ਪੰਜਾਬ ’ਤੇ ਹੋਇਆ ਨਸ਼ੇ ਦਾ ਚੌਤਰਫਾ ਹਮਲਾ

ਪੰਜਾਬ ’ਤੇ ਹੋਇਆ ਨਸ਼ੇ ਦਾ ਚੌਤਰਫਾ ਹਮਲਾ

ਦੇਸ਼ ਦੇ ਵੱਡੇ ਕਾਰੋਬਾਰੀ ਅਡਾਨੀ ਗਰੁੱਪ ਦੀ ਗੁਜਰਾਤ ਵਿਚਲੀ ਮੁੰਦਰਾ ਬੰਦਰਗਾਹ ਲਗਾਤਾਰ ਸੁਰਖੀਆਂ ਵਿਚ ਚਲੀ ਆ ਰਹੀ ਹੈ।

ਇਹ ਸੁਰਖੀਆਂ ਬੰਦਰਗਾਹ ’ਤੇ ਵਸਤੂਆਂ ਦੀ ਬਰਾਮਦ ਜਾਂ ਦਰਾਮਦ ਕਾਰਨ ਨਹੀਂ ਬਣਦੀਆਂ, ਸਗੋਂ ਵਿਦੇਸ਼ਾਂ ਤੋਂ ਵਸਤੂਆਂ ਵਿਚ ਛੁਪਾ ਕੇ ਲਿਆਂਦੇ ਜਾਂ ਨਸ਼ੀਲੇ ਪਦਾਰਥਾਂ ਦੇ ਫੜੇ ਜਾਣ ਕਾਰਨ ਬਣਦੀਆਂ ਨੇ। ਬੀਤੇ ਦਿਨੀਂ ਪੰਜਾਬ ਪੁਲਿਸ ਵਲੋਂ ਦਿੱਤੀ ਜਾਣਕਾਰੀ ਦੇ ਆਧਾਰ ’ਤੇ ਗੁਜਰਾਤ ਦੇ ਅੱਤਵਾਦ ਵਿਰੋਧੀ ਦਸਤੇ ਨੇ ਕੱਛ ਜ਼ਿਲ੍ਹੇ ਦੀ ਮੁੰਦਰਾ ਬੰਦਰਗਾਹ ਨੇੜੇ ਕੰਟੇਨਰ ਵਿਚੋਂ 75 ਕਿਲੋ ਹੈਰੋਇਨ ਬਰਾਮਦ ਕੀਤੀ। ਕੌਮਾਂਤਰੀ ਬਾਜ਼ਾਰ ਵਿਚ ਇਸ ਦੀ ਕੀਮਤ 350 ਕਰੋੜ ਰੁਪਏ ਤੋਂ ਵੱਧ ਆਂਕੀ ਜਾਂਦੀ ਹੈ। ਪੰਜਾਬ ਦੇ ਡੀ.ਜੀ.ਪੀ. ਗੌਰਵ ਯਾਦਵ ਅਨੁਸਾਰ ਇਹ ਕੰਟੇਨਰ ਪੰਜਾਬ ਵਿਚ ਮਲੇਰਕੋਟਲਾ ਦੇ ਕਾਰੋਬਾਰੀ ਵੱਲੋਂ ਬੁੱਕ ਕੀਤਾ ਗਿਆ ਸੀ। ਅਣਸਿਉਂਤੇ ਕੱਪੜਿਆਂ ਨਾਲ ਲੱਦੇ ਕੰਟੇਨਰ ਵਿਚ ਹੈਰੋਇਨ ਦੀ ਜਾਣਕਾਰੀ ਗੁਜਰਾਤ ਏ.ਟੀ.