ਬੇਅਦਬੀ ਕਾਂਡ: ਨਵੀਂ ‘ਸਿਟ` ਨੇ ਫਿਲਹਾਲ ਸ਼ੁਰੂ ਨਾ ਕੀਤੀ ਪੜਤਾਲ

Home » Blog » ਬੇਅਦਬੀ ਕਾਂਡ: ਨਵੀਂ ‘ਸਿਟ` ਨੇ ਫਿਲਹਾਲ ਸ਼ੁਰੂ ਨਾ ਕੀਤੀ ਪੜਤਾਲ
ਬੇਅਦਬੀ ਕਾਂਡ: ਨਵੀਂ ‘ਸਿਟ` ਨੇ ਫਿਲਹਾਲ ਸ਼ੁਰੂ ਨਾ ਕੀਤੀ ਪੜਤਾਲ

ਫਰੀਦਕੋਟ: ਪਿੰਡ ਬੁਰਜ ਜਵਾਹਰ ਸਿੰਘ ਵਾਲਾ ਵਿਚੋਂ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਚੋਰੀ ਹੋਣ ਅਤੇ ਫਿਰ ਬੇਅਦਬੀ ਕਰਨ ਦੇ ਮਾਮਲੇ ਦੀ ਪੜਤਾਲ ਕਰਨ ਲਈ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਹੁਕਮਾਂ ‘ਤੇ ਡੀ.ਆਈ.ਜੀ. ਐਸ.ਪੀ.ਐਸ. ਪਰਮਾਰ ਦੀ ਅਗਵਾਈ ਵਿਚ ਬਣੀ ਜਾਂਚ ਟੀਮ ਨੇ ਪੜਤਾਲ ਪ੍ਰਕਿਰਿਆ ਨੂੰ ਠੰਢੇ ਬਸਤੇ ਵਿਚ ਪਾ ਦਿੱਤਾ ਹੈ।

ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਜਸਟਿਸ ਅਨਮੋਲ ਰਤਨ ਸਿੰਘ ਨੇ ਆਖਿਆ ਕਿ 4 ਜਨਵਰੀ 2021 ਨੂੰ ਡੀ.ਆਈ.ਜੀ. ਰਣਧੀਰ ਸਿੰਘ ਖੱਟੜਾ ਦੀ ਥਾਂ ਕਿਸੇ ਹੋਰ ਪੁਲਿਸ ਅਧਿਕਾਰੀ ਨੂੰ ਜਾਂਚ ਟੀਮ ਦੀ ਅਗਵਾਈ ਸੌਂਪੀ ਜਾਵੇ। ਜਿਸ ‘ਤੇ ਪੰਜਾਬ ਸਰਕਾਰ ਨੇ ਡੀ.ਆਈ.ਜੀ. ਐਸ.ਪੀ.ਐਸ. ਪਰਮਾਰ ਨੂੰ ਬੇਅਦਬੀ ਕਾਂਡ ਦੀ ਜਾਂਚ ਲਈ ਟੀਮ ਦਾ ਮੁਖੀ ਲਾ ਦਿੱਤਾ ਸੀ ਪਰ ਜਾਂਚ ਟੀਮ ਬਣਨ ਤੋਂ 60 ਦਿਨ ਬਾਅਦ ਵੀ ਪੜਤਾਲ ਟੀਮ ਘਟਨਾ ਸਥਾਨ ‘ਤੇ ਨਹੀਂ ਪੁੱਜੀ ਅਤੇ ਨਾ ਹੀ ਪੜਤਾਲ ਪ੍ਰਕਿਰਿਆ ਸ਼ੁਰੂ ਕੀਤੀ ਹੈ ਜਦੋਂਕਿ ਇਲਾਕਾ ਮੈਜਿਸਟਰੇਟ ਦੀ ਅਦਾਲਤ ਪੜਤਾਲ ਮੁਕੰਮਲ ਹੋਣ ਦਾ ਇੰਤਜ਼ਾਰ ਕਰ ਰਹੀ ਹੈ। ਦੱਸਣਯੋਗ ਹੈ ਕਿ ਰਣਧੀਰ ਸਿੰਘ ਖੱਟੜਾ ਨੇ ਬੇਅਦਬੀ ਕਾਂਡ ਵਿਚ 6 ਜੁਲਾਈ 2020 ਨੂੰ ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਸਮੇਤ 11 ਵਿਅਕਤੀਆਂ ਖਿਲਾਫ ਚਲਾਨ ਅਦਾਲਤ ਵਿਚ ਪੇਸ਼ ਕਰ ਦਿੱਤਾ ਸੀ ਪਰ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਰਿੱਟ ਨੰ: 19787 ਦਾ ਫੈਸਲਾ ਕਰਦਿਆਂ ਇਸ ਚਲਾਨ ਨੂੰ ਰੱਦ ਕਰ ਦਿੱਤਾ ਸੀ।

