ਪੰਜਾਬ ਦੇ ਪਿੰਡਾਂ ’ਚ ਸਿਆਸੀ ਜ਼ਮੀਨ ਤਲਾਸ਼ ਰਹੀ ਭਾਜਪਾ
ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਕੇਂਦਰੀ ਰਣਨੀਤੀਕਾਰਾਂ ਨੇ ਪੰਜਾਬ ਇਕਾਈ ਦੇ ਅਹੁਦੇਦਾਰਾਂ
ਦੀ ਸੂਚੀ ਬਣਾਉਂਦਿਆਂ ਇਕ ਤੀਰ ਨਾਲ ਕਈ ਲੁਕਵੇਂ ਨਿਸ਼ਾਨੇ ਮਾਰੇ ਹਨ ਜਿਨ੍ਹਾਂ ਦੇ ਪੰਜਾਬ ਦੀ
ਰਾਜਨੀਤੀ ਵਿਚ ਲੰਬੇ ਸਮੇਂ ਲਈ ਕਾਰਗਰ ਸਾਬਿਤ ਹੋਣ ਦੀ ਉਮੀਦ ਕੀਤੀ ਜਾ ਸਕਦੀ ਹੈ। ਨਵੰਬਰ
2020 ਵਿਚ ਦਿੱਲੀ ਦੀ ਸਰਹੱਦ ’ਤੇ ਤਿੰਨ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਇਕ ਸਾਲ
ਚਲਾਏ ਪੰਜਾਬ ਦੇ ਕਿਸਾਨਾ ਦੀ ਅਗਵਾਈ ਵਿਚ ਕਿਸਾਨ-ਮਜ਼ਦੂਰ ਅੰਦੋਲਨ ਦੇ ਪ੍ਰਭਾਵਾਂ ਨੂੰ ਖ਼ਤਮ
ਕਰਨ ਦੀ ਕੋਸ਼ਿਸ਼ ਵੀ ਇਸ ਸੂਚੀ ਵਿੱਚੋਂ ਸਪਸ਼ਟ ਵਿਖਾਈ ਦਿੰਦੀ ਹੈ। ਜੱਟ ਸਿੱਖਾਂ ਨੂੰ ਮਹੱਤਤਾ
ਦੇਣਾ ਪਿੰਡਾਂ ਵਿਚ ਭਾਰਤੀ ਜਨਤਾ ਪਾਰਟੀ ਦਾ ਆਧਾਰ ਮਜ਼ਬੂਤ ਕਰਨ ਦੀ ਕੋਸ਼ਿਸ਼ ਦਾ ਨਤੀਜਾ ਹੈ।
ਭਾਰਤੀ ਜਨਤਾ ਪਾਰਟੀ ਨੇ ਕਿਸਾਨ ਅੰਦੋਲਨ ਵਿਚ ਮਾਤ ਖਾਣ ਤੋਂ ਬਾਅਦ ਸਿੱਖ ਸਟੂਡੈਂਟ ਫੈੱਡਰੇਸ਼ਨ
ਦੇ ਕੁਝ ਅਹੁਦੇਦਾਰਾਂ ਅਤੇ ਹੋਰ ਸਿੱਖ ਨੇਤਾਵਾਂ ਨੂੰ ਪਾਰਟੀ ਵਿਚ ਸ਼ਾਮਲ ਕਰ ਕੇ ਪਿੰਡਾਂ ਵਿਚ
ਅਕਾਲੀ ਦਲ ਅਤੇ ਕਾਂਗਰਸ ਦੀਆਂ ਵੋਟਾਂ ਵਿਚ ਸੰਨ੍ਹ ਲਗਾਉਣ ਦਾ ਸਿਲਸਿਲਾ ਸ਼ੁਰੂ ਕੀਤਾ ਹੋਇਆ
