ਫੁੱਟਬਾਲ ਅਤੇ ਇਨਕਲਾਬੀ ਕਲਾ ਦਾ ਸੁਮੇਲ-ਪਰਮਜੀਤ ਕਾਹਮਾ

Home » Blog » ਫੁੱਟਬਾਲ ਅਤੇ ਇਨਕਲਾਬੀ ਕਲਾ ਦਾ ਸੁਮੇਲ-ਪਰਮਜੀਤ ਕਾਹਮਾ
ਫੁੱਟਬਾਲ ਅਤੇ ਇਨਕਲਾਬੀ ਕਲਾ ਦਾ ਸੁਮੇਲ-ਪਰਮਜੀਤ ਕਾਹਮਾ

ਇਕਬਾਲ ਸਿੰਘ ਜੱਬੋਵਾਲੀਆ ਪਰਮਜੀਤ ਕਾਹਮਾ ਆਪਣੇ ਸਮੇਂ ਦਾ ਤਕੜਾ ਫੁੱਟਬਾਲ ਖਿਡਾਰੀ ਹੋਇਆ ਹੈ।

ਇਲਾਕੇ ਦਾ ਨਾਮਵਰ ਖਿਡਾਰੀ ਹੋਣ ਕਰ ਕੇ 1978 ਵਿਚ ਜਿਲਾ ਚੈਂਪੀਅਨਸ਼ਿਪ ਜਿੱਤੀ ਤੇ ਸਟੇਟ ਕਲਰ ਪ੍ਰਾਪਤ ਕੀਤਾ। ਇਲਾਕੇ ਦੇ ਅੱਵਲ ਖਿਡਾਰੀਆਂ ਵਿਚ ਜਾਣਿਆ ਜਾਂਦਾ ਹੋਣ ਕਰ ਕੇ ਉਹਦੀ ਗੇਮ ਦੇਖਣ ਵਾਲੇ ਅੱਜ ਵੀ ਯਾਦ ਕਰਦੇ ਨੇ। ਉਹ ਵਧੀਆ ਖਿਡਾਰੀ ਦੇ ਨਾਲ ਨਾਲ ਵਧੀਆ ਇਨਸਾਨ ਵੀ ਹੈ। ਉਹ ਖੇਡਾਂ ਅਤੇ ਇਨਕਲਾਬੀ ਸਰਗਮੀਆਂ ਕਰ ਕੇ ਹਮੇਸ਼ਾ ਦੋ ਪਹਿਲੂਆਂ ਕਰ ਕੇ ਜਾਣਿਆ ਜਾਂਦਾ ਰਿਹਾ ਹੈ। ਦੋਵਾਂ ਖੇਤਰਾਂ ਵਿਚ ਉਹ ਬੜੇ ਜੋਸ਼ੀਲੇ ਢੰਗ ਨਾਲ ਵਿਚਰਿਆ। ਫੁੱਟਬਾਲ ਦਾ ਭਾਰੂ ਖਿਡਾਰੀ ਰਿਹਾ ਹੈ ਤੇ ਪੰਜਾਬ ਸਟੂਡੈਂਟਸ ਯੂਨੀਅਨ (ਪੀ. ਐਸ. ਯੂ.) ਦਾ ਕਾਲਜਾਂ ਦੇ ਮੁੰਡੇ-ਕੁੜੀਆਂ ਦਾ ਹਰਮਨ ਪਿਆਰਾ ਆਗੂ ਬਣਿਆ। ਬਦਲਦੇ ਸਮੇਂ ਦੇ ਨਾਲ-ਨਾਲ ਜ਼ਿੰਦਗੀ ‘ਚ ਨਵੇਂ-ਨਵੇਂ ਮੋੜ ਆਉਂਦੇ ਗਏ। ਲਹਿਰ ਭਾਰੂ ਹੋ ਗਈ ਅਤੇ ਖੇਡ ਪਛੜਦੀ ਗਈ। ਮੈਨੂੰ ਯਾਦ ਹੈ, ਜਦੋਂ ਉਸ ਦੇ ਸਿਰ ‘ਤੇ ਜੂੜਾ ਹੁੰਦਾ ਸੀ। ਉਸ ਨੂੰ ਖੇਡਦੇ ਦੇਖਿਆ। ਉਹਦੀ ਚੰਗੀ ਖੇਡ ਕਰ ਕੇ 1973 ਵਿਚ ਹਰਬੰਸ ਗੋਹਲੜੋਂ ਉਹਨੂੰ ਸਿੱਖ ਨੈਸ਼ਨਲ ਦੋਆਬਾ ਹਾਈ ਸਕੂਲ, ਨਵਾਂ ਸ਼ਹਿਰ ਲੈ ਗਿਆ। ਦੋਆਬੇ ਸਕੂਲ ਦੀ ਵਧੀਆ ਟੀਮ ਬਣ ਗਈ।

ਉਨ੍ਹਾਂ ਦਾ ਮੁਕਾਬਲਾ ਅਕਸਰ ਨਵਾਂ ਸ਼ਹਿਰ ਦੇ ਖਾਲਸਾ ਹਾਈ ਸਕੂਲ ਨਾਲ ਹੁੰਦਾ ਰਹਿੰਦਾ, ਜਿਥੇ ਜੱਬੋਵਾਲੀਏ ਪ੍ਰੇਮ ਸਿੰਘ ਅਤੇ ਕਾਹਮੇ ਵਾਲੇ ਛੰਨੇ ਵਰਗੇ ਖਾਲਸਾ ਸਕੂਲ ਦੇ ਮਾਣ ਖਿਡਾਰੀ ਖੇਡਦੇ ਸਨ। 1974-75 ਵਿਚ ਉਹ ਸਿੱਖ ਨੈਸ਼ਨਲ ਕਾਲਜ, ਬੰਗਾ ਵਿਚ ਦਾਖਲ ਹੋਇਆ। ਉਹਦੀ ਚੰਗੀ ਖੇਡ ਤੋਂ ਪ੍ਰਭਾਵਿਤ ਕਾਲਜ ਦੇ ਡੀ. ਪੀ. ਈ. ਸ. ਸਲਵਿੰਦਰਪਾਲ ਸਿੰਘ ਸ਼ਿੰਦਾ ਅਤੇ ਉਸ ਵੇਲੇ ਦੇ ਵਾਈਸ ਪ੍ਰਿੰਸੀਪਲ ਸ. ਰਾਜਬਿੰਦਰ ਸਿੰਘ ਬੈਂਸ ਨੇ ਉਸ ਨੂੰ ਫੁੱਟਬਾਲ ਦੀ ਕਿੱਟ ਦੇ ਕੇ ਥਾਪੜਾ ਦਿਤਾ। ਪੜ੍ਹਾਈ ਦੇ ਨਾਲ-ਨਾਲ ਉਹ ਚੰਗਾ ਖੇਡਿਆ। ਫਿਰ ਉਹ ਪੀ. ਐਸ. ਯੂ. ਦੇ ਪ੍ਰਭਾਵ ਹੇਠ ਆ ਕੇ ਲਹਿਰ ਨਾਲ ਜੁੜ ਗਿਆ ਤੇ ਪਾਰਟੀ ਦਾ ਸਰਗਰਮ ਲੀਡਰ ਬਣ ਗਿਆ। 1979 ਵਿਚ ਉਹ ਪੰਜਾਬ ਸਟੂਡੈਂਟਸ ਯੂਨੀਅਨ ਦਾ ਸੂਬਾ ਜਨਰਲ ਸਕੱਤਰ ਬਣਿਆ। ਉਸ ਸਮੇਂ ਉਹ ਕਾਲਜਾਂ ਦੇ ਮੁੰਡੇ-ਕੁੜੀਆਂ ਦੇ ਦਿਲਾਂ ਵਿਚ ਵਸਿਆ, ਕਿਉਂਕਿ ਉਹ ਹਮੇਸ਼ਾਂ ਉਨ੍ਹਾਂ ਦੇ ਹੱਕਾਂ ਦੀ ਗੱਲ ਕਰਦਾ, ਹੱਕਾਂ ਦੀ ਰਾਖੀ ਕਰਦਾ। ਸੱਚ ਦੀ ਆਵਾਜ਼ ਬੁਲੰਦ ਕਰਨ ਲਈ ਉਹਨੂੰ ਬੜੀਆਂ ਮੁਸ਼ਕਿਲਾਂ ਦਾ ਸਾਹਮਣਾ ਵੀ ਕਰਨਾ ਪਿਆ।

