਿੰਸਾ ਤੇ ਚੋਣ ਕਮਿਸ਼ਨ ਦੀ ਚੁੱਪ ਉਤੇ ਵੱਡੇ ਸਵਾਲ ਉਠ ਰਹੇ ਹਨ।

ਇਥੋਂ ਤੱਕ ਕਿ ਭਾਜਪਾ ਵੱਲੋਂ ਸਵਾਲ ਚੁੱਕਣ ਵਾਲਿਆਂ ਉਤੇ ਚੋਣ ਕਮਿਸ਼ਨ ਦਾ ਅਪਮਾਨ ਕਰਨ ਦੇ ਦੋਸ਼ ਮੜ੍ਹੇ ਜਾ ਰਹੇ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਲੈ ਕੇ ਭਾਜਪਾ ਉਮੀਦਵਾਰ ਸੁਭੇਂਦੂ ਅਧਿਕਾਰੀ ਤੱਕ ਸਾਰੇ ਭਾਜਪਾ ਨੇਤਾ ਧਾਰਮਿਕ ਆਧਾਰ ‘ਤੇ ਵੋਟਾਂ ਦੀ ਮੰਗ ਕਰ ਰਹੇ ਹਨ ਪਰ ਚੋਣ ਕਮਿਸ਼ਨ ਮੂਕ ਦਰਸ਼ਕ ਬਣਿਆ ਹੋਇਆ ਹੈ। ਪਿਛਲੇ ਦਿਨੀਂ ਜਦੋਂ ਚੋਣ ਕਮਿਸ਼ਨ ਨੇ ਫਿਰਕੂ ਭਾਸ਼ਨ ਲਈ ਮਮਤਾ ਬੈਨਰਜੀ ਨੂੰ ਨੋਟਿਸ ਜਾਰੀ ਕੀਤਾ, ਉਦੋਂ ਸਵਾਲ ਉਠੇ ਕਿ ਉਹ ਭਾਜਪਾ ਆਗੂਆਂ ਦੇ ਫਿਰਕੂ ਭਾਸ਼ਨਾਂ ‘ਤੇ ਚੁੱਪ ਕਿਉਂ ਹੈ, ਤਾਂ ਕਮਿਸ਼ਨ ਨੇ ਸੁਭੇਂਦੂ ਦੇ 10 ਦਿਨ ਪੁਰਾਣੇ ਇਕ ਭਾਸ਼ਨ ‘ਤੇ ਤੁਰਤ ਨੋਟਿਸ ਜਾਰੀ ਕਰ ਦਿੱਤਾ। ਚੋਣ ਕਮਿਸ਼ਨ ਦਾ ਲਗਾਤਾਰ ਅਜਿਹਾ ਹੀ ਰਵੱਈਆ ਵੇਖਣ ਨੂੰ ਮਿਲ ਰਿਹਾ ਹੈ ਅਤੇ ਚੋਣ ਕਮਿਸ਼ਨ ਦੀ ਕਾਰਗੁਜ਼ਾਰੀ ‘ਤੇ ਵੀ ਕਈ ਸਵਾਲ ਉਠ ਰਹੇ ਹਨ। ਦਰਅਸਲ, ਪੱਛਮੀ ਬੰਗਾਲ ਵਿਚ ਚੌਥੇ ਗੇੜ ਦੀਆਂ ਵੋਟਾਂ ਸਮੇਂ ਹੋਈ ਚੋਣ ਹਿੰਸਾ ਨਾਲ ਅਮਨਪੂਰਵਕ ਵੋਟਾਂ ਲਈ ਪੁਖਤਾ ਪ੍ਰਬੰਧ ਹੋਣ ਦੇ ਦਾਅਵਿਆਂ ਦੀ ਪੋਲ ਖੁੱਲ੍ਹ ਗਈ ਹੈ। ਕੂਚ ਬਿਹਾਰ ਜ਼ਿਲ੍ਹੇ ਦੇ ਸੀਤਲਕੁਚੀ ਦੇ ਇਕ ਪੋਲੰਿਗ ਬੂਥ ਉਤੇ ਅਰਧ ਸੈਨਿਕ ਬਲਾਂ ਦੀ ਗੋਲੀ ਨਾਲ ਚਾਰ ਜਣੇ ਮਾਰੇ ਗਏ।