ਹੈ। ਇਸੇ ਲੜੀ ਵਿਚ ਭਾਰਤੀ ਜਨਤਾ ਪਾਰਟੀ ਦੀ ਪੰਜਾਬ ਇਕਾਈ ਦੇ ਪ੍ਰਧਾਨ ਸੁਨੀਲ ਕੁਮਾਰ ਜਾਖੜ
ਤੋਂ ਇਲਾਵਾ 12 ਉਪ ਪ੍ਰਧਾਨਾਂ ਵਿਚ 6 ਬਲਬੀਰ ਸਿੰਘ ਸਿੱਧੂ, ਫਤਿਹਜੰਗ ਸਿੰਘ ਬਾਜਵਾ,
ਗੁਰਪ੍ਰੀਤ ਸਿੰਘ ਕਾਂਗੜ, ਜਗਦੀਪ ਸਿੰਘ ਨਕਈ, ਜੈਸਮੀਨ ਸੰਧਾਵਾਲੀਆ, ਬਿਕਰਮਜੀਤ ਸਿੰਘ ਚੀਮਾ,
ਇਕ ਜਨਰਲ ਸਕੱਤਰ ਪਰਮਿੰਦਰ ਸਿੰਘ ਬਰਾੜ, ਦਮਨ ਥਿੰਦ ਬਾਜਵਾ, ਕੰਵਰਵੀਰ ਸਿੰਘ ਟੌਹੜਾ, ਕੋਰ
ਕਮੇਟੀ ਦੇ 21 ਮੈਂਬਰਾਂ ਵਿੱਚੋਂ 7 ਕੈਪਟਨ ਅਮਰਿੰਦਰ ਸਿੰਘ, ਮਨਪ੍ਰੀਤ ਸਿੰਘ ਬਾਦਲ, ਕੇਵਲ
ਸਿੰਘ ਢਿੱਲੋਂ, ਐੱਸ. ਐੱਸ.ਵਿਰਕ, ਪੀ.ਐੱਸ.ਗਿੱਲ, ਹਰਜੀਤ ਸਿੰਘ ਗਰੇਵਾਲ, ਅਮਰਜੋਤ ਕੌਰ
ਰਾਮੂਵਾਲੀਆ, ਪਾਰਟੀ ਦੇ 5 ਵਿੰਗ ਮੁਖੀਆਂ ਵਿੱਚੋਂ 2, ਜੈਇੰਦਰ ਕੌਰ, ਦਰਸ਼ਨ ਸਿੰਘ ਨੈਨਾਵਾਲ
ਕੁੱਲ 21 ਜੱਟ ਸਿੱਖ ਕਿਸਾਨ ਪਰਿਵਾਰਾਂ ਨਾਲ ਸਬੰਧਤ ਸ਼ਾਮਲ ਕੀਤੇ ਹਨ। ਪਿੰਡਾਂ ਵਿਚ ਭਾਰਤੀ
ਜਨਤਾ ਪਾਰਟੀ ਨੂੰ ਹੋਰ ਅਸਰਦਾਰ ਬਣਾਉਣ ਲਈ ਰਣਨੀਤੀਕਾਰਾਂ ਵੱਲੋਂ ਯੋਜਨਾਵਾਂ ਬਣਾਈਆਂ ਜਾ
ਰਹੀਆਂ ਹਨ। ਭਾਰਤੀ ਜਨਤਾ ਪਾਰਟੀ ਹੁਣ ਤੱਕ 3 ਲੋਕ ਸਭਾ ਦੀਆਂ ਸੀਟਾਂ ਤੋਂ ਵੱਧ ਕਦੇ ਵੀ ਜਿੱਤ
ਨਹੀਂ ਸਕੀ। ਪੰਜਾਬ ਤੇ ਚੰਡੀਗੜ੍ਹ ਦੀਆਂ 13 ਲੋਕ ਸਭਾ ਸੀਟਾਂ ਹਨ। ਇਹ ਅਹੁਦੇਦਾਰੀਆਂ ਵੀ ਇਸੇ
