ਬੇਰਹਿਮ ਰੂਸੀ ਪੁਲਸ, ਜੰਗ ਦਾ ਵਿਰੋਧ ਕਰ ਰਹੇ ਛੋਟੇ-ਛੋਟੇ ਬੱਚੇ ਗ੍ਰਿਫ਼ਤਾਰ

ਬੇਰਹਿਮ ਰੂਸੀ ਪੁਲਸ, ਜੰਗ ਦਾ ਵਿਰੋਧ ਕਰ ਰਹੇ ਛੋਟੇ-ਛੋਟੇ ਬੱਚੇ ਗ੍ਰਿਫ਼ਤਾਰ

ਰੂਸ ਵਿਚ ਸਰਕਾਰ ਵਿਰੋਧੀ ਪ੍ਰਦਰਸ਼ਨ ਕਰਨ ਵਾਲੇ ਲੋਕਾਂ ਨੂੰ ਗਾਇਬ ਕਰ ਦਿੱਤਾ ਜਾ ਰਿਹਾ ਹੈ।

ਜੇਕਰ ਅਜਿਹਾ ਨਹੀਂ ਹੁੰਦਾ ਤਾਂ ਉਨ੍ਹਾਂ ਨੂੰ ਲੰਬੀ ਕੈਦ ਵਿਚ ਭੇਜ ਦਿੱਤਾ ਜਾਂਦਾ ਹੈ। ਇਹ ਇਕ ਕੌੜੀ ਸੱਚਾਈ ਹੈ, ਜਿਸਦੇ ਬਾਰੇ ਸਾਰੀ ਦੁਨੀਆ ਨੂੰ ਪਤਾ ਹੈ। ਉਥੇ, ਹੁਣ ਵਿਰੋਧ ਕਰਨ ’ਤੇ ਛੋਟੇ-ਛੋਟੇ ਬੱਚਿਆਂ ਨੂੰ ਵੀ ਗ੍ਰਿਫ਼ਤਾਰ ਕੀਤਾ ਜਾ ਰਿਹਾ ਹੈ। ਦਰਅਸਲ, ਕੁਝ ਦਿਲ ਦਹਿਲਾ ਦੇਣ ਵਾਲੀਆਂ ਤਸਵੀਰਾਂ ਸਾਹਮਣੇ ਆਈਆਂ ਹਨ, ਜਿਸ ਵਿਚ ਰੂਸੀ ਬੱਚਿਆਂ ਨੂੰ ਯੂਕ੍ਰੇਨ ’ਤੇ ਆਪਣੇ ਦੇਸ਼ ਦੇ ਹਮਲੇ ਦਾ ਵਿਰੋਧ ਕਰਨ ਦੇ ਦੋਸ਼ ਵਿਚ ਗ੍ਰਿਫ਼ਤਾਰ ਕੀਤਾ ਗਿਆ ਹੈ। ਇਨ੍ਹਾਂ ਤਸਵੀਰਾਂ ਨੂੰ ਇਕ ਵਿਰੋਧੀ ਧਿਰ ਦੇ ਨੇਤਾ ਸ਼ੇਅਰ ਕੀਤੀ ਹੈ।