ਇਸ ਤੋਂ ਪਹਿਲਾਂ ਇਸ ਮਾਮਲੇ ਦੀ ਸੀ.ਬੀ.ਆਈ. ਵੀ ਪੜਤਾਲ ਕਰ ਚੁੱਕੀ ਹੈ ਅਤੇ ਸੀ.ਬੀ.ਆਈ. ਨੇ ਆਪਣੀ ਰਿਪੋਰਟ ਵਿਚ ਮਾਮਲੇ ਨੂੰ ਰੱਦ ਕਰਨ ਦੀ ਸਿਫਾਰਸ਼ ਕੀਤੀ ਸੀ। ਪੰਜਾਬ ਸਰਕਾਰ ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਹੁਕਮ ਰਾਹੀਂ ਸੀ.ਬੀ.ਆਈ. ਤੋਂ ਜਾਂਚ ਵਾਪਸ ਲੈ ਲਈ ਸੀ ਪਰ ਪੜਤਾਲ ਵਾਪਸ ਲੈਣ ਤੋਂ ਤਿੰਨ ਮਹੀਨੇ ਬਾਅਦ ਵੀ ਸਰਕਾਰ ਇਸ ਮਾਮਲੇ ਵਿਚ ਆਪਣੀ ਕੋਈ ਪ੍ਰਗਤੀ ਨਹੀਂ ਦਿਖਾ ਸਕੀ। ਜਾਂਚ ਟੀਮ ਦੇ ਮੁਖੀ ਐਸ.ਪੀ.ਐਸ. ਪਰਮਾਰ ਨੇ ਆਖਿਆ ਕਿ ਬੇਅਦਬੀ ਕਾਂਡ ਦੀ ਪੜਤਾਲ ਪੂਰੀ ਤਨਦੇਹੀ ਨਾਲ ਕੀਤੀ ਜਾ ਰਹੀ ਹੈ ਅਤੇ ਇਸ ਸਬੰਧੀ ਤਿੰਨ ਮੀਟਿੰਗਾਂ ਵੀ ਹੋ ਚੁੱਕੀਆਂ ਹਨ। ਉਨ੍ਹਾਂ ਕਿਹਾ ਕਿ ਉਹ ਇਸ ਪੜਤਾਲ ਦਾ ਕੋਈ ਵੀ ਨੁਕਤਾ ਜਨਤਕ ਤੌਰ ‘ਤੇ ਸਾਂਝਾ ਨਹੀਂ ਕਰ ਸਕਦੇ। ਇਕ ਹੋਰ ਸੀਨੀਅਰ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਸੀ.ਬੀ.ਆਈ. ਨੇ ਉਹਨਾਂ ਨੂੰ ਸਮੇਂ ਸਿਰ ਰਿਕਾਰਡ ਨਹੀਂ ਦਿੱਤਾ ਜਿਸ ਕਰਕੇ ਪੜਤਾਲ ਵਿਚ ਕੁਝ ਦੇਰੀ ਹੋਈ ਹੈ। ਉਨ੍ਹਾਂ ਕਿਹਾ ਕਿ ਬੇਅਦਬੀ ਕਾਂਡ ਦੀ ਇਸ ਤੋਂ ਪਹਿਲਾਂ ਹੋਈ ਪੜਤਾਲ ਦਾ ਨਿਰੀਖਣ ਕੀਤਾ ਜਾ ਰਿਹਾ ਹੈ ਅਤੇ ਜਲਦ ਹੀ ਬੇਅਦਬੀ ਕਾਂਡ ਦੇ ਕਸੂਰਵਾਰਾਂ ਖਿਲਾਫ ਚਲਾਨ ਅਦਾਲਤ ਵਿਚ ਆ ਸਕਦਾ ਹੈ।

Leave a Reply

Your email address will not be published.