ਪੰਜਾਬ ਵਿਚ ਟਰਾਂਸਪੋਰਟ ਮਾਫੀਆ ਦੀ ਆਈ ਸ਼ਾਮਤ

ਚੰਡੀਗੜ੍ਹ: ਪੰਜਾਬ ਵਿਚ ਇਕ-ਇਕ ਪਰਮਿਟ ‘ਤੇ ਚੱਲਦੀਆਂ ਚਾਰ-ਚਾਰ ਬੱਸਾਂ ਨੂੰ ਨਵੇਂ ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਬਰੇਕਾਂ ਲਵਾ ਦਿੱਤੀਆਂ ਹਨ।

ਪੰਜਾਬ ਦੇ ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਇਥੇ ਟਰਾਂਸਪੋਰਟ ਅਧਿਕਾਰੀ ਨੂੰ ਪਰਮਿਟ ਅਤੇ ਟੈਕਸ ਦੀ ਅਦਾਇਗੀ ਤੋਂ ਬਿਨਾਂ ਸੜਕਾਂ ‘ਤੇ ਚੱਲਦੀਆਂ ਬੱਸਾਂ ਬੰਦ ਕਰਨ ਦੇ ਹੁਕਮ ਦਿੱਤੇ। ਉਨ੍ਹਾਂ ਕਿਹਾ ਕਿ ਭਾਵੇਂ ਕੋਈ ਕਿੰਨਾ ਵੀ ਵੱਡਾ ਸਿਆਸੀ ਰਸੂਖ਼ ਵਾਲਾ ਟਰਾਂਸਪੋਰਟਰ ਹੋਵੇ, ਬੇਖ਼ੌਫ ਕਾਰਵਾਈ ਕੀਤੀ ਜਾਵੇ। ਰਾਜਾ ਵੜਿੰਗ ਨੇ ਕਿਹਾ ਕਿ ਉਹ 15 ਦਿਨਾਂ ਦੇ ਅੰਦਰ-ਅੰਦਰ ਟਰਾਂਸਪੋਰਟ ਮਾਫੀਆ ਖਤਮ ਕਰ ਦੇਣਗੇ ਤੇ ਇਹ ਪਹਿਲੀ ਵਾਰ ਹੋਵੇਗਾ ਕਿ ਪੰਜਾਬ ਰੋਡਵੇਜ਼, ਪਨਬੱਸ ਤੇ ਪੀ.ਆਰ.ਟੀ.ਸੀ. ਟਰਾਂਸਪੋਰਟ ਮੁਨਾਫੇ ‘ਚ ਚਲੀ ਜਾਵੇਗੀ। ਰਾਜਾ ਵੜਿੰਗ ਦੇ ਹੁਕਮਾਂ ਮਗਰੋਂ ਰਿਜਨਲ ਟਰਾਂਸਪੋਰਟ ਅਥਾਰਟੀ ਅਤੇ ਪੁਲਿਸ ਪ੍ਰਸ਼ਾਸਨ ਨੇ 40 ਗੈਰਕਾਨੂੰਨੀ ਟੂਰਿਸਟ ਬੱਸਾਂ ਆਪਣੇ ਕਬਜ਼ੇ ਵਿਚ ਲੈ ਲਈਆਂ ਹਨ। ਲੁਧਿਆਣਾ ਵਿਚ ਸਫਾਈ ਮੁਹਿੰਮ ਦੀ ਸ਼ੁਰੂਆਤ ਕਰਨ ਪਹੁੰਚੇ ਰਾਜਾ ਵੜਿੰਗ ਨੇ ਕਿਹਾ ਕਿ ਪੰਜਾਬ ਰੋਡਵੇਜ਼, ਪਨਬੱਸ ਅਤੇ ਪੀ.ਆਰ.ਟੀ.ਸੀ. ਨੂੰ ਨੁਕਸਾਨ ਪਹੁੰਚਾਉਣ ਵਾਲੇ ਟਰਾਂਸਪੋਰਟ ਮਾਫੀਆ ਨੂੰ ਪੂਰੀ ਤਰ੍ਹਾਂ ਨਕੇਲ ਪਾਈ ਜਾਵੇਗੀ। ਨਾਜਾਇਜ਼ ਪਰਮਿਟ ਅਤੇ ਟੈਕਸ ਨਾ ਦੇਣ ਵਾਲੀਆਂ ਬੱਸਾਂ ਨੂੰ ਚੱਲਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।

