‘ਬ੍ਰਹਮਾਸਤਰ’ ਨੂੰ 200 ਕਰੋੜ ਦਾ ਅੰਕੜਾ ਪਾਰ ਕਰਨ ਲਈ ਲੱਗੇ 10 ਦਿਨ…

ਨਵੀਂ ਦਿੱਲੀ : ਦੂਜੇ ਵੀਕੈਂਡ ਤੋਂ ਬਾਅਦ ਰਣਬੀਰ ਕਪੂਰ ਦੀ ਫਿਲਮ ‘ਬ੍ਰਹਮਾਸਤਰ’ ਨੇ 200 ਕਰੋੜ ਦਾ ਅੰਕੜਾ ਪਾਰ ਕਰ ਲਿਆ ਹੈ। ਟ੍ਰੇਡ ਰਿਪੋਰਟਾਂ ਦੇ ਅਨੁਸਾਰ, ਫਿਲਮ ਨੂੰ ਇਸ ਮਹੱਤਵਪੂਰਨ ਮੀਲ ਪੱਥਰ ਨੂੰ ਪਾਰ ਕਰਨ ਵਿੱਚ 10 ਦਿਨ ਲੱਗ ਗਏ। ‘ਬ੍ਰਹਮਾਸਤਰ’ ਰਣਬੀਰ ਕਪੂਰ ਦੀ ਘੱਟੋ-ਘੱਟ 200 ਕਰੋੜ ਦੀ ਕਮਾਈ ਕਰਨ ਵਾਲੀ ਦੂਜੀ ਫਿਲਮ ਬਣ ਗਈ ਹੈ। ਇਸ ਤੋਂ ਪਹਿਲਾਂ 2018 ‘ਚ ਆਈ ਸੰਜੂ ਨੇ 300 ਕਰੋੜ ਤੋਂ ਜ਼ਿਆਦਾ ਦਾ ਨੈੱਟ ਕਲੈਕਸ਼ਨ ਕੀਤਾ ਸੀ। ਦਿ ਕਸ਼ਮੀਰ ਫਾਈਲਜ਼ ਤੋਂ ਬਾਅਦ, ਬ੍ਰਹਮਾਸਤਰ ਵੀ ਸਾਲ 2022 ਦੀ ਦੂਜੀ ਫਿਲਮ ਹੈ, ਜੋ 200 ਕਰੋੜ ਕਲੱਬ ਵਿੱਚ ਪਹੁੰਚ ਗਈ ਹੈ। ਦਿ ਕਸ਼ਮੀਰ ਫਾਈਲਜ਼ ਨੂੰ 200 ਕਰੋੜ ਤੱਕ ਪਹੁੰਚਣ ਵਿੱਚ 13 ਦਿਨ ਲੱਗੇ। ਬ੍ਰਹਮਾਸਤਰ ਸਮੇਤ ਕੁੱਲ 28 ਫਿਲਮਾਂ ਹੁਣ 200 ਕਰੋੜ ਦੇ ਕਲੱਬ ‘ਚ ਸ਼ਾਮਲ ਹੋ ਚੁੱਕੀਆਂ ਹਨ, ਪਰ ਕੀ ਤੁਸੀਂ ਜਾਣਦੇ ਹੋ ਕਿ ਕਿਹੜੀ ਫਿਲਮ ਨੇ 200 ਕਰੋੜ ਤੱਕ ਪਹੁੰਚਣ ‘ਚ ਸਭ ਤੋਂ ਘੱਟ ਦਿਨ ਲਏ ਅਤੇ ਕਿਸ ਨੇ ਸਭ ਤੋਂ ਵੱਧ ਸਮਾਂ ਲਿਆ? ਆਮਿਰ ਖਾਨ ਦੀ ਲਾਲ ਸਿੰਘ ਚੱਢਾ ਭਾਵੇਂ ਫਲਾਪ ਰਹੀ ਹੋਵੇ, ਪਰ ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਉਸਨੇ ਬਾਲੀਵੁੱਡ ਨੂੰ ਪਹਿਲੀਆਂ 100 ਕਰੋੜ, 200 ਕਰੋੜ ਅਤੇ 300 ਕਰੋੜ ਕਲੈਕਸ਼ਨ ਵਾਲੀਆਂ ਫਿਲਮਾਂ ਦਿੱਤੀਆਂ ਹਨ। 