ਚੰਡੀਗੜ੍ਹ / ਸੂਬੇ ਵਲੋਂ ਕੋਰੋਨਾ ਵਾਇਰਸ ਦੇ ਸਰੂਪਾਂ ਦੇ ਪੱਧਰ ਦਾ ਪਤਾ ਕਰਨ ਲਈ ਭੇਜੇ ਗਏ 401 ਨਮੂਨਿਆਂ ‘ਚੋਂ 81 ਫ਼ੀਸਦੀ ‘ਚ ਯੂ.ਕੇ. ਦੇ ਕੋਵਿਡ-19 ਦੀ ਬੀ.1.1.7 ਕਿਸਮ ਪਾਏ ਜਾਣ ਦੇ ਮੱਦੇਨਜ਼ਰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੰਗਲਵਾਰ ਨੂੰ ਸੂਬਾ ਵਾਸੀਆਂ ਨੂੰ ਕੋਵਿਡ-19 ਦਾ ਟੀਕਾ ਲਗਵਾਉਣ ਦੀ ਅਪੀਲ ਕੀਤੀ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਟੀਕਾਕਰਨ ਦਾ ਦਾਇਰਾ ਵਧਾ ਕੇ ਇਸ ‘ਚ 60 ਵਰ੍ਹੇ ਤੋਂ ਘੱਟ ਉਮਰ ਦੇ ਲੋਕਾਂ ਨੂੰ ਸ਼ਾਮਿਲ ਕਰਨ ਲਈ ਅਖਿਆ, ਕਿਉਂ ਜੋ ਇਹ ਵਾਇਰਸ ਨੌਜਵਾਨ ਲੋਕਾਂ ਨੂੰ ਵਧੇਰੇ ਪ੍ਰਭਾਵਿਤ ਕਰਦਾ ਪਾਇਆ ਗਿਆ ਹੈ ।
ਤਾਜ਼ਾ ਸਥਿਤੀ ‘ਤੇ ਚਿੰਤਾ ਜ਼ਾਹਰ ਕਰਦੇ ਹੋਏ ਮੁੱਖ ਮੰਤਰੀ ਨੇ ਇਸ ਗੱਲ ਦੀ ਲੋੜ ‘ਤੇ ਜ਼ੋਰ ਦਿੱਤਾ ਕਿ ਕੇਂਦਰ ਸਰਕਾਰ ਵਲੋਂ ਆਬਾਦੀ ਦੇ ਵੱਡੇ ਤਬਕੇ ਨੂੰ ਵੀ ਟੀਕਾਕਰਨ ਮੁਹਿੰਮ ‘ਚ ਛੇਤੀ ਤੋਂ ਛੇਤੀ ਸ਼ਾਮਿਲ ਕੀਤਾ ਜਾਵੇ । ਉਨ੍ਹਾਂ ਕਿਹਾ ਕਿ ਇਸ ਪ੍ਰਕਿਰਿਆ ‘ਚ ਤੇਜ਼ੀ ਲਿਆਂਦੀ ਜਾਣੀ ਚਾਹੀਦੀ ਹੈ । ਉਨ੍ਹਾਂ ਧਿਆਨ ਦਿਵਾਇਆ ਕਿ ਮਾਹਿਰਾਂ ਵਲੋਂ ਮੌਜੂਦਾ ਕੋਵੀਸ਼ੀਲਡ ਦਵਾਈ ਨੂੰ ਯੂ.ਕੇ. ਦੇ ਵਾਇਰਸ ਬੀ.1.1.7 ਲਈ ਵੀ ਬੇਹੱਦ ਕਾਰਗਰ ਪਾਇਆ ਗਿਆ ਹੈ । ਇਸ ਲਈ ਇਸ ਵਾਇਰਸ ਦੇ ਫੈਲਾਅ ਦੀ ਲੜੀ ਤੋੜਨ ਲਈ ਵੱਧ ਤੋਂ ਵੱਧ ਲੋਕਾਂ ਦਾ ਟੀਕਾਕਰਨ ਕੀਤਾ ਜਾਣਾ ਜ਼ਰੂਰੀ ਹੈ । ਕੈਪਟਨ ਅਮਰਿੰਦਰ ਸਿੰਘ ਨੇ ਲੋਕਾਂ ਨੂੰ ਵੀ ਕੋਵਿਡ-19 ਤੋਂ ਸੁਰੱਖਿਆ ਸਬੰਧੀ ਸਾਰੇ ਨਿਯਮਾਂ ਜਿਵੇਂ ਕਿ ਮਾਸਕ ਪਾਉਣਾ ਤੇ ਸਮਾਜਿਕ ਦੂਰੀ ਬਣਾਏ ਰੱਖਣ ਆਦਿ ਦਾ ਪਾਲਣ ਕਰਨ ਦੀ ਅਪੀਲ ਕੀਤੀ । ਉਨ੍ਹਾਂ ਚਿਤਾਵਨੀ ਦਿੱਤੀ ਕਿ ਸੂਬਾ ਸਰਕਾਰ, ਜਿਸ ਨੇ ਤਾਜ਼ਾ ਪਾਬੰਦੀਆਂ ਦਾ ਐਲਾਨ ਕਰ ਦਿੱਤਾ ਹੈ, ਹੋਰ ਪਾਬੰਦੀਆਂ ਲਾਉਣ ਲਈ ਮਜਬੂਰ ਹੋਵੇਗੀ, ਜੇਕਰ ਲੋਕਾਂ ਨੇ ਕੋਵਿਡ-19 ਤੋਂ ਬਚਾਅ ਸਬੰਧੀ ਨਿਯਮਾਂ ਦਾ ਪਾਲਣ ਨਾ ਕੀਤਾ । ਮੁੱਖ ਮੰਤਰੀ ਵਲੋਂ ਇਹ ਅਪੀਲ ਸੂਬੇ ਦੀ ਕੋਵਿਡ-19 ਮਾਹਿਰਾਂ ਦੀ ਕਮੇਟੀ ਦੇ ਮੁਖੀ ਡਾ: ਕੇ.