ਐਸ. ਨਾਲ ਸਾਂਝੀ ਕੀਤੀ ਗਈ। ਰਿਕਵਰ ਹੋਈ ਹੈਰੋਇਨ ਨੂੰ ਡੰਡਿਆਂ ’ਤੇ ਲਪੇਟੇ ਹਜ਼ਾਰਾਂ ਕਿੱਲੋ ਕੱਪੜੇ ਅੰਦਰ ਛੁਪਾਇਆ ਗਿਆ ਸੀ। ਦੂਜੇ ਮੁਲਕ ਤੋਂ ਆਇਆ ਕੰਟੇਨਰ ਬੰਦਰਗਾਹ ਦੇ ਬਾਹਰ ਕੰਟੇਨਰ ਫਰੇਟ ਸਟੇਸ਼ਨ ’ਤੇ ਮੌਜੂਦ ਸੀ। ਪੰਜਾਬ ਪੁਲਿਸ ਮੁਤਾਬਕ ਇਸ ਵੱਡੀ ਖੇਪ ਨਾਲ ਲੁਧਿਆਣਾ ਅਤੇ ਮਲੇਰਕੋਟਲਾ ਦੇ ਕੁਝ ਸ਼ੱਕੀ ਵਿਅਕਤੀਆਂ ਨਾਲ ਤਾਰ ਜੁੜਦੇ ਨੇ। ਪੁਲਿਸ ਵੱਲ਼ੋਂ ਲੁਧਿਆਣਾ ਤੋਂ ਇਕ ਵਿਅਕਤੀ ਨੂੰ ਸੱਦਿਆ ਗਿਆ ਹੈ। ਇਸ ਤੋਂ ਪਹਿਲਾਂ ਵੀ ਵੱਖ-ਵੱਖ ਸੂਬਾਈ ਤੇ ਕੇਂਦਰੀ ਏਜੰਸੀਆਂ ਨੇ ਹੋਰਨਾਂ ਮੁਲਕਾਂ ਤੋਂ ਗੁਜਰਾਤ ਬੰਦਰਗਾਹ ’ਤੇ ਪੁੱਜੇ ਕੰਨਟੇਨਰਾਂ ਵਿਚੋਂ ਕਰੋੜਾਂ ਰੁਪਏ ਮੁੱਲ ਦੇ ਨਸ਼ੇ ਫੜੇ ਨੇ। ਡੀ.ਆਰ.ਆਈ. ਨੇ ਪਿਛਲੇ ਸਾਲ ਸਤੰਬਰ ਵਿਚ ਮੁੰਦਰਾ ਬੰਦਰਗਾਹ ’ਤੇ ਦੋ ਕੰਟੇਨਰਾਂ ਵਿਚੋਂ 21,000 ਕਰੋੜ ਰੁਪਏ ਮੁੱਲ ਦੀ 3000 ਕਿਲੋ ਤੋਂ ਵੱਧ ਹੈਰੋਇਨ ਬਰਾਮਦ ਕੀਤੀ ਸੀ, ਜੋ ਅਫ਼ਗ਼ਾਨਿਸਤਾਨ ਤੋਂ ਆਈ ਸੀ। ਇਸ ਤੋਂ ਪਹਿਲਾਂ 7 ਜੁਲਾਈ ਨੂੰ ਮੁੰਦਰਾ ਬੰਦਰਗਾਹ ਨੇੜਿਓਂ 500 ਕਰੋੜ ਕੀਮਤ ਦੀ 56 ਕਿਲੋ ਕੌਕੀਨ ਦੀ ਖੇਪ ਡੀ.ਆਰ.ਆਈ. ਵਲੋਂ ਫੜੀ ਗਈ ਸੀ। ਡੀ.ਆਰ.ਆਈ. ਵਲੋਂ ਮਈ ਮਹੀਨੇ ਇਰਾਨ ਤੋਂ ਆਏ ਲੂਣ ਹੇਠਾਂ ਲੁਕੋ ਕੇ ਲਿਆਂਦਾ 52 ਕਿਲੋ ਨਸ਼ੀਲਾ ਪਦਾਰਥ ਕਾਬੂ ਕੀਤਾ ਗਿਆ। ਪ੍ਰਧਾਨ ਮੰਤਰੀ ਅਤੇ ਗ੍ਰਹਿ ਮੰਤਰੀ ਦੇ ਸੂਬੇ ਗੁਜਰਾਤ ਰਸਤੇ ਸਮੱਗਲ ਹੋ ਰਹੇ ਨਸ਼ਿਆਂ ਵਿਚ ਆਈ ਤੇਜ਼ੀ ਸਮੁੱਚੇ ਦੇ ਦੇਸ਼ ਖਾਸ ਕਰਕੇ ਪੰਜਾਬ ਵਾਸਤੇ ਵੱਡੀ ਚਿੰਤਾ ਦਾ ਵਿਸ਼ਾ ਹੈ।

