ਬਾਬਾ ਬੰਦਾ ਸਿੰਘ ਬਹਾਦਰ ਲੋਕਾਂ ਨੂੰ ਜ਼ਮੀਨਾਂ ਦੇ ਹੱਕ ਦਿਵਾਉਣ ਵਾਲੇ ਪਹਿਲੇ ਮਹਾਨ ਯੋਧੇ

Home » Blog » ਬਾਬਾ ਬੰਦਾ ਸਿੰਘ ਬਹਾਦਰ ਲੋਕਾਂ ਨੂੰ ਜ਼ਮੀਨਾਂ ਦੇ ਹੱਕ ਦਿਵਾਉਣ ਵਾਲੇ ਪਹਿਲੇ ਮਹਾਨ ਯੋਧੇ
ਬਾਬਾ ਬੰਦਾ ਸਿੰਘ ਬਹਾਦਰ ਲੋਕਾਂ ਨੂੰ ਜ਼ਮੀਨਾਂ ਦੇ ਹੱਕ ਦਿਵਾਉਣ ਵਾਲੇ ਪਹਿਲੇ ਮਹਾਨ ਯੋਧੇ

ਨਵੀਂ ਦਿੱਲੀ/ ਭਵਾਨੀਗੜ / ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ‘ਤੇ ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਟਿਕਰੀ ਬਾਰਡਰ ‘ਤੇ ਗ਼ਦਰੀ ਬੀਬੀ ਗੁਲਾਬ ਕੌਰ ਨਗਰ ਵਿਖੇ ਚਲਦੀ ਸਟੇਜ ‘ਤੇ ਜਗੀਰਦਾਰਾਂ ਤੋਂ ਜ਼ਮੀਨਾਂ ਖੋਹ ਕੇ ਮੁਜਾਰੇ ਕਿਸਾਨਾਂ ‘ਚ ਵੰਡਣ ਵਾਲੇ ਬੰਦਾ ਸਿੰਘ ਬਹਾਦਰ ਦਾ ਸ਼ਹੀਦੀ ਦਿਹਾੜਾ ਮਨਾਇਆ ਗਿਆ।