2009 ਵਿੱਚ ਰਿਲੀਜ਼ ਹੋਈ ਆਮਿਰ ਦੀ 3 ਇਡੀਅਟਸ 200 ਕਰੋੜ ਦੇ ਕਲੱਬ ਵਿੱਚ ਪਹੁੰਚਣ ਵਾਲੀ ਪਹਿਲੀ ਬਾਲੀਵੁੱਡ ਫਿਲਮ ਹੈ। ਇਸ ਤੋਂ ਪਹਿਲਾਂ ਕੋਈ ਹੋਰ ਬਾਲੀਵੁੱਡ ਫਿਲਮ ਇਸ ਮੁਕਾਮ ‘ਤੇ ਨਹੀਂ ਪਹੁੰਚੀ ਸੀ। ਹਾਲਾਂਕਿ, ਫਿਲਮ ਨੂੰ ਇਸ ਮੀਲ ਪੱਥਰ ਤੱਕ ਪਹੁੰਚਣ ਵਿੱਚ 110 ਦਿਨਾਂ ਦਾ ਲੰਬਾ ਸਮਾਂ ਲੱਗਿਆ। ਸਭ ਤੋਂ ਤੇਜ਼ ਫਿਲਮ ਦੀ ਗੱਲ ਕਰੀਏ ਤਾਂ ਇਹ ਕੇਐੱਫਜੀ 2 ਹੈ, ਜਿਸ ਨੇ ਇਸ ਸਾਲ ਬਾਕਸ ਆਫਿਸ ‘ਤੇ ਕਾਫੀ ਹੰਗਾਮਾ ਕੀਤਾ ਸੀ। ਕੰਨੜ ਸਿਨੇਮਾ ਦੀ ਯਸ਼ ਸਟਾਰਰ ਫਿਲਮ ਨੇ ਵੀ ਹਿੰਦੀ ਪੱਟੀ ਵਿੱਚ ਚੰਗਾ ਪ੍ਰਦਰਸ਼ਨ ਕੀਤਾ ਅਤੇ ਹਿੰਦੀ ਸੰਸਕਰਣ ਨੇ ਸਿਰਫ 5 ਦਿਨਾਂ ਵਿੱਚ 200 ਕਰੋੜ ਦਾ ਅੰਕੜਾ ਪਾਰ ਕਰ ਲਿਆ ਸੀ। ਬਾਹੂਬਲੀ 2, ਸੰਜੂ, ਟਾਈਗਰ ਜ਼ਿੰਦਾ ਹੈ ਅਤੇ ਵਾਰ ਉਨ੍ਹਾਂ ਫਿਲਮਾਂ ਵਿੱਚ ਸ਼ਾਮਲ ਹਨ ਜੋ ਪਹਿਲੇ ਹਫ਼ਤੇ ਵਿੱਚ ਕਲੱਬ ਵਿੱਚ ਸ਼ਾਮਲ ਹੋਈਆਂ। ਆਮਿਰ ਖਾਨ ਨੇ ਭਾਵੇਂ 200 ਕਰੋੜ ਦੇ ਕਲੱਬ ਦਾ ਰਿਬਨ ਕੱਟਿਆ ਹੋਵੇ ਪਰ ਬੌਸ ਸਲਮਾਨ ਖਾਨ ਹਨ, ਜਿਨ੍ਹਾਂ ਦੀਆਂ ਸਭ ਤੋਂ ਵੱਧ 6 ਫਿਲਮਾਂ 200 ਕਰੋੜ ਦੀ ਸੂਚੀ ਵਿੱਚ ਹਨ। ਆਮਿਰ ਦੀਆਂ 4 ਫਿਲਮਾਂ ਹਨ, ਜਿਨ੍ਹਾਂ ਨੇ ਘੱਟੋ-ਘੱਟ 200 ਕਰੋੜ ਦਾ ਕੁਲੈਕਸ਼ਨ ਕੀਤਾ ਹੈ। ਇਨ੍ਹਾਂ ਤੋਂ ਇਲਾਵਾ ਅਕਸ਼ੈ ਕੁਮਾਰ, ਸ਼ਾਹਰੁਖ ਖਾਨ, ਅਜੇ ਦੇਵਗਨ, ਰਿਤਿਕ ਰੋਸ਼ਨ, ਰਣਵੀਰ ਸਿੰਘ, ਅਭਿਸ਼ੇਕ ਬੱਚਨ, ਸ਼ਾਹਿਦ ਕਪੂਰ ਅਜਿਹੇ ਕਲਾਕਾਰ ਹਨ ਜਿਨ੍ਹਾਂ ਦੀਆਂ 2-2 ਫਿਲਮਾਂ ਨੇ ਡਬਲ ਸੈਂਕੜਾ ਲਗਾਇਆ ਹੈ।

Leave a Reply

Your email address will not be published.