ਪੰਜਾਬ ‘ਚ ਸੋਨੀ ਵਲੋਂ ਟੀਕਾਕਰਨ ਦੀ ਸ਼ੁਰੂਆਤ

Home » Blog » ਪੰਜਾਬ ‘ਚ ਸੋਨੀ ਵਲੋਂ ਟੀਕਾਕਰਨ ਦੀ ਸ਼ੁਰੂਆਤ
ਪੰਜਾਬ ‘ਚ ਸੋਨੀ ਵਲੋਂ ਟੀਕਾਕਰਨ ਦੀ ਸ਼ੁਰੂਆਤ

ਅੰਮ੍ਰਿਤਸਰ / ਉਪ ਮੁੱਖ ਮੰਤਰੀ ਓ. ਪੀ. ਸੋਨੀ ਨੇ ਅੱਜ ਇਥੇ ਸੂਬੇ ਦੇ 15 ਤੋਂ 18 ਸਾਲ ਉਮਰ ਵਰਗ ਦੇ ਬੱਚਿਆਂ ਨੂੰ ਕੋਰੋਨਾ ਵਾਇਰਸ ਤੋਂ ਬਚਾਅ ਲਈ ਵੈਕਸੀਨ ਲਗਾਉਣ ਦੀ ਸ਼ੁਰੂਆਤ ਕੀਤੀ।

ਇਸ ਦੇ ਨਾਲ ਹੀ ਉਨ੍ਹਾਂ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਕੋਰੋਨਾ ਦੀ ਤੀਸਰੀ ਲਹਿਰ ਤੋਂ ਆਪਣੇ ਬੱਚਿਆਂ ਨੂੰ ਬਚਾਉਣ ਲਈ ਉਨ੍ਹਾਂ ਨੂੰ ਵੈਕਸੀਨ ਜ਼ਰੂਰ ਲਗਾਉਣ। ਅੱਜ ਇਥੇ ਸਿਵਲ ਹਸਪਤਾਲ ਵਿਖੇ ਟੀਕਾਕਰਨ ਮੁਹਿੰਮ ਸੰਬੰਧੀ ਸਮਾਗਮ ਨੂੰ ਸੰਬੋਧਨ ਕਰਦੇ ਹੋਏ ਸ੍ਰੀ ਸੋਨੀ ਨੇ ਕਿਹਾ ਕਿ ਪੰਜਾਬ ‘ਚ 14 ਲੱਖ ਦੇ ਕਰੀਬ ਬੱਚੇ 15 ਤੋਂ 18 ਸਾਲ ਉਮਰ ਵਰਗ ‘ਚ ਆਉਂਦੇ ਹਨ, ਜਿਨ੍ਹਾਂ ਨੂੰ ਵੈਕਸੀਨ ਲਗਾਉਣ ਦੀ ਅੱਜ ਸ਼ੁਰੂਆਤ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਭਾਵੇਂ ਸਰਕਾਰ ਕੋਰੋਨਾ ਨਾਲ ਲੜਨ ਲਈ ਹਰ ਤਰ੍ਹਾਂ ਦੇ ਟਾਕਰੇ ਲਈ ਤਿਆਰ ਹੈ, ਪਰ ਸਾਨੂੰ ਸਾਰਿਆਂ ਨੂੰ ਇਸ ਲਈ ਕਾਰਗਰ ਹਥਿਆਰ, ਜੋ ਕਿ ਵੈਕਸੀਨ ਹੀ ਹੈ, ਨੂੰ ਲਗਾਉਣਾ ਚਾਹੀਦਾ ਹੈ।

ਉਨ੍ਹਾਂ ਕਿਹਾ ਕਿ ਅੰਮ੍ਰਿਤਸਰ ਜ਼ਿਲ੍ਹੇ ‘ਚ 1 ਲੱਖ 12 ਹਜ਼ਾਰ ਬੱਚੇ ਇਸ ਉਮਰ ਵਰਗ ‘ਚ ਆਉਂਦੇ ਹਨ, ਜਿਨ੍ਹਾਂ ਨੂੰ ਇਹ ਟੀਕਾ ਲਗਾਇਆ ਜਾਣਾ ਹੈ। ਉਨ੍ਹਾਂ ਇਸ ਮੁਹਿੰਮ ‘ਚ ਲੱਗੇ ਸਿਹਤ ਕਾਮਿਆਂ ਦੀ ਤਾਰੀਫ਼ ਕਰਦੇ ਹੋਏ ਕਿਹਾ ਕਿ ਇਨ੍ਹਾਂ ਦੀ ਕੋਸ਼ਿਸ਼ ਨਾਲ ਅਸੀਂ ਜ਼ਿਲ੍ਹੇ ‘ਚ 85 ਫੀਸਦੀ ਯੋਗ ਅਬਾਦੀ ਨੂੰ ਕੋਰੋਨਾ ਦੇ ਟੀਕੇ ਦੀ ਪਹਿਲੀ ਡੋਜ਼ ਲਗਾਈ ਹੈ ਤੇ 45 ਫੀਸਦੀ ਦੇ ਕਰੀਬ ਨੂੰ ਦੂਸਰੀ ਡੋਜ਼ ਲਗਾ ਕੇ ਕੋਰੋਨਾ ਵਿਰੁੱਧ ਲੜਨ ਲਈ ਤਿਆਰ ਕਰ ਲਿਆ ਹੈ। ਸ੍ਰੀ ਸੋਨੀ ਨੇ ਟੀਕਾਕਰਨ ਤੋਂ ਵਾਂਝੇ ਰਹਿ ਗਏ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਕੋਰੋਨਾ ਤੋਂ ਖੁਦ ਨੂੰ ਬਚਾਉਣ ਲਈ ਵੈਕਸੀਨ ਜ਼ਰੂਰ ਲਗਵਾਉਣ। ਇਸ ਮੌਕੇ ਡਿਪਟੀ ਕਮਿਸ਼ਨਰ ਗੁਰਪ੍ਰੀਤ ਸਿੰਘ ਖਹਿਰਾ, ਪੁਲਿਸ ਕਮਿਸ਼ਨਰ ਡਾ: ਸੁਖਚੈਨ ਸਿੰਘ, ਐਮ.ਡੀ. ਸਿਹਤ ਕਾਰਪੋਰੇਸ਼ਨ ਭੁਪਿੰਦਰ ਸਿੰਘ, ਡਾਇਰੈਕਟਰ ਸਿਹਤ ਸੇਵਾਵਾਂ ਜੀ. ਬੀ. ਸਿੰਘ ਤੇ ਹੋਰ ਹਾਜ਼ਰ ਸਨ।

Leave a Reply

Your email address will not be published.