ਬਸੰਤੀ ਰੰਗ ‘ਚ ਰੰਗਿਆ ਕਿਸਾਨ ਅੰਦੋਲਨ

Home » Blog » ਬਸੰਤੀ ਰੰਗ ‘ਚ ਰੰਗਿਆ ਕਿਸਾਨ ਅੰਦੋਲਨ
ਬਸੰਤੀ ਰੰਗ ‘ਚ ਰੰਗਿਆ ਕਿਸਾਨ ਅੰਦੋਲਨ

ਨਵੀਂ ਦਿੱਲੀ / ਸੰਯੁਕਤ ਕਿਸਾਨ ਮੋਰਚੇ ਵਲੋਂ ਦਿੱਤੇ ਸੱਦੇ ‘ਤੇ ਮੰਗਲਵਾਰ 23 ਮਾਰਚ ਦਾ ਦਿਨ ਦਿੱਲੀ ਦੀਆਂ ਸਰਹੱਦਾਂ ਟਿਕਰੀ, ਸਿੰਘੂ, ਗਾਜ਼ੀਪੁਰ ਬਾਰਡਰਾਂ ‘ਤੇ ਸ਼ਹੀਦੀ ਦਿਵਸ ਮੌਕੇ ਕਿਸਾਨਾਂ ਨੇ ਸ਼ਹੀਦ ਭਗਤ ਸਿੰਘ, ਰਾਜਗੁਰੂ, ਸੁਖਦੇਵ ਅਤੇ ਹੋਰ ਇਨਕਲਾਬੀ ਸਾਥੀਆਂ ਦੀ ਯਾਦ ਨੂੰ ਸਮਰਪਿਤ ਕੀਤਾ ।

ਇਸ ਮੌਕੇ ਸ਼ਹੀਦਾਂ ਨਾਲ ਜੁੜੇ ਇਤਿਹਾਸਕ ਸਥਾਨਾਂ ਸੁਨਾਮ, ਖਟਕੜ ਕਲਾਂ, ਸ੍ਰੀ ਅਨੰਦਪੁਰ ਸਾਹਿਬ, ਸ੍ਰੀ ਫ਼ਤਹਿਗੜ੍ਹ ਸਾਹਿਬ, ਸਰਾਭਾ, ਜਲਿ੍ਹਆਂਵਾਲਾ ਬਾਗ, ਹੁਸੈਨੀਵਾਲਾ ਅਤੇ ਸ੍ਰੀ ਚਮਕੌਰ ਸਾਹਿਬ ਤੋਂ ਮਿੱਟੀ ਇਕੱਠੀ ਕਰਕੇ ਸਿੰਘੂ ਅਤੇ ਟਿਕਰੀ ਬਾਰਡਰ ‘ਤੇ ਲਿਆਂਦੀ ਗਈ । ਮਟਕਿਆਂ ‘ਚ ਲਿਆਂਦੀ ਇਸ ਮਿੱਟੀ ਨੂੰ ਸਨਮਾਨ ਦਿੰਦਿਆਂ ਉਸੇ ਮੰਚ ‘ਤੇ ਸਥਾਨ ਦਿੱਤਾ ਗਿਆ ਜਿੱਥੋਂ ਬੁਲਾਰੇ ਅਤੇ ਕਲਾਕਾਰ ਸੰਬੋਧਨ ਕਰ ਰਹੇ ਸਨ । ਪੰਜਾਬ ਸਟੂਡੈਂਟਸ ਯੂਨੀਅਨ ਦੇ ਅਮਨਦੀਪ ਸਿੰਘ, ਨੌਜਵਾਨ ਭਾਰਤ ਸਭਾ ਦੇ ਕਰਮਜੀਤ ਕੀਰਤੀ, ਕਿਸਾਨ ਯੂਨੀਅਨ ਦੇ ਭੁਪਿੰਦਰ ਲੌਂਗੋਵਾਲ ਅਤੇ ਵਿੰਕੀ ਸ਼ਾਹੇਸ਼ਵਰੀ ਨੇ ਇਨ੍ਹਾਂ ਸ਼ਹੀਦ ਸਮਾਰਕਾਂ ਤੋਂ ਮਿੱਟੀ ਇਕੱਠੀ ਕਰਕੇ ਦਿੱਲੀ ਲਿਆਉਣ ਦੀ ਜ਼ਿੰਮੇਵਾਰੀ ਨਿਭਾਈ । ਕਿਸਾਨਾਂ ਨੇ ਮੰਗਲਵਾਰ ਨੂੰ ਸ਼ਹੀਦ ਭਗਤ ਸਿੰਘ ਦੇ ਨਾਲ ਜੁੜੇ ਇਨਕਲਾਬੀ ਬਸੰਤੀ ਰੰਗ ਦੀਆਂ ਪੱਗਾਂ ਬੰਨ੍ਹ ਕੇ ਅਤੇ ਚੁੰਨੀਆਂ ਲੈ ਕੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ । ਗਾਜ਼ੀਪੁਰ ਬਾਰਡਰ ‘ਤੇ ਇਸੇ ਕਵਾਇਦ ‘ਚ ਪਗੜੀ ਲੰਗਰ ਲਾਇਆ ਗਿਆ । ਸਿੰਘੂ ਬਾਰਡਰ ‘ਤੇ ਦਿਨ ਭਰ ਚੱਲੇ ਪ੍ਰੋਗਰਾਮਾਂ ‘ਚ ਨੌਜਵਾਨਾਂ ਨੇ ਇਨਕਲਾਬੀ ਗੀਤਾਂ ਅਤੇ ਬੁਲੰਦ ਨਾਅਰਿਆਂ ਨਾਲ ਪੂਰੇ ਧਰਨਾ ਸਥਾਨ ਦਾ ਮਾਰਚ ਕੀਤਾ ।

ਦੂਜੇ ਪਾਸੇ ਸਟੇਜ ਤੋਂ ਵੀ ਕਈ ਕਲਾਕਾਰਾਂ ਨੇ ਇਨਕਲਾਬੀ ਗੀਤ ਗਾ ਕੇ ਨੌਜਵਾਨਾਂ ‘ਚ ਜੋਸ਼ ਭਰਨ ਦੀ ਕੋਸ਼ਿਸ਼ ਕੀਤੀ । ਮਕਬੂਲ ਗਾਇਕ ਮਲਕੀਤ ਸਿੰਘ, ਰਵਿੰਦਰ ਗਰੇਵਾਲ ਅਤੇ ਹਰਜੀਤ ਹਰਮਨ ਨੇ ਲੋਕਾਂ ਨੂੰ ਡਟੇ ਰਹਿਣ ਦੀ ਅਪੀਲ ਕੀਤੀ ਅਤੇ ਸਰਕਾਰ ਨੂੰ ਖ਼ਬਰਦਾਰ ਕੀਤਾ । ਦਿੱਲੀ ਦੇ ‘ਦਿ ਪਾਰਟੀਕਲ ਕੁਲੈਕਟਿਵ’ ਨੇ ਸਰਕਾਰ ‘ਤੇ ਤਨਜ਼ ਕਰਦਿਆਂ ਇਕ ਨਾਟਕ ਵੀ ਪੇਸ਼ ਕੀਤਾ । ਸਾਡੇ ਸਿਰ ‘ਤੇ ਸਮਾਜ ਬਦਲਣ ਦੀ ਜ਼ਿੰਮੇਵਾਰੀ-ਹਰਦੀਪ ਕੌਰ ਸ਼ਹੀਦ ਭਗਤ ਸਿੰਘ ਵਲੋਂ 1926 ‘ਚ ਸਥਾਪਤ ਕੀਤੀ ਵਿਦਿਆਰਥੀ ਜਥੇਬੰਦੀ ਪੰਜਾਬ ਸਟੂਡੈਂਟ ਯੂਨੀਅਨ ਦੇ ਮੈਂਬਰ ਸਿੰਘੂ ਬਾਰਡਰ ‘ਤੇ ਸ਼ਹੀਦੀ ਸਮਾਗਮ ‘ਚ ਸ਼ਾਮਿਲ ਹੋਏ । ਜਥੇਬੰਦੀ ਦੀ ਪੰਜਾਬ ਦੀ ਉਪ-ਪ੍ਰਧਾਨ ਹਰਦੀਪ ਕੌਰ ਨੇ ਔਰਤਾਂ ਅਤੇ ਲੜਕੀਆਂ ਦੀ ਭੂਮਿਕਾ ਨੂੰ ਅਹਿਮ ਦੱਸਦਿਆਂ ਕਿਹਾ ਕਿ ਲੜਕੀਆਂ ਦੀ ਹੋਂਦ ਸਿਰਫ਼ ਵਿਆਹ ਕਰਵਾਉਣ ਤੱਕ ਨਹੀਂ ਸਗੋਂ ਉਨ੍ਹਾਂ ਦੇ ਸਿਰ ‘ਤੇ ਸਮਾਜ ਬਦਲਣ ਦੀ ਵੀ ਜ਼ਿੰਮੇਵਾਰੀ ਹੈ । ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਸਮਾਜਿਕ ਵਿਗਿਆਨ ‘ਚ ਐੱਮ.ਏ. ਕਰ ਰਹੀ ਹਰਦੀਪ ਕੌਰ ਨੇ ਕਿਹਾ ਕਿ ਅੱਜ 100 ਸਾਲਾਂ ਬਾਅਦ ਵੀ ਸ਼ਹੀਦ ਭਗਤ ਸਿੰਘ ਦੀ ਪ੍ਰਸੰਗਿਕਤਾ ਇਸੇ ਲਈ ਬਣੀ ਹੋਈ ਹੈ ਕਿ ਉਨ੍ਹਾਂ ਇਨਕਲਾਬ ਦੀ ਅਣਖ ਜਗਾਈ ਸੀ ।

ਇਹ ਇਨਕਲਾਬ ਜੋ ਸਾਨੂੰ ਅੱਜ ਸੰਘਰਸ਼ ਜਾਰੀ ਰੱਖਣ ਲਈ ਪ੍ਰੇਰਨਾ ਦੇ ਰਿਹਾ ਹੈ, ਹੀ ਆਉਣ ਵਾਲੀਆਂ ਸ਼ਤਾਬਦੀਆਂ ‘ਚ ਵੀ ਭਗਤ ਸਿੰਘ ਨੂੰ ਇੰਝ ਹੀ ਪ੍ਰਸੰਗਿਕ ਬਣਾਈ ਰੱਖੇਗਾ । ਸੰਯੁਕਤ ਕਿਸਾਨ ਮੋਰਚੇ ਦੀ ਮੀਟਿੰਗ ਅੱਜ ਸੰਯੁਕਤ ਕਿਸਾਨ ਮੋਰਚੇ ਵਲੋਂ ਅਗਲਾ ਸੱਦਾ 26 ਮਾਰਚ ਨੂੰ ਭਾਰਤ ਬੰਦ ਦਾ ਹੈ । ਭਾਰਤ ਬੰਦ ਦੇ ਸੱਦੇ ਲਈ ਰਣਨੀਤੀ ਉਲੀਕਣ ਲਈ ਮੋਰਚੇ ਵਲੋਂ ਕੱਲ੍ਹ ਸਿੰਘੂ ਬਾਰਡਰ ‘ਤੇ ਮੀਟਿੰਗ ਕੀਤੀ ਜਾਵੇਗੀ । ਸੰਯੁਕਤ ਕਿਸਾਨ ਮੋਰਚੇ ਦੀ ਮੀਟਿੰਗ ਤੋਂ ਪਹਿਲਾਂ ਪੰਜਾਬ ਦੀਆਂ 32 ਕਿਸਾਨ ਜਥੇਬੰਦੀਆਂ ਵੀ ਮੀਟਿੰਗ ਕਰਨਗੀਆਂ । ਹਲਕਿਆਂ ਮੁਤਾਬਿਕ ਸੰਯੁਕਤ ਕਿਸਾਨ ਮੋਰਚੇ ਵਲੋਂ ਸੰਘਰਸ਼ ਨੂੰ ਤੋਰੀ ਰੱਖਣ ਲਈ 30 ਮਾਰਚ ਤੋਂ ਬਾਅਦ ਹੋਰ ਇਕ ਮਹੀਨੇ ਲਈ ਪ੍ਰੋਗਰਾਮਾਂ ਦਾ ਐਲਾਨ ਕੀਤਾ ਜਾ ਸਕਦਾ ਹੈ । ਇਸ ਤੋਂ ਪਹਿਲਾਂ 28 ਮਾਰਚ ਨੂੰ ਤਿੰਨੋਂ ਖੇਤੀ ਕਾਨੂੰਨਾਂ ਦੀਆਂ ਕਾਪੀਆਂ ਸਾੜੀਆਂ ਜਾਣਗੀਆਂ ਅਤੇ ਮਹਾਂਸਭਾਵਾਂ ਵੀ ਕੀਤੀਆਂ ਜਾਣਗੀਆਂ । ਕਿਸਾਨ ਹਲਕਿਆਂ ਮੁਤਾਬਿਕ ਕੇਂਦਰ ਸਰਕਾਰ ਦੇ ਜ਼ਿਆਦਾਤਰ ਮੰਤਰੀ ਅਜੇ ਅਗਲੇ 1 ਮਹੀਨੇ ਤੱਕ 5 ਰਾਜਾਂ ਦੀਆਂ ਵਿਧਾਨ ਸਭਾ ਚੋਣਾਂ ‘ਚ ਮਸਰੂਫ਼ ਰਹਿਣਗੇ, ਜਿਸ ਕਾਰਨ ਫਿਲਹਾਲ ਗੱਲਬਾਤ ਦੀ ਕੋਈ ਗੁੰਜਾਇਸ਼ ਨਜ਼ਰ ਨਹੀਂ ਆ ਰਹੀ ।

ਸਿੰਘੂ ਬਾਰਡਰ ‘ਤੇ ਫ਼ਿਲਹਾਲ ਬੰਦ ਹੈ ਉਸਾਰੀਆਂ ਦਾ ਕੰਮ ਗਰਮੀ ਦੇ ਵਧਦੇ ਪ੍ਰਭਾਵ ਨੂੰ ਵੇਖਦਿਆਂ ਸਿੰਘੂ ਬਾਰਡਰ ‘ਤੇ ਕਿਸਾਨਾਂ ਵਲੋਂ ਉਸਾਰੀਆਂ ਕਰਕੇ ਪੱਕੀਆਂ ਛੱਤਾਂ ਪਾਉਣੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਸਨ । ਹਾਲਾਂਕਿ ਪ੍ਰਸ਼ਾਸਨ ਦੀ ਦਖ਼ਲਅੰਦਾਜ਼ੀ ਤੋਂ ਬਾਅਦ ਫਿਲਹਾਲ ਉਸਾਰੀ ਦਾ ਇਹ ਕੰਮ ਬੰਦ ਹੈ । ਕਿਸਾਨਾਂ ਨੇ ਆਪਣੀਆਂ ਟਰਾਲੀਆਂ ਨੂੰ ਹੀ ਆਪਣਾ ਡੇਰਾ ਬਣਾਉਂਦਿਆਂ ਉਨ੍ਹਾਂ ‘ਚ ਹੀ ਪੱਖੇ ਅਤੇ ਮੱਛਰਦਾਨੀਆਂ ਲਾਈਆਂ ਹੋਈਆਂ ਹਨ । ਜਿੱਥੇ ਹੋਂਦ ਦੀ ਲੜਾਈ ਹੋਵੇ, ਉੱਥੇ ਦਿਨਾਂ ਦੀ ਗਿਣਤੀ ਨਹੀਂ ਕੀਤੀ ਜਾਂਦੀ ਸ਼ਹੀਦੀ ਦਿਵਸ ਦੀ ਕਮਾਨ ਨੌਜਵਾਨਾਂ ਦੇ ਹੱਥ ‘ਚ ਹੋਣ ‘ਤੇ ਵੀ ਬਜ਼ੁਰਗਾਂ ਦੇ ਸੰਜਮ ‘ਚ ਹਾਲੇ ਕੋਈ ਕਮੀ ਨਜ਼ਰ ਨਹੀਂ ਆਈ । ‘ਅਜੀਤ’ ਨਾਲ ਗੱਲ ਕਰਦਿਆਂ ਚਮਕੌਰ ਸਾਹਿਬ ਦੇ 72 ਸਾਲਾ ਤਲਵਿੰਦਰ ਸਿੰਘ ਨੇ ਕਿਹਾ ਕਿ ਭਾਵੇਂ ਸਰਕਾਰ ਅਜੇ ਹੱਥ-ਪੱਲਾ ਨਹੀਂ ਫੜਾ ਰਹੀ ਪਰ ਇਨ੍ਹਾਂ ਬਦਲੇ ਹਾਲਾਤ ਤਹਿਤ ਹੀ ਕਿਸਾਨ ਆਗੂ ਅਗਲੀ ਰਣਨੀਤੀ ਵੀ ਉਲੀਕਣਗੇ । 27 ਨਵੰਬਰ ਤੋਂ ਸਿੰਘੂ ਬਾਰਡਰ ‘ਤੇ ਬੈਠੇ ਤਲਵਿੰਦਰ ਸਿੰਘ ਇਨ੍ਹਾਂ 4 ਮਹੀਨਿਆਂ ‘ਚ ਸਿਰਫ਼ 10 ਦਿਨਾਂ ਲਈ ਕੋਈ ਜ਼ਰੂਰੀ ਕੰਮ ਲਈ ਹੀ ਘਰ ਗਏ ਸੀ । ਤਲਵਿੰਦਰ ਸਿੰਘ ਨੇ ਮੌਜੂਦਾ ਸੰਘਰਸ਼ ਨੂੰ 1906 ‘ਚ ਲਿਆਂਦੇ ਖੇਤੀ ਮਾਰੂ ਕਾਨੂੰਨ ਅਤੇ ਪਗੜੀ ਸੰਭਾਲ ਲਹਿਰ ਨਾਲ ਜੋੜਦਿਆਂ ਕਿਹਾ ਕਿ ਉਸ ਸਮੇਂ ਅੰਦਲਨ 9 ਮਹੀਨੇ ਚੱਲਿਆ ਸੀ, ਸਾਨੂੰ ਤਾਂ ਅਜੇ 4 ਹੀ ਮਹੀਨੇ ਹੋਏ ਹਨ । ਤਲਵਿੰਦਰ ਸਿੰਘ ਨੇ ਦਾਰਸ਼ਨਿਕ ਅੰਦਾਜ਼ ‘ਚ ਕਿਹਾ ਕਿ ਜਿੱਥੇ ਹੋਂਦ ਦੀ ਲੜਾਈ ਹੋਵੇ, ਉੱਥੇ ਦਿਨਾਂ ਦੀ ਗਿਣਤੀ ਨਹੀਂ ਕਰੀਦੀ ।

Leave a Reply

Your email address will not be published.