ਚੰਡੀਗੜ੍ਹ / ਪੰਜਾਬ ਸਰਕਾਰ ਵਲੋਂ ਕੋਵਿਡ ਦੇ ਚੱਲਦੇ ਰਾਜ ਵਿਚ ਲਾਗੂ ਕੀਤੀ ਤਾਲਾਬੰਦੀ ਦੌਰਾਨ ਸ਼ਰਾਬ ਦੇ ਠੇਕੇ ਖੁੱਲ੍ਹੇ ਰਹਿਣਗੇ, ਹਾਲਾਂਕਿ ਅਹਾਤੇ ਬੰਦ ਰਹਿਣਗੇ |
ਇਸ ਦੇ ਨਾਲ ਹੀ ਖੇਤੀ ਸਬੰਧੀ ਯੰਤਰ ਅਤੇ ਵਸਤੂਆਂ, ਉਦਯੋਗਿਕ ਸਮਗਰੀ, ਵਾਹਨ ਕਾਰੋਬਾਰ ਆਦਿ ਵੀ ਖੁੱਲ੍ਹੇ ਰਹਿਣਗੇ | ਮੰਗਲਵਾਰ ਨੂੰ ਪੰਜਾਬ ਸਰਕਾਰ ਦੇ ਗ੍ਰਹਿ ਵਿਭਾਗ ਵਲੋਂ ਤਾਲਾਬੰਦੀ ਸਬੰਧੀ ਇਹ ਸੋਧ ਜਾਰੀ ਕੀਤੇ ਗਏ | ਪੰਜਾਬ ‘ਚ 2 ਮਈ ਤੋਂ 15 ਮਈ ਤੱਕ ਰਾਜ ਸਰਕਾਰ ਨੇ ਰਾਤ ਦੇ ਕਰਫ਼ਿਊ ਨੂੰ ਸ਼ਾਮ 6 ਵਜੇ ਤੋਂ ਸਵੇਰੇ 5 ਵਜੇ ਤੱਕ ਲਾਗੂ ਕਰਨ ਦੇ ਨਾਲ ਹੀ ਰਾਜ ਵਿਚ ਕਰਿਆਨਾ ਵਰਗੀਆਂ ਜ਼ਰੂਰੀ ਵਸਤਾਂ ਦੀਆਂ ਦੁਕਾਨਾਂ ਸ਼ਾਮ 5 ਵਜੇ ਤੱਕ ਖੋਲ੍ਹਣ ਦੇ ਹੁਕਮ ਜਾਰੀ ਕੀਤੇ ਸਨ | ਇਨ੍ਹਾਂ ਹੁਕਮਾਂ ਤਹਿਤ ਦੁੱਧ, ਕਰਿਆਨਾ ਸਮਗਰੀ ਦੀਆਂ ਦੁਕਾਨਾਂ ਨੂੰ ਛੋਟ ਦੇਣ ਦੇ ਨਾਲ ਸਨਿਚਰਵਾਰ ਅਤੇ ਐਤਵਾਰ ਨੂੰ ਕੇਵਲ ਮਾਲਜ਼ ਦੀਆਂ ਦੁਕਾਨਾਂ ਖੋਲ੍ਹਣ ਦੀ ਇਜਾਜ਼ਤ ਦਿੱਤੀ ਗਈ ਸੀ | ਮੰਗਲਵਾਰ ਨੂੰ ਗ੍ਰਹਿ ਤੇ ਨਿਆਂ ਵਿਭਾਗ ਨੇ ਇਸ ਹੁਕਮਾਂ ‘ਚ ਕਈ ਹੋਰ ਸੇਵਾਵਾਂ ਨੂੰ ਸ਼ਾਮਿਲ ਕਰ ਲਿਆ ਹੈ | ਇਸ ਸਬੰਧੀ ਮੰਗਲਵਾਰ ਨੂੰ ਜਾਰੀ ਪੱਤਰ ਅਨੁਸਾਰ 2 ਮਈ ਨੂੰ ਰਾਜ ਸਰਕਾਰ ਵਲੋਂ ਜ਼ਰੂਰੀ ਵਸਤੂਆਂ ਦੀਆਂ ਦੁਕਾਨਾਂ ਸਬੰਧੀ ਜੋ ਛੋਟ ਦਿੱਤੀ ਗਈ ਸੀ, ਉਸ ‘ਚ ਵਾਧਾ ਕੀਤਾ ਗਿਆ ਹੈ |