ਉਨ੍ਹਾਂ ਕਿਹਾ ਕਿ ਉਹ ਜਲਦੀ ਹੀ ਇਕ ਵ੍ਹੱਟਸਐਪ ਨੰਬਰ ਜਾਰੀ ਕਰਨਗੇ, ਜਿਸ ‘ਤੇ ਲੋਕ, ਟਰਾਂਸਪੋਰਟਰ ਅਤੇ ਮੁਲਾਜ਼ਮ ਆਪਣੀਆਂ ਮੁਸ਼ਕਲਾਂ ਦੱਸ ਸਕਦੇ ਹਨ। ਨਵੇਂ ਬਣੇ ਟਰਾਂਸਪੋਰਟ ਮੰਤਰੀ ਵੱਲੋਂ ਵਿਭਾਗ ਦੇ ਅਧਿਕਾਰੀਆਂ ਨੂੰ ਨਾਜਾਇਜ਼ ਬੱਸਾਂ ਰੋਕਣ ਦੇ ਦਿੱਤੇ ਹੁਕਮਾਂ ਦੇ ਚੱਲਦਿਆਂ ਰੋਡਵੇਜ਼ ਦੇ ਜਨਰਲ ਮੈਨੇਜਰ ਖੁਦ ਬੱਸ ਅੱਡਿਆਂ ‘ਤੇ ਪਹਿਰਾ ਦੇ ਰਹੇ ਹਨ। ਪੰਜਾਬ ਰੋਡਵੇਜ਼ ਦੇ ਮੁਲਾਜ਼ਮਾਂ ਦੀ ਸਾਂਝੀ ਐਕਸ਼ਨ ਕਮੇਟੀ ਲੰਮੇ ਸਮੇਂ ਤੋਂ ਮੰਗ ਕਰਦੀ ਆ ਰਹੀ ਸੀ ਕਿ ਨਾਜਾਇਜ਼ ਚੱਲਦੀਆਂ ਬੱਸਾਂ ਵਿਰੁੱਧ ਕਾਰਵਾਈ ਕੀਤੀ ਜਾਵੇ। ਜ਼ਿਕਰਯੋਗ ਹੈ ਕਿ ਪੰਜਾਬ ਵਿਚ ਮੌਜੂਦਾ ਸੱਤਾਧਾਰੀ ਧਿਰ ਦੇ ਕਈ ਆਗੂਆਂ ਦੀਆਂ ਬੱਸਾਂ ਵੀ ਲੰਮੇ ਸਮੇਂ ਤੋਂ ਧੱਕੇ ਨਾਲ ਚੱਲ ਰਹੀਆਂ ਹਨ। ਵੱਡੇ ਟਰਾਂਸਪੋਰਟਰਾਂ ਵਿਚੋਂ ਜ਼ਿਆਦਾਤਰ ਕਾਂਗਰਸ ਤੇ ਅਕਾਲੀ ਦਲ ਦੇ ਆਗੂ ਹਨ। ਜਲੰਧਰ ਦਾ ਬੱਸ ਅੱਡਾ ਜਿਥੋਂ ਹਰ ਦੋ ਮਿੰਟ ਬਾਅਦ ਬੱਸ ਬਾਹਰ ਨਿਕਲਦੀ ਹੈ, ਉਥੇ 2007 ਤੋਂ 2017 ਤੱਕ ਇਨ੍ਹਾਂ ਟਰਾਂਸਪੋਰਟਰਾਂ ਦੀਆਂ ਬੱਸਾਂ ਦਾ ਹੀ ਰਾਜ ਰਿਹਾ ਹੈ। ਸਮਾਂ ਸਾਰਣੀ ਤਿਆਰ ਕਰਨ ਵੇਲੇ ਵੀ ਖਾਸ ਤੌਰ ‘ਤੇ ਇਨ੍ਹਾਂ ਬੱਸਾਂ ਦਾ ਖਿਆਲ ਰੱਖਿਆ ਜਾਂਦਾ ਰਿਹਾ ਹੈ।