ਪਿਛਲੇ 7 ਮਹੀਨਿਆਂ ਵਿਚ 25000 ਕਰੋੜ ਰੁਪਏ ਦੇ ਨਸ਼ੀਲੇ ਪਦਾਰਥ ਗੁਜਰਾਤ ਦੀਆਂ ਬੰਦਰਗਾਹਾਂ ਲਾਗਿਓਂ ਬਰਾਮਦ ਕੀਤੇ ਜਾ ਚੁੱਕੇ ਨੇ। ਸਮਝਿਆ ਜਾਂਦੇ ਕਿ ਇਸ ਤੋਂ ਕਈ ਗੁਣਾ ਵੱਧ ਨਸ਼ੇ ਠਿਕਾਣਿਆਂ ’ਤੇ ਪੁੱਜ ਚੁੱਕੇ ਹੋਣਗੇ। ਇਨ੍ਹਾਂ ’ਚ ਬਹੁਤੇ ਨਸ਼ੇ ਗੁਜਰਾਤ ਤੋਂ ਰਾਜਸਥਾਨ, ਮੱਧ ਪ੍ਰਦੇਸ਼, ਹਰਿਆਣਾ ਅਤੇ ਦਿੱਲੀ ਹੁੰਦੇ ਹੋਏ ਪੰਜਾਬ ਪੁੱਜਦੇ ਨੇ। ਪਹਿਲਾਂ ਵਧੇਰੇ ਕਰਕੇ ਹੈਰੋਇਨ ਅਤੇ ਨਸ਼ੀਲੇ ਪਦਾਰਥਾਂ ਦੀ ਸਪਲਾਈ ਪਾਕਿਸਤਾਨ ਰਾਹੀਂ ਪੰਜਾਬ ਅਤੇ ਕਸ਼ਮੀਰ ਸਰਹੱਦ ਰਸਤੇ ਛੋਟੇ ਪੈਕਟਾਂ ਵਿਚ ਪੰਜਾਬ ਪੁੱਜਦੀ ਸੀ। ਜੇਕਰ ਨਸ਼ਾ ਵਪਾਰ ਦੇ ਪਿਛੋਕੜ ’ਚ ਜਾਈਏ, ਤਾਂ ਨਸ਼ਾ ਤਸਕਰੀ ਨਾਲ ਵੱਡੇ ਲੀਡਰਾਂ ਅਤੇ ਅਧਿਕਾਰੀਆਂ ਦੀ ਸ਼ਮੂਲੀਅਤ ਸਪੱਸ਼ਟ ਦੱਸਦੀ ਹੈ। ਪੰਜਾਬ ਵਿਚ ਅਕਾਲੀ ਦਲ-ਭਾਜਪਾ ਦੀਆਂ 2007 ਤੋਂ 2017 ਤੱਕ ਦੋ ਸਰਕਾਰਾਂ ਦੀ ਨਸ਼ਿਆਂ ਦੇ ਵਪਾਰ ਨਾਲ ਭਾਰੀ ਬਦਨਾਮੀ ਹੋਈ। ਇਸੇ ਦੌਰਾਨ ਬਰਖਾਸਤ ਡੀ.ਐਸ.ਪੀ. ਜਗਦੀਸ਼ ਭੋਲਾ ਸਮੇਤ ਤਸਕਰਾਂ ਦਾ ਨਸ਼ਾ ਵਪਾਰ ਦਾ ਕਰੀਬ 6000 ਕਰੋੜ ਰੁਪਏ ਦਾ ਵੱਡਾ ਰੈਕੇਟ ਸਾਹਮਣੇ ਆਇਆ। ਜਗਦੀਸ਼ ਭੋਲਾ ਨੇ ਅਦਾਲਤ ਤੋਂ ਬਾਹਰ ਆਉਂਦੇ ਮੀਡੀਆ ਸਾਹਮਣੇ ਬਾਦਲ ਸਰਕਾਰ ਵਿਚ ਸ਼ਕਤੀਸ਼ਾਲੀ ਮੰਤਰੀ ਬਿਕਰਮ ਮਜੀਠੀਆ ਨੂੰ ਨਸ਼ਾ ਤਸਕਰੀ ਦਾ ਕਿੰਗਪਿੰਨ ਦੱਸਿਆ ਸੀ। ਇਸ ਮਾਮਲੇ ਵਿਚ ਈ.