ਕੇਸ ਕਟਾਉਣੇ ਪਏ। ਜੇਲ੍ਹ ਵੀ ਜਾਣਾ ਪਿਆ। ਕਈ ਵਾਰ ਰੂਪੋਸ਼ ਹੋਣਾ ਪਿਆ। ਯੂ. ਪੀ. ਜਾਣਾ ਪਿਆ। ਯੂ. ਪੀ. ਤੋਂ ਫਿਰ ਰਾਜਸਥਾਨ ਭਰਾਵਾਂ ਕੋਲ ਗਿਆ। ਜਸਵੰਤ ਖਟਕੜ ਵੀ ਨਾਲ ਸੀ। ਪਾਰਟੀ ਦੀਆਂ ਸਰਗਰਮੀਆਂ ਵੀ ਚਲਦੀਆਂ ਰਹੀਆਂ ਤੇ ਕਾਲਜ ਵਲੋਂ ਖੇਡਦਾ ਵੀ ਰਿਹਾ। ਇਕ ਵਾਰ ਤਾਂ ਕਾਲਜ ਦੇ ਪ੍ਰਿੰਸੀਪਲ ਸ. ਇੰਦਰ ਸਿੰਘ ਦੇ ਗੁੱਸੇ ਦਾ ਸ਼ਿਕਾਰ ਵੀ ਹੋਣਾ ਪਿਆ ਤੇ ਕਾਲਜ ਵਿਚੋਂ ਹਟਾ ਦਿਤਾ ਗਿਆ। ਫਿਰ ਕਾਲਜ ਦੇ ਪੀ. ਐਸ. ਯੂ. ਵਾਲੇ ਵਿਦਿਆਰਥੀਆਂ ਦਾ ਜੋਸ਼ ਉਹਦੇ ਹੱਕ ਵਿਚ ਦੇਖਦਿਆਂ ਉਹਨੂੰ ਮੁੜ ਕਾਲਜ ਵਿਚ ਰੱਖਣਾ ਪਿਆ। ਬੰਗਾ ਕਾਲਜ ਵਲੋਂ ਦੋ ਸਾਲ ਖੇਡਦਿਆਂ ਉਹਨੇ ਮਾਹਿਲਪੁਰ ਨੂੰ ਹਰਾ ਕੇ ਜਿਲਾ ਚੈਂਪੀਅਨਸ਼ਿਪ ਜਿੱਤੀ। ਵਧੀਆ ਖੇਡ ਕਰ ਕੇ ਨਵਾਂ ਸ਼ਹਿਰ ਇਲਾਕੇ ਦੇ ਦੋ ਖਿਡਾਰੀਆਂ ਨੇ ਦੋ ਸਟੇਟ ਕਲਰ ਜਿੱਤੇ। ਇਕ ਉਹਨੂੰ ਮਿਲਿਆ ਤੇ ਦੂਜਾ ਚੱਕਫੁਲੂ ਦੇ ਯੋਗਰਾਜ ਨੂੰ। ਪਹਿਲਾਂ ਪਹਿਲ ਉਹ ਗੋਲਕੀਪਰ ਖੇਡਦਾ ਹੁੰਦਾ ਸੀ, ਫਿਰ ਉਹ ਆਲ-ਰਾਊਂਡਰ ਖੇਡਣ ਲੱਗ ਪਿਆ। ਉਹ ਜ਼ਿਆਦਾਤਰ ਫਾਰਵਰਡ ਖੇਡਦਾ।

