ਚੰਡੀਗੜ੍ਹ / ਲੋੜੀਂਦੇ ਨਸ਼ਾ ਤਸਕਰ ਅਤੇ ਗੈਂਗਸਟਰ ਜੈਪਾਲ ਸਿੰਘ ਭੁੱਲਰ ਪੁੱਤਰ ਭੁਪਿੰਦਰ ਸਿੰਘ ਵਾਸੀ ਫ਼ਿਰੋਜ਼ਪੁਰ ਤੇ ਜਸਪ੍ਰੀਤ ਸਿੰਘ ਉਰਫ਼ ਜੱਸੀ ਪੁੱਤਰ ਰਵਿੰਦਰ ਸਿੰਘ ਵਾਸੀ ਖਰੜ, ਐਸ.ਏ.ਐਸ. ਨਗਰ, ਜਿਨ੍ਹਾਂ ਦੇ ਸਿਰ ‘ਤੇ ਕ੍ਰਮਵਾਰ 10 ਲੱਖ ਤੇ 5 ਲੱਖ ਰੁਪਏ ਦਾ ਇਨਾਮ ਸੀ, ਨੂੰ ਕੋਲਕਾਤਾ ਦੀ ਐਸ.ਟੀ.ਐਫ. ਪੁਲਿਸ ਨੇ ਅੱਜ ਉਦੋਂ ਮਾਰ-ਮੁਕਾਇਆ ਜਦੋਂ ਪੁਲਿਸ ਪਾਰਟੀ ਵਲੋਂ ਉਨ੍ਹਾਂ ਦੇ ਅਪਾਰਟਮੈਂਟ ‘ਤੇ ਛਾਪਾ ਮਾਰਿਆ ਗਿਆ ਤੇ ਉਨ੍ਹਾਂ ਨੇ ਪੁਲਿਸ ‘ਤੇ ਗੋਲੀਆਂ ਚਲਾ ਦਿੱਤੀਆਂ |
ਡੀ.ਜੀ.ਪੀ. ਪੰਜਾਬ ਦਿਨਕਰ ਗੁਪਤਾ ਨੇ ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਗੈਂਗਸਟਰਾਂ ਤੋਂ ਨਸ਼ਾ ਤਸਕਰ ਬਣੇ ਦੋਵੇਂ ਮੁਲਜ਼ਮ 15 ਮਈ ਦੀ ਸ਼ਾਮ ਨੂੰ ਜਗਰਾਉਂ ਦੀ ਅਨਾਜ ਮੰਡੀ ਵਿਖੇ ਜਗਰਾਉਂ ਪੁਲਿਸ ਦੇ ਦੋ ਏ.ਐਸ.ਆਈਜ਼ ਭਗਵਾਨ ਸਿੰਘ ਤੇ ਦਲਵਿੰਦਰਜੀਤ ਸਿੰਘ ਦੀ ਹੱਤਿਆ ਦੇ ਮਾਮਲੇ ‘ਚ ਲੋੜੀਂਦੇ ਸਨ | ਡੀ.ਜੀ.ਪੀ ਨੇ ਦੱਸਿਆ ਕਿ ਫ਼ਰਾਰ ਨਸ਼ਾ ਤਸਕਰਾਂ ਜੈਪਾਲ ਭੁੱਲਰ ਤੇ ਜਸਪ੍ਰੀਤ ਸਿੰਘ ਨੂੰ ਕਾਬੂ ਕਰਨ ਲਈ ਪੰਜਾਬ ਪੁਲਿਸ ਨੇ ਆਪ੍ਰੇਸ਼ਨ ‘ਜੈਕ’ ਮੈਨਹੰਟ ਨਾਮੀ ਆਪ੍ਰੇਸ਼ਨ ਚਲਾਇਆ ਸੀ ਤੇ ਪੁਲਿਸ ਦੀਆਂ ਕਈ ਟੀਮਾਂ ਨੂੰ ਹੋਰਨਾਂ ਰਾਜਾਂ ਦੇ ਪੁਲਿਸ ਬਲਾਂ ਦੀ ਸਹਾਇਤਾ ਨਾਲ ਇਨ੍ਹਾਂ ਗੈਂਗਸਟਰਾਂ ਨੂੰ ਫੜਨ ਲਈ ਵੱਖ-ਵੱਖ ਰਾਜਾਂ ਵਿਚ ਭੇਜਿਆ ਗਿਆ | ਉਨ੍ਹਾਂ ਦੱਸਿਆ ਕਿ ਪੰਜਾਬ ਪੁਲਿਸ ਨੇ ਅੱਜ ਭਰਤ ਕੁਮਾਰ ਵਾਸੀ ਸਾਹਨੇਵਾਲ, ਲੁਧਿਆਣਾ ਨੂੰ ਰਾਜਪੁਰਾ ਖੇਤਰ ਵਿਚ ਸ਼ੰਭੂ ਬਾਰਡਰ ਨੇੜੇ ਗਿ੍ਫ਼ਤਾਰ ਕੀਤਾ ਸੀ ਤੇ ਟੀਮ ਨੇ ਉਸ ਪਾਸੋਂ ਰਜਿਸਟ੍ਰੇਸ਼ਨ ਨੰਬਰ ਡਬਲਿਊ ਬੀ 02 ਆਰ 4500 ਵਾਲੀ ਇਕ ਹੌਂਡਾ ਅਕੌਰਡ ਗੱਡੀ ਸਮੇਤ .30 ਬੋਰ ਦਾ ਪਿਸਤੌਲ ਬਰਾਮਦ ਕੀਤਾ | ਭਰਤ, ਜੈਪਾਲ ਭੁੱਲਰ ਦਾ ਕਰੀਬੀ ਸੀ | ਡੀ.ਜੀ.ਪੀ ਨੇ ਦੱਸਿਆ ਕਿ ਭਰਤ ਨੇ ਖ਼ੁਲਾਸਾ ਕੀਤਾ ਕਿ ਜੈਪਾਲ ਤੇ ਜੱਸੀ ਦੋਵੇਂ ਕੋਲਕਾਤਾ ‘ਚ ਕਿਰਾਏ ਦੇ ਅਪਾਰਟਮੈਂਟ ਵਿਚ ਰਹਿ ਰਹੇ ਹਨ | ਉਨ੍ਹਾਂ ਦੱਸਿਆ ਕਿ ਪੰਜਾਬ ਪੁਲਿਸ ਨੇ ਤੁਰੰਤ ਕੋਲਕਾਤਾ ਲਈ ਉਡਾਣ ਰਾਹੀਂ ਇਕ ਵਿਸ਼ੇਸ਼ ਟੀਮ ਰਵਾਨਾ ਕੀਤੀ | ਉਨ੍ਹਾਂ ਕਿਹਾ ਕਿ ਇਸ ਦੌਰਾਨ, ਸਾਡੇ ਵਲੋਂ ਕੋਲਕਾਤਾ ਪੁਲਿਸ ਨਾਲ ਤਾਲਮੇਲ ਕੀਤਾ ਗਿਆ ਤੇ ਉਨ੍ਹਾਂ ਨੂੰ ਉਕਤ ਦੋਸ਼ੀਆਂ ਦੇ ਮੌਜੂਦਾ ਟਿਕਾਣਿਆਂ ਬਾਰੇ ਜਾਣਕਾਰੀ ਦਿੱਤੀ | ਡੀ.ਜੀ.ਪੀ. ਨੇ ਦੱਸਿਆ ਕਿ ਕੋਲਕਾਤਾ ਪੁਲਿਸ ਦੇ ਇਕ ਸੀਨੀਅਰ ਪੁਲਿਸ ਅਧਿਕਾਰੀ ਨੇ ਬਾਅਦ ਦੁਪਹਿਰ ਜਾਣਕਾਰੀ ਦਿੱਤੀ ਕਿ ਐਸ.ਟੀ.ਐਫ. ਕੋਲਕਾਤਾ ਵਲੋਂ ਕੀਤੀ ਗਈ ਜਵਾਬੀ ਗੋਲੀਬਾਰੀ ਵਿਚ ਦੋਵੇਂ ਅਪਰਾਧੀ ਮਾਰੇ ਗਏ ਹਨ | ਡੀ.ਜੀ.ਪੀ. ਨੇ ਕਿਹਾ ਉਹ ਪੱਛਮੀ ਬੰਗਾਲ ਪੁਲਿਸ, ਖ਼ਾਸ ਕਰ ਕੇ ਪੱਛਮੀ ਬੰਗਾਲ ਪੁਲਿਸ ਦੇ ਏ.ਡੀ.ਜੀ.ਪੀ. ਤੇ ਐਸ.ਟੀ.ਐਫ ਮੁਖੀ ਵਿਨੀਤ ਗੋਇਲ (ਆਈ.ਪੀ.ਐਸ) ਦੇ ਧੰਨਵਾਦੀ ਹਨ, ਜਿਨ੍ਹਾਂ ਨੇ ਪੰਜਾਬ ਪੁਲਿਸ ਦੁਆਰਾ ਦਿੱਤੀ ਜਾਣਕਾਰੀ ‘ਤੇ ਤੁਰੰਤ ਕਾਰਵਾਈ ਕੀਤੀ |