ਡੀ. ਦੀ ਪੁੱਛਗਿੱਛ ਦੇ ਬਾਵਜੂਦ ਮਾਮਲਾ ਦਬਾ ਦਿੱਤਾ ਗਿਆ। ਅੱਜ ਵੀ ਤਸਕਰਾਂ ਨਾਲ ਸਬੰਧਾਂ ਦੇ ਮਾਮਲੇ ਵਿਚ ਮਜੀਠੀਆ ਜੇਲ੍ਹ ਦੀ ਹਵਾ ਫੱਕ ਰਿਹੈ। ਨਸ਼ਿਆਂ ਕਾਰਨ ਹੋਈ ਬਦਨਾਮੀ ਕਾਰਨ ਹੀ ਅਕਾਲੀ ਦਲ-ਬੀ.ਜੇ.ਪੀ. ਨੂੰ ਸੱਤਾ ਤੋਂ ਹੱਥ ਧੋਣੇ ਪਏ। ਕੈਪਟਨ ਅਮਰਿੰਦਰ ਸਿੰਘ ਨੇ 2017 ਦੀਆਂ ਚੋਣਾਂ ਦੌਰਾਨ ਗੁਟਕਾ ਸਾਹਿਬ ਦੀ ਸਹੁੰ ਚੁੱਕ ਕੇ ਨਸ਼ੇ 4 ਹਫਤਿਆਂ ਵਿਚ ਖਤਮ ਕਰਨ ਦਾ ਵਾਅਦਾ ਕਰਕੇ ਸੱਤਾ ਹਥਿਆਈ ਸੀ। ਨਸ਼ੇ ਤਾਂ ਜਿਵੇਂ ਦੇ ਤਿਵੇਂ ਨੇ, ਪਰ ਕੈਪਟਨ ਜ਼ਰੂਰ ਰਾਜਨੀਤੀ ਦੇ ਹਾਸ਼ੀਏ ’ਤੇ ਪੁੱਜ ਗਏ। ਕੈਪਟਨ ਨੇ ਏ.ਡੀ.ਜੀ.ਪੀ. ਹਰਪ੍ਰੀਤ ਸਿੱਧੂ ਦੀ ਅਗਵਾਈ ਵਿਚ ਨਸ਼ਿਆਂ ’ਤੇ ਲਗਾਮ ਲਗਾਉਣ ਲਈ ਵਿਸ਼ੇਸ਼ ਜਾਂਚ ਟੀਮ ਬਣਾਈ ਸੀ। ਇਸ ਦੀ ਰਿਪੋਰਟ ਨਾਂ ਹੀ ਸਰਕਾਰ ਵਲੋਂ ਜਨਤਕ ਕੀਤੀ ਗਈ ਅਤੇ ਨਾ ਹੀ ਉਸ ’ਤੇ ਕਾਰਵਾਈ ਹੋਈ। ਨਵਜੋਤ ਸਿੱਧੂ ਅਨੁਸਾਰ ਇਸ ਜਾਂਚ ਵਿਚ ਮਜੀਠੀਆ ਖਿਲਾਫ ਮੁੱਢਲੇ ਤੌਰ ’ਤੇ ਸ਼ਮੂਲੀਅਤ ਬਾਰੇ ਉਂਗਲ ਉਠੀ ਸੀ। ਬਾਅਦ ਵਿਚ ਮਾਨਯੋਗ ਹਾਈ ਕੋਰਟ ਵਲੋਂ ਬਣਾਈ ਏ.ਡੀ.ਜੀ.ਪੀ.ਸਿਧਾਰਥ ਚਟੋਪਾਧਿਆ ਦੀ ਐਸ.ਆਈ.ਟੀ. ਦੀ ਰਿਪੋਰਟ ਵਿਚ ਨਸ਼ਾ ਤਸਕਰੀ ਵਿਚ ਫਸੇ ਪੁਲਿਸ ਅਫਸਰਾਂ ਨੂੰ ਬਚਾਉਣ ਲਈ ਡੀ.