ਜਲੰਧਰ ਵਿਚ ਬੱਸ ਅੱਡੇ ਸਮੇਤ ਇਥੋਂ ਦੇ ਪੀ.ਏ.ਪੀ. ਚੌਕ ਤੋਂ ਵੀ ਨਾਜਾਇਜ਼ ਬੱਸਾਂ ਚੱਲਦੀਆਂ ਸਨ ਤੇ ਅੰਮ੍ਰਿਤਸਰ, ਲੁਧਿਆਣਾ, ਮੁਹਾਲੀ ਤੇ ਹੋਰ ਸ਼ਹਿਰਾਂ ਨੂੰ ਜਾਣ ਵਾਲੀਆਂ ਨਿੱਜੀ ਬੱਸਾਂ ਹਰ ਵੇਲੇ ਇਥੇ ਮੌਜੂਦ ਹੁੰਦੀਆਂ ਸਨ। ਇਸੇ ਤਰ੍ਹਾਂ ਰਾਮਾਮੰਡੀ ਚੌਕ ਤੇ ਪਠਾਨਕੋਟ ਚੌਕ ਤੋਂ ਚੱਲਦੀਆਂ ਬੱਸਾਂ ਨੂੰ ਵੀ ਠੱਲ੍ਹ ਪਈ ਹੈ। ਜਾਣਕਾਰੀ ਅਨੁਸਾਰ ਜਿਹੜੀਆਂ ਨਾਜਾਇਜ਼ ਬੱਸਾਂ ਰੋਕੀਆਂ ਗਈਆਂ ਹਨ, ਉਨ੍ਹਾਂ ਵਿੱਚ ਵਿਰੋਧੀ ਧਿਰ ਦੇ ਨਾਲ-ਨਾਲ ਸੱਤਾਧਾਰੀ ਧਿਰ ਦੇ ਆਗੂਆਂ ਦੀਆਂ ਬੱਸਾਂ ਵੀ ਸ਼ਾਮਲ ਹਨ। ਉਨ੍ਹਾਂ ਬਗੈਰ ਪਰਮਿਟ ਜਾਂ ਇਕੋ ਪਰਮਿਟ ‘ਤੇ ਦੌੜਦੀਆਂ ਕਈ-ਕਈ ਬੱਸਾਂ ਅਤੇ ਬੱਸ ਤੋਂ ਬੱਸ ਦਰਮਿਆਨ ਰਵਾਨਗੀ ਦੇ ਟਾਈਮ ਨੂੰ ਛੇਤੀ ਹੀ ਤਰਕਸੰਗਤ ਬਣਾਏ ਜਾਣ ਦੀ ਗੱਲ ਵੀ ਕਹੀ। ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਵਿਭਾਗ ਨਾਲ ਧੋਖਾ ਕਰਨ ਵਾਲੇ ਕਿਸੇ ਵੀ ਅਧਿਕਾਰੀ ਨੂੰ ਬਖਸ਼ਿਆ ਨਹੀਂ ਜਾਵੇਗਾ। ਇਸ ਤੋਂ ਪਹਿਲਾਂ ਟਰਾਂਸਪੋਰਟ ਮੰਤਰੀ ਦਾ ਗੈਸਟ ਹਾਊਸ ਵਿਚ ਪਹੁੰਚਣ ‘ਤੇ ਪੀ.ਆਰ.ਟੀ.ਸੀ. ਦੇ ਜਨਰਲ ਮੈਨੇਜਰ ਰਮਨ ਸ਼ਰਮਾ ਅਤੇ ਖੇਤਰੀ ਟਰਾਂਸਪੋਰਟ ਅਫਸਰ ਬਠਿੰਡਾ ਨੇ ਸਵਾਗਤ ਕੀਤਾ।

ਬੱਸ ਅੱਡਿਆਂ ਵਿਚੋਂ ਕਬਜ਼ੇ ਖਤਮ ਕਰਨ ਲਈ ਮੁਹਿੰਮ ਚੰਡੀਗੜ੍ਹ: ਵੜਿੰਗ ਨੇ ਕਿਹਾ ਕਿ ਬੱਸ ਅੱਡਿਆਂ ਦੀ ਹਫਤੇ ਅੰਦਰ-ਅੰਦਰ ਦਿੱਖ ਬਦਲਣ ਲਈ ਵੱਡੇ ਕਦਮ ਚੁੱਕੇ ਜਾ ਰਹੇ ਹਨ। ਉਨ੍ਹਾਂ ਰਾਜ ਦੇ ਬੱਸ ਅੱਡਿਆਂ ‘ਚੋਂ ਨਾਜਾਇਜ਼ ਕਬਜ਼ੇ ਖਤਮ ਕਰਕੇ ਸਾਫ-ਸਫਾਈ ਵਾਲਾ ਚੰਗਾ ਮਾਹੌਲ ਸਿਰਜਣ ਦਾ ਵਾਅਦਾ ਵੀ ਕੀਤਾ। ਉਨ੍ਹਾਂ ਆਖਿਆ ਕਿ ਕੁਝ ਟਰਾਂਸਪੋਰਟਰ ਜਾਣ-ਬੁਝ ਕੇ ਟੈਕਸਾਂ ਦੀ ਅਦਾਇਗੀ ਨਹੀਂ ਕਰ ਰਹੇ, ਜਿਸ ਕਰਕੇ ਹੁਣ ਸਰਕਾਰ ਬਕਾਇਆ ਟੈਕਸ ਸਖਤੀ ਨਾਲ ਵਸੂਲੇਗੀ। ਉਨ੍ਹਾਂ ਕਿਹਾ ਕਿ ਟੈਕਸ ਨਾ ਭਰਨ ਵਾਲੇ ਟਰਾਂਸਪੋਰਟਰਾਂ ਦੀਆਂ ਬੱਸਾਂ ਬੰਦ ਕੀਤੀਆਂ ਜਾਣਗੀਆਂ ਅਤੇ ਵੱਡੇ-ਛੋਟੇ ਟਰਾਂਸਪੋਰਟਰਾਂ ਵਿਚਲਾ ਪਾੜਾ ਪੂਰਨ ਲਈ ਛੋਟੇ ਟਰਾਂਸਪੋਰਟਰਾਂ ਦੇ ਸੁਝਾਅ ਤੇ ਸ਼ਿਕਾਇਤਾਂ ਦੀ ਸੁਣਵਾਈ ਤਰਜੀਹੀ ਆਧਾਰ ‘ਤੇ ਹੋਵੇਗੀ।

Leave a Reply

Your email address will not be published. Required fields are marked *