ਸਟੇਜ ਤੋਂ ਸੂਬਾ ਸਕੱਤਰ ਸ਼ਿੰਗਾਰਾ ਸਿੰਘ ਮਾਨ ਨੇ ਹਥਿਆਰਬੰਦ ਕਿਸਾਨ ਬਗ਼ਾਵਤ ਦੀ ਅਗਵਾਈ ਕਰਨ ਅਤੇ ਮੁਗਲ ਰਾਜਸ਼ਾਹੀ ਦੇ ਜ਼ੁਲਮਾਂ ਖ਼ਿਲਾਫ਼ ਟੱਕਰਨ ਲਈ ਮਜ਼ਲੂਮ ਲੋਕਾਈ ਨੂੰ ਖੜ੍ਹੇ ਕਰ ਲੈਣ ਵਾਲੇ ਯੋਧੇ ਬੰਦਾ ਸਿੰਘ ਬਹਾਦਰ ਦੇ ਸ਼ਹੀਦੀ ਦਿਹਾੜੇ ‘ਤੇ ਉਨ੍ਹਾਂ ਨੂੰ ਸਰਧਾਂਜਲੀ ਭੇਂਟ ਕੀਤੀ। ਇਸ ਦੇ ਨਾਲ ਹੀ ਮਾਨ ਨੇ ਆਦਿਵਾਸੀ ਯੋਧੇ ਬਿਰਸਾ ਮੁੰਡਾ ਅਤੇ ਹਰਕਿਸ਼ਨ ਸਰਹੱਦੀ ਨੂੰ ਵੀ ਸਰਧਾਂਜਲੀ ਭੇਂਟ ਕੀਤੀ। ਮਾਨ ਨੇ ਕਿਹਾ ਬਾਬਾ ਬੰਦਾ ਸਿੰਘ ਬਹਾਦਰ ਜੀ ਕਿਰਤੀ ਲੋਕਾਂ ਨੂੰ ਜ਼ਮੀਨਾਂ ਦੇ ਮਾਲਕੀ ਹੱਕ ਦਿਵਾਉਣ ਵਾਲੇ ਪਹਿਲੇ ਮਹਾਨ ਯੋਧੇ ਹਨ ਜਿਨ੍ਹਾਂ ਨੇ ‘ਜ਼ਮੀਨ ਹਲ ਵਾਹਕ ਦੀ’ ਦਾ ਨਾਅਰਾ ਦਿੱਤਾ। ਉਨ੍ਹਾਂ ਕਿਹਾ ਕਿ ਉਦੋਂ ਜਗੀਰਦਾਰ ਕਿਸਾਨਾਂ ਤੋਂ ਅੱਧ ਤੋਂ ਜ਼ਿਆਦਾ ਫ਼ਸਲ ਖੋਹ ਕੇ ਲੈ ਜਾਂਦੇ ਸਨ ਅਤੇ ਉਨ੍ਹਾਂ ‘ਤੇ ਬਹੁਤ ਜ਼ੁਲਮ ਢਾਉਂਦੇ ਸਨ। ਬਾਬਾ ਬੰਦਾ ਸਿੰਘ ਬਹਾਦਰ ਨੇ ਕਿਸਾਨਾਂ, ਮਜ਼ਦੂਰਾਂ ਨੂੰ ਇਕੱਠੇ ਕਰਕੇ ਜਗੀਰਦਾਰਾਂ ਖ਼ਿਲਾਫ਼ ਫੌਜ ਖੜੀ ਕੀਤੀ ਅਤੇ ਉਨ੍ਹਾਂ ਨਾਲ ਟਾਕਰਾਂ ਲੈਂਦੇ ਹੋਏ ਹਥਿਆਰਬੰਦ ਕਿਸਾਨ ਬਗ਼ਾਵਤ ਰਾਹੀਂ ਸਰਹਿੰਦ ‘ਤੇ ਹੱਲਾ ਬੋਲ ਦਿੱਤਾ ਅਤੇ ਗੁਰੂ ਸਾਹਿਬ ਦੇ ਛੋਟੇ ਸਾਹਿਬਜ਼ਾਦਿਆਂ ਦੇ ਕਾਤਲ ਸਰਹੰਦ ਦੇ ਨਵਾਬ ਵਜ਼ੀਰ ਖ਼ਾਨ ਅਤੇ ਦੀਵਾਨ ਸੁੱਚਾ ਨੰਦ ਦਾ ਕਤਲ ਕਰਕੇ ਆਪਣਾ ਸਮਾਜਵਾਦੀ ਖਾਲਸਾਈ ਸਿੱਖ ਰਾਜ ਕਾਇਮ ਕੀਤਾ।

ਆਪਣੇ ਰਾਜ ਵਿੱਚ ਉਸ ਨੇ ਅਫ਼ਸਰਾਂ ਅਤੇ ਜਗੀਰਦਾਰਾਂ ਤੋਂ ਜ਼ਮੀਨ ਖੋਹ ਕੇ ਹਲ ਵਾਹਕ ਕਿਸਾਨਾਂ ਨੂੰ ਜ਼ਮੀਨ ਦੇ ਮਾਲਕ ਬਣਾ ਦਿੱਤਾ। ਅੰਤ ਜ਼ਾਲਮ ਹਕੂਮਤ ਨੇ ਉਸ ਨੂੰ ਅਸਹਿ ਅਤੇ ਅਕਹਿ ਤਸੀਹੇ ਦੇ 9 ਜੂਨ 1716 ਨੂੰ ਸ਼ਹੀਦ ਕਰ ਦਿੱਤਾ। ਉਨ੍ਹਾਂ ਕਿਹਾ ਕਿ ਹਾਲਤ ਅੱਜ ਵੀ ਉਸੇ ਤਰ੍ਹਾਂ ਦੇ ਹਨ। ਉਦੋਂ ਸਿਰਫ਼ ਜਗੀਰਦਾਰ ਹੀ ਕਿਸਾਨਾਂ ਦੀ ਮਿਹਨਤ ਦੀ ਲੁੱਟ ਕਰਦੇ ਸਨ ਪਰ ਹੁਣ ਜਗੀਰਦਾਰ ਅਤੇ ਸਾਮਰਾਜੀ ਬਹੁਕੌਮੀ ਕੰਪਨੀਆਂ ਕਿਸਾਨਾਂ ਦੀਆਂ ਜ਼ਮੀਨਾਂ, ਜੰਗਲ, ਧਰਤੀ ਹੇਠਲੇ ਖਣਿਜ ਪਦਾਰਥ, ਪਾਣੀਆਂ ‘ਤੇ ਕਬਜੇ ਕਰ ਰਹੀਆਂ ਹਨ ਜਿਨ੍ਹਾਂ ਦੀ ਦੇਸ਼ ਦੀਆਂ ਹਕੂਮਤਾਂ ਸਾਰੇ ਕਾਇਦੇ ਕਾਨੂੰਨ ਛਿੱਕੇ ਟੰਗ ਕੇ ਮੱਦਦ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਜ਼ਮੀਨਾਂ ਦੀ ਰਾਖੀ ਲਈ ਸਾਨੂੰ ਸ਼ਹੀਦਾਂ ਦੀਆਂ ਕੁਰਬਾਨੀਆਂ ਤੋਂ ਪ੍ਰੇਰਨਾ ਲੈਂਦੇ ਹੋਏ ਧਰਮ ਜਾਤ ਆਦਿ ਤੋਂ ਉੱਪਰ ਉੱਠ ਕੇ ਬੇਖੌਫ ਕੁਰਬਾਨੀਆਂ ਦੇਣ ਦੇ ਜ਼ਜਬੇ ਰਾਹੀਂ ਲੰਮੇ ਸੰਘਰਸ਼ ਲੜਨ ਦੀ ਲੋੜ ਹੈ। ਜ਼ਿਲ੍ਹਾ ਬਠਿੰਡਾ ਦੇ ਆਗੂ ਬਸੰਤ ਸਿੰਘ ਕੋਠਾ ਗੁਰੂ ਨੇ ਕਿਹਾ ਕਿ ਮੋਦੀ ਹਕੂਮਤ ਖੇਤੀ ਸਬੰਧੀ ਕਾਲੇ ਕਾਨੂੰਨਾਂ ਨੂੰ ਬਾਹਰੀ ਤੌਰ ਤੇ ਭਾਵੇਂ ਮੰਨਣ ਵਾਸਤੇ ਤਿਆਰ ਨਹੀਂ ਪਰ ਭਾਜਪਾ ਹਕੂਮਤ ਆਪਣੀ ਸ਼ਰੀਕਾ ਭੇੜ ਕਾਰਨ ਭਾਜਪਾ ਹਕੂਮਤ ਅੰਦਰ ਅੰਦਰੂਨੀ ਸੰਕਟ ਦਾ ਬਣਿਆ ਹੋਇਆ ਹੈ।

ਜਿਸ ਦੀ ਮਿਸਾਲ ਨਿੱਤ ਭਾਜਪਾ ਦੇ ਕਿਸੇ ਨਾ ਕਿਸੇ ਆਗੂ ਵੱਲੋਂ ਕਿਸਾਨਾਂ ਦੇ ਹੱਕ ‘ਚ ਕੀਤੀ ਜਾ ਰਹੀ ਗੱਲਬਾਤ ਤੋਂ ਸਾਬਤ ਹੁੰਦਾ ਹੈ। ਕਿਸਾਨਾਂ ਦੇ ਇਸ ਬੇਮਿਸਾਲ ਘੋਲ ਸਦਕਾ ਭਾਜਪਾ ਸਰਕਾਰ ਅੰਦਰ ਨਿੱਤ ਨਵੇਂ ਪਾੜ੍ਹੇ ਬੰਦੀ ਬਣਨ ਨਾਲ ਆਉਣ ਵਾਲੇ ਸਮੇਂ ‘ਚ ਖੇਤੀ ਵਿਰੋਧੀ ਬਣੇ ਤਿੰਨੇ ਕਾਲੇ ਕਾਨੂੰਨ ਰੱਦ ਕਰਨ ਦੇ ਸੰਕੇਤ ਜਾਹਿਰ ਹੋ ਰਹੇ ਹਨ। ਕਿਸਾਨ ਆਗੂਆਂ ਨੇ ਕੇਂਦਰ ਸਰਕਾਰ ਵੱਲੋਂ ਫ਼ਸਲਾਂ ਦੇ ਘੱਟੋ ਘੱਟ ਸਮਰਥਨ ਮੁੱਲ ਵਿੱਚ ਕੀਤੇ ਵਾਧੇ ਮੁਤਾਬਕ ਝੋਨੇ ਦੇ ਭਾਅ ‘ਚ 85 ਰੁਪਏ ਤੇ ਨਰਮੇ ਦੇ ਭਾਅ ‘ਚ 200 ਰੁਪਏ ਪ੍ਰਤੀ ਕੁਇੰਟਲ ਦੇ ਕੀਤੇ ਵਾਅਦੇ ਨੂੰ ਮੁੱਢੋਂ ਰੱਦ ਕਰਦਿਆਂ ਕਿਹਾ ਕਿ ਮੋਦੀ ਸਰਕਾਰ ਕਹਿ ਰਹੀ ਹੈ ਕਿ 2022 ‘ਚ ਕਿਸਾਨਾਂ ਦੀ ਆਮਦਨ ਦੁੱਗਣੀ ਕੀਤੀ ਜਾਵੇਗੀ ਪਰ ਇਸ ਨਾਲ ਤਾਂ ਪੂਰੇ ਲਾਗਤ ਖ਼ਰਚੇ ਤਾਂ ਕਿ ਮੁੜਨੇ ਸੀ ਇਕੱਲਾ ਡੀਜ਼ਲ ਦਾ ਲਾਗਤ ਖ਼ਰਚ ਵੀ ਪੂਰਾ ਨਹੀਂ ਹੁੰਦਾਂ।

