ਬਹੁਤ ਕੁਝ ਚੰਗਾ ਵੀ ਵਾਪਰ ਰਿਹਾ ਹੈ ਸੰਸਾਰ ’ਚ

ਨੁਕਸਾਨ ਅਤੇ ਨਿਰਾਸ਼ਾ ਦੌਰਾਨ ਕਾਫ਼ੀ ਕੁਝ ਹੋਇਆ ਹੈ। ਤੁਹਾਡੀ ਸੋਚਣੀ ਦੇ ਉਲਟ ਸਾਡੀ ਧਰਤੀ ਬਿਹਤਰ ਹਾਲਤ ਵਿਚ ਹੋ ਸਕਦੀ ਹੈ। ਨਿਰਾਸ਼ਾਜਨਕ ਖ਼ਬਰਾਂ ਨੂੰ ਲੈ ਕੇ ਇਨਸਾਨ ਕਾਫ਼ੀ ਹੱਦ ਤਕ ਇਕਤਰਫ਼ਾ ਜਿਹੀ ਰਾਇ ਬਣਾ ਲੈਂਦਾ ਹੈ।

ਅਸੀਂ ਪੱਤਰਕਾਰ ਵੀ ਘੱਟ ਨਹੀਂ ਹਾਂ। ਅਸੀਂ ਹਵਾਈ ਜਹਾਜ਼ ਹਾਦਸਿਆਂ ਦੀ ਰਿਪੋਰਟ ਕਰਦੇ ਹਾਂ ਪਰ ਉਨ੍ਹਾਂ ਬਾਰੇ ਨਹੀਂ ਜੋ ਹਰ ਰੋਜ਼ ਸਫਲਤਾਪੂਰਵਕ ਜਹਾਜ਼ਾਂ ਨੂੰ ਲੈਂਡ ਕਰਵਾਉਂਦੇ ਹਨ।

ਅਸੀਂ ਆਫ਼ਤਾਂ, ਅਸਫਲਤਾਵਾਂ, ਖ਼ਤਰਿਆਂ ਅਤੇ ਮੌਤਾਂ ਦੀ ਜਾਣਕਾਰੀ ਦਿੰਦੇ ਹਾਂ। ਗੁਜ਼ਰੇ ਸਾਲ ਵਿਚ ਅਸੀਂ ਇਨ੍ਹਾਂ ਸਭ ਖ਼ਬਰਾਂ ਵਿਚ ਰੁੱਝੇ ਰਹੇ। ਲਗਾਤਾਰ ਨਿਰਾਸ਼ਾਜਨਕ ਖ਼ਬਰਾਂ ਸਾਨੂੰ ਨਿਰਾਸ਼ ਕਰ ਸਕਦੀਆਂ ਹਨ।

ਇਸ ਲਈ ਇੱਥੇ ਮੇਰੀ ਕੋਸ਼ਿਸ਼ ਇਨ੍ਹਾਂ ਭਰਮ-ਭੁਲੇਖਿਆਂ ਨੂੰ ਦੂਰ ਕਰਨ ਦੀ ਹੈ। ਮਹਾਮਾਰੀ ਤੋਂ ਪਹਿਲਾਂ, ਮੈਂ ਇਕ ਲੇਖ ਲਿਖਿਆ ਸੀ ਜਿਸ ਵਿਚ ਤਰਕ ਦਿੱਤਾ ਗਿਆ ਸੀ ਕਿ ਮਨੁੱਖੀ ਇਤਿਹਾਸ ਲਈ ਪਿਛਲਾ ਸਾਲ ਸਭ ਤੋਂ ਚੰਗਾ ਸੀ।

ਮੈਂ ਇਸ ਸਾਲ ਅਜਿਹਾ ਨਹੀਂ ਕਹਿ ਸਕਦਾ ਪਰ ਮੈਂ ਇਹ ਸੁਝਾਅ ਜ਼ਰੂਰ ਦੇ ਸਕਦਾ ਹਾਂ ਕਿ ਇਸ ਦੌਰਾਨ ਕਾਫ਼ੀ ਕੁਝ ਚੰਗਾ ਹੋ ਰਿਹਾ ਹੈ। ਧਰਤੀ ’ਤੇ ਰਹਿਣ ਦਾ ਇਹ ਸਭ ਤੋਂ ਚੰਗਾ ਸਮਾਂ ਹੋ ਸਕਦਾ ਹੈ।

