ਪੰਜਾਬ ‘ਚ ਮੁੜ ਕੋਰੋਨਾ ਪਾਬੰਦੀਆਂ ਸਕੂਲ-ਕਾਲਜ ਬੰਦ, ਰਾਤ ਦਾ ਕਰਫ਼ਿਊ ਲਾਗੂ

Home » Blog » ਪੰਜਾਬ ‘ਚ ਮੁੜ ਕੋਰੋਨਾ ਪਾਬੰਦੀਆਂ ਸਕੂਲ-ਕਾਲਜ ਬੰਦ, ਰਾਤ ਦਾ ਕਰਫ਼ਿਊ ਲਾਗੂ
ਪੰਜਾਬ ‘ਚ ਮੁੜ ਕੋਰੋਨਾ ਪਾਬੰਦੀਆਂ ਸਕੂਲ-ਕਾਲਜ ਬੰਦ, ਰਾਤ ਦਾ ਕਰਫ਼ਿਊ ਲਾਗੂ

• ਬਾਰ, ਮਲਟੀਪਲੈਕਸ, ਸ਼ਾਪਿੰਗ ਮਾਲ ਤੇ ਮਿਊਜ਼ੀਅਮ ਅੱਧੀ ਸਮਰੱਥਾ ਨਾਲ ਖੁੱਲ੍ਹਣਗੇ • ਸਪੋਰਟਸ ਕੰਪਲੈਕਸ, ਸਵੀਮਿੰਗ ਪੂਲ, ਜਿੰਮ ਬੰਦ

ਚੰਡੀਗੜ੍ਹ / ਸੂਬੇ ‘ਚ ਵਧ ਰਹੇ ਕੋਰੋਨਾ ਦੇ ਮਾਮਲਿਆਂ ਨੂੰ ਦੇਖਦਿਆਂ ਪੰਜਾਬ ਸਰਕਾਰ ਵਲੋਂ ਅੱਜ ਤੋਂ 15 ਜਨਵਰੀ ਤੱਕ ਸ਼ਹਿਰਾਂ ਤੇ ਨਗਰ ਨਿਗਮਾਂ ਹੇਠ ਆਉਂਦੇ ਕਸਬਿਆਂ ‘ਚ ਰਾਤ ਦਾ ਕਰਫ਼ਿਊ (ਰਾਤ 10 ਤੋਂ ਸਵੇਰੇ 5 ਵਜੇ ਤੱਕ) ਲਗਾਉਣ ਦਾ ਫ਼ੈਸਲਾ ਲਿਆ ਗਿਆ ਹੈ । ਕਰਫ਼ਿਊ ਦੌਰਾਨ ਜ਼ਰੂਰੀ ਕੰਮਾਂ ਲਈ ਰਿਆਇਤ ਦਿੱਤੀ ਗਈ ਹੈ, ਜਿਸ ‘ਚ ਸਰਕਾਰੀ, ਨਿੱਜੀ ਦਫ਼ਤਰਾਂ ਤੇ ਉਦਯੋਗਾਂ ਲਈ ਰਾਤ ਦੀਆਂ ਸ਼ਿਫ਼ਟਾਂ, ਰਾਸ਼ਟਰੀ ਰਾਜ ਮਾਰਗ ਤੇ ਸੂਬੇ ਦੇ ਰਾਜ ਮਾਰਗਾਂ ‘ਤੇ ਆਵਾਜਾਈ, ਸਾਮਾਨ ਲਿਜਾਣ ਵਾਲੇ ਵਾਹਨ, ਬੱਸਾਂ, ਰੇਲਾਂ ਤੇ ਹਵਾਈ ਯਾਤਰਾ ਖੁੱਲ੍ਹੀ ਰਹੇਗੀ । ਇਸ ਦੇ ਨਾਲ ਹੀ ਪੰਜਾਬ ‘ਚ ਸਕੂਲ, ਕਾਲਜ, ਹੋਰ ਸਿੱਖਿਆ ਸੰਸਥਾਨ ਤੇ ਯੂਨੀਵਰਸਿਟੀਆਂ ਨੂੰ ਵੀ 15 ਜਨਵਰੀ ਤੱਕ ਬੰਦ ਕਰਨ ਦੇ ਹੁਕਮ ਦਿੱਤੇ ਗਏ ਹਨ, ਇਹ ਵਿੱਦਿਅਕ ਅਦਾਰੇ ਵਿਦਆਰਥੀਆਂ ਨੂੰ ਆਨਲਾਈਨ ਪੜ੍ਹਾਈ ਕਰਵਾ ਸਕਣਗੇ । ਮੈਡੀਕਲ ਕਾਲਜ ਤੇ ਨਰਸਿੰਗ ਕਾਲਜ ਪਹਿਲਾਂ ਦੀ ਤਰ੍ਹਾਂ ਕੰਮ ਕਰਦੇ ਰਹਿਣਗੇ ।

