ਫਰਿਜ਼ਨੋ / ਫਲੋਰਿਡਾ ’ਚ ਇੱਕ ਘਰ ’ਚ ਲੁਕ ਕੇ ਬੈਠੇ 12 ਤੇ 14 ਸਾਲ ਦੇ ਬੱਚਿਆਂ ਵੱਲੋਂ ਖਤਰਨਾਕ ਹਥਿਆਰਾਂ ਨਾਲ ਪੁਲਸ ’ਤੇ ਗੋਲੀਬਾਰੀ ਕਰਨ ਨਾਲ ਹਫੜਾ-ਦਫੜੀ ਮਚ ਗਈ।
ਇਨ੍ਹਾਂ ਦੋਵੇਂ ਬੱਚਿਆਂ ’ਚੋਂ ਇੱਕ 12 ਸਾਲਾ ਲੜਕਾ ਤੇ 14 ਸਾਲ ਲੜਕੀ ਸੀ ਅਤੇ ਅਧਿਕਾਰੀਆਂ ਨੇ ਦੱਸਿਆ ਕਿ ਇਸ 14 ਸਾਲਾ ਲੜਕੀ ਦੇ ਗੋਲੀਬਾਰੀ ’ਚ ਗੰਭੀਰ ਸੱਟ ਲੱਗੀ ਹੈ । ਪੁਲਸ ਅਨੁਸਾਰ ਇਹ ਦੋਵੇਂ ਬੱਚੇ, ਜੋ ਕਥਿਤ ਤੌਰ ’ਤੇ ਥੋੜ੍ਹਾ ਸਮਾਂ ਪਹਿਲਾਂ ਇੱਕ ਗਰੁੱਪ ਹੋਮ ’ਚੋਂ ਭੱਜ ਗਏ ਸਨ, ਮੰਗਲਵਾਰ ਰਾਤ ਨੂੰ ਇੱਕ ਖਾਲੀ ਘਰ ’ਚ ਦਾਖਲ ਹੋ ਗਏ ਸਨ, ਜਿਥੇ ਕਿ ਘਰ ਦੇ ਮਾਲਕ ਅਨੁਸਾਰ ਇੱਕ ਏ. ਕੇ. 47, ਇੱਕ ਹੈਂਡਗਨ, ਇੱਕ ਸ਼ਾਟਗੰਨ ਅਤੇ ਵੱਡੀ ਮਾਤਰਾ ਵਿੱਚ ਗੋਲਾ-ਬਾਰੂਦ ਮੌਜੂਦ ਸੀ। 12 ਸਾਲਾ ਲੜਕੇ ਨੇ ਘਰ ਦੇ ਕਮਰੇ ’ਚ ਏ. ਕੇ. 47 ਬੰਦੂਕ ਅਤੇ ਦੋ ਲੋਡ ਕੀਤੇ ਮੈਗਜ਼ੀਨ ਲੈ ਲਏ ਸਨ। ਵੁਲਸੀਆ ਪੁਲਸ ਵੱਲੋਂ ਜੁਵੇਨਾਈਲ ਹੋਮ ’ਚੋਂ ਲਾਪਤਾ ਹੋਣ ਕਾਰਨ ਬੱਚਿਆਂ ਦੀ ਭਾਲ ਕੀਤੀ ਜਾ ਰਹੀ ਸੀ ਅਤੇ ਇਸੇ ਦੌਰਾਨ ਅਧਿਕਾਰੀਆਂ ਨੇ ਘਰ ਨੂੰ ਘੇਰਿਆ ਤੇ ਬੱਚਿਆਂ ਨੂੰ ਸ਼ਾਂਤਮਈ ਢੰਗ ਨਾਲ ਬਾਹਰ ਆਉਣ ਲਈ ਕਿਹਾ ਪਰ ਬੱਚਿਆਂ ਨੇ ਘਰ ’ਚੋਂ ਲਈਆਂ ਬੰਦੂਕਾਂ ਨਾਲ ਗੋਲੀਬਾਰੀ ਸ਼ੁਰੂ ਕਰ ਦਿੱਤੀ।
