ਬੈਡਮਿੰਟਨ : ਟੋਰਾਂਟੋ ਤੋਂ ਬੈਂਕਾਕ ਤਕ ਦਾ ਇੰਝ ਰਿਹਾ ਸੁਨਹਿਰੀ ਸਫ਼ਰ

ਬੈਡਮਿੰਟਨ : ਟੋਰਾਂਟੋ ਤੋਂ ਬੈਂਕਾਕ ਤਕ ਦਾ ਇੰਝ ਰਿਹਾ ਸੁਨਹਿਰੀ ਸਫ਼ਰ

ਸਫ਼ਰ ਲੰਬਾ, ਸੰਘਰਸ਼ਪੂਰਨ ਤੇ ਰੌਚਕ ਸੀ। 73 ਵਰ੍ਹੇ ਲੱਗੇ।

1947 ਵਿਚ ਨਵੀਂ-ਨਵੀਂ ਮਿਲੀ ਆਜ਼ਾਦੀ ਤੋਂ ਬਾਅਦ ਜਦ ਬੈਡਮਿੰਟਨ ਦੇ ਕੌਮਾਂਤਰੀ ਪੱਧਰ ’ਤੇ ਸ਼ੁਰੂ ਹੋਣ ਵਾਲੇ ਥਾਮਸ ਕੱਪ ਮੁਕਾਬਲੇ ਵਿਚ ਹਿੱਸਾ ਲੈਣ ਦਾ ਫ਼ੈਸਲਾ ਕੀਤਾ ਤਾਂ ਭਾਰਤ ਨੂੰ ਅਮਰੀਕਾ ਤੇ ਕੈਨੇਡਾ ਨਾਲ ਇਕ ਗਰੁੱਪ ਵਿਚ ਰੱਖਿਆ ਗਿਆ। ਜੋਸ਼ ਤੇ ਉਮੀਦਾਂ ਨਾਲ ਭਰੀ ਭਾਰਤੀ ਟੀਮ ਨੇ ਬੰਬਈ ਤੋਂ ਉਡਾਰੀ ਭਰੀ ਤੇ ਆ ਪਹੁੰਚੀ ਲੰਡਨ। 24 ਘੰਟੇ ਦੀ ਉਡਾਣ ਬਾਅਦ ਟੀਮ ਰਵਾਨਾ ਹੋਈ ਸੋਥਾਂਪਟਨ ਲਈ ਜਿੱਥੇ ਸ਼ੁਰੂ ਹੋਈ ਚਾਰ ਦਿਨਾਂ ਦੀ ਸਮੁੰਦਰੀ ਯਾਤਰਾ ਜੋ ਇਸ ਨੂੰ ਲੈ ਆਈ ਕੈਨੇਡਾ ਦੇ ਸ਼ਹਿਰ ਹੈਲੀਫੈਕਸ ਤੇ ਫੇਰ ਟਰਾਂਟੋ। ਮੈਚ ਸੀ ਮੇਜ਼ਬਾਨ ਕੈਨੇਡਾ ਨਾਲ। ਭਾਰਤੀ ਖਿਡਾਰੀਆਂ ਦੇ ਪੈਰ ਨਹੀਂ ਲੱਗਣ ਦਿੱਤੇ ਗੋਰਿਆਂ ਨੇ। ਬਹੁਤ ਨਾਮੋਸ਼ੀ ਹੋਈ। ਕੈਨੇਡਾ ਨੇ 7-2 ਨਾਲ ਸ਼ਾਨਦਾਰ ਜਿੱਤ ਹਾਸਲ ਕੀਤੀ। 73 ਵਰ੍ਹੇ ਬਾਦ ਮੁਡ਼ ਫੇਰ ਭਾਰਤ, ਕੈਨੇਡਾ ਥਾਮਸ ਕੱਪ ਦੇ ਫਾਈਨਲ ਰਾਊਡ ਵਿਚ ਇੱਕੋ ਗਰੁੱਪ ਵਿਚ ਇਕੱਠੇ ਹੋਏ। ਭਾਰਤ ਨੇ ਸ਼ਾਨਦਾਰ ਜਿੱਤ ਹਾਸਲ ਕੀਤੀ। ਇਕ ਹੋਰ ਮੈਚ ਵਿਚ ਜਰਮਨੀ ਨੂੰ ਵੀ 5-0 ਨਾਲ ਮਾਤ ਦਿੱਤੀ। ਚਾਇਨਸ ਤਾਈਪਾਈ ਤੋਂ ਹਾਰਨ ਦੇ ਬਾਵਜੂਦ ਵੀ ਭਾਰਤ ਕੁਆਟਰ ਫਾਈਨਲ ਵਿਚ ਪਹੁੰਚ ਗਿਆ।ਪਹਿਲੀ ਵਾਰ ਹੀ ਨਹੀਂ ਸੀ। ਕੁਆਟਰ ਫਾਈਨਲ ਵਿਚ ਪੇਚਾ ਪਿਆ ਦੁਨੀਆ ਦੀ ਇਕ ਸ਼ਕਤੀਸ਼ਾਲੀ ਟੀਮ ਮੈਲੇਸੀਆ ਨਾਲ।