ਹੁਣ ਰਾਜ ਵਿਚ ਜ਼ਰੂਰੀ ਵਸਤੂਆਂ ਦੀਆਂ ਦੁਕਾਨਾਂ ਦੇ ਨਾਲ-ਨਾਲ ਖਾਦ, ਬੀਜ, ਕੀਟਨਾਸ਼ਕ, ਖੇਤੀ ਔਜ਼ਾਰ, ਖੇਤੀਬਾੜੀ ਤੇ ਬਾਗ਼ਬਾਨੀ ਸਮਗਰੀ ਦੀਆਂ ਦੁਕਾਨਾਂ ਸ਼ਾਮ 5 ਵਜੇ ਤੱਕ ਖੁੱਲ੍ਹੀਆਂ ਰਹਿਣਗੀਆਂ | ਇਸ ਦੇ ਇਲਾਵਾ ਰਾਸ਼ਨ ਦੀਆਂ ਦੁਕਾਨਾਂ ਸਮੇਤ ਸਾਰੀਆਂ ਕਰਿਆਨਾ ਤੇ ਪ੍ਰਚੂਨ ਦੀਆਂ ਦੁਕਾਨਾਂ ਵੀ ਸ਼ਾਮ 5 ਵਜੇ ਤੱਕ ਖੁੱਲ੍ਹੀਆਂ ਰਹਿਣਗੀਆਂ | ਰਾਜ ‘ਚ ਪ੍ਰਚੂਨ ਅਤੇ ਥੋਕ ਦੇ ਸ਼ਰਾਬ ਦੇ ਠੇਕਿਆਂ ਨੂੰ ਵੀ ਸ਼ਾਮ 5 ਵਜੇ ਤੱਕ ਖੋਲ੍ਹਣ ਦੇ ਹੁਕਮ ਜਾਰੀ ਕੀਤੇ ਗਏ ਹਨ | ਹਾਲਾਂਕਿ ਸ਼ਰਾਬ ਦੇ ਅਹਾਤੇ ਬੰਦ ਰਹਿਣਗੇ | ਇਨ੍ਹਾਂ ਆਦੇਸ਼ਾਂ ਮੁਤਾਬਕ ਉਦਯੋਗਿਕ ਸਮਗਰੀ, ਹਾਰਡਵੇਅਰ ਦਾ ਸਾਮਾਨ, ਸੰਦ, ਮੋਟਰ ਵਾਹਨ ਅਤੇ ਪਾਈਪ ਆਦਿ ਦੀਆਂ ਦੁਕਾਨਾਂ ਨੂੰ ਵੀ ਸ਼ਾਮ 5 ਵਜੇ ਤੱਕ ਖੋਲ੍ਹਣ ਦੀ ਆਗਿਆ ਹੈ | ਇਹ ਸਾਰੀਆਂ ਦੁਕਾਨਾਂ ਹੁਕਮਾਂ ਅਨੁਸਾਰ ਹਰ ਸਨਿਚਰਵਾਰ ਅਤੇ ਐਤਵਾਰ ਨੂੰ ਪੂਰਨ ਤਾਲਾਬੰਦੀ ਤਹਿਤ ਬੰਦ ਰਹਿਣਗੀਆਂ | ਤਾਲਾਬੰਦੀ ਦੌਰਾਨ ਆਮ ਲੋਕਾਂ ਨੂੰ ਜ਼ਰੂਰੀ ਕੰਮ ਲਈ ਪੈਦਲ ਤੇ ਸਾਈਕਲ ‘ਤੇ ਆਉਣ-ਜਾਣ ਦੀ ਛੋਟ ਦਿੱਤੀ ਗਈ ਹੈ, ਜਦੋਂਕਿ ਨਿੱਜੀ ਵਾਹਨਾਂ ‘ਤੇ ਆਉਣ-ਜਾਣ ਵਾਲੇ ਲੋਕਾਂ ਨੂੰ ਆਪਣੇ ਨਾਲ ਮਾਨਤਾ ਪ੍ਰਾਪਤ ਪਹਿਚਾਣ ਪੱਤਰ ਰੱਖਣਾ ਹੋਵੇਗਾ | ਜ਼ਰੂਰੀ ਸੇਵਾਵਾਂ ਨਾਲ ਜੁੜੇ ਲੋਕਾਂ, ਜਿਨ੍ਹਾਂ ਕੋਲ ਮਾਨਤਾ ਪ੍ਰਾਪਤ ਪਛਾਣ ਪੱਤਰ ਨਹੀਂ ਹੈ, ਨੂੰ ਵੈੱਬਸਾਈਟ ਹਟਟਪਸ://ਪਅਸਸ.ਪਅਿਸ.ਨੲਟ.ਨ/ ਤੋਂ ਈ-ਪਾਸ ਡਾਊਨਲੋਡ ਕਰਨ ਲਈ ਕਿਹਾ ਗਿਆ ਹੈ |