ਬੰਗਾ ਕਾਲਜ ਦੀ ਟੀਮ ਵਿਚ ਉਸ ਵੇਲੇ ਪਰਮਜੀਤ, ਛੰਨਾ ਤੇ ਭੁਪਿੰਦਰ-ਤਿੰਨੇ ਕਾਹਮੇ ਦੇ ਜ਼ਬਰਦਸਤ ਖਿਡਾਰੀ ਸਨ। ਉਹ ਲੁਧਿਆਣੇ ਤੱਕ ਖੇਡਣ ਜਾਂਦੇ ਰਹੇ। ਕਾਹਮੇ ਦੇ ਫੁੱਟਬਾਲ ਖਿਡਾਰੀ ਨੀਰਾ ਤੇ ਪਿੰਕੀ ਭਰਾ ਲੁਧਿਆਣੇ ਨੌਕਰੀਆਂ ਕਰਦੇ ਹੋਣ ਕਰ ਕੇ ਕਾਹਮੇ ਵਲੋਂ ਉਹ ਟੀਮ ਐਂਟਰ ਕਰਵਾ ਕੇ ਉਨ੍ਹਾਂ ਨੂੰ ਸੱਦ ਲੈਂਦੇ ਸਨ। ਟੀਮ ਵਿਚ ਉਹ ਖੁਦ ਵੀ ਖੇਡ ਲੈਂਦੇ। ਪਰਮਜੀਤ ਦੀ ਕਪਤਾਨੀ ਹੇਠ ਤਲਵਾੜੇ ਜ਼ੋਨਲ ਟੂਰਨਾਮੈਂਟ ਖੇਡੇ। ਇੰਟਰ-ਜ਼ੋਨਲ ਫਾਈਨਲ ਵਿਚ ਗੁਰਦਾਸਪੁਰ ਖੇਡੇ ਤੇ ਤਿੰਨ-ਇਕ ਦੇ ਸਕੋਰ ਨਾਲ ਜਿੱਤੇ। ਇਹ ਇਕ ਇਤਿਹਾਸਕ ਜਿੱਤ ਸੀ। ਇਨ੍ਹਾਂ ਦੀ ਟੀਮ ਵਿਚ ਜੈਲਾ ਡੀਜ਼ਲ, ਭੂਰਾ, ਮਰਹੂਮ ਕਰਨਜੀਤ ਬੱਬੂ, ਤੇ ਪਰਮਜੀਤ ਕਾਹਮਾ ਚਾਰੇ ਤਕੜੇ ਡਿਫੈਂਡਰ ਸਨ। ਨਵਾਂ ਸ਼ਹਿਰ ਆਈ. ਟੀ. ਆਈ. ਵਲੋਂ ਉਹ ਦੋ ਸਾਲ ਖੇਡਿਆ। ਫਗਵਾੜੇ ਆਈ. ਟੀ. ਆਈ. ਮੁਕਾਬਲਿਆਂ ਵਿਚ ਹੁਸ਼ਿਆਰਪੁਰ ਨੂੰ ਜਿੱਤੇ। ਆਪਣੇ ਸਮੇਂ ਦੇ ਨਾਮਵਰ ਫੁੱਟਬਾਲ ਖਿਡਾਰੀ ਅਤੇ ਕੋਚ ਸਰਬਜੀਤ ਸਰਬਾ ਮੰਗੂਵਾਲ ਦੇ ਦੱਸਣ ਅਨੁਸਾਰ, ਉਹ ਪਰਮਜੀਤ ਦੀ ਖੇਡ ਨੂੰ ਬੜਾ ਪਸੰਦ ਕਰਦਾ ਸੀ।

