ਪੰਜ ਵਿਧਾਨ ਸਭਾਵਾਂ ਦੀਆਂ ਚੋਣਾਂ ਦਾ ਪਿੜ ਭਖ਼ਿਆ

ਚੋਣ ਕਮਿਸ਼ਨ ਨੇ ਦੇਸ਼ ਦੇ ਚਾਰ ਵੱਡੇ ਰਾਜਾਂ ਤੇ ਇਕ ਕੇਂਦਰ ਸ਼ਾਸਤ ਪ੍ਰਦੇਸ਼ ‘ਚ ਵਿਧਾਨ ਸਭਾ ਚੋਣਾਂ ਦਾ ਬਿਗਲ ਵਜਾ ਦਿੱਤਾ ਹੈ।

ਜਾਰੀ ਸ਼ਡਿਊਲ ਮੁਤਾਬਕ 27 ਮਾਰਚ ਤੋਂ ਵੋਟਾਂ ਪੈਣ ਦਾ ਕੰਮ ਸ਼ੁਰੂ ਹੋਵੇਗਾ ਅਤੇ ਨਤੀਜੇ 2 ਮਈ ਨੂੰ ਐਲਾਨੇ ਜਾਣਗੇ। ਪੱਛਮੀ ਬੰਗਾਲ ਵਿਚ 8 ਗੇੜਾਂ ਤੇ ਆਸਾਮ ਵਿਚ ਤਿੰਨ ਗੇੜਾਂ ਵਿਚ ਵੋਟਾਂ ਪੈਣਗੀਆਂ ਜਦੋਂ ਕਿ ਤਾਮਿਲਨਾਡੂ, ਕੇਰਲ ਤੇ ਕੇਂਦਰੀ ਖੇਤਰ ਪੁੱਡੂਚੇਰੀ ਵਿਚ ਇੱਕੋ ਦਿਨ 6 ਅਪਰੈਲ ਨੂੰ ਵੋਟਾਂ ਪੈਣਗੀਆਂ। ਪੱਛਮੀ ਬੰਗਾਲ ਵਿਚ 27 ਮਾਰਚ ਨੂੰ ਪੋਲੰਿਗ ਦਾ ਪਹਿਲਾ ਗੇੜ ਹੋਵੇਗਾ ਅਤੇ ਫਿਰ ਪਹਿਲੀ, 6, 10, 17, 22, 26 ਅਤੇ 29 ਅਪਰੈਲ ਨੂੰ ਵੋਟਾਂ ਪੈਣਗੀਆਂ। ਆਸਾਮ ਵਿਚ 27 ਮਾਰਚ ਅਤੇ ਪਹਿਲੀ ਤੇ 6 ਅਪਰੈਲ ਨੂੰ ਵੋਟਾਂ ਪੈਣਗੀਆਂ। ਗ਼ੌਰਤਲਬ ਹੈ ਕਿ ਪੱਛਮੀ ਬੰਗਾਲ ਵਿਚ ਵਿਧਾਨ ਸਭਾ ਦੀਆਂ 294 ਸੀਟਾਂ ਹਨ, ਤਾਮਿਲਨਾਡੂ ਵਿਚ 234, ਕੇਰਲ ਵਿਚ 140, ਆਸਾਮ ਵਿਚ 126 ਤੇ ਪੁੱਡੂਚੇਰੀ ਵਿਚ 30 ਸੀਟਾਂ। ਇਸ ਵਾਰ ਚੋਣਾਂ ਵਿੱਚ ਸਭ ਤੋਂ ਸਖਤ ਮੁਕਾਬਲਾ ਪੱਛਮੀ ਬੰਗਾਲ ਵਿਚ ਵੇਖਣ ਨੂੰ ਮਿਲ ਸਕਦਾ ਹੈ ਜਿਥੇ ਹੁਕਮਰਾਨ ਤ੍ਰਿਣਮੂਲ ਕਾਂਗਰਸ, ਭਾਜਪਾ ਅਤੇ ਖੱਬੀਆਂ ਪਾਰਟੀਆਂ ਤੇ ਕਾਂਗਰਸ ਦੇ ਗੱਠਜੋੜ ਵਿਚਾਲੇ ਤਿਕੌਣੀ ਟੱਕਰ ਹੈ। ਇਨ੍ਹਾਂ ਚੋਣਾਂ ਵਿੱਚ ਹੁਕਮਰਾਨ ਤ੍ਰਿਣਮੂਲ ਕਾਂਗਰਸ ਦੀ ਮੁਖੀ ਮਮਤਾ ਬੈਨਰਜੀ ਜਿਥੇ ਹੈਟ੍ਰਿਕ ਮਾਰਨ ਦੀ ਫਿਰਾਕ ਵਿੱਚ ਹੈ, ਉਥੇ ਹੀ ਖੱਬੀਆਂ ਪਾਰਟੀਆਂ ਤੇ ਕਾਂਗਰਸ ਗੱਠਜੋੜ ਆਪਣੀ ਗੁਆਚੀ ਹੋਂਦ ਨੂੰ ਬਹਾਲ ਕਰਨ ਲਈ ਮੈਦਾਨ ਵਿੱਚ ਉਤਰੇਗਾ ਜਦੋਂ ਕਿ ਭਾਜਪਾ ਦਾ ਉਦੇਸ਼ ਮਮਤਾ ਬੈਨਰਜੀ ਨੂੰ ਪਛਾੜ ਕੇ ਖੁਦ ਪੱਛਮੀ ਬੰਗਾਲ ਵਿੱਚ ਸੱਤਾ ’ਤੇ ਬਿਰਾਜਮਾਨ ਹੋਣਾ ਹੋਵੇਗਾ।


ਉਧਰ ਤਾਮਿਲਨਾਡੂ ਤੇ ਕੇਂਦਰ ਸ਼ਾਸਤ ਪ੍ਰਦੇਸ਼ ਪੁੱਡੂਚੇਰੀ ਵਿਚ ਕਾਂਗਰਸ ਅਤੇ ਡੀਐੱਮਕੇ ਤੇ ਖੱਬੀਆਂ ਪਾਰਟੀਆਂ ਦਾ ਗੱਠਜੋੜ ਤਾਂ ਪਹਿਲਾਂ ਹੀ ਬਣਿਆ ਹੈ। ਪਰ ਇਸ ਵਾਰ ਤਾਮਿਲਨਾਡੂ ’ਚ ਕਾਂਗਰਸ ਤੇ ਡੀਐਮਕੇ ’ਚ ਸੀਟਾਂ ਬਾਰੇ ਪੇਚ ਫਸਿਆ ਜਾਪਦਾ ਹੈ। ਖਬਰਾਂ ਮੁਤਾਬਕ ਇਥੇ ਡੀਐਮਕੇ ਇਸ ਵਾਰ ਕਾਂਗਰਸ ਨੂੰ ਜ਼ਿਆਦਾ ਸੀਟਾਂ ਦੇਣ ਦੇ ਰੌਂਅ ‘ਚ ਨਹੀਂ। ਪਿਛਲੀਆਂ ਵਿਧਾਨ ਸਭਾ ਚੋਣਾਂ ‘ਚ ਕਾਂਗਰਸ ਨੇ 41 ਸੀਟਾਂ ‘ਤੇ ਚੋਣ ਲੜੀ ਸੀ, ਜਦੋਂ ਕਿ ਇਸ ਵਾਰ ਡੀਐਮਕੇ ਕਾਂਗਰਸ ਨੂੰ 25 ਤੋਂ ਵੱਧ ਸੀਟਾਂ ਨਹੀਂ ਦੇਣਾ ਚਾਹੁੰਦੀ, ਸ਼ਾਇਦ ਇਹੋ ਵਜ੍ਹਾ ਹੈ ਕਿ ਕਾਂਗਰਸ ਵੀ ਡੀਐਮਕੇ ‘ਤੇ ਦਬਾਅ ਬਣਾਉਣ ਲਈ ਰਾਹੁਲ ਗਾਂਧੀ ਦੀਆਂ ਜ਼ਿਆਦਾ ਤੋਂ ਜ਼ਿਆਦਾ ਰੈਲੀਆਂ ਤੇ ਸੰਮੇਲਨ ਤਾਮਿਲਨਾਡੂ ‘ਚ ਕਰਵਾ ਰਹੀ ਹੈ। ਆਸਾਮ ਵਿਚ ਭਾਜਪਾ 2016 ਵਿਚ ਕਾਂਗਰਸ ਨੂੰ ਹਰਾ ਕੇ ਪਹਿਲੀ ਵਾਰ ਸੱਤਾ ਹਥਿਆਉਣ ’ਚ ਕਾਮਯਾਬ ਹੋਈ ਸੀ। ਉਥੇ ਵੀ ਇਸ ਵਾਰ ਖੱਬੀਆਂ ਜਮਹੂਰੀ ਪਾਰਟੀਆਂ ਦਾ ਗੱਠਜੋੜ ਭਾਜਪਾ ਨੂੰ ਭਾਰੀ ਟੱਕਰ ਦੇ ਸਕਦਾ ਹੈ। ਇਸ ਤੋਂ ਪਹਿਲਾਂ ਇਥੇ ਗੱਠਜੋੜ ‘ਚ ਕਾਂਗਰਸ ਤੇ ਬਦਰੂਦੀਨ ਅਜਮਲ ਦਾ ਆਲ ਇੰਡੀਆ ਯੂਨਾਈਟਿਡ ਡੈਮੋਕਰੇਟਿਕ ਫਰੰਟ, ਖੱਬੀਆਂ ਪਾਰਟੀਆਂ (ਸੀਪੀਆਈ, ਸੀਪੀਐੱਮ, ਸੀਪੀਆਈ-ਐੱਮਐੱਲ) ਤੇ ਆਂਚਲਿਕ ਗਣ ਮੋਰਚਾ ਸਨ, ਪਰ ਹੁਣ ਇਹ ਅੱਠ ਪਾਰਟੀਆਂ ਦਾ ਗੱਠਜੋੜ ਬਣ ਗਿਆ ਹੈ। ਕਾਂਗਰਸੀ ਸੂਤਰਾਂ ਦੇ ਹਵਾਲੇ ਨਾਲ ਇਕ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਪਾਰਟੀ ਦਾ ਸੰਗਠਨ ਕੇਰਲ ਤੇ ਅਸਾਮ ‘ਚ ਅਜੇ ਵੀ ਮਜ਼ਬੂਤ ਹੈ।

ਉਧਰ ਭਾਜਪਾ ਦੀ ਅਗਵਾਈ ਵਾਲੀ ਸਰਕਾਰ ਵਿਚ ਸ਼ਾਮਲ ਬੋਡੋਲੈਂਡ ਪੀਪਲਜ਼ ਫਰੰਟ (ਬੀਪੀਐੱਫ) ਵੀ ਕਾਂਗਰਸ ਵਾਲੇ ਗਠਜੋੜ ਨਾਲ ਰਲ ਗਿਆ ਹੈ। ਇਸ ਬਾਰੇ ਬੀਪੀਐੱਫ ਦੇ ਪ੍ਰਧਾਨ ਹਗਰਾਮਾ ਮੋਹੀਲਾਰੀ ਦਾ ਕਹਿਣਾ ਹੈ ਕਿ ਅਮਨ, ਏਕਤਾ ਤੇ ਵਿਕਾਸ ਲਈ ਕੰਮ ਕਰਨ ਅਤੇ ਆਸਾਮ ਨੂੰ ਭ੍ਰਿਸ਼ਟਾਚਾਰ ਤੋਂ ਮੁਕਤ ਕਰਕੇ ਇਕ ਪਾਇਦਾਰ ਸਰਕਾਰ ਮੁਹੱਈਆ ਕਰਾਉਣ ਲਈ ਉਨ੍ਹਾਂ ਇਹ ਫ਼ੈਸਲਾ ਕੀਤਾ ਹੈ। ਬੀਪੀਐਫ ਨੇ ਦਰਅਸਲ ਭਾਜਪਾ ਦਾ ਸਾਥ ਨਾਗਰਿਕਤਾ ਸੋਧ ਕਾਨੂੰਨ ਕਾਰਨ ਛੱਡਿਆ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਬੀਪੀਐੱਫ ਦੇ ਮਹਾਂ ਗੱਠਜੋੜ ’ਚ ਸ਼ਾਮਲ ਹੋਣ ਨਾਲ ਨਤੀਜੇ ਕਾਫ਼ੀ ਅਸਰਅੰਦਾਜ਼ ਹੋ ਸਕਦੇ ਹਨ। ਨਾਲ ਹੀ ਰਾਸ਼ਟਰੀ ਜਨਤਾ ਦਲ ਆ ਗਿਆ ਹੈ। ਕਾਂਗਰਸੀ ਆਗੂ ਪ੍ਰਦਯੁਤ ਬੋਰਦੋਲੋਈ ਦਾ ਕਹਿਣਾ ਹੈ ਕਿ ਸਾਡੇ ਪੁਰਾਣੇ ਸਾਥੀ ਨਾਲ ਆ ਰਹੇ ਹਨ ਤੇ ਸਾਫ ਦਿਖਾਈ ਦੇ ਰਿਹਾ ਹੈ ਕਿ ਹਵਾ ਕਿਸ ਪਾਸੇ ਵਹਿ ਰਹੀ ਹੈ। ਭਾਜਪਾ ਇਸ ਵਾਰ ਆਸਾਮ ਗਣ ਪ੍ਰੀਸ਼ਦ ਤੇ ਯੂਨਾਈਟਿਡ ਪੀਪਲਜ਼ ਪਾਰਟੀ ਲਿਬਰਲ ਨਾਲ ਮਿਲ ਕੇ ਚੋਣ ਮੈਦਾਨ ਵਿਚ ਹੈ।

ਇਨ੍ਹਾਂ ਚੋਣਾਂ ਵਿੱਚ ਵੇਖਿਆ ਜਾਵੇ ਤਾਂ ਸਭ ਦੀ ਨਜ਼ਰ ਪੱਛਮੀ ਬੰਗਾਲ ’ਤੇ ਟਿਕੀ ਹੈ ਕਿਉਂਕਿ ਇਸ ਸੂਬੇ ਵਿਚ ਜਿਥੇ ਕਿ ਭਾਜਪਾ ਪਿਛਲੇ ਕਈ ਮਹੀਨਿਆਂ ਤੋਂ ਤਿਆਰੀ ਵਿੱਚ ਰੁੱਝੀ ਹੈ, ਉਥੇ ਹੀ ਟੀਐੱਮਸੀ ਮੁਖੀ ਤੇ ਮੁੱਖ ਮੰਤਰੀ ਮਮਤਾ ਬੈਨਰਜੀ ਵੀ ਆਪਣੀ ਜਿੱਤ ਯਕੀਨੀ ਬਣਾਉਣ ਲਈ ਪੂਰੀ ਵਾਹ ਲਾ ਰਹੀ ਹੈ। ਪੱਛਮੀ ਬੰਗਾਲ ਵਿਚ 35 ਸਾਲ ਤੱਕ ਹਕੂਮਤ ਕਰਨ ਵਾਲੀਆਂ ਕਮਿਊਨਿਸਟ ਪਾਰਟੀਆਂ ਸੂਬੇ ਵੀ ਜੀਅ ਜਾਨ ਨਾਲ ਜੁਟੀਆਂ ਹਨ। ਇਸੇ ਰਣਨੀਤੀ ਤਹਿਤ ਅਸੰਬਲੀ ਚੋਣਾਂ ਦੇ ਐਲਾਨ ਤੋਂ ਬਾਅਦ ਖੱਬੀਆਂ ਪਾਰਟੀਆਂ, ਕਾਂਗਰਸ ਤੇ ਇੰਡੀਅਨ ਸੈਕੂਲਰ ਫਰੰਟ ਦੇ ਗਠਜੋੜ ਨੇ ਬੀਤੇ ਦਿਨੀਂ ਇਥੇ ਬ੍ਰਿਗੇਡ ਮੈਦਾਨ ‘ਚ ਰੈਲੀ ਕਰਕੇ ਆਪਣੀ ਤਾਕਤ ਦਾ ਪ੍ਰਦਰਸ਼ਨ ਕੀਤਾ। ਮਾਰਕਸੀ ਪਾਰਟੀ ਦੇ ਜਨਰਲ ਸਕੱਤਰ ਸੀਤਾ ਰਾਮ ਯੇਚੁਰੀ ਨੇ ਦਾਅਵਾ ਕੀਤਾ ਕਿ ਰੈਲੀ ਵਿਚ 10 ਲੱਖ ਲੋਕ ਸ਼ਾਮਲ ਹੋਏ। ਉਨ੍ਹਾਂ ਇਹ ਵੀ ਕਿਹਾ, ‘‘ਇਸ ਵਾਰ ਚੋਣਾਂ ‘ਚ ਸਾਡੀਆਂ ਵੋਟਾਂ ਵਧਣਗੀਆਂ ਤੇ ਅਸੀਂ ਜਿੱਤਾਂਗੇ।’’ ਯੇਚੁਰੀ ਨੇ ਇਹ ਵੀ ਕਿਹਾ ਕਿ ਜਿਵੇਂ ਸਿੰਘੂ ਬਾਰਡਰ ‘ਤੇ ਕਿਸਾਨ ਮੋਦੀ ਦੀਆਂ ਲੋਕ ਵਿਰੋਧੀ ਨੀਤੀਆਂ ਖਿਲਾਫ ਡਟੇ ਹੋਏ ਹਨ, ਉਸੇ ਤਰ੍ਹਾਂ ਇਥੇ ਅਸੀਂ ਕਰ ਸਕਦੇ ਹਾਂ। ਇਸ ਮੌਕੇ ਛੱਤੀਸਗੜ੍ਹ ਦੇ ਮੁੱਖ ਮੰਤਰੀ ਤੇ ਕਾਂਗਰਸ ਆਗੂ ਭੂਪੇਸ਼ ਬਘੇਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਸੁਭਾਸ਼ ਚੰਦਰ ਬੋਸ ਦੀ ਜੈਅੰਤੀ ਮਨਾਉਣ ਇਥੇ ਆਉਂਦੇ, ਪਰ ਉਨ੍ਹਾਂ ਨੂੰ ਆਪਣਾ ਇਤਿਹਾਸ ਪੜ੍ਹਨਾ ਚਾਹੀਦਾ ਹੈ।

ਸਾਵਰਕਰ ਨੂੰ ਮੰਨਣ ਵਾਲੇ ਬੋਸ ਦੇ ਉੱਤਰਾਧਿਕਾਰੀ ਨਹੀਂ ਬਣ ਸਕਦੇ। ਕਾਂਗਰਸ ਆਗੂ ਅਧੀਰ ਰੰਜਨ ਚੌਧਰੀ ਨੇ ਲੋਕਾਂ ਨੂੰ ਮਮਤਾ ਸਰਕਾਰ ਹਟਾ ਕੇ ਗਠਜੋੜ ਦੀ ਸਰਕਾਰ ਲਿਆਉਣ ਲਈ ਸੱਦਾ ਦਿੱਤਾ। ਫਰੰਟ ਦੇ ਪ੍ਰਧਾਨ ਪੀਰਜ਼ਾਦਾ ਅੱਬਾਸ ਸਿੱਦੀਕੀ ਨੇ ਕਿਹਾ ਕਿ ਬੰਗਾਲ ਨੂੰ ਬਚਾਉਣ ਲਈ ਉਹ ਖੂਨ ਦੇਣ ਨੂੰ ਵੀ ਤਿਆਰ ਹਨ ਇਸੇ ਦੌਰਾਨ ਕੋਲਕਾਤਾ ਵਿਚ ਇਕ ਰੈਲੀ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਮਤਾ ਬੈਨਰਜੀ ’ਤੇ ਦੋਸ਼ ਲਾਇਆ ਕਿ ‘ਮਮਤਾ ਦੀਦੀ’ ਨੇ ਬੰਗਾਲ ਦਾ ਵਿਸ਼ਵਾਸ ਤੋੜਿਆ ਹੈ, ਜਿਸ ਕਾਰਨ ਇਥੇ ਪਰਿਵਰਤਨ ਜ਼ਰੂਰੀ ਹੈ। ਜਵਾਬ ਵਿੱਚ ਬੀਬੀ ਬੈਨਰਜੀ ਨੇ ਕਿਹਾ ਕਿ ਤਬਦੀਲੀ ਦਿੱਲੀ ਵਿਚ ਹੋਵੇਗੀ, ਬੰਗਾਲ ਵਿੱਚ ਨਹੀਂ। ਕੁੱਲ ਮਿਲਾ ਕੇ ਪਿਛਲੇ ਸਮੇਂ ਤੋਂ ਜਿਵੇਂ ਦੇਸ਼ ’ਚ ਪੈਟਰੋਲ-ਡੀਜ਼ਲ ਅਤੇ ਗੈਸ ਸਿਲੰਡਰ ਦੀਆਂ ਕੀਮਤਾਂ ’ਚ ਇਜ਼ਾਫ਼ਾ ਹੋਇਆ ਹੈ ਅਤੇ ਇਸ ਮਹਿੰਗਾਈ ਦੇ ਦੌਰ ਵਿੱਚ ਗਰੀਬੀ ਦੀ ਮਾਰ ਝੱਲ ਰਹੇ ਲੋਕਾਂ ਦਾ ਜਿਊਣਾ ਮੁਹਾਲ ਹੋਇਆ ਹੈ, ਉਸ ਨੇ ਮੱਧ ਵਰਗ ਦੀ ਹਾਲਤ ਖ਼ਰਾਬ ਕਰ ਕੇ ਰੱਖ ਦਿੱਤੀ ਹੈ।

ਦੂਜੇ ਪਾਸੇ ਪਿਛਲੇ ਕਈ ਮਹੀਨਿਆਂ ਤੋਂ ਜਿਸ ਪ੍ਰਕਾਰ ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਦਿੱਲੀ ਦੀਆਂ ਬਰੂਹਾਂ ’ਤੇ ਡਟੇ ਹੋਏ ਹਨ ਅਤੇ ਹੁਣ ਮਹਾਂ ਪੰਚਾਇਤਾਂ ਰਾਹੀਂ ਨਵੇਂ ਖੇਤੀ ਕਾਨੂੰਨਾਂ ਖਿਲਾਫ ਅਤੇ ਐੱਮਐੱਸਪੀ ਆਦਿ ਬਾਰੇ ਕਾਨੂੰਨ ਨੂੰ ਲੈ ਕੇ ਲੋਕਾਂ ਵਿਚ ਜਾਗਰੂਕਤਾ ਪੈਦਾ ਕਰ ਰਹੇ ਹਨ, ਉਸ ਨਾਲ ਕਿਸਾਨਾਂ ਦਾ ਇਹ ਅੰਦੋਲਨ ਨਿਰਸੰਦੇਹ ਪੂਰੇ ਦੇਸ਼ ਵਿੱਚ ਆਪਣੇ ਪੈਰ ਪਸਾਰਦਾ ਜਾ ਰਿਹਾ ਹੈ, ਜਿਸ ਦਾ ਭਾਜਪਾ ਨੂੰ ਕਾਫ਼ੀ ਨੁਕਸਾਨ ਹੋਣ ਦੇ ਕਿਆਸ ਲਾਏ ਜਾ ਰਹੇ ਹਨ। ਦਰਅਸਲ ਮੋਦੀ ਸਰਕਾਰ ਦੀਆਂ ਨੀਤੀਆਂ ਵਿਰੁੱਧ ਲੋਕਾਂ ਵਿੱਚ ਜੋ ਰੋਹ ਇਸ ਸਮੇਂ ਵੇਖਣ ਨੂੰ ਮਿਲ ਰਿਹਾ ਹੈ, ਉਸ ਦੀ ਮਿਸਾਲ ਪਿਛਲੇ ਸੱਤ ਸਾਲਾਂ ਦੌਰਾਨ ਨਹੀਂ ਮਿਲਦੀ। ਪਿਛਲੇ ਦਿਨੀਂ ਪੰਜਾਬ ਦੀਆਂ ਮਿਊਂਸੀਪਲ ਚੋਣਾਂ ਤੇ ਹੁਣੇ ਜਿਹੇ ਹੋਈਆਂ ਦਿੱਲੀ ਐਮਸੀਡੀ ਦੀਆਂ ਜ਼ਿਮਨੀ ਚੋਣਾਂ ’ਚ ਭਾਜਪਾ ਦਾ ਜਿਸ ਤਰ੍ਹਾਂ ਪੱਤਾ ਸਾਫ ਹੋਇਆ, ਉਸ ਤੋਂ ਪਾਰਟੀ ਪ੍ਰਤੀ ਜਨਤਾ ਵਿਚ ਪਾਏ ਜਾ ਰਹੇ ਰੋਸੇ ਦਾ ਅੰਦਾਜ਼ਾ ਸਹਿਜੇ ਹੀ ਲਗਾਇਆ ਜਾ ਸਕਦਾ ਹੈ। ਜੇ ਭਾਜਪਾ ਆਪਣੀ ਡਿੱਗ ਰਹੀ ਸਾਖ ਨੂੰ ਬਚਾਉਣਾ ਚਾਹੁੰਦੀ ਹੈ ਤਾਂ ਉਸ ਨੂੰ ਆਪਣੀ ਸਰਕਾਰ ਦੀਆਂ ਨੀਤੀਆਂ ’ਤੇ ਨਜ਼ਰਸਾਨੀ ਕਰ ਕੇ ਇਨ੍ਹਾਂ ਵਿਚਲੀਆਂ ਊਣਤਾਈਆਂ ਨੂੰ ਪਹਿਲ ਦੇ ਆਧਾਰ ’ਤੇ ਦੂਰ ਕਰਨਾ ਅਤੇ ਲੋਕਾਂ ਨੂੰ ਪੇਸ਼ ਆ ਰਹੀਆਂ ਸਮੱਸਿਆਵਾਂ ਨੂੰ ਫੌਰਨ ਦੂਰ ਕਰਨ ਲਈ ਠੋਸ ਕਦਮ ਚੁੱਕਣੇ ਚਾਹੀਦੇ ਹਨ। ਨਹੀਂ ਤਾਂ ਹਾਕਮ ਜਮਾਤ ਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਜਮਹੂਰੀਅਤ ਵਿਚ ਜੇ ਲੋਕ ਕਿਸੇ ਨੂੰ ਫਰਸ਼ ਤੋਂ ਅਰਸ਼ ’ਤੇ ਪਹੁੰਚਾ ਸਕਦੇ ਹਨ ਤਾਂ ਉਹੀ ਲੋਕ ਅਰਸ਼ ਤੋਂ ਫਰਸ਼ ’ਤੇ ਵੀ ਪਟਕਾ ਸਕਦੇ ਹਨ।

Leave a Reply

Your email address will not be published. Required fields are marked *