ਬਰਨਾਲਾ, ਫ਼ਾਜ਼ਿਲਕਾ, ਮੋਗਾ, ਪਟਿਆਲਾ, ਸ੍ਰੀ ਮੁਕਤਸਰ ਸਾਹਿਬ ਅਤੇ ਸ਼ਹੀਦ ਭਗਤ ਸਿੰਘ ਨਗਰ ਦੇ ਡੀ.ਸ. ਬਦਲੇ

ਕ੍ਰਿਸ਼ਨ ਕੁਮਾਰ ਦੀ ਥਾਂ ਅਜੋਏ ਸ਼ਰਮਾ ਸਕੂਲ ਸਿੱਖਿਆ ਵਿਭਾਗ ਦੇ ਸਕੱਤਰ ਨਿਯੁਕਤ

ਚੰਡੀਗੜ੍ਹ / ਪੰਜਾਬ ਸਰਕਾਰ ਨੇ ਬੀਤੀ ਦੇਰ ਰਾਤ 6 ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਸਮੇਤ 24 ਸੀਨੀਅਰ ਆਈ. ਏ. ਐਸ. ਅਤੇ 11 ਪੀ. ਸੀ. ਐਸ. ਅਧਿਕਾਰੀਆਂ ਦੇ ਤਬਾਦਲੇ ਅਤੇ ਨਿਯੁਕਤੀ ਦੇ ਹੁਕਮ ਜਾਰੀ ਕੀਤੇ ਹਨ। ਜਾਰੀ ਹੁਕਮਾਂ ਤਹਿਤ ਰਾਜ ਸਰਕਾਰ ਨੇ ਬਰਨਾਲਾ, ਫਾਜ਼ਿਲਕਾ, ਮੋਗਾ, ਪਟਿਆਲਾ, ਸ੍ਰੀ ਮੁਕਤਸਰ ਸਾਹਿਬ ਅਤੇ ਸ਼ਹੀਦ ਭਗਤ ਸਿੰਘ ਨਗਰ ਦੇ ਡਿਪਟੀ ਕਮਿਸ਼ਨਰ ਬਦਲ ਦਿੱਤੇ ਹਨ। ਦਿਲਰਾਜ ਸਿੰਘ ਨੂੰ ਸਕੱਤਰ ਖੇਤੀਬਾੜੀ, ਮੁਹੰਮਦ ਤਾਇਬ ਨੂੰ ਪੰਜਾਬ ਵਕਫ਼ ਬੋਰਡ ਦੇ ਸੀ.ਈ.ਓ ਦੇ ਅਹੁਦੇ ਉੱਤੇ ਬਣਾਈ ਰੱਖਦੇ ਹੋਏ ਡਾਇਰੈਕਟਰ ਖਜ਼ਾਨਾ, ਅਕਾਊਂਟ ਅਤੇ ਵਿਸ਼ੇਸ਼ ਸਕੱਤਰ ਖਰਚੇ ਦੇ ਨਾਲ ਵਿਸ਼ੇਸ਼ ਸਕੱਤਰ ਸਪੈਸ਼ਲ ਵਿਜੀਲੈਂਸ ਦਾ ਵਾਧੂ ਚਾਰਜ ਦਿੱਤਾ ਗਿਆ ਹੈ। ਪੰਜਾਬ ਸਮਾਲ ਇੰਡਸਟਰੀਜ਼ ਐਕਸਪੋਰਟ ਕਾਰਪੋਰੇਸ਼ਨ ਦੇ ਪ੍ਰਬੰਧ ਨਿਰਦੇਸ਼ਕ ਨੀਲੀਮਾ ਦੀਆਂ ਸੇਵਾਵਾਂ ਉਦਯੋਗ ਅਤੇ ਕਾਮਰਸ ਵਿਭਾਗ ਨੂੰ ਸੌਂਪਦੇ ਹੋਏ ਪੰਜਾਬ ਇਨਫਾਰਮੇਸ਼ਨ ਐਂਡ ਕਮਿਊਨੀਕੇਸ਼ਨ ਟੈਕਨਾਲੋਜੀ ਕਾਰਪੋਰੇਸ਼ਨ ਲਿਮਟਿਡ ਦੀ ਪ੍ਰਬੰਧਕ ਡਾਇਰੈਕਟਰ ਲਗਾਇਆ ਗਿਆ ਹੈ।