ਸੰਨ 2022 ਖ਼ਾਸ ਤੌਰ ’ਤੇ ਤਕਨੀਕੀ ਤਰੱਕੀ ਦੇ ਤੌਰ ’ਤੇ ਸ਼ਾਨਦਾਰ ਰਿਹਾ। ਅਗਲੇ ਪੰਜ ਸਾਲਾਂ ਵਿਚ ਦੁਨੀਆ ਭਰ ਵਿਚ ਸੂਰਜੀ ਊਰਜਾ ਸਮਰੱਥਾ ਤਿੰਨ ਗੁਣਾ ਹੋਣ ਦੀ ਉਮੀਦ ਹੈ ਅਤੇ ਇਹ ਪੂਰੀ ਦੁਨੀਆ ਵਿਚ ਬਿਜਲੀ ਦੇ ਮੁੱਖ ਸੋਮੇ ਦੇ ਰੂਪ ਵਿਚ ਕੋਲੇ ਤੋਂ ਅੱਗੇ ਨਿਕਲ ਜਾਵੇਗੀ। ਤਕਨੀਕੀ ਸੁਧਾਰ ਲਗਾਤਾਰ ਹੋ ਰਹੇ ਹਨ।

ਮੈਸਾਚੁਸੇਟਸ ਇੰਸਟੀਚਿਊਟ ਆਫ ਟੈਕਨਾਲੋਜੀ ਦੇ ਖੋਜਾਰਥੀਆਂ ਨੇ ਪਤਲੇ ਅਤੇ ਲਚਕੀਲੇ ਸੋਲਰ ਪੈਨਲ ਬਣਾਉਣ ਦਾ ਇਕ ਤਰੀਕਾ ਵਿਕਸਤ ਕੀਤਾ ਹੈ ਜੋ ਲਗਪਗ ਕਿਸੇ ਵੀ ਬਾਹਰਲੀ ਸਤ੍ਹਾ ਨੂੰ ਬਿਜਲੀ ਦੇ ਸਰੋਤ ਵਿਚ ਬਦਲ ਸਕਦਾ ਹੈ। ਗੁਣਵੱਤਾ ਵਾਲੀਆਂ ਬੈਟਰੀਆਂ ਦੇ ਨਿਰਮਾਣ ਵਿਚ ਵੀ ਕਾਬਿਲੇਗ਼ੌਰ ਸਫਲਤਾ ਮਿਲੀ ਹੈ।

ਇਹ ਤਕਨੀਕ ਦੀਆਂ ਸਭ ਤੋਂ ਰੋਮਾਂਚਕ ਹੱਦਾਂ ’ਚੋਂ ਇਕ ਹੈ ਜੋ ਗਰੀਨ ਐਨਰਜੀ ਦੇ ਭੰਡਾਰਨ ਲਈ ਕਾਬਿਲੇ-ਜ਼ਿਕਰ ਤਰੱਕੀ ਨੂੰ ਮਹੱਤਵਪੂਰਨ ਬਣਾਉਂਦੀ ਹੈ।

ਇਸੇ ਤਰ੍ਹਾਂ ਸੰਨ 2022 ਊਰਜਾ ਸਰੋਤ ਦੇ ਰੂਪ ਵਿਚ ਨਿਊਕਲੀਅਰ ਫਿਊਜ਼ਨ ਇਕ ਮੀਲ ਦਾ ਪੱਥਰ ਸਾਬਿਤ ਹੋਇਆ ਹੈ। ਗ੍ਰੀਨ ਹਾਈਡ੍ਰੋਜਨ ਵੀ ਹੌਲੀ-ਹੌਲੀ ਰਫ਼ਤਾਰ ਫੜ ਰਿਹਾ ਹੈ ਅਤੇ ਇਹ ਊਰਜਾ ਭੰਡਾਰਨ ਲਈ ਲਾਹੇਵੰਦ ਸਾਬਿਤ ਹੋ ਸਕਦਾ ਹੈ।