ਉਹ ਅਤੇ ਛੰਨਾ ਆਈ. ਟੀ. ਆਈ. ਫਗਵਾੜਾ ਉਹਦਾ ਮੁਕਾਬਲਾ ਦੇਖਣ ਗਏ ਤਾਂ ਜਾਂਦਿਆਂ ਨੂੰ ਤਿੰਨ-ਚਾਰ ਗੋਲ ਕਰ ਕੇ ਪਰਮਜੀਤ ਅਹੁ ਗਿਆ… ਅਹੁ ਗਿਆ। ਕਾਹਮੇ ਦੀ ਟੀਮ ਹਮੇਸ਼ਾ ਤਕੜੀ ਰਹੀ। ਸਾਰੇ ਖਿਡਾਰੀ ਵਾਧੂ ਤੋਂ ਵਾਧੂ ਹੁੰਦੇ। ਕਦੇ ਸਮਾਂ ਸੀ, ਜਦੋਂ ਪਿੰਡ ਦੀਆਂ ਤਿੰਨ ਟੀਮਾਂ ਦੇ ਲਗਭਗ ਟਾਪ ਦੇ ਖਿਡਾਰੀ ਹੁੰਦੇ ਸਨ। ਆਲੇ-ਦੁਆਲੇ ਦੇ ਪਿੰਡਾਂ ਵਿਚ ਕਾਹਮੇ ਦੇ ਖਿਡਾਰੀਆਂ ਦਾ ਬੜਾ ਬੋਲਬਾਲਾ ਹੁੰਦਾ ਸੀ ਅਤੇ ਹੈ ਵੀ। ਪਿੰਡਾਂ ਵਿਚ ਮੈਚ ਚਲਦੇ ਰਹਿੰਦੇ ਸਨ। ਮੰਗੂਵਾਲ, ਕਾਹਮਾ, ਭੂਤਾਂ, ਉਚਾ ਲਧਾਣਾ, ਝਿੱਕਾ ਲਧਾਣਾ, ਨੌਰਾ, ਭੌਰਾ, ਭੀਣ, ਦੁਸਾਂਝ ਖੁਰਦ, ਜੀਂਦੋਵਾਲ ਅਤੇ ਹੋਰ ਪਿੰਡਾਂ ਵਿਚ ਫਸਵੇਂ ਮੈਚਾਂ ਤੋਂ ਬਾਅਦ ਅਖੀਰ ਵਿਚ ਕਾਹਮੇ ਦੀ ਮੰਗੂਵਾਲ ਜਾਂ ਝਿੱਕੇ ਨਾਲ ਟੱਕਰ ਹੁੰਦੀ। ਇਕ ਵਾਰ ਲਗਾਤਾਰ ਤੇਰਾਂ ਟੂਰਨਾਮੈਂਟ ਜਿੱਤੇ। ਇਲਾਕੇ ਦੇ ਮਰਹੂਮ ਨੇਤਾ ਸ. ਦਿਲਬਾਗ ਸਿੰਘ ਸੈਣੀ ਇਕ ਵਾਰ ਪਿੰਡ ਭੀਣ ਟੂਰਨਾਮੈਂਟਾਂ ‘ਤੇ ਇਨਾਮ ਵੰਡਣ ਗਏ ਤਾਂ ਉਨ੍ਹਾਂ ਦੀ ਟੀਮ ਦੇਖਦਿਆਂ ਹੱਸ ਕੇ ਕਹਿਣ ਲੱਗੇ, “ਕਾਹਮੇ ਵਾਲਿਉ! ਕੋਈ ਪਿੰਡ ਤਾਂ ਛੱਡ ਦਿਉ।”

ਪਰਮਜੀਤ ਹਰ ਪਾਸੇ ਮੋਹਰੀ ਹੁੰਦਾ ਸੀ। ਸੱਜੇ ਖੱਬੇ ਕੂਹਣੀ ਮੋੜਾਂ ‘ਤੇ ਔਖੇ ਪੈਂਡਿਆਂ ਦਾ ਖਿਲਾੜੀ ਸੀ। ਇਨਕਲਾਬੀ ਸੱਜਣ ਸੀ ਪਰ ਸਿਆਸਤ ਤੋਂ ਕੋਰਾ ਅਨਾੜੀ ਸੀ। ਲੋਕ-ਪੱਖੀ ਸਰਗਰਮੀਆਂ ‘ਚ ਰਹਿੰਦਾ ਸੀ ਸਦਾ ਤੇ ਫੁੱਟਬਾਲ ਦਾ ਤਕੜਾ ਖਿਲਾੜੀ ਸੀ। ਦੋ ਪਿੰਡਾਂ-ਕਾਹਮੇ ਅਤੇ ਮੰਗੂਵਾਲ ਵਿਚ ਉਹਦਾ ਵਸੇਬਾ ਰਿਹਾ ਹੈ। ਫੁੱਟਬਾਲ ਉਹ ਕਾਹਮੇ ਵਲੋਂ ਖੇਡਿਆ ਅਤੇ ਇਨਕਲਾਬੀ ਸਰਗਰਮੀਆਂ ਮੰਗੂਵਾਲ ਵਲੋਂ ਰਹੀਆਂ। ਲਾਗਲੇ ਪਿੰਡਾਂ ਵਾਲੇ ਤਾਂ ਉਹਨੂੰ ਕਾਹਮੇ ਤੋਂ ਜਾਣਦੇ ਸਨ, ਪਰ ਦੂਰ-ਦੁਰਾਡੇ ਜਾਣਨ ਵਾਲੇ ਉਹਨੂੰ ਮੰਗੂਵਾਲ ਦਾ ਸਮਝਦੇ। ਕਾਹਮੇ ਮੈਚ ਹੁੰਦੇ ਤਾਂ ਕਾਹਮੇ ਵਲੋਂ ਖੇਡਦਾ, ਜਦੋਂ ਦੂਰ ਖੇਡਣ ਜਾਣਾ ਤਾਂ ਮੰਗੂਵਾਲ ਵਲੋਂ ਖੇਡਦਾ। ਸਵੇਰ ਦੀ ਰੋਟੀ ਮੰਗੂਵਾਲ ਤੇ ਸ਼ਾਮ ਦੀ ਕਾਹਮੇ। ਚਾਹ ਦੋਵੇਂ ਪਾਸੇ ਪੀਵੀ ਜਾਂਦਾ। ਜਸਵੰਤ ਖਟਕੜ ਵਲੋਂ ਕਿਰਤੀਆਂ-ਕਿਸਾਨਾਂ ਦੀ ਆਵਾਜ਼ ਉਠਾਉਣ ਲਈ ਬਣਾਏ ਦੋਆਬਾ ਕਲਾ ਮੰਚ ਮੰਗੂਵਾਲ ਵਿਚ ਰੰਗਕਰਮੀ ਵਲੋਂ ਕਿਰਦਾਰ ਨਿਭਾਉਂਦਾ। ਭਾਰਤ ਨੌਜਵਾਨ ਸਭਾ ਕਾਹਮਾ ਵਲੋਂ ਸ. ਗੁਰਸ਼ਰਨ ਸਿੰਘ ਦੇ ਨਾਟਕ ਕਰਵਾਏ ਜਾਂਦੇ। ਨਾਟਕ ਦੇਖਣ ਲਈ ਸਾਰਾ ਇਲਾਕਾ ਢੁੱਕ ਜਾਂਦਾ। ਹਰ ਪਿੰਡ ਦੀ ਪਛਾਣ ਕਿਸੇ ਨਾ ਕਿਸੇ ਖਾਸ ਸੱਜਣ ਕਰ ਕੇ ਬਣਦੀ ਹੈ।

ਇਕ ਵਾਰ ਬੰਗਾ ਕਾਲਜ ਪੜ੍ਹਦੇ ਸਮੇਂ ਮੈਂ ਆਪਣੇ ਕਿਸੇ ਦੋਸਤ ਨਾਲ ਫਗਵਾੜੇ ਤੋਂ ਨਵਾਂ ਸ਼ਹਿਰ ਜਾ ਰਿਹਾ ਸਾਂ। ਕਾਹਮੇ ਅੱਡੇ ਬੱਸ ਰੁਕੀ ਤੇ ਦੋਸਤ ਕਹਿਣ ਲੱਗਾ, “ਅੱਛਾ ਆਹ ਪਿੰਡ ਐ ਪਰਮਜੀਤ ਕਾਹਮੇ ਦਾ…। ਬੜਾ ਹਿੰਮਤੀ ਬੰਦਾ!