ਇਸ ਦੇ ਇਲਾਵਾ ਬਾਰ, ਸਿਨੇਮਾ ਹਾਲ, ਮਲਟੀਪਲੈਕਸ, ਸ਼ਾਪਿੰਗ ਮਾਲ, ਸਪਾ, ਮਿਊਜ਼ੀਅਮ ਤੇ ਚਿੜੀਆਘਰ ਅੱਧੀ ਸਮਰੱਥਾ ਨਾਲ ਖੁੱਲ੍ਹਣਗੇ ਜਦਕਿ ਸਪੋਰਟਸ ਕੰਪਲੈਕਸ, ਸਵਿਿਮੰਗ ਪੂਲ, ਜਿੰਮ ਪੂਰੀ ਤਰ੍ਹਾਂ ਬੰਦ ਰਹਿਣਗੇ । ਹਾਲਾਂਕਿ ਕੌਮੀ ਤੇ ਕੌਮਾਂਤਰੀ ਮੁਕਾਬਲਿਆਂ ‘ਚ ਹਿੱਸਾ ਲੈਣ ਦੀ ਤਿਆਰੀ ਕਰ ਰਹੇ ਖਿਡਾਰੀ ਪ੍ਰੈਕਟਿਸ ਕਰ ਸਕਣਗੇ । ਏ.ਸੀ. ਬੱਸਾਂ 50 ਫ਼ੀਸਦੀ ਸਮਰੱਥਾ ਨਾਲ ਚੱਲਣਗੀਆਂ । ਜਿਹੜੇ ਕਰਮਚਾਰੀ ਕੋਰੋਨਾ ਦੇ ਦੋਵੇਂ ਟੀਕੇ ਲਗਵਾ ਚੁੱਕੇ ਹਨ ਸਿਰਫ਼ ਉਹ ਹੀ ਸਰਕਾਰੀ ਦਫ਼ਤਰਾਂ, ਨਿੱਜੀ ਦਫ਼ਤਰਾਂ, ਫ਼ੈਕਟਰੀਆਂ ਤੇ ਕੰਮ ਵਾਲੀਆਂ ਹੋਰ ਥਾਵਾਂ ਆਦਿ ‘ਚ ਜਾ ਸਕਣਗੇ । ਇਸ ਦੇ ਨਾਲ ਹੀ ਮਾਸਕ ਤੋਂ ਬਿਨਾਂ ਸਰਕਾਰੀ ਤੇ ਨਿੱਜੀ ਦਫ਼ਤਰਾਂ ‘ਚ ਜਾਣ ਵਾਲੇ ਲੋਕਾਂ ਨੂੰ ਕੋਈ ਕਰਮਚਾਰੀ ਅਟੈਂਡ ਨਹੀਂ ਕਰੇਗਾ ਤੇ ਨਾ ਹੀ ਕੋਈ ਸਹੂਲਤ ਮਿਲੇਗੀ ।