ਇਸ ਵਜ੍ਹਾ ਨਾਲ ਅਸੀਂ ਨਵਿਆਉਣਯੋਗ ਊਰਜਾ ਕ੍ਰਾਂਤੀ ਦੇ ਉਸ ਦੌਰ ਵਿਚ ਹਾਂ ਜਿੱਥੇ ਜਲਦ ਹੀ ਸਾਡੀ ਹਾਲਤ ਕੁਝ ਬਿਹਤਰ ਹੋ ਸਕਦੀ ਹੈ। ਜੇਕਰ ਸਭ ਕੁਝ ਸਹੀ ਰਿਹਾ ਤਾਂ ਅਸੀਂ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਸਸਤੀ, ਜ਼ਿਆਦਾ ਭਰੋਸੇਯੋਗ ਅਤੇ ਜ਼ਿਆਦਾ ਪੋਰਟੇਬਲ ਬਿਜਲੀ ਦਾ ਲਾਹਾ ਚੁੱਕਣ ਦੇ ਯੋਗ ਹੋ ਜਾਵਾਂਗੇ।

ਅਸਲ ਵਿਚ ਸਸਤੀ ਊਰਜਾ, ਫਿਰ ਚਾਹੇ ਉਹ ਸੂਰਜ ਤੋਂ ਮਿਲ ਰਹੀ ਹੋਵੇ ਜਾਂ ਨਿਊਕਲੀਅਰ ਫਿਊਜ਼ਨ ਤੋਂ ਹੋਵੇ, ਯੁੱਗ ਪਲਟਾਊ ਸਿੱਧ ਹੋ ਸਕਦੀ ਹੈ।

ਮਿਸਾਲ ਵਜੋਂ ਇਹ ਤਾਜ਼ਾ ਪਾਣੀ ਪ੍ਰਦਾਨ ਕਰਨ ਲਈ ਡਿਸਲਿਨੇਸ਼ਨ ਪਲਾਂਟ ਚਲਾ ਸਕਦੀ ਹੈ ਜਿਸ ਨੂੰ ਅਸੀਂ ਖ਼ਤਮ ਕਰਦੇ ਜਾ ਰਹੇ ਹਾਂ। ਪੌਣ-ਪਾਣੀ ਬਦਲਾਅ ਪੂਰੇ ਸੰਸਾਰ ਲਈ ਇਕ ਵੱਡੀ ਚੁਣੌਤੀ ਬਣਿਆ ਹੋਇਆ ਹੈ।

ਇਸ ਵਿਚ ਜੋ ਨਵਾਂ ਹੈ, ਉਹ ਇਹ ਕਿ ਅਸੀਂ ਆਫ਼ਤਾਂ ਤੋਂ ਬਚਾਅ ਵਿਚ ਸਮਰੱਥ ਹੋ ਸਕਦੇ ਹਾਂ। ਸਿਹਤ ਖੇਤਰ ਵਿਚ ਤਕਨੀਕ ਕਾਫ਼ੀ ਅੱਗੇ ਨਿਕਲ ਆਈ ਹੈ।

ਵਿਗਿਆਨੀ ਮਲੇਰੀਆ ਦੇ ਟੀਕਿਆਂ ’ਤੇ ਮਹੱਤਵਪੂਰਨ ਪ੍ਰਗਤੀ ਹਾਸਲ ਕਰ ਰਹੇ ਹਨ। ਇਹ ਦਰਸਾਉਂਦਾ ਹੈ ਕਿ ਟੀਕਾ ਵਿਕਾਸ ਲਈ ਇਹ ਇਕ ਸੁਨਹਿਰੀ ਯੁੱਗ ਸਾਬਿਤ ਹੋ ਸਕਦਾ ਹੈ।

ਕੈਂਸਰ ਖ਼ਿਲਾਫ਼ ਇਮਿਊਨੋਥੈਰੇਪੀ ਵਿਚ ਵੀ ਕਾਫ਼ੀ ਤਰੱਕੀ ਹੋਈ ਹੈ। ਇਨ੍ਹਾਂ ਸਾਰਿਆਂ ਦੀ ਬਦੌਲਤ ਮੇਰਾ ਇਕ ਦੋਸਤ ਵੀ ਜਿਊਂਦਾ ਹੈ। ਇਕ ਨਵੀਂ ਜੀਨ-ਐਡਿਟਿੰਗ ਤਕਨੀਕ ਸਕਿੱਲ ਸੈੱਲ ਅਨੀਮੀਆ ਨੂੰ ਠੀਕ ਕਰਨ ਵਿਚ ਸਮਰੱਥ ਹੋ ਸਕਦੀ ਹੈ।