ਕੜੀ ਦਾ ਹਿੱਸਾ ਹਨ। ਭਾਵੇਂ ਕਾਂਗਰਸ ’ਚੋਂ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿਚ ਆਏ ਨਵੇਂ
ਭਾਜਪਾਈਆਂ ਨੂੰ ਵਧੇਰੇ ਪ੍ਰਤੀਨਿਧਤਾ ਦਿੱਤੀ ਗਈ ਹੈ ਪਰ ਅਕਾਲੀ ਦਲ ’ਚੋਂ ਆਏ ਜਗਦੀਪ ਸਿੰਘ
ਨਕਈ ਨੂੰ ਉਪ ਪ੍ਰਧਾਨ, ਪਰਮਿੰਦਰ ਸਿੰਘ ਬਰਾੜ ਜੋ ਸੁਖਬੀਰ ਸਿੰਘ ਬਾਦਲ ਦਾ ਆਫੀਸਰ ਆਨ ਸਪੈਸ਼ਲ
ਡਿਊਟੀ ਸੀ, ਨੂੰ ਜਨਰਲ ਸਕੱਤਰ, ਸਕੱਤਰਾਂ ਵਿਚ ਕੰਵਰਵੀਰ ਸਿੰਘ ਟੌਹੜਾ ਜਥੇਦਾਰ ਗੁਰਚਰਨ ਸਿੰਘ
ਟੌਹੜਾ ਦਾ ਦੋਹਤਾ, ਅਮਰਪਾਲ ਸਿੰਘ ਬੋਨੀ ਸਾਬਕਾ ਵਿਧਾਨਕਾਰ ਨੂੰ ਓਬੀਸੀ ਵਿੰਗ ਦਾ ਮੁਖੀ,
ਚਰਨਜੀਤ ਸਿੰਘ ਅਟਵਾਲ ਸਾਬਕਾ ਡਿਪਟੀ ਸਪੀਕਰ ਲੋਕ ਸਭਾ ਮੈਂਬਰ ਕੋਰ ਕਮੇਟੀ ਸ਼ਾਮਲ ਹਨ। ਇਸ
ਸੂਚੀ ਤੋਂ ਸਾਫ਼ ਵਿਖਾਈ ਦਿੰਦਾ ਹੈ ਕਿ ਭਾਰਤੀ ਜਨਤਾ ਪਾਰਟੀ ਪੰਜਾਬ ਵਿਚ ਸ਼੍ਰੋਮਣੀ ਅਕਾਲੀ ਦਲ
ਬਾਦਲ ਨਾਲ ਸਮਝੌਤਾ ਕਰਨ ਦੇ ਮੂਡ ਵਿਚ ਨਹੀਂ ਹੈ ਕਿਉਂਕਿ ਉਹ ਤਾਂ ਅਕਾਲੀ ਦਲ ਨੂੰ ਖੋਰਾ ਲਾਉਣ
ਦੀਆਂ ਸਕੀਮਾ ਬਣਾ ਰਹੇ ਹਨ। ਹੁਣ ਬੀਜੇਪੀ ਦੇ ਅਕਾਲੀ ਦਲ ਬਾਦਲ ਨਾਲ ਸਮਝੌਤੇ ਦੀਆਂ ਅਟਕਲਾਂ
ਖ਼ਤਮ ਹੋ ਗਈਆਂ ਹਨ।
ਸੁੰਦਰ ਸ਼ਾਮ ਅਰੋੜਾ ਨੂੰ ਭ੍ਰਿਸ਼ਟਾਚਾਰ ਦੇ ਕੇਸ ਵਿਚ ਫਸੇ ਹੋਣ ਕਰ ਕੇ ਕੋਈ ਅਹੁਦਾ ਨਹੀਂ
ਦਿੱਤਾ ਗਿਆ। ਕਾਂਗਰਸ ਛੱਡ ਕੇ ਭਾਜਪਾ ਵਿਚ ਆਏ ਬਾਕੀ ਸਾਰੇ ਸਾਬਕਾ ਮੰਤਰੀਆਂ ਨੂੰ
