ਪੰਜਾਬ ਕਾਂਗਰਸ ਵਿਚ ਮੁੜ ਘਮਸਾਣ

Home » Blog » ਪੰਜਾਬ ਕਾਂਗਰਸ ਵਿਚ ਮੁੜ ਘਮਸਾਣ
ਪੰਜਾਬ ਕਾਂਗਰਸ ਵਿਚ ਮੁੜ ਘਮਸਾਣ

ਚੰਡੀਗੜ੍ਹ: ਨਵੇਂ ਮੰਤਰੀ ਮੰਡਲ ਦੇ ਸਹੁੰ ਚੁੱਕਣ ਦੇ ਅਗਲੇ ਹੀ ਦਿਨ ਨਵਜੋਤ ਸਿੰਘ ਸਿੱਧੂ ਵੱਲੋਂ ਪੰਜਾਬ ਕਾਂਗਰਸ ਦੇ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇਣ ਪਿੱਛੋਂ ਸੂਬਾ ਕਾਂਗਰਸ ਵਿਚ ਇਕ ਵਾਰ ਫਿਰ ਸਿਆਸੀ ਘਮਸਾਣ ਸ਼ੁਰੂ ਹੋ ਗਿਆ ਹੈ।

ਸਿੱਧੂ ਦੇ ਅਸਤੀਫੇ ਪਿੱਛੋਂ ਕੈਬਨਿਟ ਮੰਤਰੀ ਰਜ਼ੀਆ ਸੁਲਤਾਨਾ ਸਣੇ ਉਨ੍ਹਾਂ (ਸਿੱਧੂ) ਦੇ ਕੁਝ ਹਮਾਇਤੀਆਂ ਨੇ ਵੀ ਆਪੋ-ਆਪਣੇ ਅਹੁਦੇ ਛੱਡ ਦਿੱਤੇ ਹਨ। ਤਾਜ਼ਾ ਹਾਲਾਤ ਇਹ ਹਨ ਕਿ ਇਕ ਪਾਸੇ ਸਿੱਧੂ ਨੇ ਝਟਕਾ ਦਿੱਤਾ ਹੈ, ਦੂਜੇ ਪਾਸੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਭਾਜਪਾ ਨਾਲ ਸੁਰ ਮਿਲਣ ਦੇ ਚਰਚੇ ਹਨ। ਕੈਪਟਨ ਦੇ ਦਿੱਲੀ ਗੇੜਿਆਂ ਨੇ ਹਾਈਕਮਾਨ ਦਾ ਤ੍ਰਾਹ ਕੱਢਿਆ ਹੋਇਆ ਹੈ। ਅਸਲ ਵਿਚ ਸਿੱਧੂ ਨੂੰ ਪੰਜਾਬ ਦੀ ਪ੍ਰਧਾਨਗੀ, ਕੈਪਟਨ ਦੀ ਮੁੱਖ ਮੰਤਰੀ ਵਜੋਂ ਛੁੱਟੀ ਤੋਂ ਲੈ ਕੇ ਨਵੇਂ ਮੰਤਰੀ ਮੰਡਲ ਦੇ ਗਠਨ ਤੱਕ ਹਾਈਕਮਾਨ ਨੇ ਹਰ ਕਦਮ ਫੂਕ-ਫੂਕ ਕੇ ਰੱਖਣ ਦਾ ਯਤਨ ਕੀਤਾ ਸੀ ਤੇ ਉਮੀਦ ਕੀਤੀ ਸੀ ਕਿ ਪੰਜਾਬ ਕਾਂਗਰਸ ਵਿਚਲੇ ਕਲੇਸ਼ ਨੂੰ ਬਿਲੇ ਲਾਉਣ ਵਿਚ ਸਫਲ ਹੋਵੇਗੀ ਪਰ ਮੌਜੂਦਾ ਹਾਲਾਤ ਦੱਸ ਰਹੇ ਹਨ ਕਿ ਹਾਈਕਮਾਨ ਦੀਆਂ ਕੋਸ਼ਿਸ਼ਾਂ ਧਰੀਆਂ-ਧਰਾਈਆਂ ਰਹਿ ਗਈਆਂ ਹਨ। ਅਹੁਦੇ ਤੋਂ ਲਾਹੁਣ ਪਿੱਛੋਂ ਕੈਪਟਨ ਅਮਰਿੰਦਰ ਸਿੰਘ ਪਾਰਟੀ ਹਾਈਕਮਾਨ ਨੂੰ ਸਿੱਧਾ ਵੰਗਾਰ ਰਹੇ ਹਨ ਤੇ ਸਿੱਧੂ ਦੀਆਂ ਜੜ੍ਹਾਂ ਪੁੱਟਣ ਦੀਆਂ ਧਮਕੀਆਂ ਦੇ ਰਹੇ ਹਨ। ਸਿੱਧੂ ਵੀ ਹਾਈਕਮਾਨ ਦੀ ਰਜ਼ਾ ਵਿਚ ਰਹਿਣ ਦੇ ਮੂਡ ਵਿਚ ਨਹੀਂ। ਨਵੇਂ ਮੰਤਰੀ ਮੰਡਲ ਦੇ ਗਠਨ ਵਿਚ ਹਾਈਕਮਾਨ ਦੇ ਸਿੱਧੇ ਦਖਲ ਤੋਂ ਸਿੱਧੂ ਦਾ ਪਾਰਾ ਚੜ੍ਹਿਆ ਹੋਇਆ ਹੈ।

ਯਾਦ ਰਹੇ ਕਿ ਕੈਪਟਨ ਦੇ ਅਸਤੀਫੇ ਪਿੱਛੋਂ ਕਾਂਗਰਸ ਹਾਈਕਮਾਨ ਲਈ ਨਵੇਂ ਮੁੱਖ ਮੰਤਰੀ ਦੀ ਚੋਣ, ਮੰਤਰੀ ਮੰਡਲ ਦਾ ਗਠਨ ਵੱਡੀ ਚੁਣੌਤੀ ਬਣਿਆ ਹੋਇਆ ਸੀ। ਹਾਈਕਮਾਨ ਇਸ ਵਾਰ ਇਸ ਰਣਨੀਤੀ ਉਤੇ ਸੀ ਕਿ ਪੰਜਾਬ ਦੀ ਅਸਲ ਕਮਾਨ ਆਪਣੇ ਹੱਥ ਰੱਖੇ। ਇਸੇ ਲਈ ਕੈਪਟਨ ਦੇ ਅਸਤੀਫੇ ਪਿੱਛੋਂ ਵਿਧਾਇਕ ਦਲ ਦੀ ਮੀਟਿੰਗ ਵਿਚ ਨਵੇਂ ਮੁੱਖ ਮੰਤਰੀ ਦੀ ਚੋਣ ਦੇ ਅਧਿਕਾਰ ਆਪਣੇ ਹੱਥ ਲੈ ਲਏ। ਬੱਸ ਇਥੋਂ ਹੀ ਪੰਜਾਬ ਕਾਂਗਰਸ ਦੇ ਕਲੇਸ਼ ਦੀ ਦੂਜੀ ਪਾਰੀ ਸ਼ੁਰੂ ਹੋ ਗਈ। ਹਾਈਕਮਾਨ ਇਸ ਵਾਰ ਅਜਿਹੇ ਮੁੱਖ ਮੰਤਰੀ ਦੀ ਭਾਲ ਸੀ ਜੋ ਦਿੱਲੀ ਬੈਠੇ ਆਗੂਆਂ ਦੀ ਰਜ਼ਾ ਵਿਚ ਰਹੇ। ਇਸੇ ਲਈ ਅੰਬਿਕਾ ਸੋਨੀ ਦੇ ਨਾਮ ਨੂੰ ਪਹਿਲ ਦਿੱਤੀ ਗਈ ਪਰ ਉਨ੍ਹਾਂ ਨੇ ਖੁਦ ਹੀ ਇਹ ਅਹੁਦਾ ਲੈਣ ਤੋਂ ਨਾਂਹ ਕਰ ਦਿੱਤਾ ਤੇ ਕਿਸੇ ਸਿੱਖ ਨੂੰ ਸੂਬੇ ਦੀ ਕਮਾਨ ਦੇਣ ਦੀ ਸਲਾਹ ਦੇ ਦਿੱਤੀ। ਇਸ ਤੋਂ ਬਾਅਦ ਸੁਨੀਲ ਜਾਖੜ, ਸੁਖਜਿੰਦਰ ਰੰਧਾਵਾ ਦੇ ਨਾਵਾਂ ਦੀ ਚਰਚਾ ਹੋਈ ਤੇ ਅੰਤ ਗੱਲ ਚਰਨਜੀਤ ਸਿੰਘ ਚੰਨੀ ਦੇ ਨਾਮ ਉਤੇ ਮੁੱਕੀ। ਇਸ ਤੋਂ ਬਾਅਦ ਨਵੇਂ ਮੰਤਰੀਆਂ ਦੀ ਚੋਣ ਵਿਚ ਹਾਈਕਮਾਨ ਨੇ ਪੰਜਾਬ ਆਗੂਆਂ ਦੇ ਦਿੱਲੀ ਗੇੜੇ ਮਰਵਾਏ। ਇਥੋਂ ਤੱਕ ਕਿ ਮੁੱਖ ਮੰਤਰੀ ਚੰਨੀ ਨੂੰ ਦੋ ਦਿਨਾਂ ਵਿਚ 4 ਵਾਰੀ ਦਿੱਲੀ ਸੱਦਿਆ।

ਸਿਆਸੀ ਮਾਹਰਾਂ ਦਾ ਕਹਿਣਾ ਹੈ ਅਸਲ ਵਿਚ ਹਾਈਕਮਾਨ ਦੀ ਇੱਛਾ ਸੀ ਕਿ ਕੈਪਟਨ ਵਰਗੇ ‘ਅੜਬਆਗੂ ਤੋਂ ਕੁਰਸੀ ਖੋਹ ਕੇ ਕਿਸੇ ਅਜਿਹੇ ਆਗੂ ਨੂੰ ਪੰਜਾਬ ਦੀ ਕਮਾਨ ਦਿੱਤੀ ਜਾਵੇ ਜੋ ਦਿੱਲੀ ਨੂੰ ਜਵਾਬਦੇਹ ਹੋਵੇ। ਦੱਸਿਆ ਜਾ ਰਿਹਾ ਹੈ ਕਿ ਪੰਜਾਬ ਦੇ ਨਵੇਂ ਡੀ.ਜੀ.ਪੀ. ਅਤੇ ਐਡਵੋਕੇਟ ਜਨਰਲ ਦੀ ਚੋਣ ਵੀ ਦਿੱਲੀ ਵਾਲਿਆਂ ਦੀ ਰਜ਼ਾ ਵਿਚ ਰਹਿ ਕੇ ਕਰਨੀ ਪਈ। ਨਵੇਂ ਮੰਤਰੀ ਮੰਡਲ ਦਾ ਸਾਰਾ ਅਮਲ ਇਸੇ ਰਣਨੀਤੀ ਤਹਿਤ ਸਿਰੇ ਚੜ੍ਹਿਆ ਜੋ ਸਿੱਧੂ ਧੜੇ ਨੂੰ ਬਿਲਕੁਲ ਮਨਜ਼ੂਰ ਨਹੀਂ ਸੀ। ਅਸਲ ਵਿਚ, ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਵਿਧਾਨ ਸਭਾ ਚੋਣਾਂ ਵਾਲੇ ਸੂਬਿਆਂ ਵਿਚ ਨਵੀਂ ਲੀਡਰਸ਼ਿਪ ਦੇ ਉਭਰ ਲਈ ਵਿਸ਼ੇਸ਼ ਰਣਨੀਤੀ ਬਣਾਈ ਸੀ। ਪ੍ਰਗਟ ਸਿੰਘ, ਰਾਜ ਕੁਮਾਰ ਵੇਰਕਾ, ਸੰਗਤ ਸਿੰਘ ਗਿਲਜੀਆਂ, ਅਮਰਿੰਦਰ ਸਿੰਘ ਰਾਜਾ ਵੜਿੰਗ, ਕਾਕਾ ਰਣਦੀਪ ਸਿੰਘ ਅਤੇ ਗੁਰਕੀਰਤ ਸਿੰਘ ਕੋਟਲੀ ਦੇ ਪਹਿਲੀ ਵਾਰ ਮੰਤਰੀ ਬਣਨ ਨੂੰ ਕਾਂਗਰਸ ਵਿਚ ਨਵੀਂ ਲੀਡਰਸ਼ਿਪ ਦੇ ਉਭਰਨ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ। ਕੁਝ ਕਾਂਗਰਸੀ ਆਗੂਆਂ ਨੇ ਰਾਣਾ ਗੁਰਜੀਤ ਸਿੰਘ ਦੇ ਮੰਤਰੀ ਬਣਾਏ ਜਾਣਤੇ ਇਤਰਾਜ਼ ਕੀਤਾ ਪਰ ਉਸ ਨੂੰ ਮੰਤਰੀ ਮੰਡਲ ਵਿਚ ਸ਼ਾਮਲ ਕਰ ਲਿਆ ਗਿਆ ਹੈ।