ਬਿਲ ਗੇਟਸ ਨੇ ਆਪਣੇ ਸਾਲਾਨਾ ਪੱਤਰ ਵਿਚ ਦੱਸਿਆ ਹੈ ਕਿ ਇਹੀ ਦ੍ਰਿਸ਼ਟੀਕੋਣ ਆਖ਼ਰਕਾਰ ਐੱਚਆਈਵੀ/ਏਡਜ਼ ਦੇ ਇਲਾਜ ਵਿਚ ਕਾਰਗਰ ਸਾਬਿਤ ਹੋ ਸਕਦਾ ਹੈ।

ਅਸੀਂ ਚੈਟ ਜੀਪੀਟੀ ਜੋ ਕਿ ਆਪਸੀ ਸੰਵਾਦ ਲਈ ਇਕ ਮਾਫ਼ਕ ਭਾਸ਼ਾ ਮਾਡਲ ਹੈ, ਸਮੇਤ ਆਰਟੀਫੀਸ਼ੀਅਲ ਇੰਟੈਲੀਜੈਂਸ ਵਿਚ ਹੋਈ ਤਰੱਕੀ ਦਾ ਜ਼ਿਕਰ ਨਹੀਂ ਕਰ ਰਹੇ ਹਾਂ। ਜੀ ਨਹੀਂ, ਇਹ ਕਾਲਮ ਚੈਟ ਜੀਪੀਟੀ ਨੇ ਨਹੀਂ ਲਿਖਿਆ ਹੈ।

ਮੌਜੂਦਾ ਸਮੇਂ ਵਿਚ ਯਕੀਨੀ ਤੌਰ ’ਤੇ ਤਕਨੀਕ ਸਿਰਫ਼ ਖੋਜ ਪ੍ਰਯੋਗਸ਼ਾਲਾਵਾਂ ਤਕ ਹੀ ਸੀਮਤ ਨਹੀਂ ਰਹੀਆਂ ਹਨ ਬਲਕਿ ਸਾਡੇ ਵਿਅਕਤੀਗਤ ਜੀਵਨ ਨੂੰ ਬਿਹਤਰ ਬਣਾਉਣ ਦੀ ਵੀ ਪੂਰੀ ਕੋਸ਼ਿਸ਼ ਹੋ ਰਹੀ ਹੈ।

ਨਵੀਂ ਸਟਾਰਲਿੰਕ ਇੰਟਰਨੈੱਟ ਸੇਵਾ ਗ੍ਰਾਮੀਣ ਅਮਰੀਕਾ ਨੂੰ ਮਜ਼ਬੂਤ ਬਣਾ ਰਹੀ ਹੈ। ਇਸ ਦੀ ਹੀ ਮਦਦ ਨਾਲ ਮੈਂ ਓਰੈਗਨ ਦੇ ਆਪਣੇ ਫਾਰਮਹਾਊਸ ਤੋਂ ਇਹ ਲੇਖ ਲਿਖ ਰਿਹਾ ਹਾਂ।

ਇਹ ਯੂਕਰੇਨ ਲਈ ਇਕ ਬਾਜ਼ੀ ਪਲਟਣ ਵਾਲੀ ਤਕਨੀਕ ਰਹੀ ਹੈ। ਇਸ ਨਾਲ ਯੂਕਰੇਨ ਦੇ ਲੋਕ ਰੂਸੀ ਹਮਲੇ ਦਾ ਦਰੁਸਤ ਜਵਾਬ ਦੇ ਰਹੇ ਹਨ। ਮੇਰੇ ਜੀਵਨ ਕਾਲ ਵਿਚ ਸਭ ਤੋਂ ਜ਼ਰੂਰੀ ਰਹੀ ਹੈ ਆਲਮੀ ਗ਼ਰੀਬੀ ਖ਼ਿਲਾਫ਼ ਇਤਿਹਾਸਕ ਤਰੱਕੀ।

ਕੋਵਿਡ-19, ਜਲਵਾਯੂ ਪਰਿਵਰਤਨ ਅਤੇ ਰੂਸ-ਯੂਕਰੇਨ ਜੰਗ ਨਾਲ ਪ੍ਰਭਾਵਿਤ ਸੰਸਾਰ ਪੱਧਰੀ ਖੁਰਾਕੀ ਕੀਮਤਾਂ ਨੇ ਗ਼ਰੀਬੀ ਨਿਵਾਰਨ ਦੀ ਰਫ਼ਤਾਰ ਮੱਠੀ ਜ਼ਰੂਰ ਕੀਤੀ ਹੈ ਪਰ ਉਸ ਵਿਚ ਪੂਰੀ ਤਰ੍ਹਾਂ ਅੜਿੱਕਾ ਨਹੀਂ ਪਿਆ ਹੈ।

ਐੱਮਆਈਟੀ ਪ੍ਰੋਫੈਸਰ ਅਤੇ ਸਭ ਤੋਂ ਘੱਟ ਉਮਰ ਦੀ ਨੋਬਲ ਪੁਰਸਕਾਰ ਜਿੱਤਣ ਵਾਲੀ ਐਸਥਰ ਡੁਫਲੋ ਦਾ ਕਹਿਣਾ ਹੈ ਕਿ ਮਹਾਮਾਰੀ ਵਿਚ ਗਿਰਾਵਟ ਕਈ ਖੇਤਰਾਂ ਵਿਚ ਕਾਫ਼ੀ ਚੰਗੀ ਰਹੀ ਹੈ।

ਸੰਸਾਰ ਬੈਂਕ ਦੇ ਖੋਜਾਰਥੀਆਂ ਦਾ ਅਨੁਮਾਨ ਹੈ ਕਿ ਸੰਨ 2022 ਵਿਚ ਬਹੁਤ ਜ਼ਿਆਦਾ ਗ਼ਰੀਬੀ ਵਿਚ ਰਹਿਣ ਵਾਲੇ ਲੋਕਾਂ ਦੀ ਗਿਣਤੀ ਵਿਚ ਮਾਮੂਲੀ ਗਿਰਾਵਟ ਆਈ। ਭਾਵੇਂ ਇਹ ਅੰਕੜਾ ਮਹਾਮਾਰੀ ਤੋਂ ਪਹਿਲਾਂ ਦੀ ਤੁਲਨਾ ਵਿਚ ਜ਼ਿਆਦਾ ਹੈ।

ਇਹ ਲਗਪਗ 2018 ਦੀ ਤਰ੍ਹਾਂ ਹੀ ਹੈ ਪਰ ਇਹ 2017 ਅਤੇ ਪਿਛਲੇ ਸਾਲਾਂ ਦੀ ਤੁਲਨਾ ਵਿਚ ਬਹੁਤ ਚੰਗਾ ਹੈ। ਸ਼ੁਰੂਆਤੀ ਅਨੁਮਾਨਾਂ ਮੁਤਾਬਕ ਮਹਾਮਾਰੀ ਦੌਰਾਨ ਵਿਸ਼ਵ ਪੱਧਰੀ ਮੌਤ ਦਰ ਵਿਚ ਗਿਰਾਵਟ ਜਾਰੀ ਰਹੀ। ਸੰਨ 2000 ਦੇ ਮੁਕਾਬਲੇ ਅੱਜ ਪੰਜ ਸਾਲ ਦੀ ਉਮਰ ਤਕ ਦੇ ਇਕ ਬੱਚੇ ਦੇ ਮਰਨ ਦਾ ਖ਼ਦਸ਼ਾ ਲਗਪਗ ਅੱਧਾ ਹੋ ਗਿਆ ਹੈ।