ਯਾਦਾਂ ਤਾਜ਼ਾ ਹੋ ਉਠੀਆਂ 1975-76 ਦੀਆਂ। ਲੁਧਿਆਣਾ ਦਾ ਲਾਲ ਬਹਾਦੁਰ ਇਨਡੋਰ ਹਾਲ ਤੇ ਭਾਰਤ ਬਨਾਮ ਮਲੇਸ਼ੀਆ ਦਾ ਥਾਮਸ ਕੱਪ ਮੈਚ। ਭਾਰਤ ਨੇ ਇਸ ਤੋਂ ਪਹਿਲੇ ਮੈਚ ਵਿਚ ਪਾਕਿਸਤਾਨ ਨੂੰ 5-4 ਨਾਲ ਹਰਾਇਆ ਸੀ ਤੇ ਭਾਰਤੀ ਟੀਮ ਦੇ ਨਾਇਕ ਸਨ ਪ੍ਰਕਾਸ਼ ਪੈਡੂਕੋਨ ਜੋ ਸੀ ਇਕ ਉੱਭਰਦਾ ਸਿਤਾਰਾ। ਮੈਂ ਵੀ ਪੱਤਰਕਾਰੀ ਵਿਚ ਸ਼ੁਰੂਆਤੀ ਦੌਰ ਵਿਚ ਸਾਂ ਤੇ ਇਸ ਅਹਿਮ ਮੁਕਾਬਲੇ ਨੂੰ ਕਵਰ ਕਰਨ ਦਾ ਅਵਸਰ ਮਿਲਿਆ। ਟ੍ਰਿਬਿਊਨ ਅਖ਼ਬਾਰ ਦੀ ਨਵੀਂ-ਨਵੀਂ ਖੇਡ ਪੱਤਰਕਾਰ ਵਜੋਂ ਜ਼ਿੰਮੇਵਾਰੀ ਵੀ ਮਿਲੀ ਸੀ। ਬੈਡਮਿੰਟਨ ਦੇ ਦਿਗੰਬਰ ਖਿਡਾਰੀਆਂ ਨੂੰ ਨੇਡ਼ਿਉ ਹੋ ਕੇ ਖੇਡਦੇ ਦੇਖਣ ਦਾ ਸੁਨਹਿਰੀ ਮੌਕਾ ਸੀ। ਚਾਅ ਤਾਂ ਚਡ਼੍ਹਨਾ ਸੁਭਾਵਿਕ ਹੀ ਸੀ। ਮਲੇਸ਼ੀਆ ਟੀਮ ਦਾ ਮੈਨੇਜਰ ਸੀ ਦੁਨੀਆ ਦਾ ਇਕ ਰਹਿ ਚੁੱਕਿਆ ਸਿਤਾਰਾ ਪੰਚ ਗੁਨਾਲਨ। ਭਾਰਤੀ ਟੀਮ ਦਾ ਹਿੱਸਾ ਸੀ ਫਤਿਹਗਡ਼੍ਹ ਚੂਡ਼ੀਆਂ ਦਾ ਜੰਮਪਲ ਦਿਨੇਆਂ ਖੰਨਾ ਜਿਸ ਦਾ ਰਿਕਾਰਡ ਅੱਜ ਵੀ ਕਾਇਮ ਹੈ। 1965 ਵਿਚ ਦਿਨੇਸ਼ ਖੰਨਾ ਨੇ ਏਸ਼ਿਆਈ ਖਿਤਾਬ ਜਿੱਤਿਆ ਸੀ। ਅੱਜ 57 ਵਰ੍ਹੇ ਬਾਦ ਵੀ ਕੋਈ ਦੂਜਾ ਭਾਰਤੀ ਇਹ ਖਿਤਾਬ ਨਹੀਂ ਜਿੱਤ ਸਕਿਆ ਹੈ।ਦਵਿੰਦਰ ਆਹੂਜਾ ਤੇ ਸਤੀਸ਼ ਭਾਟੀਆ ਦਿਨੇਸ਼ ਖੰਨਾ ਦੇ ਸਾਥੀ ਖਿਡਾਰੀ ਰਹੇ ਹਨ। ਇਹ ਅਲੱਗ ਗੱਲ ਹੈ ਕਿ ਵਰਤਮਾਨ ਭਾਰਤੀ ਟੀਮ ਵਿਚ ਕੋਈ ਦਿਨੇਸ਼ ਖੰਨਾ, ਦਵਿੰਦਰ ਆਹੂਜਾ ਜਾਂ ਸਤੀਸ਼ ਭਾਟੀਆ ਨਹੀਂ ਪਰ ਅੱਜ ਵੀ ਦੇਸੀ ਰੂਪ ਚਿਡ਼ੀ ਛਿੱਕੇ ਵਜੋਂ ਜਾਣੀ ਜਾਂਦੀ ਇਹ ਖੇਡ ਬਹੁਤ ਪ੍ਰਚੱਲਿਤ ਹੈ ਪੰਜਾਬ ਵਿਚ।

ਬੈਂਕਾਕ ਜਿੱਥੇ ਭਾਰਤ ਨੇ ਇਤਿਹਾਸ ਰਚਿਆ

15 ਮਈ ਨੂੰ ਥਾਮਸ ਕੱਪ ’ਤੇ ਪਹਿਲੀ ਵਾਰ ਕਬਜ਼ਾ ਕੀਤਾ। ਗਡ਼੍ਹ ਹੈ ਨਾਮਧਾਰੀਆਂ ਦਾ। ਪਿਛਲੇ ਸਤਿਗੁਰੂ ਜਗਜੀਤ ਸਿੰਘ ਬਹੁਤ ਪ੍ਰੇਮੀ ਸਨ ਬੈਡਮਿੰਟਨ ਦੇ ਤੇ ਉਨ੍ਹਾਂ ਇਸ ਖੇਡ ਨੂੰ ਨਾਮਧਾਰੀ ਸਮੁਦਾਏ ਵਿਚ ਪ੍ਰਚਲਿਤ ਕਰਨ ਲਈ ਰਹਿ ਚੁੱਕੇ ਐੱਨ ਐੱਸ ਆਈ ਦੇ ਮੁੱਖ ਕੋਚ ਪਿਤਾਂਬਰ ਸਿੰਘ ਦੀਆਂ ਸੇਵਾਵਾਂ ਹਾਸਲ ਕੀਤੀਆਂ ਸਨ।