ਅਹੁਦੇਦਾਰੀਆਂ ਨਾਲ ਨਿਵਾਜਿਆ ਗਿਆ ਹੈ। ਦਿੱਲੀ ਦੀ ਸਰਹੱਦ ’ਤੇ ਕਿਸਾਨਾਂ-ਮਜ਼ਦੂਰਾਂ ਦੇ
ਅੰਦੋਲਨ ਦੇ ਪ੍ਰਤੱਖ ਪ੍ਰਭਾਵ ਦਾ ਪ੍ਰਗਟਾਵਾ ਪੰਜਾਬ ਦੇ ਪਿੰਡਾਂ ਵਿਚ ਸਾਫ਼ ਵੇਖਣ ਨੂੰ ਮਿਲਦਾ
ਸੀ। ਇਕ ਕਿਸਮ ਨਾਲ ਪੰਜਾਬ ਦੇ ਕਿਸਾਨਾਂ ਤੇ ਮਜ਼ਦੂਰਾਂ ਦਾ ਭਾਰਤੀ ਜਨਤਾ ਪਾਰਟੀ ਨਾਲੋਂ ਮੋਹ
ਭੰਗ ਹੋ ਗਿਆ ਸੀ। ਸੁਨੀਲ ਕੁਮਾਰ ਜਾਖੜ ਨੂੰ ਅਬੋਹਰ ਤੋਂ ਹਰਾਉਣ ਵਾਲੇ ਵਿਧਾਇਕ ਅਰੁਣ ਨਾਰੰਗ
ਨੂੰ ਉਦੋਂ ਕਿਸਾਨਾਂ ਨੇ ਕੁੱਟਿਆ ਅਤੇ ਕੱਪੜੇ ਪਾੜ ਕੇ ਨੰਗਾ ਕਰ ਦਿੱਤਾ ਸੀ।
ਉਹੀ ਸੁਨੀਲ ਜਾਖੜ ਕਾਂਗਰਸ ਵਿੱਚੋਂ ਆ ਕੇ ਪੰਜਾਬ ਭਾਜਪਾ ਦਾ ਪ੍ਰਧਾਨ ਬਣ ਗਿਆ ਤੇ ਹੁਣ ਆਪਣੀ
ਟੀਮ ਵਿਚ ਕਾਂਗਰਸੀਆਂ ਨੂੰ ਮੁੱਖ ਭੂਮਿਕਾ ਅਦਾ ਕਰਨ ਲਈ ਅਹੁਦੇਦਾਰੀਆਂ ਦੇ ਦਿੱਤੀਆਂ ਗਈਆਂ ਹਨ
ਜਿਸ ਕਰਕੇ ਟਕਸਾਲੀ ਭਾਜਪਾਈ ਠੱਗਿਆ-ਠੱਗਿਆ ਮਹਿਸੂਸ ਕਰ ਰਹੇ ਹਨ। ਇਸ ਤੋਂ ਸਾਫ਼ ਜ਼ਾਹਰ ਹੁੰਦਾ
ਹੈ ਕਿ ਸਿਆਸੀ ਪਾਰਟੀਆਂ ਪਾਰਟੀ ਦੀ ਵਿਚਾਰਧਾਰਾ ’ਤੇ ਪਹਿਰਾ ਦੇਣ ਵਾਲੇ ਨੇਤਾਵਾਂ ’ਤੇ ਨਹੀਂ
ਸਗੋਂ ਮੌਕਾਪ੍ਰਸਤੀ ਵਾਲੇ ਨੇਤਾਵਾਂ ਨੂੰ ਪਹਿਲ ਦੇ ਰਹੀਆਂ ਹਨ।
ਸੁਨੀਲ ਕੁਮਾਰ ਜਾਖੜ ਪੰਜਾਬ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਨਿਯੁਕਤ ਹੋਣ ਤੋਂ ਤਿੰਨ ਮਹੀਨੇ