ਸੁਰੱਖਿਆ ਬਲਾਂ ਦਾ ਕਹਿਣਾ ਹੈ ਕਿ ਭੀੜ ਵੱਲੋਂ ਘੇਰਨ ਪਿੱਛੋਂ ਸਵੈ-ਰੱਖਿਆ ਦੇ ਤੌਰ ਉੱਤੇ ਗੋਲੀ ਚਲਾਉਣੀ ਪਈ। ਇਸ ਨੇ ਪੱਛਮੀ ਬੰਗਾਲ ਦੀ ਸਿਆਸਤ ਵਿਚ ਸ਼ਬਦੀ ਜੰਗ ਹੋਰ ਤੇਜ ਕਰ ਦਿੱਤੀ ਹੈ। ਚੋਣ ਕਮਿਸ਼ਨ ਨੇ ਇਕ ਪੋਲੰਿਗ ਬੂਥ ਉਤੇ ਮੁੜ ਵੋਟਿੰਗ ਕਰਵਾਉਣ ਅਤੇ ਅਗਲੇ 72 ਘੰਟਿਆਂ ਤੱਕ ਕਿਸੇ ਵੀ ਸਿਆਸੀ ਆਗੂ ਦੇ ਇਸ ਖੇਤਰ ਦਾ ਦੌਰਾ ਕਰਨ ਉੱਤੇ ਰੋਕ ਲਗਾ ਦਿੱਤੀ। ਮੁੱਖ ਮੰਤਰੀ ਮਮਤਾ ਬੈਨਰਜੀ ਨੇ ਘਟਨਾ ਸਥਾਨ ਉਤੇ ਜਾਣ ਦਾ ਪ੍ਰੋਗਰਾਮ ਬਣਾਇਆ ਸੀ ਅਤੇ ਉਸ ਨੇ 14 ਅਪਰੈਲ ਨੂੰ ਪੀੜਤ ਪਰਿਵਾਰਾਂ ਨੂੰ ਮਿਲਣ ਦਾ ਪ੍ਰੋਗਰਾਮ ਐਲਾਨ ਕੀਤਾ ਸੀ। ਮੁੱਖ ਮੰਤਰੀ ਨੇ ਇਸ ਨੂੰ ਨਸਲਕੁਸ਼ੀ ਵਰਗੀ ਘਟਨਾ ਕਰਾਰ ਦਿੰਦਿਆਂ ਗ੍ਰਹਿ ਮੰਤਰੀ ਅਮਿਤ ਸ਼ਾਹ ਤੋਂ ਅਸਤੀਫੇ ਦੀ ਮੰਗ ਕੀਤੀ ਹੈ। ਪੱਛਮੀ ਬੰਗਾਲ ਭਾਜਪਾ ਨੇ ਇਸ ਦਾ ਦੋਸ਼ ਮਮਤਾ ਬੈਨਰਜੀ ਸਿਰ ਮੜ੍ਹ ਕੇ ਚੋਣਾਂ ਦੇ ਅਗਲੇ ਪੜਾਵਾਂ ਵਿਚ ਉਨ੍ਹਾਂ ਦੇ ਚੋਣ ਪ੍ਰਚਾਰ ਕਰਨ ਉੱਤੇ ਪਾਬੰਦੀ ਦੀ ਮੰਗ ਕੀਤੀ ਹੈ।

ਵਿਰੋਧੀ ਧਿਰ ਵੱਲੋਂ ਚੋਣ ਕਮਿਸ਼ਨ ਦੀ ਭੂਮਿਕਾ ਉਤੇ ਵੀ ਸਵਾਲ ਉਠਾਏ ਜਾ ਰਹੇ ਹਨ। ਪੱਛਮੀ ਬੰਗਾਲ ਦੀਆਂ ਚੋਣਾਂ ਅੱਠ ਗੇੜਾਂ ਵਿਚ ਕਰਵਾਉਣ ਦੇ ਫੈਸਲੇ ਬਾਰੇ ਵਿਰੋਧੀਆਂ ਨੇ ਭਾਜਪਾ ਦੀ ਇੱਛਾ ਪੂਰਤੀ ਹੋਣ ਦਾ ਇਲਜ਼ਾਮ ਲਗਾਇਆ ਸੀ। ਕਰੋਨਾ ਦੇ ਮੁੱਦੇ ਉਤੇ ਬਹੁਤ ਸਾਰੇ ਰਾਜਾਂ ਵਿਚ ਹੋਣ ਵਾਲੀਆਂ ਸਖਤੀਆਂ ਪਰ ਵੱਡੇ ਆਗੂਆਂ ਦੇ ਰੋਡ ਸ਼ੋਅ ਕਰਨ ਦੀ ਇਜਾਜ਼ਤ ਕਰ ਕੇ ਵੀ ਚੋਣ ਕਮਿਸ਼ਨ ਸਵਾਲਾਂ ਦੇ ਘੇਰੇ ਵਿਚ ਹੈ। ਅੱਠ ਗੇੜਾਂ ਵਿਚ ਵੋਟਾਂ ਦੀ ਦਲੀਲ ਸੁਰੱਖਿਆ ਇੰਤਜ਼ਾਮਾਂ ਨਾਲ ਜੋੜ ਕੇ ਦਿੱਤੀ ਗਈ ਸੀ, ਜੇ ਇਸ ਦੇ ਬਾਵਜੂਦ ਹਿੰਸਾ ਹੋ ਰਹੀ ਹੈ ਤਾਂ ਜਵਾਬਦੇਹੀ ਹੋਣੀ ਸੁਭਾਵਿਕ ਹੈ। ਆਸਾਮ ਦੇ 90 ਵੋਟਾਂ ਵਾਲੇ ਇਕ ਪੋਲੰਿਗ ਬੂਥ ਦੀ ਈ.ਵੀ.ਐਮ. ਵਿਚ 171 ਵੋਟਾਂ ਪੈਣ ਅਤੇ ਪੱਛਮੀ ਬੰਗਾਲ ਵਿਚ ਭਾਜਪਾ ਦੇ ਆਗੂ ਦੀ ਕਾਰ ਵਿਚੋਂ ਈ.ਵੀ.ਐਮ. ਮਿਲਣ ਦੀਆਂ ਘਟਨਾਵਾਂ ਸਾਹਮਣੇ ਆਈਆਂ ਹਨ। ਇਸ ਨਾਲ ਈ.ਵੀ.ਐਮ. ਪ੍ਰਣਾਲੀ ਉੱਤੇ ਵੀ ਸਵਾਲੀਆ ਨਿਸ਼ਾਨ ਲਗਾਉਣ ਵਾਲਿਆਂ ਦੀ ਗਿਣਤੀ ਵਧ ਰਹੀ ਹੈ।

Leave a Reply

Your email address will not be published.