ਬੈਂਕਾਕ ਵਿਚ ਭਾਰਤ ਲਈ ਸੁਨਹਿਰੀ ਇਤਿਹਾਸ ਰਚਣ ਵਿਚ ਸਾਰੀ ਟੀਮ ਦਾ ਯੋਗਦਾਨ ਤਾਂ ਸੀ ਪਰ ਕੁਝ ਖਿਡਾਰੀਆਂ ਦਾ ਯੋਗਦਾਨ ਵਿਸ਼ੇਸ਼ ਸੀ। ਕਿਦਾਂਬੀ ਸ੍ਰੀਕਾਂਤ, ਐੱਚ ਐੱਸ ਪ੍ਰੋਨਾਏ, ਲੱਕਸ਼ੇ ਸੈਨ, ਸਾਤਸਵਿਕਸਾਈਰਾਜ ਰੈਕੀਰੈਡੀ ਤੇ ਚਿਰਾਗ਼ ਸ਼ੈਲੀ ਦਾ। ਕੁਆਟਰ ਫਾਈਨਲ ਵਿਚ ਮਲੇਸ਼ੀਆ ਤੇ ਸ਼ਾਨਦਾਰ ਜਿੱਤ ਲਈ ਲਕਸ਼ੇ ਸੈਨ ਨੂੰ ਛੱਡ ਬਾਕੀ ਸਭਨਾਂ ਨੇ ਭਰਪੂਰ ਯੋਗਦਾਨ ਪਾਇਆ। ਇਹ 1952, 1955 ਤੇ 1979 ਤੋਂ ਬਾਅਦ ਚੌਥੀ ਵਾਰ ਸੀ ਕਿ ਭਾਰਤੀ ਟੀਮ ਥਾਮਸ ਕੱਪ ਦੇ ਸੈਮਸੰਗ ਫਾਈਨਲ ਗੇਡ਼ ਵਿਚ ਪਹੁੰਚੀ ਸੀ ਤੇ ਮੁਕਾਬਲੇ ਵਿਚ ਏਸ਼ਿਆਈ ਟੀਮਾਂ ਨੂੰ ਛੱਡ ਇੱਕੋ ਇਕ ਯੂਰਪੀਨ ਟੀਮ ਡੈਨਮਾਰਕ ਨਾਲ ਮੁਕਾਬਲਾ ਸੀ। ਕੁਝ ਕਰ ਦਿਖਾਣ ਦਾ ਨਾਅਰਾ ਲੈ ਕੇ ਚਲੀ ਭਾਰਤੀ ਟੀਮ ਨੇ ਇਕ ਸੰਘਰਸ਼ਪੂਰਨ ਮੁਕਾਬਲੇ ਬਾਦ ਡੈਨਮਾਰਕ ਨੂੰ 3-2 ਨਾਲ ਮਾਤ ਦੇ ਕੇ ਫਾਈਨਲ ਵਿਚ ਦਾਖ਼ਲਾ ਲੈ ਲਿਆ ਸੀ।