ਦੀ ਲਗਾਤਾਰ ਜਦੋਜਹਿਦ ਤੋਂ ਬਾਅਦ ਕੇਂਦਰੀ ਲੀਡਰਸ਼ਿਪ ਤੋਂ ਅਹੁਦੇਦਾਰੀਆਂ ਪ੍ਰਵਾਨ ਕਰਾਉਣ ਵਿਚ
ਸਫਲ ਹੋਇਆ ਹੈ। ਕੇਂਦਰੀ ਲੀਡਰਸ਼ਿਪ ਟਕਸਾਲੀ ਭਾਜਪਾਈਆਂ ਨੂੰ ਨਾਰਾਜ਼ ਨਹੀਂ ਕਰਨਾ ਚਾਹੁੰਦੀ ਸੀ
ਜਿਹੜੇ ਔਖੀ ਘੜੀ ਵਿਚ ਪਾਰਟੀ ਨਾਲ ਡਟੇ ਰਹੇ ਹਨ। ਜਾਖੜ ਨੇ ਲੋਕ ਸਭਾ ਦੀਆਂ ਚੋਣਾਂ ਭਾਜਪਾ
ਨੂੰ ਜਿਤਾਉਣ ਦੀ ਜ਼ਿੰਮੇਵਾਰੀ ਲਈ ਹੈ ਜਿਸ ਕਰ ਕੇ ਹਾਈ ਕਮਾਂਡ ਨੇ ਉਸ ਦੀ ਗੱਲ ਮੰਨ ਕੇ
ਅਹੁਦੇਦਾਰੀਆਂ ਉਸ ਅਨੁਸਾਰ ਦਿੱਤੀਆਂ ਹਨ। ਸੁਨੀਲ ਜਾਖੜ ਨੂੰ ਆਪਣੇ ਪੁਰਾਣੇ ਸਾਥੀਆਂ ’ਤੇ
ਜ਼ਿਆਦਾ ਮਾਣ ਹੈ ਜਿਹੜੇ ਕਾਂਗਰਸ ਪਾਰਟੀ ਨੂੰ ਅਲਵਿਦਾ ਕਹਿ ਕੇ ਆਏ ਹਨ। ਉਸ ਨੇ ਭਾਰਤੀ ਜਨਤਾ
ਪਾਰਟੀ ਵਿਚ ਨਵੀਂ ਰੂਹ ਫੂਕਣ ਦੇ ਇਰਾਦੇ ਨਾਲ ਇਹ ਨਿਯੁਕਤੀਆਂ ਕੀਤੀਆਂ ਹਨ।
ਜਾਖੜ ਨੇ ਪੰਜਾਬ ਦੇ ਨਵੇਂ ਅਤੇ ਪੁਰਾਣੇ ਭਾਜਪਾਈਆਂ ਨੂੰ 67 ਅਹੁਦੇਦਾਰੀਆਂ ਵੰਡੀਆਂ ਹਨ
ਜਿਨ੍ਹਾਂ ਵਿਚ ਕਾਂਗਰਸ ਅਤੇ ਅਕਾਲੀ ਦਲ ’ਚੋਂ ਆ ਕੇ ਭਾਰਤੀ ਜਨਤਾ ਪਾਰਟੀ ਵਿਚ ਸ਼ਾਮਲ ਹੋਏ
ਨੇਤਾਵਾਂ ਨੂੰ 33 ਫ਼ੀਸਦੀ ਹਿੱਸਾ ਦਿੱਤਾ ਗਿਆ ਹੈ। ਇਸ ਸੂਚੀ ਵਿਚ ਨਵੇਂ ਤੇ ਪੁਰਾਣੇ ਨੇਤਾਵਾਂ
ਨੂੰ ਬਰਾਬਰ ਦੀ ਅਹਿਮੀਅਤ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ।
ਪਰ ਜਾਖੜ ਵੱਲੋਂ ਸਮਤੁਲ ਰੱਖਣ ਦੀ ਕੋਸ਼ਿਸ਼ ਦੇ ਬਾਵਜੂਦ ਭਾਰਤੀ ਜਨਤਾ ਪਾਰਟੀ ਦੀਆਂ