ਜੀ.ਪੀ. ’ਤੇ ਵੀ ਉਂਗਲ ਉਠੀ ਸੀ। ਏਮਜ਼ ਦੀ ਇਕ ਰਿਪੋਰਟ ਅਨੁਸਾਰ ਪੰਜਾਬ ਵਿਚ 30 ਲੱਖ ਦੇ ਕਰੀਬ ਲੋਕ ਨਸ਼ਿਆਂ ਦੇ ਆਦੀ ਨੇ, ਜਿਨ੍ਹਾਂ ਵਿਚ ਔਰਤਾਂ ਅਤੇ ਬੱਚੇ ਵੀ ਸ਼ਾਮਲ ਨੇ। ਦਰਜਨਾਂ ਪੁਲਿਸ ਅਧਿਕਾਰੀ ਨਸ਼ਾ ਵਪਾਰ ਦੇ ਦੋਸ਼ਾਂ ਕਾਰਨ ਨੌਕਰੀਆਂ ਗੁਆ ਚੁੱਕੇ ਨੇ। ਹੁਣ ਕੱਟੜ ਇਮਾਨਦਾਰੀ ਦਾ ਦਾਅਵਾ ਕਰਨ ਵਾਲੀ ‘ਆਪ’ ਸਰਕਾਰ ਨੇ ਸੂਬੇ ਵਿਚੋਂ ਨਸ਼ਿਆਂ ਅਤੇ ਬੇਰੁਜ਼ਗਾਰੀ ਦਾ ਮੁਕੰਮਲ ਸਫਾਇਆ ਕਰਨ ਦੀ ਗਾਰੰਟੀ ਦੇ ਕੇ ਸੱਤਾ ਸੰਭਾਲੀ ਹੈ। ਇਸ ਦਾ ਦਾਅਵਾ ਹੈ ਕਿ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਦੀ ਮੁਹਿੰਮ ਤੇਜ਼ੀ ਨਾਲ ਚਲਾਈ ਜਾ ਰਹੀ ਹੈ। ਐਨ.ਡੀ.ਪੀ.ਐਸ. ਐਕਟ ਤਹਿਤ 559 ਐਫ.ਆਈ.ਆਰਜ਼ ਦਰਜ ਕਰਕੇ 676 ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪਰ ਅਜੇ ਤੱਕ ਕਿਸੇ ਵੱਡੇ ਮਗਰਮੱਛ ’ਤੇ ਹੱਥ ਨਹੀਂ ਪੈ ਸਕਿਆ। ਅਜਿਹੇ ਅੰਕੜੇ ਪਹਿਲੀਆਂ ਸਰਕਾਰਾਂ ਵਲੋਂ ਵੀ ਜਾਰੀ ਹੁੰਦੇ ਰਹੇ ਨੇ, ਪਰ ਨਸ਼ਾ ਵਪਾਰ ਵੱਧਦਾ ਹੀ ਜਾ ਰਿਹੈ। ਰੋਜ਼ਾਨਾ ਸੂਬੇ ਦੇ ਵੱਖ-ਵੱਖ ਹਿੱਸਿਆਂ ਤੋਂ ਨਸ਼ਿਆਂ ਨਾਲ ਮੌਤਾਂ ਦੀਆਂ ਖਬਰਾਂ ਆ ਰਹੀਆਂ ਨੇ ਅਤੇ ਹਜ਼ਾਰਾਂ ਘਰਾਂ ਦੇ ਚਿਰਾਗ ਨਸ਼ੇ ਦੇ ਦੈਂਤ ਦੀ ਭੇਂਟ ਚੜ੍ਹ ਰਹੇ ਨੇ। ਹੁਣ ਗੁਜਰਾਤ ਅਤੇ ਹੋਰ ਰੂਟਾਂ ਰਾਹੀਂ ਵੱਡੀ ਪੱਧਰ ’ਤੇ ਪੰਜਾਬ ਪਹੁੰਚ ਰਹੇ ਨਸ਼ੇ ਪੰਜਾਬ ਦੀ ਜਵਾਨੀ ਨੂੰ ਬਰਬਾਦ ਕਰਨ ਦੀ ਇਕ ਸੋਚੀ ਸਮਝੀ ਸਾਜਿਸ਼ ਦਾ ਹਿੱਸਾ ਜਾਪਦੇ ਨੇ। ਪਹਿਲਾਂ ਹੀ ਬੇਰੁਜ਼ਗਾਰੀ ਦੇ ਚੱਲਦੇ ਲੱਖਾਂ-ਲੱਖਾਂ ਪੰਜਾਬੀ ਨੌਜਵਾਨ ਵਿਦੇਸ਼ਾਂ ਵਿਚ ਜਾ ਚੁੱਕੇ ਨੇ ਅਤੇ ਬਾਕੀ ਜਹਾਜ਼ ਚੜ੍ਹਨ ਲਈ ਤਰਲੋ-ਮੱਛੀ ਹੋ ਰਹੇ ਨੇ। ਸਰਕਾਰ ਨਵੇਂ ਰੁਜ਼ਗਾਰ ਪੈਦਾ ਕਰਨ ਦੇ ਦਾਅਵੇ ਤਾਂ ਬਹੁਤ ਕਰਦੀ ਹੈ, ਪਰ ਅਜੇ ਤੱਕ ਕੋਈ ਠੋਸ ਬਿਉਂਤਬੰਦੀ ਦਿਖਾਈ ਨਹੀਂ ਦੇ ਰਹੀ। ਸਾਡੀ ਇਸ ਲੇਖ ਰਾਹੀਂ ਸਰਕਾਰ ਦੀ ਨੀਯਤ ’ਤੇ ਉਂਗਲ ਉਠਾਉਣ ਦੀ ਰੱਤੀ ਭਰ ਵੀ ਮਨਸ਼ਾ ਨਹੀਂ, ਬਲਕਿ ਤੇਜ਼ੀ ਨਾਲ ਵੱਧ ਰਹੇ ਨਸ਼ਾ ਵਪਾਰ ਦੇ ਆਕਾਰ ਤੋਂ ਸਾਵਧਾਨ ਕਰਨਾ ਹੈ। ਅਸੀਂ ਇਸ ਲੇਖ ਰਾਹੀਂ ਮਾਨ ਸਰਕਾਰ ਨੂੰ ਸਲਾਹ ਦਿੰਦੇ ਹਾਂ ਕਿ ਨਸ਼ੇ ਵਿਚ ਫਸੀ ਜਵਾਨੀ ਨੂੰ ਇਸ ਕੋਹੜ ’ਚੋਂ ਕੱਢ ਕੇ ਕਿਸੇ ਹੁਨਰ ਦੀ ਸਿਖਲਾਈ ਰਾਹੀਂ ਪੈਰਾਂ ’ਤੇ ਖੜ੍ਹੇ ਕਰਨ ਲਈ ਗੰਭੀਰਤਾ ਨਾਲ ਯਤਨ ਕਰੇ। ਜੇਕਰ ਨਸ਼ਾ ਵਪਾਰ ਇਸੇ ਤਰ੍ਹਾਂ ਜਾਰੀ ਰਿਹਾ, ਤਾਂ ਦੇਸ਼ ਦੀ ਖੜਗ ਭੁਜ਼ਾ ਪੰਜਾਬ ਨੂੰ ਬਰਬਾਦੀ ਤੋਂ ਬਚਾਉਣਾ ਸੰਭਵ ਨਹੀਂ ਹੋਏਗਾ। 

Leave a Reply

Your email address will not be published.