ਸੰਸਾਰ ਮਨੁੱਖੀ ਸੰਕਟ ’ਤੇ ਸਾਨੂੰ ਕਾਫ਼ੀ ਕੁਝ ਕਰਨ ਦੀ ਜ਼ਰੂਰਤ ਹੈ। ਸਮੁੱਚੇ ਸੰਸਾਰ ਦੇ ਬੱਚੇ ਕੁਪੋਸ਼ਣ ਤੋਂ ਪੀੜਤ ਹਨ। ਘੱਟ ਉਮਰ ਵਿਚ ਜਿਨ੍ਹਾਂ ਲੜਕੀਆਂ ਦੀ ਸ਼ਾਦੀ ਹੋ ਜਾਂਦੀ ਹੈ, ਉਹ ਅਤੇ ਉਜਾੜੇ ਦਾ ਸ਼ਿਕਾਰ ਬੱਚੇ ਸਕੂਲ ਨਹੀਂ ਜਾ ਪਾਉਂਦੇ।

ਸੰਯੁਕਤ ਰਾਸ਼ਟਰ ਦੇ ਵਿਸ਼ਵ ਖੁਰਾਕ ਪ੍ਰੋਗਰਾਮ ਦੇ ਕਾਰਜਕਾਰੀ ਨਿਰਦੇਸ਼ਕ ਡੇਵਿਡ ਬਯਾਸਲੀ ਮੰਨਦੇ ਹਨ ਕਿ ਹਾਲਾਂਕਿ ਸੰਸਾਰ ਆਫ਼ਤਾਂ ਦੇ ਇਕ ਤੂਫ਼ਾਨ ਦਾ ਸਾਹਮਣਾ ਕਰ ਰਿਹਾ ਹੈ, ਫਿਰ ਵੀ ਕਾਲਾ ਸਾਗਰ ਦੇ ਜ਼ਰੀਏ ਯੂਕਰੇਨੀ ਅਨਾਜ ਦੀ ਬਰਾਮਦ ਦੀ ਆਗਿਆ ਨੇ ਘੱਟ ਤੋਂ ਘੱਟ ਕੁਝ ਸਮੇਂ ਲਈ ਸੰਸਾਰ ਦੇ ਸਾਹਮਣੇ ਖੁਰਾਕੀ ਸੰਕਟ ਦੀ ਸਮੱਸਿਆ ਨੂੰ ਦੂਰ ਕਰਨ ਦਾ ਕੰਮ ਜ਼ਰੂਰ ਕੀਤਾ ਹੈ।

ਵੈੱਬਸਾਈਟ ਅਵਰ ਵਰਲਡ ਡਾਟਾ ਦੇ ਮੈਕਸ ਰੋਜਰ ਦੇ ਇਹ ਤਿੰਨ ਕਥਨ ਸੱਚੇ ਹਨ-ਸੰਸਾਰ ਬਦਹਾਲ ਹਾਲਤ ਵਿਚ ਹੈ, ਸੰਸਾਰ ਪਹਿਲਾਂ ਨਾਲੋਂ ਬਿਹਤਰ ਹੈ, ਸੰਸਾਰ ਪਹਿਲਾਂ ਨਾਲੋਂ ਹੋਰ ਬਿਹਤਰ ਹੋ ਸਕਦਾ ਹੈ।

ਜਦ ਮੈਂ ਉੱਪਰ ਲਿਖਿਆ ਕਿ ਇਹ ਸਮਾਂ ਧਰਤੀ ’ਤੇ ਰਹਿਣ ਦਾ ਸਭ ਤੋਂ ਚੰਗਾ ਸਮਾਂ ਸਿੱਧ ਹੋ ਸਕਦਾ ਹੈ ਤਾਂ ਤੁਸੀਂ ਸ਼ਾਇਦ ਹੈਰਾਨ ਹੋ ਗਏ ਹੋਵੋਗੇ ਪਰ ਕੀ ਅਸੀਂ ਕਿਸੇ ਅਜਿਹੇ ਸਮੇਂ ਵਿਚ ਜਿਊਣਾ ਪਸੰਦ ਕਰਾਂਗੇ ਜਿੱਥੇ ਬੱਚਿਆਂ ਦੇ ਮਰਨ ਦਾ ਖ਼ਦਸ਼ਾ ਜ਼ਿਆਦਾ ਹੋਵੇ? ਉਂਜ ਵੀ ਜੇ ਸਾਡੀ ਸੋਚ ਹਾਂ–ਪੱਖੀ ਭਾਵ ਪਾਜ਼ੇਟਿਵ ਹੋਵੇਗੀ ਤਾਂ ਸਾਨੂੰ ਚੁਫੇਰੇ ਦਾ ਸੰਸਾਰ ਵੀ ਸਕਾਰਾਤਮਕ ਹੀ ਜਾਪੇਗਾ।