ਵਿਪੁਲ ਉੱਜਵਲ ਦੀਆਂ ਸੇਵਾਵਾਂ ਹਾਊਸਿੰਗ ਐਂਡ ਅਰਬਨ ਡਿਵੈੱਲਪਮੈਂਟ ਵਿਭਾਗ ਨੂੰ ਸੌਂਪਦੇ ਹੋਏ ਉਨ੍ਹਾਂ ਨੂੰ ਗਰੇਟਰ ਮੋਹਾਲੀ ਏਰੀਆ ਡਿਵੈੱਲਪਮੈਂਟ ਅਥਾਰਿਟੀ ਦਾ ਮੁੱਖ ਪ੍ਰਸ਼ਾਸਕ ਨਿਯੁਕਤ ਕੀਤਾ ਗਿਆ ਹੈ। ਹੋਰ ਆਈ.ਏ.ਐਸ ਅਧਿਕਾਰੀਆਂ ਵਿਚ ਬਬੀਤਾ ਨੂੰ ਫਾਜ਼ਿਲਕਾ ਦਾ ਡਿਪਟੀ ਕਮਿਸ਼ਨਰ ਲਗਾਇਆ ਗਿਆ ਹੈ, ਤੇਜ ਪ੍ਰਤਾਪ ਸਿੰਘ ਨੂੰ ਇੰਟੀਗਰੇਟਿਡ ਰੂਰਲ ਡਿਵੈੱਲਪਮੈਂਟ, ਜੁਆਇੰਟ ਡਿਵੈੱਲਪਮੈਂਟ ਕਮਿਸ਼ਨਰ ਨਿਯੁਕਤ ਕਰਨ ਦੇ ਨਾਲ ਹੀ ਕਮਿਸ਼ਨਰ ਨਰੇਗਾ ਅਤੇ ਵਿਸ਼ੇਸ਼ ਸਕੱਤਰ ਪੇਂਡੂ ਵਿਕਾਸ ਅਤੇ ਪੰਚਾਇਤ ਦਾ ਵਾਧੂ ਚਾਰਜ ਦਿੱਤਾ ਗਿਆ ਹੈ। ਅਰਵਿੰਦ ਪਾਲ ਸੰਧੂ ਨੂੰ ਬਠਿੰਡਾ ਦਾ ਡੀ.ਸੀ. ਲਗਾਇਆ ਗਿਆ ਹੈ, ਜਦੋਂ ਕਿ ਹਰੀਸ਼ ਨਾਇਰ ਹੁਣ ਮੋਗਾ ਦੇ ਡੀ.ਸੀ. ਹੋਣਗੇ। ਕੁਮਾਰ ਅਮਿਤ ਨੂੰ ਵਿਸ਼ੇਸ਼ ਸਕੱਤਰ ਪਰਸੋਨਲ ਨਿਯੁਕਤ ਕਰਦੇ ਹੋਏ ਮੈਨੇਜਿੰਗ ਡਾਇਰੈਕਟਰ ਪੰਜਾਬ ਸਮਾਲ ਸਕੇਲ ਇੰਡਸਟਰੀ ਐਕਸਪੋਰਟ ਦਾ ਵਾਧੂ ਚਾਰਜ ਦਿੱਤਾ ਗਿਆ ਹੈ।

ਨਿਯੁਕਤੀ ਲਈ ਉਪਲੱਬਧ ਆਈ.ਏ.ਐਸ ਅਧਿਕਾਰੀ ਪੁਨੀਤ ਗੋਇਲ ਨੂੰ ਡਾਇਰੈਕਟਰ ਸਥਾਨਕ ਸਰਕਾਰਾਂ ਲਗਾਇਆ ਗਿਆ ਹੈ, ਜਦੋਂ ਕਿ ਮੋਗਾ ਦੇ ਡੀ.ਸੀ ਸੰਦੀਪ ਹੰਸ ਨੂੰ ਪਟਿਆਲਾ ਦਾ ਡੀ.ਸੀ ਨਿਯੁਕਤ ਕੀਤਾ ਗਿਆ ਹੈ। ਸ੍ਰੀ ਮੁਕਤਸਰ ਸਾਹਿਬ ਦੇ ਡੀ.ਸੀ. ਐਮ.ਕੇ ਅਰਵਿੰਦ ਕੁਮਾਰ ਨੂੰ ਐਮ.