ਪੰਜਾਬ ਵਿੱਚ ਕਈ ਸਾਲ ਬਾਅਦ ਦਿਸੀ ਕੂੰਜ

Home » Blog » ਪੰਜਾਬ ਵਿੱਚ ਕਈ ਸਾਲ ਬਾਅਦ ਦਿਸੀ ਕੂੰਜ
ਪੰਜਾਬ ਵਿੱਚ ਕਈ ਸਾਲ ਬਾਅਦ ਦਿਸੀ ਕੂੰਜ

ਗੁਰਮੀਤ ਸਿੰਘ / ਕੂੰਜ ਇੱਕ ਪਰਵਾਸੀ ਪੰਛੀ ਹੈ ਜੋ ਕਈ ਸਾਲਾਂ ਤੋਂ ਪੰਜਾਬ ਵਿੱਚ ਨਹੀਂ ਵੇਖਿਆ ਗਿਆ। ਤਿੰਨ ਮਹੀਨੇ ਪਹਿਲਾਂ ਇੱਕ ਕੂੰਜ ਪਾਣੀ ਦੇ ਕੰਢੇ ਫ਼ਰੀਦਕੋਟ ਸ਼ਹਿਰ ਵਿੱਚ ਵੇਖੀ ਗਈ।

ਇਸ ਦੀਆਂ ਫੋਟੋਆਂ ਗਗਨ ਸਿੰਘ ਬੇਦੀ ਵੱਲੋਂ ਖਿੱਚੀਆਂ ਗਈਆਂ। ਕੂੰਜ ਨੂੰ ਅੰਗਰੇਜ਼ੀ ਵਿੱਚ ‘ਡੈਮੌਇਜੈੱਲ ਕਰੇਨ’, ਉੱਤਰੀ ਭਾਰਤ ਦੀਆਂ ਭਾਸ਼ਾਵਾਂ ਵਿੱਚ ਕੂੰਜ/ਕੁਰਜਨ ਵਜੋਂ ਜਾਣਿਆ ਜਾਂਦਾ ਹੈ। ਕੂੰਜ ਨਾਮ ਸੰਸਕ੍ਰਿਤ ਦੇ ਸ਼ਬਦ ਕ੍ਰੌਂਚ ਤੋਂ ਲਿਆ ਗਿਆ ਹੈ ਜੋ ਕਿ ਕਰੇਨ ਲਈ ਇੱਕ ਸੰਪੂਰਨ ਇੰਡੋ-ਯੂਰਪੀ ਸ਼ਬਦ ਹੈ। ਇਹ ਕੂੰਜ ਸਾਰੀਆਂ ਕੂੰਜਾਂ ਦੇ ਪਰਿਵਾਰ ਵਿੱਚੋਂ ਸਭ ਤੋਂ ਛੋਟੀ ਗਿਣੀ ਗਈ ਹੈ। ਇਸ ਛੋਟੇ ਸਿਰ, ਲੰਬੀ ਧੌਣ ਅਤੇ ਲੰਬੀਆਂ ਲੱਤਾਂ ਵਾਲੀ ਕੂੰਜ ਦੀ ਉਚਾਈ 75 ਤੋਂ 100 ਸੈਂਟੀਮੀਟਰ, ਪਰਾਂ ਦਾ ਪਸਾਰ 155 ਤੋਂ 180 ਸੈਂਟੀਮੀਟਰ ਅਤੇ ਭਾਰ 2 ਤੋਂ 3 ਕਿਲੋਗ੍ਰਾਮ ਹੁੰਦਾ ਹੈ। ਇਸ ਕੂੰਜ ਦਾ ਰੰਗ ਪਿਲੱਤਣ ਵਾਲੀ ਨੀਲੀ ਭਾਅ ਵਾਲਾ ਸਲੇਟੀ ਹੁੰਦਾ ਹੈ। ਇਨ੍ਹਾਂ ਦੇ ਕਾਲੇ ਸਿਰ ਹੇਠਾਂ ਠੋਡੀ ਤੋਂ ਸ਼ੁਰੂ ਹੋ ਕੇ, ਗਰਦਨ ਦੇ ਥੱਲੇ ਤੱਕ ਕਾਲੇ ਲੰਬੇ ਖੰਭਾਂ ਦੀ ਦਾੜ੍ਹੀ ਜਿਹੀ ਹੁੰਦੀ ਹੈ। ਇਨ੍ਹਾਂ ਕੂੰਜਾਂ ਦੀਆਂ ਅੱਖਾਂ ਲਾਲ, ਚੁੰਝ ਸੁਰਮਈ ਹੁੰਦੀ ਹੈ ਜੋ ਸਿਰੇ ਤੋਂ ਪੀਲੀਆਂ ਅਤੇ ਪਹੁੰਚੇ ਕਾਲੇ ਹੁੰਦੇ ਹਨ। ਨਰ ਤੇ ਮਾਦਾ ਇੱਕੋ ਜਿਹੇ ਲੱਗਦੇ ਹਨ। ਗਰਦਨ ਦਾ ਪਿੱਠ ਵਾਲਾ ਪਾਸਾ ਚਿੱਟਾ ਹੁੰਦਾ ਹੈ। ਹੇਠਾਂ ਤੋਂ ਮੁੜੇ ਹੋਏ ਲੰਬੇ ਲੰਬੇ ਖੰਭਾਂ ਨਾਲ ਬਣੀ ਪੂਛ ਕਾਲੀ ਹੁੰਦੀ ਹੈ।