ਅਜਿਹੀ ਸੋਚ ਨਾਲ ਅੱਗੇ ਵਧਣਾ ਨੌਜਵਾਨਾਂ ਨੂੰ ਸਿਖਾਉਣਾ ਚਾਹੀਦਾ ਹੈ। ਨਾਂਹ-ਪੱਖੀ ਸੋਚਣੀ ਸਾਨੂੰ ਇਸੇ ਨਜ਼ਰੀਏ ਨਾਲ ਭਰਪੂਰ ਕਰੇਗੀ ਕਿ ਸੰਸਾਰ ਵਿਚ ਤਾਂ ਕੁਝ ਵੀ ਚੰਗਾ ਨਹੀਂ ਹੋ ਰਿਹਾ।

ਇੰਜ ਦੁਨੀਆ ਵਿਚ ਵਾਪਰ ਰਹੀਆਂ ਚੰਗੀਆਂ ਚੀਜ਼ਾਂ ਵੀ ਸਾਡਾ ਧਿਆਨ ਆਪਣੇ ਵੱਲ ਨਹੀਂ ਖਿੱਚ ਸਕਣਗੀਆਂ। ਨਾਂਹ–ਪੱਖੀ ਸੋਚ ਨਾਲ ਸਾਨੂੰ ਇਹੋ ਲੱਗਦਾ ਰਹੇਗਾ ਕਿ ਸਾਡੇ ਨਾਲ ਸਦਾ ਧੱਕਾ ਹੁੰਦਾ ਰਿਹਾ ਹੈ, ਹੋ ਰਿਹਾ ਹੈ ਅਤੇ ਹੁੰਦਾ ਰਹੇਗਾ।

ਅਜਿਹੀਆਂ ਪਿਛਾਂਹ–ਖਿੱਚੂ ਸੋਚਾਂ ਦੇ ਨਾਲ ਹੀ ਕੁਝ ਲੋਕ ਜੱਥੇਬੰਦਕ ਤਰੀਕੇ ਨਾਲ ਸਮਾਜ ਨੂੰ ਪਿਛਾਂਹ ਵੱਲ ਧੱਕਣਾ ਚਾਹੁੰਦੇ ਹਨ। ਉਨ੍ਹਾਂ ਨੂੰ ਵੀ ਅਸੀਂ ਸਿਰਫ਼ ‘ਬੀ ਪਾਜ਼ੇਟਿਵ’ ਹੋ ਕੇ ਹੀ ਭਾਂਜ ਦੇ ਸਕਦੇ ਹਾਂ।

ਅਜਿਹੇ ਸਮਾਜ–ਵਿਰੋਧੀ ਅਨਸਰ ਕਦੇ ਧਰਮ ਤੇ ਕਦੇ ਜਾਤ–ਪਾਤ ਤੇ ਰੰਗਾਂ–ਨਸਲਾਂ ਦੇ ਪੱਜ ਦੇਸ਼ ’ਚ ਨਾਂਹ–ਪੱਖੀ ਵਿਚਾਰ ਫੈਲਾਉਂਦੇ ਹਨ।

ਉਨ੍ਹਾਂ ਦਾ ਟਾਕਰਾ ਵੀ ਸਿਰਫ਼ ਹਾਂ–ਪੱਖੀ ਧਾਰਨਾਵਾਂ ਨਾਲ ਹੀ ਕੀਤਾ ਜਾ ਸਕਦਾ ਹੈ। ਅਸੀਂ ਅਗਲੀਆਂ ਨਸਲਾਂ ਲਈ ਇਕ ਤੰਦਰੁਸਤ ਸਮਾਜ ਇੰਜ ਹੀ ਦੇ ਸਕਦੇ ਹਾਂ।

Leave a Reply

Your email address will not be published. Required fields are marked *