ਡੀ ਰੋਜ਼ਗਾਰ ਉਤਪਤੀ ਅਤੇ ਅਧਿਆਪਨ ਨਿਯੁਕਤ ਕਰਦੇ ਹੋਏ ਵਿਸ਼ੇਸ਼ ਸਕੱਤਰ ਰੋਜ਼ਗਾਰ ਉਤਪੱਤੀ ਅਤੇ ਅਧਿਆਪਨ ਅਤੇ ਮਿਸ਼ਨ ਡਾਇਰੈਕਟਰ ਘਰ-ਘਰ ਰੋਜ਼ਗਾਰ ਮਿਸ਼ਨ ਦੇ ਨਾਲ ਹੀ ਮਿਸ਼ਨ ਡਾਇਰੈਕਟਰ ਪੰਜਾਬ ਸਕਿਲ ਡਿਵੈੱਲਪਮੈਂਟ ਮਿਸ਼ਨ ਵਾਧੂ ਚਾਰਜ ਦਿੱਤਾ ਗਿਆ ਹੈ। ਕੁਮਾਰ ਸੌਰਭ ਰਾਜ ਨੂੰ ਬਰਨਾਲਾ ਦਾ ਡੀ.ਸੀ. ਲਗਾਇਆ ਗਿਆ ਹੈ ਜਦਕਿ ਸ਼ਹੀਦ ਭਗਤ ਸਿੰਘ ਨਗਰ ਦੀ ਡੀ.ਸੀ ਸ਼ੇਨਾ ਅਗਰਵਾਲ ਨੂੰ ਕਮਿਸ਼ਨਰ ਨਗਰ ਨਿਗਮ ਪਠਾਨਕੋਟ ਨਿਯੁਕਤ ਕੀਤਾ ਗਿਆ ਹੈ। ਹਰਪ੍ਰੀਤ ਸਿੰਘ ਨੂੰ ਸ੍ਰੀ ਮੁਕਤਸਰ ਸਾਹਿਬ ਦਾ ਡੀ.ਸੀ. ਲਗਾਇਆ ਗਿਆ ਹੈ, ਜਦੋਂ ਕਿ ਵੀ. ਸਾਰੰਗਲ ਨੂੰ ਸ਼ਹੀਦ ਭਗਤ ਸਿੰਘ ਨਗਰ ਦਾ ਡੀ.ਸੀ. ਨਿਯੁਕਤ ਕੀਤਾ ਗਿਆ ਹੈ।

ਰਿਸ਼ੀ ਪਾਲ ਸਿੰਘ ਨੂੰ ਹਾਊਸਿੰਗ ਐਂਡ ਅਰਬਨ ਡਿਵੈੱਲਪਮੈਂਟ ਵਿਭਾਗ ਵਿਚ ਮੁੱਖ ਪ੍ਰਸ਼ਾਸਕ ਗਰੇਟਰ ਲੁਧਿਆਣਾ ਏਰੀਆ ਡਿਵੈੱਲਪਮੈਂਟ ਅਥਾਰਿਟੀ, ਸੰਦੀਪ ਰਿਸ਼ੀ ਨੂੰ ਵਧੀਕ ਮੁੱਖ ਪ੍ਰਸ਼ਾਸਕ ਗਰੇਟਰ ਲੁਧਿਆਣਾ ਏਰੀਆ ਡਿਵੈੱਲਪਮੈਂਟ ਅਥਾਰਿਟੀ ਲਗਾਇਆ ਗਿਆ ਹੈ। ਪੀ.ਸੀ.ਐਸ ਅਧਿਕਾਰੀਆਂ ਵਿਚ ਰਾਜੇਸ਼ ਤਿਵਾਰੀ ਨੂੰ ਵਧੀਕ ਸਕੱਤਰ ਸੂਚਨਾ ਤਕਨਾਲੋਜੀ, ਜੋਤੀ ਬਾਲਾ ਨੂੰ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਮਲੇਰਕੋਟਲਾ ਲਗਾਉਂਦੇ ਹੋਏ ਵਧੀਕ ਡਿਪਟੀ ਕਮਿਸ਼ਨਰ (ਅਰਬਨ ਡਿਵੈਲਪਮੈਂਟ) ਮਲੇਰਕੋਟਲਾ ਦਾ ਵਾਧੂ ਚਾਰਜ, ਗੀਤੀਕਾ ਸਿੰਘ ਨੂੰ ਵਧੀਕ ਮੁੱਖ ਪ੍ਰਸ਼ਾਸਕ (ਪਾਲਿਸੀ ਐਂਡ ਹੈਡਕੁਆਟਰ) ਪੰਜਾਬ ਅਰਬਨ ਪਲਾਨਿੰਗ ਐਂਡ ਡਿਵੈੱਲਪਮੈਂਟ ਅਥਾਰਿਟੀ ਐਸ.