ਬਾਈਡਨ ਨੇ ਅਫ਼ਗਾਨਿਸਤਾਨ ਤੋਂ ਸੈਨਾ ਦੀ ਵਾਪਸੀ ਦੇ ਫ਼ੈਸਲੇ ਨੂੰ ਫਿਰ ਦਰੱਸਤ ਦੱਸਿਆ

Home » Blog » ਬਾਈਡਨ ਨੇ ਅਫ਼ਗਾਨਿਸਤਾਨ ਤੋਂ ਸੈਨਾ ਦੀ ਵਾਪਸੀ ਦੇ ਫ਼ੈਸਲੇ ਨੂੰ ਫਿਰ ਦਰੱਸਤ ਦੱਸਿਆ
ਬਾਈਡਨ ਨੇ ਅਫ਼ਗਾਨਿਸਤਾਨ ਤੋਂ ਸੈਨਾ ਦੀ ਵਾਪਸੀ ਦੇ ਫ਼ੈਸਲੇ ਨੂੰ ਫਿਰ ਦਰੱਸਤ ਦੱਸਿਆ

ਵਾਸ਼ਿੰਗਟਨ / ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਨੇ ਕਰੀਬ 20 ਸਾਲ ਬਾਅਦ ਅਫ਼ਗਾਨਿਸਤਾਨ ਤੋਂ ਅਮਰੀਕੀ ਸੈਨਾ ਦੀ ਵਾਪਸੀ ਦਾ ਜ਼ੋਰਦਾਰ ਬਚਾਅ ਕਰਦਿਆਂ ਹੋਇਆਂ ਇਸ ਨੂੰ ਅਮਰੀਕਾ ਲਈ ਸਭ ਤੋਂ ਬਿਹਤਰੀਨ ਅਤੇ ਸਹੀ ਫ਼ੈਸਲਾ ਦੱਸਿਆ |

ਬਾਈਡਨ ਨੇ ਵ੍ਹਾਈਟ ਹਾਊਸ ਤੋਂ ਦੇਸ਼ ਨੂੰ ਕੀਤੇ ਸੰਬੋਧਨ ‘ਚ ਕਿਹਾ ਕਿ ਅਜਿਹਾ ਯੁੱਧ ਲੜਨ ਦੀ ਕੋਈ ਵਜ੍ਹਾ ਨਹੀਂ ਹੈ ਜੋ ਅਮਰੀਕੀ ਲੋਕਾਂ ਦੇ ਅਹਿਮ ਰਾਸ਼ਟਰੀ ਹਿੱਤਾਂ ‘ਚ ਨਾ ਹੋਵੇ | ਉਨ੍ਹਾਂ ਕਿਹਾ ਕਿ ਪੂਰੇ ਦਿਲ ਤੋਂ ਮੈਂ ਇਹ ਮੰਨਦਾ ਹਾਂ ਕਿ ਇਹ ਅਮਰੀਕਾ ਦੇ ਲਈ ਸਹੀ, ਸਮਝਦਾਰੀ ਵਾਲਾ ਅਤੇ ਸਭ ਤੋਂ ਬਿਹਤਰੀਨ ਫ਼ੈਸਲਾ ਹੈ | ਬਾਈਡਨ ਨੇ ਕਿਹਾ ਕਿ ਅਫ਼ਗਾਨਿਸਤਾਨ ‘ਚ ਅਸਲੀ ਬਦਲ ਲੜਾਈ ਛੱਡਣ ਅਤੇ ਉਸ ਨੂੰ ਵਧਾਉਣ ਦਰਮਿਆਨ ਸੀ | ਮੈਂ ਇਸ ਯੁੱਧ ਨੂੰ ਹਮੇਸ਼ਾ ਲਈ ਵਧਾਉਣਾ ਨਹੀਂ ਚਾਹੁੰਦਾ ਸੀ | ਅਸੀਂ ਇਕ ਦਹਾਕੇ ਪਹਿਲਾਂ ਅਫ਼ਗਾਨਿਸਤਾਨ ‘ਚ ਜੋ ਟੀਚਾ ਤੈਅ ਕੀਤਾ ਸੀ ਅਸੀਂ ਉਸ ‘ਚ ਕਾਮਯਾਬ ਹੋਏ | ਅਸੀਂ ਇਕ ਹੋਰ ਦਹਾਕਾ ਰਹੇ | ਹੁਣ ਇਸ ਜੰਗ ਨੂੰ ਖ਼ਤਮ ਕਰਨ ਦਾ ਸਮਾਂ ਆ ਗਿਆ ਸੀ | ਅਫ਼ਗਾਨਿਸਤਾਨ ਬਾਰੇ ਇਹ ਫ਼ੈਸਲਾ ਮਹਿਜ਼ ਉਸ ਦੇਸ਼ ਨੂੰ ਲੈ ਕੇ ਨਹੀਂ ਹੈ ਇਹ ਦੂਸਰੇ ਦੇਸ਼ਾਂ ਦੇ ਨਿਰਮਾਣ ਲਈ, ਪ੍ਰਮੁੱਖ ਸੈਨਿਕ ਮੁਹਿੰਮਾਂ ਦੇ ਇਕ ਯੁੱਗ ਦਾ ਅੰਤ ਹੈ |

ਬਾਈਡਨ ਨੇ ਕਿਹਾ ਕਿ ਜਦ ਮੈਂ ਰਾਸ਼ਟਰਪਤੀ ਚੋਣ ਲੜ ਰਿਹਾ ਸੀ ਤਾਂ ਮੈਂ ਅਮਰੀਕੀਆਂ ਨਾਲ ਵਾਅਦਾ ਕੀਤਾ ਸੀ ਕਿ ਮੈਂ ਇਸ ਯੁੱਧ ਨੂੰ ਖਤਮ ਕਰ ਦੇਵਾਂਗਾ ਅਤੇ ਅੱਜ ਮੈਂ ਆਪਣਾ ਵਾਅਦਾ ਪੂਰਾ ਕਰ ਦਿੱਤਾ | ਉਨ੍ਹਾਂ ਨੇ ਅਫ਼ਗਾਨਿਸਤਾਨ ਤੋਂ 1,20,000 ਤੋਂ ਵੱਧ ਲੋਕਾਂ ਨੂੰ ਕੱਢੇ ਜਾਣ ਦਾ ਜ਼ਿਕਰ ਵੀ ਕੀਤਾ | ਬਾਈਡਨ ਨੇ ਅਮਰੀਕਾ ਨੂੰ ਬਿਨਾਂ ਕਿਸੇ ਜ਼ਮੀਨੀ ਯੁੱਧ ‘ਚ ਸ਼ਾਮਿਲ ਕੀਤੇ, ਇਸਲਾਮਿਕ ਸਟੇਟ ਵਰਗੇ ਅੱਤਵਾਦੀ ਸੰਗਠਨਾਂ ਤੋਂ ਪੈਦਾ ਹੋ ਰਹੇ ਖ਼ਤਰੇ ਦੇ ਖ਼ਿਲਾਫ਼, ਅਮਰੀਕਾ ਦੀ ਰੱਖਿਆ ਕਰਨ ਦਾ ਸੰਕਲਪ ਜਤਾਇਆ | ਉਨ੍ਹਾਂ ਕਿਹਾ ਕਿ ਅਮਰੀਕਾ, ਅਫ਼ਗਾਨਿਸਤਾਨ ਅਤੇ ਹੋਰਨਾਂ ਦੇਸ਼ਾਂ ‘ਚ ਅੱਤਵਾਦ ਖ਼ਿਲਾਫ਼ ਲੜਾਈ ਜਾਰੀ ਰੱਖੇਗਾ |

Leave a Reply

Your email address will not be published.