ਪੰਜਾਬ ਵਿਚ ਤੀਜੇ ਸਿਆਸੀ ਫਰੰਟ ਬਾਰੇ ਮੁੜ ਛਿੜੀ ਚਰਚਾ

Home » Blog » ਪੰਜਾਬ ਵਿਚ ਤੀਜੇ ਸਿਆਸੀ ਫਰੰਟ ਬਾਰੇ ਮੁੜ ਛਿੜੀ ਚਰਚਾ
ਪੰਜਾਬ ਵਿਚ ਤੀਜੇ ਸਿਆਸੀ ਫਰੰਟ ਬਾਰੇ ਮੁੜ ਛਿੜੀ ਚਰਚਾ

ਚੰਡੀਗੜ੍ਹ: ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਦੀਆਂ ਸਿਆਸੀ ਧਿਰਾਂ ਵਿਚ ਹਿਲਜੁਲ ਸ਼ੁਰੂ ਹੋ ਗਈ ਹੈ। ਸੂਬੇ ਦੀਆਂ ਰਵਾਇਤੀ ਧਿਰਾਂ (ਕਾਂਗਰਸ ਅਕਾਲੀ ਦਲ) ਖਿਲਾਫ ਸਾਂਝੇ ਮੋਰਚੇ ਦੀ ਗੱਲ ਵੀ ਜ਼ੋਰ-ਸ਼ੋਰ ਨਾਲ ਤੁਰ ਪਈ ਹੈ।

ਸ਼੍ਰੋਮਣੀ ਅਕਾਲੀ ਦਲ (ਡੈਮੋਕਰੈਟਿਕ) ਅਤੇ ਅਕਾਲੀ ਦਲ ਟਕਸਾਲੀ ਦੇ ਰਲੇਵੇਂ ਦਾ ਰਾਹ ਸਾਫ ਹੋ ਗਿਆ ਤੇ ਸਿਰਫ ਰਸਮੀ ਐਲਾਨ ਹੀ ਬਾਕੀ ਹੈ। ਇਸ ਵੇਲੇ ਸਭ ਤੋਂ ਵੱਧ ਚਰਚਾ ਆਮ ਆਦਮੀ ਪਾਰਟੀ, ਬਸਪਾ ਅਤੇ ਅਕਾਲੀ ਦਲ (ਡੀ) ਵਿਚਕਾਰ ਸਮਝੌਤੇ ਬਾਰੇ ਹੈ। ਪਤਾ ਲੱਗਾ ਹੈ ਕਿ ਬਸਪਾ ਦੀ ਇਕ ਪਾਸੇ ‘ਆਪਅਤੇ ਸੁਖਦੇਵ ਸਿੰਘ ਢੀਂਡਸਾ ਦੀ ਅਗਵਾਈ ਵਾਲੇ ਅਕਾਲੀ ਦਲ (ਡੀ) ਨਾਲ ਗੱਲਬਾਤ ਚੱਲ ਰਹੀ ਹੈ ਅਤੇ ਦੂਜੇ ਪਾਸੇ ਅਕਾਲੀ ਦਲ ਬਾਦਲ ਨਾਲ ਵੀ ਗੱਲਬਾਤ ਜਾਰੀ ਹੈ। ਸ਼੍ਰੋਮਣੀ ਅਕਾਲੀ ਦਲ (ਡੀ) ਦੇ ਆਮ ਆਦਮੀ ਪਾਰਟੀ (ਆਪ) ਨਾਲ ਰਲ ਕੇ ਚੋਣਾਂ ਲੜਨ ਦੇ ਚਰਚੇ ਹਨ। ‘ਆਪ ਪੰਜਾਬ ਦੇ ਸਹਿ ਇੰਚਾਰਜ ਰਾਘਵ ਚੱਢਾ ਤੇ ਸੁਖਦੇਵ ਸਿੰਘ ਢੀਂਡਸਾ ਵਿਚਾਲੇ ਮੀਟਿੰਗ ਵੀ ਹੋ ਚੁੱਕੀ ਹੈ ਪਰ ‘ਆਪ` ਰਲ ਕੇ ਚੋਣਾਂ ਲੜਨ ਤੋਂ ਇਨਕਾਰੀ ਹੈ। ਹਾਲਾਂਕਿ ਸ਼੍ਰੋਮਣੀ ਅਕਾਲੀ ਦਲ (ਡੈਮੋਕਰੈਟਿਕ) ਦੇ ਸੀਨੀਅਰ ਆਗੂ ਪਰਮਿੰਦਰ ਸਿੰਘ ਢੀਂਡਸਾ ਤਰਕ ਦੇ ਰਹੇ ਹਨ ਕਿ ਪੰਜਾਬ ਦੇ ਬਿਹਤਰ ਭਵਿੱਖ ਲਈ ਹਮਖਿਆਲ ਲੋਕਾਂ ਜਾਂ ਹਮਖਿਆਲ ਪਾਰਟੀਆਂ ਵਿਚਾਲੇ ਸਮਝੌਤਾ ਹੋਣਾ ਮਾੜਾ ਨਹੀਂ ਹੈ।

ਪੰਜਾਬ ਅਤੇ ਪੰਥ ਦੇ ਸੁਨਹਿਰੇ ਭਵਿੱਖ ਲਈ ਕਾਂਗਰਸ, ਸ਼੍ਰੋਮਣੀ ਅਕਾਲੀ ਦਲ ਬਾਦਲ ਅਤੇ ਭਾਜਪਾ ਨੂੰ ਛੱਡ ਕੇ ਕਿਸੇ ਵੀ ਹਮਖਿਆਲੀ ਪਾਰਟੀ ਨਾਲ ਚੋਣ ਸਮਝੌਤਾ ਕੀਤਾ ਜਾ ਸਕਦਾ ਹੈ। ਉਧਰ, ਕਾਂਗਰਸੀ ਵਿਧਾਇਕ ਨਵਜੋਤ ਸਿੰਘ ਸਿੱਧੂ ਦੀਆਂ ਪਿਛਲੇ ਕੁਝ ਦਿਨਾਂ ਤੋਂ ਸਰਗਰਮੀਆਂ ਚਰਚਾ ਵਿਚ ਹਨ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸ਼ਹਿਰ ਪਟਿਆਲਾ ਵਿਚ ਅਚਾਨਕ ਸੱਦੀ ਪ੍ਰੈਸ ਕਾਨਫਰੰਸ ਅਤੇ ਇਸ ਤੋਂ ਬਾਅਦ ਬਰਗਾੜੀ ਵਿਚ ਜਾ ਕੇ ਕੋਟਕਪੁਰਾ ਜਾਂਚ ਰੱਦ ਕਰਨ ਦੇ ਮਾਮਲੇ ਉਤੇ ਆਪਣੀ ਹੀ ਸਰਕਾਰ ਉਤੇ ਤਿੱਖੇ ਸਵਾਲ ਚੁੱਕਣਾ ਸੰਕੇਤ ਦਿੰਦਾ ਹੈ ਕਿ ਆਉਣ ਵਾਲੇ ਦਿਨਾਂ ਵਿਚ ਸਿੱਧੂ ਕੋਈ ਵੱਡਾ ਫੈਸਲਾ ਕਰ ਸਕਦੇ ਹਨ। ਯਾਦ ਰਹੇ ਕਿ ਪਿਛਲੇ ਤਕਰੀਬਨ ਡੇਢ ਸਾਲ ਤੋਂ ਸਿੱਧੂ ਵੱਲੋਂ ਕੈਪਟਨ ਖਿਲਾਫ ਬਾਗੀ ਰਵੱਈਆ ਅਪਣਾਇਆ ਹੋਇਆ ਹੈ।

ਬੜੀਆਂ ਕੋਸ਼ਿਸ਼ਾਂ ਦੇ ਬਾਵਜੂਦ ਦੋਵਾਂ ਆਗੂਆਂ ਵਿਚ ਦੂਰੀਆਂ ਘਟਾਈਆਂ ਨਹੀਂ ਜਾ ਸਕੀਆਂ। ਹੁਣ ਚੋਣਾਂ ਸਿਰ ਉਤੇ ਹਨ ਤੇ ਸਿੱਧੂ ਦਾ ਬਾਗੀ ਰੁਖ ਕਾਂਗਰਸ ਨੂੰ ਵੱਡਾ ਝਟਕਾ ਦੇ ਸਕਦਾ ਹੈ। ਅਸਲ ਵਿਚ, ਇਸ ਵਾਰ ਸੂਬੇ ਦੀਆਂ ਰਵਾਇਤੀ ਧਿਰਾਂ ਲਈ ਹਾਲਾਤ ਕੁਝ ਵੱਖਰੇ ਹਨ। ਖੇਤੀ ਕਾਨੂੰਨਾਂ ਖਿਲਾਫ ਚੱਲ ਰਹੇ ਕਿਸਾਨੀ ਸੰਘਰਸ਼ ਸਥਾਪਤ ਸਿਆਸੀ ਧਿਰਾਂ ਲਈ ਵੱਡੀ ਚੁਣੌਤੀ ਬਣ ਗਏ ਹਨ। ਕਾਂਗਰਸ, ਸ਼੍ਰੋਮਣੀ ਅਕਾਲੀ ਦਲ ਬਾਦਲ ਤੇ ਭਾਜਪਾ ਨੂੰ ਇਸ ਦਾ ਸਭ ਤੋਂ ਵੱਧ ਸੇਕ ਲੱਗਣ ਦੇ ਆਸਾਰ ਹਨ। ਕਿਸਾਨ ਜਥੇਬੰਦੀਆਂ ਨੇ ਸਪਸ਼ਟ ਆਖ ਦਿੱਤਾ ਹੈ ਕਿ ਔਖੇ ਵੇਲੇ ਪੰਜਾਬ ਨਾਲ ਖੜ੍ਹਨ ਤੋਂ ਭੱਜਣ ਵਾਲੀਆਂ ਸਿਆਸੀ ਧਿਰਾਂ ਖਿਲਾਫ ਵੀ ਮੋਰਚਾ ਲਾਇਆ ਜਾਵੇਗਾ ਤੇ 2022 ਦੀਆਂ ਚੋਣਾਂ ਵਿਚ ਅਜਿਹੀਆਂ ਧਿਰਾਂ ਨੂੰ ਵੱਡੀ ਚੁਣੌਤੀ ਦਿੱਤੀ ਜਾਵੇਗੀ। ਹੁਣ ਤੱਕ ਬਣੇ ਹਾਲਾਤ ਮੁਤਾਬਕ ਕਿਸਾਨ ਜਥੇਬੰਦੀਆਂ ਕਾਂਗਰਸ, ਸ਼੍ਰੋਮਣੀ ਅਕਾਲੀ ਦਲ ਬਾਦਲ ਤੇ ਭਾਜਪਾ ਨੂੰ ਕੌੜੀਆਂ ਅੱਖਾਂ ਨਾਲ ਦੇਖ ਰਹੀਆਂ ਹਨ ਤੇ ਚੋਣਾਂ ਤੋਂ ਪਹਿਲਾਂ ਕਿਸੇ ਤੀਜੀ ਧਿਰ ਦੇ ਖੜ੍ਹੇ ਹੋਣ ਦੀ ਉਡੀਕ ਵਿਚ ਹਨ।

Leave a Reply

Your email address will not be published.