ਏ.ਐਸ ਨਗਰ, ਰਾਜੇਸ਼ ਕੁਮਾਰ ਸ਼ਰਮਾ ਨੂੰ ਮੌਜੂਦਾ ਅਹੁਦੇ ਨਾਲ ਐਸ.ਡੀ.ਐਮ ਲੋਪੋਕੇ ਦਾ ਵਾਧੂ ਚਾਰਜ, ਨਿਯੁਕਤੀ ਲਈ ਉਪਲੱਬਧ ਪੂਨਮ ਪ੍ਰੀਤ ਕੌਰ ਨੂੰ ਜਾਇੰਟ ਕਮਿਸ਼ਨਰ ਨਗਰ ਨਿਗਮ ਲੁਧਿਆਣਾ, ਅਦੀਪ ਭਾਟੀਆ ਨੂੰ ਐੱਸ.ਡੀ.ਐਮ ਮਜੀਠਾ ਦਾ ਵਾਧੂ ਚਾਰਜ, ਪਰਮਜੀਤ ਸਿੰਘ -3 ਨੂੰ ਐਸ.ਡੀ.ਐਮ. ਚਮਕੌਰ ਸਾਹਿਬ, ਖੁਸ਼ਦਿਲ ਸਿੰਘ ਨੂੰ ਆਰ. ਟੀ. ਏ. ਪਟਿਆਲਾ ਦਾ ਸਕੱਤਰ ਲਗਾਉਂਦੇ ਹੋਏ ਐਸ.ਡੀ.ਐਮ. ਰਾਜਪੁਰਾ ਦਾ ਵਾਧੂ ਚਾਰਜ, ਅੰਮ੍ਰਿਤਸਰ -1 ਦੇ ਐਸ.ਡੀ.ਐਮ. ਰਸ਼ਦੀਪ ਸਿੰਘ ਲੋਬਾਨਾ ਨੂੰ ਸਕੱਤਰ ਆਰ.ਟੀ.ਏ. ਅੰਮ੍ਰਿਤਸਰ ਅਤੇ ਬਲਵਿੰਦਰ ਸਿੰਘ ਨੂੰ ਸਕੱਤਰ ਆਰ.ਟੀ.ਏ ਬਠਿੰਡਾ ਲਗਾਇਆ ਗਿਆ ਹੈ।

ਅਜੋਏ ਸ਼ਰਮਾ ਸਿੱਖਿਆ ਸਕੱਤਰ ਨਿਯੁਕਤ ਆਈ.ਏ.ਐਸ. ਅਧਿਕਾਰੀ ਅਜੋਏ ਸ਼ਰਮਾ ਨੂੰ ਕ੍ਰਿਸ਼ਨ ਕੁਮਾਰ ਦੀ ਥਾਂ ‘ਤੇ ਪੰਜਾਬ ਸਕੂਲ ਸਿੱਖਿਆ ਵਿਭਾਗ ਦਾ ਸਕੱਤਰ ਨਿਯੁਕਤ ਕੀਤਾ ਗਿਆ ਹੈ। ਰਾਜ ਸਰਕਾਰ ਨੇ ਅੱਜ 6 ਆਈ.ਏ.ਐਸ. ਅਧਿਕਾਰੀਆਂ ਦੇ ਤਬਾਦਲੇ ਅਤੇ ਨਿਯੁਕਤੀ ਦੇ ਹੁਕਮ ਜਾਰੀ ਕੀਤੇ ਹਨ ਅਤੇ ਇਸ ਦੌਰਾਨ ਕ੍ਰਿਸ਼ਨ ਕੁਮਾਰ ਨੂੰ ਸਕੂਲ ਸਿੱਖਿਆ ਸਕੱਤਰ ਦੇ ਅਹੁਦੇ ਤੋਂ ਬਦਲ ਕੇ ਸਕੱਤਰ ਉੱਚ ਸਿੱਖਿਆ ਅਤੇ ਭਾਸ਼ਾਵਾਂ ਨਿਯੁਕਤ ਕੀਤਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੂੰ ਸਕੱਤਰ ਐਨ.ਆਰ.