ਸਮੂਹ ਟੀਚਿੰਗ ਤੇ ਨਾਨ-ਟੀਚਿੰਗ ਅਮਲੇ ਨੂੰ ਹਾਜ਼ਰ ਰਹਿਣ ਦੇ ਆਦੇਸ਼ ਐੱਸ. ਏ. ਐੱਸ. ਨਗਰ / ਪੰਜਾਬ ਸਰਕਾਰ ਵਲੋਂ ਕੋਵਿਡ-19 ਦੇ ਵਧ ਰਹੇ ਫ਼ੈਲਾਅ ਦੇ ਮੱਦੇਨਜ਼ਰ ਪੰਜਾਬ ਰਾਜ ‘ਚ ਸਥਿਤ ਸਮੂਹ ਸਰਕਾਰੀ/ਸਰਕਾਰੀ ਸਹਾਇਤਾ ਪ੍ਰਾਪਤ, ਪ੍ਰਾਈਵੇਟ, ਅਨਏਡਿਡ ਤੇ ਮਾਨਤਾ ਪ੍ਰਾਪਤ ਸਕੂਲ 15 ਜਨਵਰੀ ਤੱਕ ਬੰਦ ਕਰਨ ਦੇ ਫ਼ੈਸਲੇ ਤੋਂ ਬਾਅਦ ਡੀ.ਪੀ.ਆਈ. (ਸ. ਸ.) ਵਲੋਂ ਸਮੂਹ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਨੂੰ ਹੁਕਮ ਜਾਰੀ ਕਰਕੇ ਕਿਹਾ ਗਿਆ ਹੈ ਕਿ ਸਕੂਲ ਬੰਦ ਦੌਰਾਨ ਸਮੂਹ ਟੀਚਿੰਗ ਤੇ ਨਾਨ-ਟੀਚਿੰਗ ਅਮਲਾ ਆਮ ਦਿਨਾਂ ਵਾਂਗ ਆਪਣੀਆਂ ਸੰਸਥਾਵਾਂ ‘ਚ ਹਾਜ਼ਰ ਰਹੇਗਾ ਤੇ ਸਾਲਾਨਾ ਪ੍ਰੀਖਿਆ ਦੇ ਮੱਦੇਨਜ਼ਰ ਵਿਿਦਆਰਥੀਆਂ ਦੀ ਪੜ੍ਹਾਈ ਜਾਰੀ ਰੱਖਣ ਲਈ ਟੀਚਿੰਗ ਸਟਾਫ਼ ਸਕੂਲ ਵਿਖੇ ਉਪਲਬਧ ਟੀਚਿੰਗ ਲਰਨਿੰਗ ਏਡਜ਼ ਜਿਵੇਂ ਕਿ ਪੋ੍ਰਜੈਕਟਰ, ਕੰਪਿਊਟਰ ਆਦਿ ਦੀ ਸਹਾਇਤਾ ਨਾਲ ਆਨਲਾਈਨ ਕਲਾਸਾਂ ਲੈਣਗੇ । ਇਸ ਤੋਂ ਇਲਾਵਾ ਸਮੂਹ ਅਧਿਆਪਕ ਵਿਿਦਆਰਥੀਆਂ ਨੂੰ ਪੰਜਾਬ ਐਜੂਕੇਅਰ ਐਪ ਦੀ ਵਰਤੋਂ ਕਰਨ ਲਈ ਪ੍ਰੇਰਿਤ ਕਰਨਗੇ ਅਤੇ ਕੋਵਿਡ-19 ਸੰਬੰਧੀ ਭਾਰਤ ਸਰਕਾਰ ਤੇ ਪੰਜਾਬ ਸਰਕਾਰ ਵਲੋਂ ਸਮੇਂ-ਸਮੇਂ ਸਿਰ ਜਾਰੀ ਕੀਤੀਆਂ ਹਦਾਇਤਾਂ ਦੀ ਪਾਲਣਾ ਕਰਨੀ ਯਕੀਨੀ ਬਣਾਈ ਜਾਵੇ ।

