ਪੱਤਰਕਾਰ ਬਣਾ ਕੈਨੇਡਾ ਭੇਜਣ ਦੇ ਨਾਂ ‘ਤੇ 60 ਲੱਖ ਦੀ ਠੱਗੀ

ਪਟਿਆਲਾ : ਪੰਜਾਬ ਦਾ ਨੌਜਵਾਨ ਕਿਵੇਂ ਸੂਬੇ ‘ਚੋਂ ਅਤੇ ਦੇਸ਼ ‘ਚੋਂ ਬਾਹਰ ਨਿਕਲਣ ਨੂੰ ਉਤਾਵਲਾ ਹੈ ਤੇ ਕਿਵੇਂ ਏਜੇਂਟਾਂ ਦੇ ਧੱਕੇ ਚੜ੍ਹ ਜਾਂਦਾ ਇਸਦੇ ਆਏ ਦਿਨ ਨਵੇਂ ਮਾਮਲੇ ਸਾਹਮਣੇ ਆਉਂਦੇ ਰਹਿੰਦੇ ਹਨ।

ਪਰ ਇਸ ਵਾਰ ਇੱਕ ਨਿਆਰਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਨੌਜਵਾਨਾਂ ਨੂੰ ਪੂਰੀ ਤਰਕੀਬ ਨਾਲ ਲੁੱਟਣ ਲਈ ਉਨ੍ਹਾਂ ਨੂੰ ਵਿਦੇਸ਼ ਵਿਚ ਪਤਰਕਾਰ ਬਣਨ ਦਾ ਝਾਂਸਾ ਦਿੱਤਾ ਗਿਆ ਤੇ ਉਹ ਉਸ ਝਾਂਸੇ ਵਿਚ ਫੱਸ ਵੀ ਗਏ। ਸਮਾਣਾ ਦੇ ਪਿੰਡ ਡੈਂਟਲ ਦੇ ਨੌਜਵਾਨਾਂ ਨੂੰ ਕੈਨੇਡਾ ‘ਚ ਕ੍ਰਾਈਮ ਮੀਡੀਆ ਦਾ ਰਿਪੋਰਟਰ ਬਣਾ ਕੇ ਭੇਜਣ ਦੇ ਨਾਂ ‘ਤੇ 60 ਲੱਖ ਰੁਪਏ ਦੀ ਠੱਗੀ ਦਾ ਮਾਮਲਾ ਸਾਹਮਣੇ ਆਇਆ ਹੈ। ਕੈਨੇਡਾ ਇਨ੍ਹਾਂ ਏਜੰਟਾਂ ਨੇ ਤਾਂ ਕੀ ਭੇਜਣਾ ਸੀ ਪਰ ਨੌਜਵਾਨਾਂ ਨਾਲ ਨਾ ਸਿਰਫ਼ ਕੁੱਟਮਾਰ ਕੀਤੀ ਗਈ ਸਗੋਂ ਭੁੱਖੇ ਰੱਖਿਆ ਗਿਆ ਅਤੇ ਫਿਰ ਹੱਥ-ਪੈਰ ਬੰਨ੍ਹ ਰੇਲਵੇ ਲਾਈਨ ‘ਤੇ ਸੁੱਟ ਦਿੱਤਾ, ਗਨੀਮਤ ਰਹੀ ਕਿ ਨੌਜਵਾਨਾਂ ਨੂੰ ਟ੍ਰੇਨ ਹੇਠਾਂ ਵੱਡੇ ਜਾਣ ਤੋਂ ਪਹਿਲਾਂ ਬਚਾ ਲਿਆ ਗਿਆ।

ਕਿਸੇ ਨਗਰ ਵਾਸੀ ਨੇ ਬੰਧਕ ਬਣਾ ਟ੍ਰੇਨ ਅੱਗੇ ਮਰਨ ਨੂੰ ਸੁੱਟੇ ਗਏ ਇਨ੍ਹਾਂ ਨੌਜਵਾਨਾਂ ਨੂੰ ਬਚਾਇਆ ਅਤੇ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕੀਤਾ। ਪੀੜਤਾਂ ਦੀ ਸ਼ਿਕਾਇਤ ‘ਤੇ ਜ਼ਿਲ੍ਹਾ ਪੁਲਿਸ ਕਪਤਾਨ ਨੇ ਮਾਮਲਾ ਦਰਜ ਕਰ ਲਿਆ ਹੈ। ਪੀਟੀਸੀ ਦੀ ਟੀਮ ਨਾਲ ਗੱਲਬਾਤ ਕਰਦਿਆਂ ਦੋਵਾਂ ਪੀੜਤ ਨੌਜਵਾਨਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਦਿੱਲੀ ਏਅਰਪੋਰਟ ‘ਤੇ ਬੁਲਾਇਆ ਗਿਆ ਸੀ, ਦੋਵੇਂ ਕਾਰ ਲੈ ਕੇ ਪਹੁੰਚੇ ਪਰ ਉੱਥੋਂ ਏਜੰਟਾਂ ਨੇ ਫਲਾਈਟ ਲੇਟ ਹੋਣ ਦਾ ਬਹਾਨਾ ਲਾ 2 ਦਿਨ ਹੋਟਲ ‘ਚ ਰੱਖਿਆ ਤੇ ਬਾਅਦ ਵਿਚ ਨੱਕ ‘ਤੇ ਕੋਈ ਨਸ਼ੀਲਾ ਪਦਾਰਥ ਸੁੰਘਾਂ ਬੇਹੋਸ਼ ਕਰ ਦਿੱਤਾ ਅਤੇ ਕਿਸੀ ਹੋਰ ਜਗ੍ਹਾ ਬੰਧਕ ਬਣਾ ਲਿਆ। ਦੋਵੇਂ ਪੀੜਤ ਨੌਜਵਾਨਾਂ ਦੀ ਸ਼ਨਾਖਤ ਸਮਾਣਾ ਦੇ ਪਿੰਡ ਡੈਂਟਲ ਤੋਂ ਨਵਜੋਤ ਸਿੰਘ ਅਤੇ ਊਧਮ ਸਿੰਘ ਵਜੋਂ ਹੋਈ ਹੈ। ਨਵਜੋਤ ਦੇ ਪਿਤਾ ਜਸਪ੍ਰੀਤ ਸਿੰਘ ਦਾ ਕਹਿਣਾ ਹੈ ਕਿ ਸਾਡੇ ਬੱਚੇ ਰੱਬ ਦੀ ਮਿਹਰ ਨਾਲ ਕਿਸੇ ਤਰ੍ਹਾਂ ਠੀਕ ਹਨ ਪਰ ਇਨ੍ਹਾਂ ਲੋਕਾਂ ਨੂੰ ਬਖਸ਼ਿਆ ਨਹੀਂ ਜਾਣਾ ਚਾਹੀਦਾ।

ਉਨ੍ਹਾਂ ਕਿਹਾ ਕਿ ਇਨ੍ਹਾਂ ਲੋਕਾਂ ਨੇ ਸਾਡੇ ਬੱਚਿਆਂ ਨਾਲ ਧੋਖਾ ਕੀਤਾ ਹੈ ਅਤੇ ਸਾਡੇ ਬੱਚਿਆਂ ‘ਤੇ ਜ਼ੁਲਮ ਕੀਤੇ ਅਤੇ ਪੁਲਿਸ ਨੂੰ ਉਨ੍ਹਾਂ ‘ਤੇ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ ਤਾਂ ਜੋ ਉਹ ਕਿਸੇ ਹੋਰ ਨਾਲ ਅਜਿਹੀ ਘਿਨੌਣੀ ਹਰਕਤ ਨਾ ਹੋਵੇ। ਇਸ ਸਬੰਧੀ ਜਦੋਂ ਥਾਣਾ ਸਮਾਣਾ ਦੇ ਡੀ.ਐਸ.ਪੀ ਪ੍ਰਭਜੋਤ ਕੌਰ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਸ ਸਬੰਧੀ ਜ਼ਿਲ੍ਹਾ ਪੁਲਿਸ ਮੁਖੀ ਨੂੰ ਸ਼ਿਕਾਇਤ ਦਰਜ ਕਰਵਾਈ ਗਈ ਸੀ, ਜਿਸ ‘ਤੇ ਕਾਰਵਾਈ ਕਰਦਿਆਂ ਜਾਂਚ ਕਰਨ ਉਪਰੰਤ ਉਕਤ ਕਥਿਤ ਟਰੈਵਲ ਏਜੰਟਾਂ ਖਿਲਾਫ਼ ਮਨੁੱਖੀ ਤਸਕਰੀ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ ਪਰ ਅਜੇ ਤਾਈਂ ਕੋਈ ਗ੍ਰਿਫਤਾਰੀ ਨਹੀਂ ਹੋਈ ਹੈ ਅਤੇ ਪੁਲਿਸ ਟੀਮ ਲਗਾਤਾਰ ਜਾਂਚ ਵਿਚ ਜੁਟੀ ਹੋਈ ਹੈ।

Leave a Reply

Your email address will not be published. Required fields are marked *