ਆਈ. ਮਾਮਲੇ ਅਤੇ ਪ੍ਰਬੰਧ ਨਿਰਦੇਸ਼ਕ ਪੰਜਾਬ ਢਾਂਚਾਗਤ ਵਿਕਾਸ ਬੋਰਡ ਦਾ ਵਾਧੂ ਚਾਰਜ ਦਿੱਤਾ ਗਿਆ ਹੈ। ਅਜੋਏ ਸ਼ਰਮਾ ਜੋ ਕਿ ਮੁੱਖ ਕਾਰਜਕਾਰੀ ਅਧਿਕਾਰੀ ਪੰਜਾਬ ਵਾਟਰ ਸਪਲਾਈ ਐਂਡ ਸੀਵਰੇਜ ਬੋਰਡ ਦੇ ਅਹੁਦੇ ‘ਤੇ ਤਾਇਨਾਤ ਸਨ, ਨੂੰ ਬਦਲ ਕੇ ਸਕੱਤਰ ਸਕੂਲ ਸਿੱਖਿਆ ਲਗਾਇਆ ਗਿਆ ਹੈ, ਨਾਲ ਹੀ ਉਨ੍ਹਾਂ ਨੂੰ ਸਕੱਤਰ ਖੇਡਾਂ ਅਤੇ ਯੁਵਕ ਸੇਵਾਵਾਂ ਦਾ ਚਾਰਜ ਵੀ ਦਿੱਤਾ ਗਿਆ ਹੈ।

ਬਦਲੇ ਗਏ ਹੋਰ ਅਧਿਕਾਰੀਆਂ ਵਿਚ ਅਨੁਰਾਗ ਅਗਰਵਾਲ ਨੂੰ ਵਧੀਕ ਮੁੱਖ ਸਕੱਤਰ-ਕਮ-ਵਿੱਤ ਕਮਿਸ਼ਨਰ ਕਰ, ਏ.ਵੇਣੂ ਪ੍ਰਸਾਦ ਨੂੰ ਚੇਅਰਮੈਨ-ਕਮ-ਮੈਨੇਜਿੰਗ ਡਾਇਰੈਕਟਰ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਲਗਾਉਂਦੇ ਹੋਏ ਚੇਅਰਮੈਨ-ਕਮ-ਮੈਨੇਜਿੰਗ ਡਾਇਰੈਕਟਰ ਪੰਜਾਬ ਸਟੇਟ ਟਰਾਂਸਮਿਸ਼ਨ ਕਾਰਪੋਰੇਸ਼ਨ ਲਿਮਟਿਡ ਦਾ ਵਾਧੂ ਚਾਰਜ, ਕੇ.ਏ.ਪੀ. ਸਿਨਹਾ ਨੂੰ ਪ੍ਰਮੁੱਖ ਸਕੱਤਰ ਵਿੱਤ ਦੇ ਅਹੁਦੇ ‘ਤੇ ਬਣਾਏ ਰੱਖਦੇ ਹੋਏ ਪ੍ਰਮੁੱਖ ਸਕੱਤਰ ਪਾਵਰ ਅਤੇ ਪ੍ਰਮੁੱਖ ਸਕੱਤਰ ਨਵੀਂ ਅਤੇ ਨਵਿਆਉਣ ਯੋਗ ਐਨਰਜੀ ਸੋਰਸੇਜ਼ ਦਾ ਵਾਧੂ ਚਾਰਜ ਦਿੱਤਾ ਗਿਆ ਹੈ। ਇਸ ਦੇ ਇਲਾਵਾ ਤਨੁ ਕਸ਼ਿਅਪ ਨੂੰ ਡਾਇਰੈਕਟਰ ਤਕਨੀਕੀ ਸਿੱਖਿਆ ਅਤੇ ਇੰਡਸਟਰੀਅਲ ਟਰੇਨਿੰਗ ਲਗਾਇਆ ਗਿਆ ਹੈ। ਫ਼ਾਜ਼ਿਲਕਾ / ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਦੇ ਬਦਲੇ ਜਾਣ ਤੋਂ ਬਾਅਦ ਕਈ ਹੋਰ ਬਦਲੀਆਂ ਹੋਣੀਆਂ ਤੈਅ ਮੰਨੀਆਂ ਜਾ ਰਹੀਆਂ ਹਨ। ਜਾਣਕਾਰੀ ਅਨੁਸਾਰ ਸਹਾਇਕ ਡਾਇਰੈਕਟਰ ਟਰੇਨਿੰਗ ਸ਼ਵਿੰਦਰ ਸਿੰਘ ਵੀ ਆਪਣੇ ਸਕੂਲ ਢੱਡਾ ਫ਼ਤਹਿ ਸਿੰਘ ਜ਼ਿਲ੍ਹਾ ਹੁਸ਼ਿਆਰਪੁਰ ਪਹੁੰਚ ਗਏ ਹਨ।

