ਬਿਨਾਂ ਟ੍ਰੇਨਿੰਗ ਹੀ 90 ਪਾਇਲਟ ਉਡਾ ਰਹੇ ਸਨ ਸਪਾਈਸਜੈਟ ਦੇ ਜਹਾਜ਼, ਡੀ.ਜੀ.ਸੀ.ਏ ਨੇ ਕੀਤੀ ਕਾਰਵਾਈ

ਨਵੀਂ ਦਿੱਲੀ: ਡਾਇਰੈਕਟੋਰੇਟ ਜਨਰਲ ਆਫ ਸਿਵਲ ਐਵੀਏਸ਼ਨ ਦੀ ਜਾਂਚ ਵਿੱਚ ਏਅਰਲਾਈਨਾਂ ਦੀ ਲਾਪਰਵਾਹੀ ਦਾ ਖੁਲਾਸਾ ਹੋਇਆ ਹੈ ਜਿਸ ਨੇ ਹਜ਼ਾਰਾਂ ਯਾਤਰੀਆਂ ਦੀ ਜਾਨ ਨੂੰ ਖ਼ਤਰੇ ਵਿੱਚ ਪਾਇਆ ਹੈ। ਜਾਂਚ ‘ਚ ਪਤਾ ਲੱਗਾ ਹੈ ਕਿ ਏਅਰਲਾਈਨ ਸਪਾਈਸ ਜੈਟ ਦੇ ਪਾਇਲਟ ਸਹੀ ਸਿਖਲਾਈ ਲਏ ਬਿਨਾਂ ਹੀ ਜਹਾਜ਼ ਉਡਾ ਰਹੇ ਸਨ।

ਡੀਜੀਸੀਏ ਦੇ ਮੁਖੀ ਅਰੁਣ ਕੁਮਾਰ ਨੇ ਦੱਸਿਆ ਕਿ ਸਪਾਈਸ ਜੈੱਟ ਦੇ 90 ਪਾਇਲਟ ਪੂਰੀ ਸਿਖਲਾਈ ਲਏ ਬਿਨਾਂ ਬੋਇੰਗ 737 ਮੈਕਸ ਜਹਾਜ਼ ਉਡਾ ਰਹੇ ਸਨ। ਮਾਮਲਾ ਸਾਹਮਣ ਆਉਂਦੇ ਹੀ ਇਨ੍ਹਾਂ ਸਾਰੇ ਪਾਇਲਟਾਂ ‘ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਹੁਣ ਉਹ ਪੂਰੀ ਸਿਖਲਾਈ ਲੈ ਕੇ ਹੀ ਇਸ ਜਹਾਜ਼ ਨੂੰ ਉਡਾ ਸਕਣਗੇ।ਉਨ੍ਹਾਂ ਕਿਹਾ ਕਿ ਡੀਜੀਸੀਏ ਇਸ ਅਣਗਹਿਲੀ ਵਿੱਚ ਸ਼ਾਮਲ ਦੋਸ਼ੀਆਂ ਖ਼ਿਲਾਫ਼ ਵੀ ਸਖ਼ਤ ਕਾਰਵਾਈ ਕਰੇਗਾ। ਪਾਇਲਟਾਂ ਨੂੰ ਵੀ ਟ੍ਰੇਨਿੰਗ ‘ਤੇ ਵਾਪਸ ਭੇਜ ਦਿੱਤਾ ਗਿਆ ਹੈ। ਹੁਣ ਉਹ ਪੂਰੀ ਸਿਖਲਾਈ ਲੈ ਕੇ ਹੀ ਕੰਮ ‘ਤੇ ਵਾਪਸ ਆ ਸਕਣਗੇ।ਇਸ ਜਹਾਜ਼ ‘ਤੇ ਭਾਰਤ ‘ਚ ਪਾਬੰਦੀ ਲਗਾ ਦਿੱਤੀ ਗਈ ਸੀ

ਅਮਰੀਕੀ ਜਹਾਜ਼ ਨਿਰਮਾਤਾ ਕੰਪਨੀ ਬੋਇੰਗ ਦੇ ਇਸ ਜਹਾਜ਼ ‘ਤੇ ਭਾਰਤ ‘ਚ ਪਾਬੰਦੀ ਲਗਾ ਦਿੱਤੀ ਗਈ ਸੀ। ਹਾਲਾਂਕਿ, ਸਾਫਟਵੇਅਰ ਅੱਪਡੇਟ ਹੋਣ ਤੋਂ ਬਾਅਦ, ਪਿਛਲੇ ਅਗਸਤ ਵਿੱਚ ਇਸਨੂੰ ਦੁਬਾਰਾ ਇਜਾਜ਼ਤ ਦਿੱਤੀ ਗਈ ਸੀ। ਇਸ ਜਹਾਜ਼ ਨੂੰ 13 ਮਾਰਚ 2019 ਨੂੰ ਭਾਰਤ ਆਉਣ ਦੀ ਇਜਾਜ਼ਤ ਦਿੱਤੀ ਗਈ ਸੀ ਅਤੇ ਇਸ ਤੋਂ ਤਿੰਨ ਦਿਨ ਬਾਅਦ ਹੀ ਇਥੋਪੀਆਈ ਏਅਰਲਾਈਨ ਦਾ ਜਹਾਜ਼ ਹਾਦਸੇ ਦਾ ਸ਼ਿਕਾਰ ਹੋ ਗਿਆ ਸੀ। ਇਸ ਵਿੱਚ ਚਾਰ ਭਾਰਤੀਆਂ ਸਮੇਤ 157 ਯਾਤਰੀਆਂ ਦੀ ਮੌਤ ਹੋ ਗਈ ਸੀ। ਇਸ ਤੋਂ ਬਾਅਦ ਭਾਰਤ ‘ਚ ਇਸ ਦੀਆਂ ਉਡਾਣਾਂ ‘ਤੇ ਪਾਬੰਦੀ ਲਗਾ ਦਿੱਤੀ ਗਈ ਸੀ।

ਡੀਜੀਸੀਏ ਨੇ ਇਸ ਸ਼ਰਤ ‘ਤੇ ਇਸ ਜਹਾਜ਼ ਨੂੰ ਉਡਾਉਣ ਦੀ ਇਜਾਜ਼ਤ ਦਿੱਤੀ ਸੀ ਕਿ ਸਾਰੀਆਂ ਏਅਰਲਾਈਨਾਂ ਆਪਣੇ ਪਾਇਲਟਾਂ ਨੂੰ ਪੂਰੀ ਸਿਖਲਾਈ ਤੋਂ ਬਾਅਦ ਹੀ ਇਸ ਦੇ ਕਾਕਪਿਟ ‘ਤੇ ਭੇਜਣਗੀਆਂ। ਸਪਾਈਸਜੈੱਟ ਦੇ ਬੁਲਾਰੇ ਨੇ ਵੀ ਬੁੱਧਵਾਰ ਨੂੰ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਉਸ ਦੇ 90 ਪਾਇਲਟਾਂ ਨੂੰ ਸਹੀ ਸਿਖਲਾਈ ਦੀ ਘਾਟ ਕਾਰਨ ਜਹਾਜ਼ ਉਡਾਉਣ ਤੋਂ ਰੋਕ ਦਿੱਤਾ ਗਿਆ ਹੈ। ਕੰਪਨੀ ਕੋਲ ਕੁੱਲ 650 ਪਾਇਲਟ ਹਨ, ਜੋ ਬੋਇੰਗ ਦੇ ਇਸ ਜਹਾਜ਼ ਨੂੰ ਉਡਾਉਂਦੇ ਹਨ।

ਬੁਲਾਰੇ ਨੇ ਕਿਹਾ ਕਿ ਡੀਜੀਸੀਏ ਸਾਡੇ ਸਾਰੇ ਪਾਇਲਟਾਂ ਦੀ ਨੇੜਿਓਂ ਨਿਗਰਾਨੀ ਕਰਦਾ ਹੈ ਅਤੇ ਇਸ ਪ੍ਰਕਿਰਿਆ ਦੌਰਾਨ 90 ਪਾਇਲਟਾਂ ਦੀ ਸਿਖਲਾਈ ਵਿੱਚ ਕਮੀ ਦੇਖੀ ਗਈ, ਜਿਸ ਤੋਂ ਬਾਅਦ ਉਨ੍ਹਾਂ ‘ਤੇ ਪਾਬੰਦੀ ਲਗਾ ਦਿੱਤੀ ਗਈ। ਇਹ ਪਾਇਲਟ ਰੀ-ਟ੍ਰੇਨਿੰਗ ਲੈਣਗੇ ਅਤੇ ਪੂਰੀ ਤਰ੍ਹਾਂ ਸਿਖਲਾਈ ਲੈਣ ਤੋਂ ਬਾਅਦ ਜਹਾਜ਼ ਦੇ ਕਾਕਪਿਟ ‘ਤੇ ਆਉਣਗੇ। ਸਾਡੇ ਬਾਕੀ 540 ਪਾਇਲਟ ਇਸ ਜਹਾਜ਼ ਨੂੰ ਉਡਾਉਣ ਲਈ ਪੂਰੀ ਤਰ੍ਹਾਂ ਸਮਰੱਥ ਪਾਏ ਗਏ ਹਨ।

Leave a Reply

Your email address will not be published. Required fields are marked *