ਅਹੁਦੇਦਾਰੀਆਂ ਮਾਣਨ ਵਾਲੇ ਪੁਰਾਣੇ ਘਾਗ ਸੰਤੁਸ਼ਟ ਨਜ਼ਰ ਨਹੀਂ ਆ ਰਹੇ। ਸੁਨੀਲ ਜਾਖੜ ਖ਼ੁਦ
ਪੰਜਾਬ ਕਾਂਗਰਸ ’ਚੋਂ ਆਏ ਹਨ, ਇਸ ਲਈ ਕੁਦਰਤੀ ਹੈ ਕਿ ਉਸ ਦੀ ਨਵੀਂ ਟੀਮ ਵਿਚ ਪੁਰਾਣੇ
ਕਾਂਗਰਸੀਆਂ ਨੂੰ ਨਿਵਾਜਣਾ ਬਣਦਾ ਸੀ। ਭਾਰਤੀ ਜਨਤਾ ਪਾਰਟੀ ਦੀ ਟਕਸਾਲੀ ਲੀਡਰਸ਼ਿਪ ਖੁੱਲ੍ਹੇ
ਤੌਰ ’ਤੇ ਤਾਂ ਸਾਹਮਣੇ ਨਹੀਂ ਆ ਰਹੀ ਪ੍ਰੰਤੂ ਇਸ ਸੂਚੀ ਵਿਚ ਟਕਸਾਲੀਆਂ ਨੂੰ ਅਣਡਿੱਠ ਕਰਨ
ਨਾਲ ਘੁਸਰ-ਮੁਸਰ ਜ਼ਰੂਰ ਸ਼ੁਰੂ ਹੋ ਗਈ ਹੈ ਜਿਸ ਦਾ ਭਾਜਪਾ ਨੂੰ ਨੁਕਸਾਨ ਹੋਣ ਦੀ ਸੰਭਾਵਨਾ ਹੈ।
ਟਕਸਾਲੀ ਭਾਜਪਾਈ ਪੰਜਾਬ ਇਕਾਈ ਵਿਚ ਨਵੇਂ ਬਣੇ ਭਾਜਪਾਈਆਂ ਬਾਰੇ ਇਕ ਕਹਾਵਤ ‘…ਸਿਵਿਆਂ ਵਿਚ
ਅੱਧ’ ਦੀ ਉਦਾਹਰਨ ਦਿੰਦੇ ਹੋਏ ਅਸੰਤੁਸ਼ਟੀ ਪ੍ਰਗਟ ਕਰ ਰਹੇ ਹਨ। ਇਸ ਸੂਚੀ ਵਿਚ ਦੋ ਸਾਬਕਾ
ਆਈਏਐੱਸ ਅਧਿਕਾਰੀਆਂ ਜਗਮੋਹਨ ਸਿੰਘ ਰਾਜੂ ਅਤੇ ਸੁੱਚਾ ਰਾਮ ਲੱਧੜ ਨੂੰ ਵੀ ਸ਼ਾਮਲ ਕੀਤਾ ਗਿਆ
ਹੈ।
ਭਾਵੇਂ ਸੂਚੀ ਵਿਚ ਕੈਪਟਨ ਅਮਰਿੰਦਰ ਸਿੰਘ ਦੇ ਧੜੇ ਨੂੰ ਵਧੇਰੇ ਪ੍ਰਤੀਨਿਧਤਾ ਦਿੱਤੀ ਗਈ ਹੈ,
ਉਨ੍ਹਾਂ ਦੀ ਸਪੁੱਤਰੀ ਜੈਇੰਦਰ ਕੌਰ ਨੂੰ ਰਾਜ ਦੇ ਇਸਤਰੀ ਵਿੰਗ ਦਾ ਮੁਖੀ ਬਣਾਇਆ ਗਿਆ ਹੈ।
ਉਂਜ ਵੇਖਿਆ ਜਾਵੇ ਤਾਂ ਕੈਪਟਨ ਅਮਰਿੰਦਰ ਸਿੰਘ ਦੀ ਸੀਨੀਅਰਿਟੀ ਅਨੁਸਾਰ ਉਨ੍ਹਾਂ ਨੂੰ ਕੋਰ