ਸਿੱਖਿਆ ਵਿਭਾਗ ਦੇ ਬੁਲਾਰੇ, ਜੋ ਸਿੱਖਿਆ ਸਕੱਤਰ ਨੇ ਨਿਯੁਕਤ ਕੀਤੇ ਹੋਏ ਸੀ, ਜਿਵੇਂ ਪ੍ਰਮੋਦ ਭਾਰਤੀ, ਸੁਖਦਰਸ਼ਨ ਸਿੰਘ, ਗੁਰਮੀਤ ਸਿੰਘ ਵੀ ਆਪੋ ਆਪਣੇ ਪਿਤਰੀ ਸਕੂਲਾਂ ‘ਚ ਪਹੁੰਚ ਗਏ ਹਨ। ਸਿੱਖਿਆ ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਬੀ.ਐਮ., ਡੀ.ਐਮ. ਕੋਆਰਡੀਨੇਟਰ, ਮੀਡੀਆ ਸਲਾਹਕਾਰ, ਐੱਸ.ਆਰ.ਪੀ. ਬੀ.ਐਨ.ਓ., ਸਰਕਾਰ ਜ਼ਿਲ੍ਹਾ ਪੱਧਰ ਤੋਂ ਜਲਦੀ ਜਾਣਕਾਰੀ ਮੰਗ ਰਹੀ ਹੈ ਤਾਂ ਕਿ ਇਹ ਸਾਰੇ ਅਧਿਆਪਕ ਲੈਕਚਰਾਰ ਅਤੇ ਹੋਰ ਅਫ਼ਸਰ ਘਰੋ-ਘਰੀ ਪਿਤਰੀ ਸਕੂਲਾਂ ਨੂੰ ਤੋਰੇ ਜਾ ਸਕਣ। ਭਰੋਸੇਯੋਗ ਸੂਤਰਾਂ ਅਨੁਸਾਰ ਨਵੇਂ ਬਣੇ ਸਿੱਖਿਆ ਮੰਤਰੀ ਸਪੱਸ਼ਟ ਕਰ ਚੁੱਕੇ ਹਨ ਕਿ ਹਰ ਅਧਿਕਾਰੀ ਨੂੰ ਆਪਣੇ ਅਧਿਕਾਰ ਖੇਤਰ ‘ਚ ਨਿਡਰ ਹੋ ਕੇ ਕੰਮ ਕਰਨਾ ਹੈ। ਕੋਈ ਵੀ ਅਧਿਕਾਰੀ ਜੂਨੀਅਰ ਅਧਿਕਾਰੀ ਦੇ ਕੰਮ ‘ਚ ਦਖ਼ਲ-ਅੰਦਾਜ਼ੀ ਨਹੀਂ ਕਰੇਗਾ। ਵਿਭਾਗੀ ਅਹੁਦਿਆਂ ਤੋਂ ਬਿਨਾ ਕੋਈ ਨਵਾਂ ਅਹੁਦਾ ਨਹੀਂ ਬਣੇਗਾ। ਇਸ ਤੋਂ ਸਾਫ਼ ਹੈ ਕਿ ਬੀ.ਐਮ., ਡੀ.ਐਮ. ਕੋਆਰਡੀਨੇਟਰ, ਬੀ.ਐਨ.ਓ. ਸਭ ਘਰੋ-ਘਰੀ ਜਾਣ ਲਈ ਕਾਹਲੇ ਹਨ।

Leave a Reply

Your email address will not be published. Required fields are marked *