ਵੁਲਸੀਆ ਕਾਉਂਟੀ ਸ਼ੈਰਿਫ ਮਾਈਕ ਚਿਟਵੁੱਡ ਅਨੁਸਾਰ ਬੱਚਿਆਂ ਨੇ ਕਈ ਥਾਵਾਂ ਤੋਂ ਫਾਇਰਿੰਗ ਕੀਤੀ ਅਤੇ ਲੜਕੀ ਨੇ ਇਕ ਸਾਰਜੈਂਟ ਨੂੰ ਜਾਨ ਤੋਂ ਮਾਰਨ ਦੀ ਧਮਕੀ ਵੀ ਦਿੱਤੀ। ਪੁਲਸ ਨੇ ਬੱਚਿਆਂ ਨਾਲ ਗੱਲਬਾਤ ਕਰਨ ਦੀ ਬਹੁਤ ਕੋਸ਼ਿਸ਼ ਕੀਤੀ ਪਰ ਸਭ ਵਿਅਰਥ ਰਹੀ। ਲੱਗਭਗ 30 ਮਿੰਟ ਤੱਕ ਪੁਲਸ ’ਤੇ ਫਾਇਰਿੰਗ ਕਰਨ ਤੋਂ ਬਾਅਦ 14 ਸਾਲਾ ਲੜਕੀ ਘਰ ’ਚੋਂ ਬਾਹਰ ਆਈ ਅਤੇ ਕਥਿਤ ਤੌਰ ’ਤੇ ਦੋ ਵਾਰ ਅਧਿਕਾਰੀਆਂ ’ਤੇ ਬੰਦੂਕ ਤਾਣੀ। ਇਸੇ ਦੌਰਾਨ ਉਸ ਨੂੰ ਇੱਕ ਡਿਪਟੀ ਨੇ ਗੋਲੀ ਮਾਰ ਕੇ ਜ਼ਖਮੀ ਕਰ ਦਿੱਤਾ, ਜੋ ਹੁਣ ਜ਼ੇਰੇ ਇਲਾਜ ਹੈ। ਇਸ ਗੋਲੀਬਾਰੀ ’ਚ ਕੋਈ ਵੀ ਪੁਲਸ ਅਧਿਕਾਰੀ ਜ਼ਖ਼ਮੀ ਨਹੀਂ ਹੋਇਆ। ਪੁਲਸ ਅਨੁਸਾਰ ਦੋਵਾਂ ਬੱਚਿਆਂ ਉੱਤੇ ਪਹਿਲੀ-ਡਿਗਰੀ ਕਤਲ ਦੀ ਕੋਸ਼ਿਸ਼ ਅਤੇ ਹਥਿਆਰਬੰਦ ਚੋਰੀ ਦੇ ਦੋਸ਼ ਲਾਏ ਗਏ ਹਨ। ਫਲੋਰਿਡਾ ਯੂਨਾਈਟਿਡ ਮੈਥੋਡਿਸਟ ਚਿਲਡ੍ਰਨਜ਼ ਹੋਮ ਦੇ ਪ੍ਰਧਾਨ ਅਤੇ ਸੀ. ਈ. ਓ. ਕਿਟਵਾਨਾ ਮੈਕਟੇਅਰ ਨੇ ਇਸ ਘਟਨਾ ਨੂੰ ਦੁਖਦਾਈ ਦੱਸਿਆ ਹੈ। ਮੈਕਟੇਅਰ ਨੇ ਕਿਹਾ ਕਿ ਦੋਵੇਂ ਬੱਚੇ ਘਰ ਦੇ ਐਮਰਜੈਂਸੀ ਪਨਾਹ ਦੇਖਭਾਲ ਪ੍ਰੋਗਰਾਮ ’ਚ ਸਨ, ਜੋ ਇਸ ਸਮੇਂ ਤਿੰਨ ਬੱਚਿਆਂ ਦੀ ਸੇਵਾ ਕਰ ਰਿਹਾ ਹੈ।