ਕੋਲਕਾਤਾ— ਪੱਛਮੀ ਬੰਗਾਲ ’ਚ ਵਿਧਾਨ ਸਭਾ ਚੋਣਾਂ ਵੀ ਹੋ ਗਈਆਂ ਹਨ ਅਤੇ ਚੋਣ ਨਤੀਜੇ ਵੀ ਆ ਚੁੱਕੇ ਹਨ ਪਰ ਫਿਰ ਵੀ ਹਿੰਸਾ ਰੁੱਕਣ ਦਾ ਨਾਮ ਨਹੀਂ ਲੈ ਰਹੀ ਹੈ।
ਕੇਂਦਰੀ ਵਿਦੇਸ਼ ਰਾਜ ਮੰਤਰੀ ਵੀ. ਮੁਰਲੀਧਰਨ ’ਤੇ ਮਿਦਨਾਪੁਰ ’ਚ ਹਮਲੇ ਦੀ ਖ਼ਬਰ ਹੈ। ਉਨ੍ਹਾਂ ਦੀ ਕਾਰ ਦੇ ਸ਼ੀਸ਼ੇ ਤੱਕ ਤੋੜ ਦਿੱਤੇ ਗਏ। ਇਸ ਪੂਰੀ ਘਟਨਾ ਦਾ ਇਕ ਵੀਡੀਉ ਵੀ ਸਾਹਮਣੇ ਆਇਆ ਹੈ। ਕੇਂਦਰੀ ਵਿਦੇਸ਼ ਰਾਜ ਮੰਤਰੀ ਮੁਰਲੀਧਰਨ ਨੇ ਇਸ ਘਟਨਾ ਨੂੰ ਲੈ ਕੇ ਆਪਣੇ ਟਵਿੱਟਰ ਹੈਂਡਲ ’ਤੇ ਇਕ ਵੀਡੀਉ ਵੀ ਸ਼ੇਅਰ ਕੀਤੀ ਹੈ। ਇਸ ਵੀਡੀE ਦੇ ਕੈਪਸ਼ਨ ’ਚ ਉਨ੍ਹਾਂ ਨੇ ਲਿਖਿਆ ਕਿ ਪੱਛਮੀ ਮਿਦਨਾਪੁਰ ਦੇ ਦੌਰੇ ਦੌਰਾਨ ਮੇਰੀ ਕਾਰ ’ਤੇ ਤ੍ਰਿਣਮੂਲ ਕਾਂਗਰਸ (ਟੀ. ਐੱਮ. ਸੀ.) ਦੇ ਗੁੰਡਿਆਂ ਨੇ ਹਮਲਾ ਕੀਤਾ। ਸ਼ੀਸ਼ੇ ਤੋੜ ਦਿੱਤੇ ਗਏ, ਮੇਰੇ ਨਿੱਜੀ ਸਟਾਫ਼ ’ਤੇ ਵੀ ਹਮਲਾ ਕੀਤਾ ਗਿਆ। ਮੈਨੂੰ ਆਪਣਾ ਦੌਰਾ ਵਿਚਾਲੇ ਹੀ ਛੱਡ ਕੇ ਵਾਪਸ ਆਉਣਾ ਪਿਆ। ਕੇਂਦਰੀ ਮੰਤਰੀ ਵਲੋਂ ਸ਼ੇਅਰ ਕੀਤੀ ਗਈ ਇਸ ਵੀਡੀਉ ਵਿਚ ਇਕ ਸ਼ਖ਼ਸ ਡੰਡੇ ਨਾਲ ਉਨ੍ਹਾਂ ਦੀ ਕਾਰ ’ਤੇ ਹਮਲਾ ਕਰਦਾ ਹੋਇਆ ਨਜ਼ਰ ਆ ਰਿਹਾ ਹੈ। ਹਮਲੇ ਤੋਂ ਤੁਰੰਤ ਬਾਅਦ ਕੇਂਦਰੀ ਮੰਤਰੀ ਦਾ ਡਰਾਈਵਰ ਗੱਡੀ ਨੂੰ ਵਾਪਸ ਮੋੜਨ ਲੱਗਦਾ ਹੈ।
ਗ੍ਰਹਿ ਮੰਤਰਾਲਾ ਨੇ ਬੰਗਾਲ ਭੇਜੀ 4 ਮੈਂਬਰੀ ਟੀਮ -ਇਸ ਦਰਮਿਆਨ ਬੰਗਾਲ ’ਚ ਨਤੀਜਿਆਂ ਤੋਂ ਬਾਅਦ ਹੋਈ ਹਿੰਸਾ ’ਤੇ ਕੇਂਦਰੀ ਗ੍ਰਹਿ ਮੰਤਰਾਲਾ ਐਕਸ਼ਨ ਮੋਡ ਵਿਚ ਹੈ। ਗ੍ਰਹਿ ਮੰਤਰਾਲਾ ਨੇ ਪੱਛਮੀ ਬੰਗਾਲ ‘ਚ ਚੋਣਾਂ ਤੋਂ ਬਾਅਦ ਹਿੰਸਾ ਦੇ ਕਾਰਨਾਂ ਦੀ ਪੜਤਾਲ ਕਰਨ ਅਤੇ ਸੂਬੇ ‘ਚ ਜ਼ਮੀਨੀ ਹਾਲਾਤ ਦਾ ਜਾਇਜ਼ਾ ਲੈਣ ਲਈ 4 ਮੈਂਬਰੀ ਦਲ ਦਾ ਗਠਨ ਕੀਤਾ ਹੈ। ਅਧਿਕਾਰੀਆਂ ਨੇ ਵੀਰਵਾਰ ਨੂੰ ਦੱਸਿਆ ਕਿ ਮੰਤਰਾਲਾ ਦੇ ਇਕ ਐਡੀਸ਼ਨਲ ਸਕੱਤਰ ਦੀ ਅਗਵਾਈ ‘ਚ ਦਲ ਪੱਛਮੀ ਬੰਗਾਲ ਲਈ ਰਵਾਨਾ ਹੋ ਗਿਆ ਹੈ। ਕੇਂਦਰੀ ਗ੍ਰਹਿ ਮੰਤਰਾਲਾ ਨੇ ਬੁੱਧਵਾਰ ਨੂੰ ਪੱਛਮੀ ਬੰਗਾਲ ਸਰਕਾਰ ਤੋਂ ਸੂਬੇ ‘ਚ ਚੋਣਾਂ ਤੋਂ ਬਾਅਦ ਹੋਈ ਹਿੰਸਾ ਦੀ ਪੂਰੀ ਰਿਪੋਰਟ ਸੌਂਪਣ ਅਤੇ ਸਮਾਂ ਗੁਆਏ ਬਿਨਾਂ ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਜ਼ਰੂਰੀ ਕਦਮ ਚੁੱਕਣ ਨੂੰ ਕਿਹਾ ਸੀ। ਮੰਤਰਾਲਾ ਨੇ ਸੂਬਾ ਸਰਕਾਰ ਨੂੰ ਚਿਤਾਵਨੀ ਦਿੱਤੀ ਸੀ ਕਿ ਜੇਕਰ ਸੂਬਾ ਸਰਕਾਰ ਅਜਿਹਾ ਕਰਨ ‘ਚ ਅਸਫ਼ਲ ਹੁੰਦੀ ਹੈ ਤਾਂ ਮਾਮਲੇ ਨੂੰ ਗੰਭੀਰਤਾ ਨਾਲ ਲਿਆ ਜਾਵੇਗਾ।
ਬੰਗਾਲ ਹਿੰਸਾ ’ਚ ਹੁਣ ਤੱਕ 16 ਮੌਤਾਂ ਹੋਈਆਂ: ਮਮਤਾ ਕੋਲਕਾਤਾ / ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਅੱਜ ਕਿਹਾ ਕਿ ਸੂਬੇ ’ਚ ਚੋਣਾਂ ਤੋਂ ਬਾਅਦ ਹੋਈ ਹਿੰਸਾ ’ਚ 16 ਜਾਨਾਂ ਗਈਆਂ ਹਨ। ਇਸ ਦੇ ਨਾਲ ਹੀ ਉਨ੍ਹਾਂ ਹਰ ਮ੍ਰਿਤਕ ਦੇ ਪਰਿਵਾਰ ਲਈ 2-2 ਲੱਖ ਰੁਪਏ ਦਾ ਮੁਆਵਜ਼ਾ ਐਲਾਨਿਆ ਹੈ। ਬੈਨਰਜੀ ਨੇ ਇੱਥੇ ਪੱਤਰਕਾਰ ਸੰਮੇਲਨ ਦੌਰਾਨ ਕਿਹਾ ਕਿ ਉਨ੍ਹਾਂ ਦੀ ਸਰਕਾਰ ਪਿਛਲੇ ਮਹੀਨੇ ਕੂਚਬਿਹਾਰ ਦੇ ਸੀਤਲਕੂਚੀ ਇਲਾਕੇ ’ਚ ਸੀਏਪੀਐੱਫ ਦੀ ਗੋਲੀਬਾਰੀ ’ਚ ਮਾਰੇ ਗਏ ਸਾਰੇ ਪੰਜ ਵਿਅਕਤੀਆਂ ਦੇ ਪਰਿਵਾਰਾਂ ਦੇ ਇੱਕ-ਇੱਕ ਮੈਂਬਰ ਨੂੰ ਨੌਕਰੀ ਦੇਵੇਗੀ। ਉਨ੍ਹਾਂ ਸੀਆਈਟੀ ਨੇ ਇਸ ਘਟਨਾ ਦੀ ਜਾਂਚ ਸ਼ੁਰੂ ਕੀਤੀ ਹੈ। ਉਨ੍ਹਾਂ ਕਿਹਾ, ‘ਚੋਣਾਂ ਤੋਂ ਹੋਈਆਂ ਹਿੰਸਕ ਘਟਨਾਵਾਂ ’ਚ ਘੱਟ ਤੋਂ ਘੱਟ 16 ਵਿਅਕਤੀਆਂ ਦੀ ਮੌਤ ਹੋ ਗਈ ਹੈ ਜਿਨ੍ਹਾਂ ’ਚ ਜ਼ਿਆਦਾਤਰ ਭਾਜਪਾ ਤੇ ਟੀਐੱਮਸੀ ਦੇ ਕਾਰਕੁਨ ਤੇ ਸੰਯੁਕਤ ਮੋਰਚਾ ਦਾ ਇੱਕ ਕਾਰਕੁਨ ਸ਼ਾਮਲ ਹੈ। ਅਸੀਂ ਉਨ੍ਹਾਂ ਦੇ ਪਰਿਵਾਰਾਂ ਨੂੰ 2-2 ਲੱਖ ਰੁਪਏ ਦੇ ਮੁਆਵਜ਼ੇ ਤੋਂ ਇਲਾਵਾ ਪਰਿਵਾਰਾਂ ਦੇ ਮੈਂਬਰਾਂ ਨੂੰ ਹੋਮ ਗਾਰਡ ਦੀ ਨੌਕਰੀ ਵੀ ਦੇਵਾਂਗੇ।’