ਇਨ੍ਹਾਂ ਦੀਆਂ ਲੱਤਾਂ ਵੀ ਕਾਲੀਆਂ ਹੁੰਦੀਆਂ ਹਨ। ਭਾਰਤ ਵਿੱਚ ਪਰਵਾਸ ਕਰਨ ਵਾਲੀਆਂ ਕੂੰਜਾਂ ਮੰਗੋਲੀਆ, ਚੀਨ ਅਤੇ ਮੱਧ ਯੂਰਪ ਵਿੱਚ ਆਪਣੀਆਂ ਗਰਮੀਆਂ ਕੱਟਦੀਆਂ ਹਨ ਅਤੇ ਉੱਥੇ ਹੀ ਬੱਚੇ ਕੱਢਦੀਆਂ ਹਨ। ਇਹ ਕੂੰਜਾਂ 400 ਤੋਂ 1000 ਦੀ ਗਿਣਤੀ ਵਿੱਚ ਕਾਫ਼ਲਿਆਂ ਵਿੱਚ ਅੰਗਰੇਜ਼ੀ ਦੇ ਅੱਖਰ ‘ਵੀ’ (ੜ) ਦੇ ਆਕਾਰ ਵਿੱਚ ਅਕਤੂਬਰ ਦੇ ਸ਼ੁਰੂ ਵਿੱਚ ਭਾਰਤ ਪਹੁੰਚ ਜਾਂਦੀਆਂ ਹਨ। ਆਪਣੇ ਲੰਬੇ ਤੇ ਜੋਖ਼ਮ ਭਰੇ ਪੈਂਡੇ ਵਿੱਚ ਬਹੁਤ ਸਾਰੀਆਂ ਕੂੰਜਾਂ ਭੁੱਖ, ਥਕਾਵਟ, ਸ਼ਿਕਾਰੀ ਪੰਛੀਆਂ ਜਾਂ ਚੋਰ ਸ਼ਿਕਾਰੀਆਂ ਹੱਥੋਂ ਮਾਰੀਆਂ ਵੀ ਜਾਂਦੀਆਂ ਹਨ। ਕਈ ਵਾਰ ਕੁਝ ਪੰਛੀ ਗਰੁੱਪ ਨਾਲੋਂ ਵਿੱਛੜ ਵੀ ਜਾਂਦੇ ਹਨ। ਫ਼ਰੀਦਕੋਟ ਵਿੱਚ ਵੇਖੀ ਕੂੰਜ ਦੀ ਕਹਾਣੀ ਵੀ ਇਹੋ ਜਿਹੀ ਜਾਪਦੀ ਹੈ। ਪਰਵਾਸ ਵੇਲੇ ਠੰਢੇ ਇਲਾਕਿਆਂ ਵਿੱਚ ਇਹ ਕੂੰਜਾਂ ਖੁਸ਼ਕ ਘਾਹ ਦੇ ਮੈਦਾਨਾਂ ਵਿੱਚ ਹਰਿਆਵਲ ਹੀ ਖਾਂਦੀਆਂ ਹਨ।

ਸਾਡੇ ਦੇਸ਼ ਵਿੱਚ ਇਹ ਪਾਣੀ ਦੇ ਸੋਮਿਆਂ ਝੀਲਾਂ, ਛੰਭਾਂ, ਛੱਪੜਾਂ ਵੱਡੇ ਦਰਿਆਵਾਂ ਦੇ ਨੇੜੇ ਰਹਿੰਦੀਆਂ ਹਨ। ਇਹ ਖੇਤਾਂ ਵਿੱਚ ਮੂੰਗਫਲੀ, ਦਾਣੇ, ਕੀੜੇ ਮਕੌੜੇ, ਡੱਡੂ, ਕਿਰਲੀਆਂ ਤੇ ਸੱਪ ਆਦਿ ਖਾਂਦੀਆਂ ਹਨ। ਕੂੰਜਾਂ ਦੀ ਸੁਰੱਖਿਆ ਲਈ ਇੱਕ ਅੰਤਰਰਾਸ਼ਟਰੀ ਕਰੇਨ ਫਾਊਂਡੇਸ਼ਨ ਸੰਸਥਾ ਹੈ, ਜਿਸ ਵਿੱਚ ਸੰਯੁਕਤ ਰਾਜ ਅਮਰੀਕਾ ਵਿੱਚ ਸਥਿਤ ਕੂੰਜਾਂ (ਕਰੇਨਾਂ) ਦੀਆਂ 15 ਕਿਸਮਾਂ ਦੀ ਸੁਰੱਖਿਆ ਲਈ ਯਤਨ ਕੀਤੇ ਜਾਂਦੇ ਹਨ। ਅੱਜ ਅਸੀਂ ਆਪਣੇ ਜਲ ਸੋਮਿਆਂ ਝੀਲਾਂ, ਛੰਭਾਂ, ਛੱਪੜਾਂ ਅਤੇ ਦਰਿਆਵਾਂ ਨੂੰ ਇਸ ਕਦਰ ਗੰਧਲਾ ਕਰ ਦਿੱਤਾ ਹੈ ਕਿ ਹੁਣ ਕੂੰਜਾਂ ਹਰ ਸਾਲ ਹਜ਼ਾਰਾਂ ਦੀ ਗਿਣਤੀ ਵਿੱਚ ਰਾਜਸਥਾਨ ਦੇ ਬੀਕਾਨੇਰ ਦੇ ਇਲਾਕੇ ਵਿੱਚ ਪਰਵਾਸ ਕਰਨ ਜਾਂਦੀਆਂ ਹਨ।

Leave a Reply

Your email address will not be published.