ਦਿੱਲੀ ‘ਚ ਹਫ਼ਤਾਵਾਰੀ ਕਰਫ਼ਿਊ ਦਾ ਐਲਾਨ ਨਵੀਂ ਦਿੱਲੀ / ਦਿੱਲੀ ਦੀ ‘ਆਪ’ ਸਰਕਾਰ ਨੇ ਕੋਰੋਨਾ ਵਾਇਰਸ ਦੇ ਵਧਦੇ ਮਾਮਲਿਆਂ ਨੂੰ ਵੇਖਦੇ ਹੋਏ ਹਫ਼ਤੇ ਦੇ ਆਖਰੀ 2 ਦਿਨ ਸਨਿਚਰਵਾਰ ਤੇ ਐਤਵਾਰ ਨੂੰ ਕਰਫਿਊ ਲਾਉਣ ਦਾ ਐਲਾਨ ਕੀਤਾ ਹੈ । ਇਸ ਐਲਾਨ ਤੋਂ ਬਾਅਦ ਸ਼ੁੱਕਰਵਾਰ ਰਾਤ 10 ਵਜੇ ਤੋਂ ਲੈ ਕੇ ਸੋਮਵਾਰ ਸਵੇਰੇ 5 ਵਜੇ ਤੱਕ ਸਿਰਫ ਜ਼ਰੂਰੀ ਸੇਵਾਵਾਂ ਤੋਂ ਇਲਾਵਾ ਬਾਕੀ ਸਾਰੇ ਕਾਰਜਾਂ ‘ਤੇ ਪਾਬੰਦੀ ਰਹੇਗੀ । ਹਾਲਾਂਕਿ ਯਾਤਰੀਆਂ ਨੂੰ ਰਾਹਤ ਦਿੰਦੇ ਹੋਏ ਦਿੱਲੀ ‘ਚ ਮੈਟਰੋ ਤੇ ਬੱਸਾਂ ‘ਚ ਸਿਰਫ 50 ਫੀਸਦੀ ਸਵਾਰੀਆਂ ਦੇ ਸਫਰ ਕਰਨ ਸੰਬੰਧੀ ਲਾਈ ਪਾਬੰਦੀ ਨੂੰ ਹਟਾ ਲਿਆ ਗਿਆ ਹੈ, ਪਰ ਇਸ ਦੌਰਾਨ ਸਾਰੇ ਯਾਤਰੀਆਂ ਨੂੰ ਮਾਸਕ ਪਾਉਣਾ ਜ਼ਰੂਰੀ ਹੋਏਗਾ । ਦਿੱਲੀ ਦੇ ਉਪ-ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਮੰਗਲਵਾਰ ਨੂੰ ਦੱਸਿਆ ਕਿ ਬੱਸ ਸਟੈਂਡ ਤੇ ਮੈਟਰੋ ਸਟੇਸ਼ਨ ‘ਤੇ ਭੀੜ ਤੋਂ ਬਚਣ ਲਈ ਦਿੱਲੀ ‘ਚ ਬੱਸਾਂ ਤੇ ਮੈਟਰੋ 100 ਫੀਸਦੀ ਸਮਰੱਥਾ ਨਾਲ ਚੱਲਣਗੀਆਂ । ਸਿਸੋਦੀਆ ਨੇ ਕਿਹਾ ਕਿ ਸਰਕਾਰੀ ਮੁਲਾਜ਼ਮ ਆਨਲਾਈਨ ਜਾਂ ਵਰਕ ਫਰਾਮ ਹੋਮ ਕਰਨਗੇ । ਸਿਰਫ ਜ਼ਰੂਰੀ ਸੇਵਾਵਾਂ ਨਾਲ ਜੁੜੇ ਵਿਭਾਗਾਂ ਦੇ ਅਧਿਕਾਰੀ ਤੇ ਮੁਲਾਜ਼ਮ ਹੀ ਦਫ਼ਤਰ ਜਾਣਗੇ ਤੇ ਨਿੱਜੀ ਦਫ਼ਤਰਾਂ ‘ਚ ਵੀ 50 ਫੀਸਦੀ ਸਟਾਫ ਨਾਲ ਹੀ ਕੰਮ ਕੀਤਾ ਜਾ ਸਕੇਗਾ । ਦਿੱਲੀ ‘ਚ 24 ਘੰਟਿਆਂ ਦੌਰਾਨ ਕੋਰੋਨਾ ਵਾਇਰਸ ਦੇ 5481 ਮਾਮਲੇ ਸਾਹਮਣੇ ਆਏ ਹਨ ਜਦਕਿ 1575 ਮਰੀਜ਼ ਠੀਕ ਹੋਏ ਹਨ ਤੇ 3 ਮਰੀਜ਼ਾਂ ਦੀ ਮੌਤ ਹੋ ਗਈ ਹੈ

Leave a Reply

Your email address will not be published.