ਕਿਸਾਨ ਆਗੂਆਂ ਨੇ ਰੁਜ਼ਗਾਰ ਮੰਗ ਰਹੇ ਬੇਰੁਜ਼ਗਾਰ ਅਧਿਆਪਕਾਂ ‘ਤੇ ਕੱਲ੍ਹ ਪਟਿਆਲਾ ਵਿਖੇ ਲਾਠੀਚਾਰਜ ਕਰਨ ਦੀ ਕੈਪਟਨ ਸਰਕਾਰ ਦੀ ਸਖ਼ਤ ਸ਼ਬਦਾਂ ‘ਚ ਨਿੰਦਾ ਕਰਦਿਆਂ ਕਿਹਾ ਕਿ ਨਵੇਂ ਖੇਤੀ ਕਾਨੂੰਨਾਂ ਰਾਹੀਂ ਕਿਸਾਨਾਂ ਦੀਆਂ ਜ਼ਮੀਨਾਂ ਖੋਹਣ ਵਾਂਗੂੰ ਨਵੀਂ ਸਿੱਖਿਆ ਨੀਤੀ ਰਾਹੀਂ ਰੁਜ਼ਗਾਰ ਅਤੇ ਨਵੀਂ ਪੀੜ੍ਹੀ ਤੋਂ ਸਿੱਖਿਆ ਦਾ ਬੁਨਿਆਦੀ ਹੱਕ ਖੋਹਣ ਦਾ ਇੱਕ ਦੂਜੇ ਨਾਲ ਕੜੀਜੋੜ ਹੈ। ਉਨ੍ਹਾਂ ਮੰਗ ਕੀਤੀ ਕਿ ਸਾਰੇ ਬੇਰੁਜ਼ਗਾਰ ਅਧਿਆਪਕਾਂ ਨੂੰ ਸਰਕਾਰੀ ਨੌਕਰੀ ਦੇ ਕੇ ਉਨ੍ਹਾਂ ਦੀਆਂ ਹੱਕੀ ਮੰਗਾਂ ਮੰਨੀਆਂ ਜਾਣ। ਸਟੇਜ ਸੰਚਾਲਨ ਗੁਰਭੇਜ ਸਿੰਘ ਰੋਹੀਵਾਲਾ ਨੇ ਬਾਖੂਬੀ ਨਿਭਾਈ ਅਤੇ ਸੁਰੇਸ਼ ਘੋਸ਼ ਚੌਧਰੀ ਜੋਗਿੰਦਰ ਕਾਂਸੀ ਰਾਮ ਨੈਣ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਹਰਿਆਣਾ,ਮਨਜੀਤ ਸਿੰਘ ਘਰਾਚੋਂ,ਯੁਵਰਾਜ ਸਿੰਘ ਘੁਡਾਣੀ ਅਤੇ ਗੁਰਦੇਵ ਸਿੰਘ ਕਿਸ਼ਨਪੁਰਾ ਨੇ ਵੀ ਸੰਬੋਧਨ ਕੀਤਾ।

Leave a Reply

Your email address will not be published.