ਇਸ ਪਹਿਲਾਂ ਰਾਸ਼ਟਰਪਤੀ ਵਲਾਦਿਮੀਰ ਪੁਤਿਨ ਵਲੋਂ ਛੇੜੀ ਗਈ ਜੰਗ ਦਾ ਵਿਰੋਧ ਕਰਨ ’ਤੇ ਹਜ਼ਾਰਾਂ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ।ਦਿ ਸਨ ਦੀ ਰਿਪੋਰਟ ਮੁਤਾਬਕ, ਇਨ੍ਹਾਂ ਬੱਚਿਆਂ ਨੂੰ ਇਕ ਪੁਲਸ ਵੈਨ ਵਿਚ ਬੈਠੇ ਹੋਏ ਦੇਖਿਆ ਜਾ ਸਕਦਾ ਹੈ। ਦਾਅਵਾ ਕੀਤਾ ਗਿਆ ਹੈ ਇਨ੍ਹਾਂ ਬੱਚਿਆਂ ਨੂੰ ਓਦੋਂ ਗ੍ਰਿਫ਼ਤਾਰ ਕੀਤਾ ਗਿਆ, ਜਦੋਂ ਇਹ ਸ਼ਹਿਰ ਵਿਚ ਸਥਿਤ ਯੂਕ੍ਰੇਨ ਦੇ ਦੂਤਘਰ ਕੋਲ ਫੁੱਲ ਰੱਖਣ ਗਏ ਸਨ। ਤਸਵੀਰ ਵਿਚ ਦੇਖਿਆ ਜਾ ਸਕਦਾ ਹੈ ਕਿ ਹਰੇ ਰੰਗ ਦੀ ਟੋਪੀ ਪਾਏ ਇਕ ਕੁੜੀ ਬੈਠੀ ਹੈ। ਇਸ ਕੁੜੀ ਦੇ ਹੱਥ ਵਿਚ ਇਕ ਬੈਨਰ ਹੈ, ਜਿਸ ਵਿਚ ਰੂਸੀ ਭਾਸ਼ਾ ਵਿਚ ਲਿਖਿਆ ਹੋਇਆ ਹੈ ਕਿ ‘ਹੁਣ ਜੰਗ ਨਹੀਂ।’ ਇਸ ਬੈਨਰ ’ਤੇ ਛੋਟੇ-ਛੋਟੇ ਯੂਕ੍ਰੇਨ ਝੰਡੇ ਵੀ ਬਣੇ ਹੋਏ ਹਨ।
ਰੂਸ ਨੇ ਦਿੱਤੀ ਪ੍ਰਮਾਣੂ ਜੰਗ ਦੀ ਧਮਕੀ
ਵਿਦੇਸ਼ ਮੰਤਰੀ ਲਾਵਰੋਵ ਨੇ ਕਿਹਾ-ਤੀਜਾ ਵਿਸ਼ਵ ਯੁੱਧ ਕਾਫ਼ੀ ਵਿਨਾਸ਼ਕਾਰੀ ਹੋਵੇਗਾ। ਯੂਕ੍ਰੇਨ ਖ਼ਿਲਾਫ਼ ਜੰਗ ਛੇੜਣ ਨੂੰ ਲੈ ਕੇ ਰੂਸ ’ਤੇ ਲਗਾਤਾਰ ਅੰਤਰਰਾਸ਼ਟਰੀ ਦਬਾਅ ਬਣਾਇਆ ਜਾ ਰਿਹਾ ਹੈ। ਉਸ ’ਤੇ ਕਈ ਤਰ੍ਹਾਂ ਦੀਆਂ ਪਾਬੰਦੀਆਂ ਲਾਈਆਂ ਗਈਆਂ ਹਨ। ਅਜਿਹੇ ’ਚ ਰੂਸ ਨੇ ਪਿੱਛੇ ਹਟਣ ਦੀ ਬਜਾਏ ਦੁਨੀਆ ਨੂੰ ਧਮਕਾਉਣ ਦੀ ਕੋਸ਼ਿਸ਼ ਕੀਤੀ ਹੈ। ਰੂਸ ਨੇ ਦੁਨੀਆ ਨੂੰ ਤੀਜੇ ਵਿਸ਼ਵ ਯੁੱਧ ਦੀ ਧਮਕੀ ਦਿੰਦੇ ਹੋਏ ਪ੍ਰਮਾਣੂ ਜੰਗ ਛੇੜਣ ਦੀ ਗੱਲ ਕਹੀ ਹੈ। ਦਰਅਸਲ, ਰੂਸ ਦੇ ਵਿਦੇਸ਼ ਮੰਤਰੀ ਸਰਗੇਈ ਲਾਵਰੋਵ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਪ੍ਰਮਾਣੂ ਹਥਿਆਰਾਂ ਦੀ ਵਰਤੋਂ ਨਾਲ ਤੀਜਾ ਵਿਸ਼ਵ ਯੁੱਧ ਛੇੜਿਆ ਗਿਆ ਤਾਂ ਇਹ ਵਿਨਾਸ਼ਕਾਰੀ ਹੋਵੇਗਾ। ਰੂਸ ਨੇ ਕਿਹਾ ਕਿ ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ ਨੂੰ ਪਤਾ ਹੈ ਕਿ ਪਾਬੰਦੀਆਂ ਦਾ ਨਤੀਜਾ ਕੀ ਹੋਵੇਗਾ। ਕਤਰ ਦੇ ਨਿਊਜ਼ ਚੈਨਲ ਅਲ ਜਜ਼ੀਰਾ ਨਾਲ ਯੂਕ੍ਰੇਨ ’ਤੇ ਗੱਲ ਕਰਦੇ ਹੋਏ ਰੂਸੀ ਵਿਦੇਸ਼ ਮੰਤਰੀ ਨੇ ਉਕਤ ਗੱਲ ਕਹੀ।
ਰੂਸ ਨੇ ਬੁਚਾ ਅਤੇ ਇਰਪਿਨ ’ਤੇ ਕੀਤੀ ਏਅਰ ਸਟ੍ਰਾਈਕ

ਰੂਸ ਨੇ ਯੂਕ੍ਰੇਨ ਦੇ ਸ਼ਹਿਰਾਂ ਬੁਚਾ ਅਤੇ ਇਰਪਿਨ ’ਤੇ ਏਅਰ ਸਟ੍ਰਾਈਕ ਕੀਤੀ ਹੈ। ਰੂਸ ਨੇ ਇਨ੍ਹਾਂ ਦੋਵਾਂ ਸ਼ਹਿਰਾਂ ’ਤੇ ਸੁਖੋਈ-25 ਫਾਈਟਰ ਜਹਾਜ਼ਾਂ ਰਾਹੀਂ ਹਮਲਾ ਕੀਤਾ ਹੈ। ਹਮਲੇ ’ਚ ਕਈ ਲੋਕਾਂ ਦੇ ਮਰਨ ਦੀ ਸੂਚਨਾ ਹੈ। ਇਸ ਦਰਮਿਆਨ ਯੂਕ੍ਰੇਨ ਦੇ ਕਈ ਸ਼ਹਿਰਾਂ ’ਚ ਹਵਾਈ ਹਮਲੇ ਦਾ ਅਲਰਟ ਕੀਤਾ ਗਿਆ ਹੈ। ਇਨ੍ਹਾਂ ਸ਼ਹਿਰਾਂ ’ਚ ਕੀਵ, ਖਾਰਕੀਵ, ਚੇਰਕਾਸੀ, ਸੂਮੀ ਵਰਗੇ ਸ਼ਹਿਰ ਸ਼ਾਮਲ ਹਨ। ਲੋਕਾਂ ਨੂੰ ਸੁਰੱਖਿਅਤ ਥਾਵਾਂ ’ਤੇ ਜਾਣ ਲਈ ਕਿਹਾ ਗਿਆ ਹੈ।

Leave a Reply

Your email address will not be published.