… ਹਮੇਸ਼ਾ ਸਰਗਰਮੀਆਂ ‘ਚ ਰਹਿੰਦੈ…! ਦਿਨ ਰਾਤ ਭੱਜਾ ਫਿਰਦਾ।” 1998 ਵਿਚ ਸ. ਹਰਦੇਵ ਸਿੰਘ ਕਾਹਮਾ ਦੀ ਅਗਵਾਈ ਹੇਠ ਸਿੱਖ ਨੈਸ਼ਨਲ ਕਾਲਜ, ਬੰਗਾ ਵਿਚ ਸ਼ੁਰੂ ਕਰਵਾਏ ਸ਼ਹੀਦ ਭਗਤ ਸਿੰਘ ਮੈਮੋਰੀਅਲ ਟੂਰਨਾਮੈਂਟ ਵਿਚ ਉਹ ਪ੍ਰਬੰਧਕੀ ਸਕੱਤਰ ਦੀ ਸੇਵਾ ਨਿਭਾ ਰਿਹਾ ਹੈ ਅਤੇ ਟੂਰਨਾਮੈਂਟ ਦੀ ਰੂਪ-ਰੇਖਾ ਤਿਆਰ ਕਰਨ ਵਿਚ ਵੀ ਉਹਦਾ ਅਹਿਮ ਰੋਲ ਹੁੰਦਾ। ਟੂਰਨਾਮੈਂਟਾਂ ਦੀ ਵਿੱਤੀ ਇਕੱਤਰਤਾ ਦੀ ਕਮਾਂਡ ਵੀ ਉਹੀ ਸੰਭਾਲਦਾ। ਫੁੱਟਬਾਲ ਦਾ ਨਾਮਵਰ ਖਿਡਾਰੀ, ਇਨਕਲਾਬੀ ਸੱਜਣ, ਪੀ. ਐਸ. ਯੂ. ਦਾ ਸਰਗਰਮ ਆਗੂ ਤੇ ਸਾਬਕਾ ਬਲਾਕ ਸਮਿਤੀ ਮੈਂਬਰ ਪਰਮਜੀਤ ਸਿੰਘ ਕਾਹਮਾ ਦੀ ਸਿਹਤ ਖਰਾਬ ਹੋ ਗਈ ਸੀ। ਉਹਦੇ ਜਿਗਰੀ ਯਾਰਾਂ, ਬੇਲੀਆਂ ਨੇ ਬਚਾ ਲਿਆ।

ਸ. ਹਰਦੇਵ ਸਿੰਘ ਕਾਹਮਾ, ਸ. ਸਤਨਾਮ ਸਿੰਘ ਕਾਹਮਾ, ਮਾਸਟਰ ਦਵਿੰਦਰ ਸਿੰਘ, ਸ. ਅਮਰੀਕ ਸਿੰਘ ਲੇਹਲ, ਸ. ਸਵਰਨਜੀਤ ਸਿੰਘ ਨੰਬਰਦਾਰ, ਸ. ਸੁਰਿੰਦਰ ਸਿੰਘ ਮੰਗੂਵਾਲ, ਸ. ਕਮਲਜੀਤ ਸਿੰਘ ਵਿਰਕ ਅਤੇ ਰਵਿੰਦਰ ਸਹਿਰਾਅ ਵਰਗੇ ਹਮਖਿਆਲ ਸੱਜਣਾਂ ਦੀ ਮਾਇਕ ਮਦਦ ਸਦਕਾ ਉਹਨੂੰ ਨਵਾਂ ਜੀਵਨ ਮਿਲਿਆ। ਜ਼ਿੰਦਗੀ ਦਾ ਹਰ ਰੰਗ ਦੇਖਿਆ, ਤਸ਼ੱਦਦ ਝੱਲਿਆ, ਕੇਸ ਕਟਾਏ, ਰੂਪੋਸ਼ ਹੋਇਆ, ਲੋਕਾਂ ਦੇ ਹੱਕਾਂ (ਹੱਕੀ ਮੰਗਾਂ) ਲਈ ਜੇਲ੍ਹ ਗਿਆ, ਪਰ ਹਮੇਸ਼ਾ ਜ਼ਮੀਨ ਨਾਲ ਜੁੜਿਆ ਰਿਹਾ। ਇਸ ਵਕਤ ਉਹ ਕਾਹਮਾ ਹਾਊਸ ਜੇਜੋਂ ਵਿਖੇ ਪਰਿਵਾਰ ਸਮੇਤ ਰਹਿ ਰਿਹੈ। ਉਹ ਰਹਿੰਦਾ ਭਾਵੇਂ ਜੇਜੋਂ ਹੈ, ਪਰ ਦਿਲ ਹਮੇਸ਼ਾ ਪਿੰਡ ਅਤੇ ਇਲਾਕੇ ਪ੍ਰਤੀ ਧੜਕਦਾ ਰਹਿੰਦੈ। ਇਲਾਕੇ ਦੀ ਹਰ ਖੁਸ਼ੀ-ਗਮੀ ਵਿਚ ਹਾਜ਼ਰ ਹੁੰਦੈ। ਹੁਣ ਕਿਸਾਨੀ ਘੋਲ ਵਿਚ ਵੀ ਵਧ ਚੜ੍ਹ ਕੇ ਹਿੱਸਾ ਪਾ ਰਿਹੈ। ਹੋਰਨਾਂ ਵਾਂਗ ਉਹ ਵੀ ਆਪਣੇ ਆਪ ਨੂੰ ਪੰਜਾਬ ਦਾ ਪੁੱਤ ਸਮਝਦਾ ਹੋਇਐ ਪੰਜਾਬ ਨੂੰ ਹੱਸਦਾ-ਵਸਦਾ, ਖੁਸ਼ਹਾਲ ਤੇ ਨਸ਼ਾ ਰਹਿਤ ਦੇਖਣਾ ਚਾਹੁੰਦੈ। ਪਰਮਜੀਤ ਸਟੇਜਾਂ `ਤੇ ਵੀ ਵਧੀਆ ਬੋਲ ਲੈਂਦਾ ਸੀ ਤੇ ਹਰ ਇਕ ਨੂੰ ਆਪਣੇ ਵੱਲ ਖਿੱਚਣ ਦੀ ਸਮਰੱਥਾ ਰੱਖਦਾ ਸੀ। ਕਲਮ ਦਾ ਧਨੀ ਵੀ ਸੀ। ਇਕ ਕਿਤਾਬ ‘ਵਕਤ ਦੀ ਆਵਾਜ਼’ ਵੀ ਲਿਖੀ। ਪਰਮਜੀਤ ਕਾਹਮਾ ਦਾ ਸੰਪਰਕ ਫੋਨ: +91-94170-88574 ਰਾਹੀਂ ਕੀਤਾ ਜਾ ਸਕਦਾ ਹੈ। ਕਰਨੀ ਹੈ ਤਾਂ ਕਰੋ, ਹਰੇ ਇਨਕਲਾਬ ਦੀ ਗੱਲ। ਮੁਰਝਾਏ ਜਾਂਦੇ ਸੂਹੇ ਫੁੱਲ ਗੁਲਾਬ ਦੀ ਗੱਲ। ਬਾਂਕੇ ਮੱਲ ‘ਇਕਬਾਲ ਸਿੰਹਾਂ’ ਗਏ ਕਿਥੇ। ਕਰਨੀ ਹੈ ਤਾਂ ਕਰੋ ਨਸ਼ਿਆਂ ਨਾਲ ਮਰਦੇ, ਗੁਰੂਆਂ ਪੀਰਾਂ ਦੇ ਪੰਜਾਬ ਦੀ ਗੱਲ।

Leave a Reply

Your email address will not be published.