ਕਮੇਟੀ ਦੀ ਥਾਂ ਕੇਂਦਰੀ ਇਕਾਈ ਵਿਚ ਸ਼ਾਮਲ ਕਰਨਾ ਬਣਦਾ ਸੀ। ਹੁਣ ਉਹ ਸੁਨੀਲ ਕੁਮਾਰ ਜਾਖੜ ਦੀ
ਅਗਵਾਈ ਥੱਲੇ ਕੰਮ ਕਰਨਗੇ।
ਸਮਾਂ ਬੜਾ ਬਲਵਾਨ ਹੈ। ਕਾਂਗਰਸ ਵਿਚ ਹੁੰਦਿਆਂ ਸੁਨੀਲ ਜਾਖੜ ਕੈਪਟਨ ਅਮਰਿੰਦਰ ਸਿੰਘ ਦੇ
ਜੂਨੀਅਰ ਸਨ। ਕਈ ਵਾਰੀ ਕੈਪਟਨ ਨੂੰ ਮਿਲਣ ਲੱਗਿਆਂ ਜਾਖੜ ਨੂੰ ਵੇਟਿੰਗ ਰੂਮ ਵਿਚ ਉਡੀਕ ਕਰਨੀ
ਪੈਂਦੀ ਸੀ। ਹੁਣ ਸਮੇਂ ਨੇ ਕਰਵਟ ਲਈ ਹੈ। ਕੈਪਟਨ ਸਾਹਿਬ ਨੂੰ ਭਾਰਤੀ ਜਨਤਾ ਪਾਰਟੀ ਵਿਚ
ਮਿਲਿਆ ਨਵਾਂ ਰੁਤਬਾ ਹਜ਼ਮ ਹੋਵੇਗਾ ਕਿ ਨਹੀਂ, ਇਹ ਤਾਂ ਸਮਾਂ ਹੀ ਦੱਸੇਗਾ।
ਜਾਖੜ ਦੀ ਨਵੀਂ ਟੀਮ ਵਿਚ ਉਪ ਪ੍ਰਧਾਨ, ਜਨਰਲ ਸਕੱਤਰ, ਸਕੱਤਰ ਅਤੇ ਪਾਰਟੀ ਦੇ ਵਿੰਗਾਂ ਦੇ
ਮੁਖੀ ਪਹਿਲੀਆਂ ਇਕਾਈਆਂ ਦੇ ਮੁਕਾਬਲੇ 40-60 ਸਾਲ ਉਮਰ ਵਾਲੇ ਸ਼ਾਮਲ ਕੀਤੇ ਹਨ ਕਿਉਂਕਿ
ਇਨ੍ਹਾਂ ਨੇ ਹੀ ਪਾਰਟੀ ਨੂੰ ਸਰਗਰਮ ਕਰਨਾ ਹੁੰਦਾ ਹੈ। ਕੋਰ ਕਮੇਟੀ ਵਿਚ ਤਾਂ ਤਜਰਬੇਕਾਰ
ਸੀਨੀਅਰ ਨੇਤਾ ਹੁੰਦੇ ਹਨ। ਪਾਰਟੀ ਨੂੰ ਲਾਮਬੰਦ ਕਰਨ ਵਿਚ ਨੌਜਵਾਨ ਨੇਤਾ ਸੁਚੱਜਾ ਯੋਗਦਾਨ ਪਾ
ਸਕਦੇ ਹਨ। ਵੇਖਣ ਵਾਲੀ ਗੱਲ ਹੈ ਕਿ ਸੁਨੀਲ ਜਾਖੜ ਦੀ ਨਵੀਂ ਟੀਮ ਟਕਸਾਲੀ ਭਾਜਪਾਈਆਂ ਨੂੰ
ਆਪਣੇ ਨਾਲ ਤੋਰਨ ’ਚ ਸਫਲ ਹੁੰਦੀ ਹੈ ਜਾਂ ਨਹੀਂ। ਮਈ 2024 ਦੀਆਂ ਲੋਕ ਸਭਾ ਚੋਣਾਂ ਦੇ ਨਤੀਜੇ
ਜਾਖੜ ਦਾ ਭਵਿੱਖ ਨਿਰਧਾਰਤ ਕਰਨਗੇ।
*-ਉਜਾਗਰ ਸਿੰਘ*