ਯਾਦ ਹਨ ਉਹ ਦਿਨ ਜਦੋਂ ਅਕਸਰ ਮਜ਼ਾਕ ਕੀਤਾ ਜਾਂਦਾ ਸੀ ਤੇ ਕਿਹਾ ਜਾਂਦਾ ਸੀ ਕਿ ਭਾਰਤ ਤਾਂ ਕੇਵਲ ਗੁੱਲੀ ਡੰਡੇ ਵਿਚ ਹੀ ਵਰਲਡ ਚੈਂਪੀਅਨ ਬਣ ਸਕਦਾ ਹੈ ਪਰ ਹੁਣ ਸ੍ਰੀਕਾਂਤ ਕਾਦਾਮਬੀ, ਐੱਚ ਐੱਸ ਪ੍ਰਨੋਏ, ਰੈਕੀਰੈਡੀ ਤੇ ਚਿਰਾਗ਼ ਸ਼ੈਲੀ ਨੇ ਭਾਰਤ ਨੂੰ ਹਾਕੀ ਤੇ ਕ੍ਰਿਕਟ ਤੋਂ ਬਾਅਦ ਤੀਜੀ ਖੇਡ ਵਿਚ ਵਰਲਡ ਚੈਂਪੀਅਨ ਬਣਨ ਵਾਲੀ ਕਤਾਰ ਵਿਚ ਲੈ ਲਿਆ ਖਡ਼੍ਹਾ ਕੀਤਾ ਸੀ।ਕੌਮਾਂਤਰੀ ਖ਼ਿਤਾਬ ਲਈ ਸਾਹਮਣਾ ਕਰਨਾ ਸੀ 14 ਵਾਰ ਚੈਂਪੀਅਨ ਰਹੀ ਟੀਮ ਇੰਡੋਨੇਸ਼ੀਆ ਦਾ। ਇਸ ਵਰੇ੍ਹ ਦੇ ਸ਼ੁਰੂ ਵਿਚ ਬਣੇ ਚੌਥੇ ਭਾਰਤੀ ਖਿਡਾਰੀ ਜਿਸ ਨੇ ਇੰਗਲੈਂਡ ਦੇ ਲੰਡਨ ਵਿਚ ਹੁੰਦੀ ਆਲ ਇੰਗਲੈਂਡ ਬੈਡਮਿੰਟਨ ਚੈਂਪੀਅਨਸ਼ਿਪ ਦੇ ਫਾਈਨਲ ਵਿਚ ਦਾਖ਼ਲਾ ਲਿਆ ਸੀ। ਲਕਸ਼ੇ ਸੈਨ ਨੇ ਪਹਿਲਾਂ ਹੀ ਮੈਚ ਜਿੱਤ ਕੇ ਭਾਰਤ ਨੂੰ ਇਤਿਹਾਸਕ ਜਿੱਤ ਦੇ ਰਾਹ ’ਤੇ ਪਾ ਦਿੱਤਾ ਸੀ। ਉਸ ਹਰਾਇਆ ਸੀ ਐਥੋਨੀ ਸਿਮੀਸੁਕਾ ਗਿਟਿੰਗ ਨੂੰ 8-21, 21-17 ਤੇ 21-16 ਨਾਲ। ਡਬਲਜ਼ ਵਿਚ ਭਾਰਤੀ ਜੋਡ਼ੀ ਸਾਤਸਵਿਕ

ਸਾਈਰਾਜ ਰੈਕੀਰੈਡੀ ਤੇ ਚਿਰਾਗ਼ ਸ਼ੈਲੀ ਨੇ ਸਖ਼ਤ ਮੁਕਾਬਲੇ ਵਿਚ ਮਾਤ ਦਿੱਤੀ ਮੁਹੰਮਦ ਅਹਿਸਾਨ ਤੇ ਕਾਵਿਮਈ ਸੰਜੇਆ ਸਿਕਾਮੂਲਜੋ ਨੂੰ 18-21, 23-21 ਤੇ 21-19 ਦੇ ਫ਼ਰਕ ਨਾਲ। ਕਾਦਾਂਬੀ ਸ੍ਰੀਕਾਂਤ ਨੇ ਜੋਨਾਤਨ ਕ੍ਰਿਸਟੀ ਨੂੰ 21-15 ਤੇ 23-21 ਨਾਲ ਹਰਾ ਕੇ ਇਤਿਹਾਸ ਰਚ ਦਿੱਤਾ ਤੇ ਭਾਰਤ ਮਾਂ ਨੂੰ ਇਸ ਦੀ ਆਜ਼ਾਦੀ ਦੀ 75ਵੀਂ ਵਰੇ੍ਹ ਗੰਢ ਦੇ ਸਾਲ ਵਿਚ ਇਕ ਵੱਡੀ ਸੁਗਾਤ ਭੇਟ ਕੀਤੀ ਹੈ।

– ਪ੍ਰਭਜੋਤ ਸਿੰਘ

Leave a Reply

Your email address will not be published.