ਕੇ. ਤਲਵਾੜ ਵਲੋਂ ਉਨ੍ਹਾਂ ਨੂੰ ਇਸ ਵਾਇਰਸ ਦੇ ਨਵੇਂ ਸਰੂਪ ਸਬੰਧੀ ਜਾਣਕਾਰੀ ਦਿੱਤੇ ਜਾਣ ਮਗਰੋਂ ਕੀਤੀ ਗਈ ਹੈ ।
ਧਿਆਨਦੇਣ ਯੋਗ ਹੈ ਕਿ ਬੀ.1.1.7 ਕਿਸਮ ਹੁਣ ਦੁਨੀਆ ਦੇ ਕਈ ਹਿੱਸਿਆਂ ‘ਚ ਫੈਲ ਗਈ ਹੈ ਤੇ ਯੂ.ਕੇ. ‘ਚ ਇਸ ਦੇ 98 ਫ਼ੀਸਦੀ ਤੇ ਸਪੇਨ ‘ਚ 90 ਫੀਸਦੀ ਨਵੇਂ ਮਾਮਲੇ ਹਨ । ਯੂ.ਕੇ. ਦੀ ਸਰਕਾਰ ਨੇ ਕਿਹਾ ਹੈ ਕਿ ਮੂਲ ਵਾਇਰਸ ਤੋਂ ਇਹ ਨਵੀਂ ਕਿਸਮ 70 ਫ਼ੀਸਦੀ ਤੱਕ ਵੱਧ ਫੈਲਣਯੋਗ ਹੈ । ਦੇਸ਼ ‘ਚ ਅੱਜ ਕੋਰੋਨਾ ਵਾਇਰਸ ਦੇ 40,715 ਨਵੇਂ ਮਾਮਲੇ ਦਰਜ ਕੀਤੇ ਗਏ ਹਨ, ਜਦੋਂਕਿ 199 ਹੋਰ ਮੌਤਾਂ ਵੀ ਹੋਣ ਦੀ ਖ਼ਬਰ ਹੈ । ਕੇਂਦਰੀ ਸਿਹਤ ਮੰਤਰਾਲੇ ਨੇ ਉਕਤ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੌਜੂਦਾ ਸਾਲ ‘ਚ ਲਗਾਤਾਰ 13ਵੇਂ ਦਿਨ ਕੋਰੋਨਾ ਦੇ ਮਾਮਲਿਆਂ ‘ਚ ਵਾਧਾ ਦਰਜ ਕੀਤਾ ਗਿਆ ਹੈ, ਜਿਸ ਨਾਲ ਸਰਗਰਮ ਮਰੀਜ਼ਾਂ ਦੀ ਗਿਣਤੀ ਵੱਧ ਕੇ 3,45,377 ਹੋ ਗਈ ਹੈ, ਜੋ ਕਿ ਕੋਰੋਨਾ ਤੋਂ ਪੀੜਤ ਕੁੱਲ ਮੁਰੀਜ਼ਾਂ ਦਾ 2.96 ਫ਼ੀਸਦੀ ਹੈ । ਮੰਤਰਾਲੇ ਨੇ ਦੱਸਿਆ ਕਿ ਦੇਸ਼ ‘ਚ ਕੋਰੋਨਾ ਮਰੀਜ਼ਾਂ ਦਾ ਕੁੱਲ ਅੰਕੜਾ 1,16,86,796 ਹੋ ਗਿਆ ਹੈ, ਜਦੋਂਕਿ ਮੌਤਾਂ ਦੀ ਕੁੱਲ ਗਿਣਤੀ 1,60,166 ਹੋ ਗਈ ਹੈ । ਕੋਰੋਨਾ ਦੇ ਵੱਧਦੇ ਮਾਮਲਿਆਂ ਦੇ ਮੱਦੇਨਜ਼ਰ ਮਰੀਜ਼ਾਂ ਦੀ ਸਿਹਤਯਾਬੀ ਦਰ ਵੀ ਲਗਾਤਾਰ ਹੇਠਾਂ ਡਿਗਦੀ ਜਾ ਰਹੀ ਹੈ, ਜੋ ਇਸ ਸਮੇਂ 95.67 ਫ਼ੀਸਦੀ ਹੈ । ਦੇਸ਼ ‘ਚ ਹੁਣ ਤੱਕ 1,11,81,253 ਲੋਕ ਕੋਰੋਨਾ ਵਾਇਰਸ ਮਹਾਂਮਾਰੀ ਨੂੰ ਮਾਤ ਦੇ ਕੇ ਸਿਹਤਯਾਬ ਹੋ ਚੁੱਕੇ ਹਨ, ਜਦਕਿ ਦੇਸ਼ ‘ਚ ਵਾਇਰਸ ਕਾਰਨ ਜਾਨ ਗਵਾਉਣ ਵਾਲਿਆਂ ਦੀ ਦਰ 1.37 ਫ਼ੀਸਦੀ ਹੈ ।