ਆਖਰੀ ਸਮੇਂ ਕੁਲਜੀਤ ਸਿੰਘ ਨਾਗਰਾ ਦੀ ਜਗ੍ਹਾ ਕਾਕਾ ਰਣਦੀਪ ਸਿੰਘ ਨੂੰ ਮੰਤਰੀ ਬਣਾਇਆ ਗਿਆ। ਸਿਆਸੀ ਮਾਹਿਰਾਂ ਅਨੁਸਾਰ ਇਸ ਚੋਣ ਤੇ ਜਿੱਥੇ ਰਾਹੁਲ ਗਾਂਧੀ ਦੀ ਅਗਵਾਈ ਵਾਲੀ ਹਾਈਕਮਾਨ ਦੀ ਛਾਪ ਸਪਸ਼ਟ ਦਿਖਾਈ ਦਿੰਦੀ ਹੈ, ਉਥੇ ਇਹ ਵੀ ਸਪਸ਼ਟ ਹੁੰਦਾ ਹੈ ਕਿ ਰਾਹੁਲ ਨੇ ਕਾਂਗਰਸ ਦੇ ਜਥੇਬੰਦਕ ਤੇ ਵਿਚਾਰਧਾਰਕ ਮਸਲਿਆਂ ਵਿਚ ਫੈਸਲਾਕੁਨ ਭੂਮਿਕਾ ਨਿਭਾਉਣ ਦਾ ਫੈਸਲਾ ਕਰ ਲਿਆ ਹੈ। ਦੂਜੇ ਪਾਸੇ ਸਿੱਧੂ ਵੱਲੋਂ ਪੰਜਾਬ ਦੀ ਪ੍ਰਧਾਨਗੀ ਸਾਂਭਦੇ ਹੀ ਸਪਸ਼ਟ ਕਰ ਦਿੱਤਾ ਸੀ ਉਹ ‘ਦਰਸ਼ਨੀ ਘੋੜਾ ਬਣਨ ਵਾਲੇ ਨਹੀਂ, ਉਨ੍ਹਾਂ ਨੇ ਹਾਈਕਮਾਨ ਵੱਲ ਇਸ਼ਾਰਾ ਕਰਕੇ ‘ਇੱਟ ਨਾਲ ਇੱਟ ਖੜਕਾਉਣ` ਦੀ ਧਮਕੀ ਵੀ ਦਿੱਤੀ ਸੀ। ਹੁਣ ਸਿੱਧੂ ਵੱਲੋਂ ਇਹ ਅਹੁਦਾ ਛੱਡਣ ਤੋਂ ਸਾਫ ਸੰਕੇਤ ਗਿਆ ਹੈ ਕਿ ਉਹ ਦਿੱਲੀ ਬੈਠੇ ਆਗੂਆਂ ਅੱਗੇ ਗੋਡੇ ਟੇਕਣ ਵਾਲੇ ਨਹੀਂ। ਜੇ ਉਨ੍ਹਾਂ ਨੂੰ ਪੰਜਾਬ ਕਾਂਗਰਸ ਦੀ ਕਮਾਨ ਸੌਂਪੀ ਗਈ ਹੈ ਤੇ ਫੈਸਲੇ ਲੈਣ ਦਾ ਹੱਕ ਵੀ ਉਨ੍ਹਾਂ ਕੋਲ ਹੋਣਾ ਚਾਹੀਦਾ ਹੈ। ਮੌਜੂਦਾ ਹਾਲਾਤ ਦੱਸਦੇ ਹਨ ਕਿ ਹਾਈਕਮਾਨ ਦੀ ਕਲੇਸ਼ ਨਿਬੇੜਨ ਦੀ ਰਣਨੀਤੀ ਪੁੱਠੀ ਪੈਂਦੀ ਜਾਪ ਰਹੀ ਹੈ। ਪਾਰਟੀ ਵਿਚ ਧੜੇਬੰਦੀ ਹੋਰ ਉਭਰ ਆਈ ਹੈ ਤੇ ਉਸ (ਹਾਈਕਮਾਨ) ਦੀ ਸੂਬਾਈ ਲੀਡਰਸ਼ਿਪ ਦੀਆਂ ਵਾਗਾਂ ਪੂਰੀ ਤਰ੍ਹਾਂ ਆਪਣੇ ਹੱਥ ਰੱਖਣ ਦੀ ਰਣਨੀਤੀ ਧਰੀ ਧਰਾਈ ਰਹਿ ਗਈ ਹੈ।

ਪੰਜਾਬ ਦੇ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇਣ ਤੋਂ ਬਾਅਦ ਆਪਣਾ ਸਿਆਸੀ ਭਵਿੱਖ ਤਲਾਸ਼ ਰਹੇ ਕੈਪਟਨ ਅਮਰਿੰਦਰ ਸਿੰਘ ਨੇ ਬੁੱਧਵਾਰ ਨੂੰ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕੀਤੀ । ਸ਼ਾਹ ਦੀ ਰਿਹਾਇਸ਼ ‘ਤੇ ਹੋਈ ਸਿਆਸੀ ਅਹਿਮੀਅਤ ਵਾਲੀ ਇਹ ਮੀਟਿੰਗ ਤਕਰੀਬਨ 50 ਮਿੰਟ ਚੱਲੀ । ਕੈਪਟਨ ਸ਼ਾਮ ਨੂੰ ਤਕਰੀਬਨ 6 ਵਜੇ ਸ਼ਾਹ ਦੀ ਰਿਹਾਇਸ਼ ‘ਤੇ ਪਹੁੰਚੇ ਅਤੇ 6[52 ਮਿੰਟ ‘ਤੇ ਉਨ੍ਹਾਂ ਦੀ ਕਾਰ ਪਿਛਲੇ ਦਰਵਾਜ਼ੇ ਤੋਂ ਬਾਹਰ ਚਲੀ ਗਈ । ਮੁਲਾਕਾਤ ਤੋਂ ਬਾਅਦ ਕੈਪਟਨ ਨੇ ਮੀਡੀਆ ਤੋਂ ਦੂਰੀ ਬਣਾਈ ਰੱਖੀ । ਹਾਲਾਂਕਿ ਕੈਪਟਨ ਦੇ ਨੇੜਲੇ ਅਧਿਕਾਰੀਆਂ ਮੁਤਾਬਿਕ ਇਸ ਨੂੰ ਸ਼ਿਸ਼ਟਾਚਾਰ ਮੁਲਾਕਾਤ ਕਿਹਾ ਗਿਆ, ਪਰ ਕੈਪਟਨ ਦੇ ਅਗਲੇ ਕਦਮ ਬਾਰੇ ਟੀਮ ਨੇ ਕੋਈ ਜਵਾਬ ਨਹੀਂ ਦਿੱਤਾ । ਜ਼ਿਕਰਯੋਗ ਹੈ ਕਿ ਅਸਤੀਫ਼ਾ ਦੇਣ ਤੋਂ ਬਾਅਦ ਮੰਗਲਵਾਰ ਨੂੰ ਕੈਪਟਨ ਅਮਰਿੰਦਰ ਸਿੰਘ ਦਿੱਲੀ ਪਹੁੰਚੇ ਸੀ, ਜਿਸ ਤੋਂ ਬਾਅਦ ਉਨ੍ਹਾਂ ਦੇ ਸ਼ਾਹ ਅਤੇ ਭਾਜਪਾ ਪ੍ਰਧਾਨ ਜੇ[ਪੀ[ ਨੱਢਾ ਨਾਲ ਮੁਲਾਕਾਤ ਦੇ ਕਿਆਸ ਲਗਾਏ ਜਾ ਰਹੇ ਸਨ । ਹਾਲਾਂਕਿ ਕੈਪਟਨ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ ਨੇ ਇਸ ਨੂੰ ਕੈਪਟਨ ਦਾ ਨਿੱਜੀ ਦੌਰਾ ਦੱਸਦਿਆਂ ਕਿਆਸ ਅਰਾਈਆਂ ਨੂੰ ਵਿਰਾਮ ਦੇਣ ਲਈ ਕਿਹਾ । ਕੈਪਟਨ ਨੇ ਵੀ ਕਿਹਾ ਕਿ ਉਹ ਕਪੂਰਥਲਾ ਹਾਊਸ ਤੋਂ ਆਪਣਾ ਸਾਮਾਨ ਲੈਣ ਆਏ ਹਨ ।

ਭਾਜਪਾ ‘ਚ ਸ਼ਾਮਿਲ ਹੋਣ ਦੇ ਕਿਆਸ ਕੈਪਟਨ-ਸ਼ਾਹ ਦੀ ਮੁਲਾਕਾਤ ਦਰਮਿਆਨ ਹੀ ਭਾਜਪਾ ਪ੍ਰਧਾਨ ਜੇ.ਪੀ.ਨੱਢਾ ਦੇ ਕਰੀਬੀ ਆਦਿੱਤਯ ਤ੍ਵਿੇਦੀ ਦੇ ਇਕ ਟਵੀਟ ਨੇ ਦਿੱਲੀ ਦਾ ਸਿਆਸੀ ਪਾਰਾ ਕਾਫ਼ੀ ਵਧਾ ਦਿੱਤਾ । ਤ੍ਵਿੇਦੀ ਨੇ ਟਵੀਟ ‘ਚ ਕਿਹਾ ਸੀ ਕਿ ਤਜਰਬੇ ਦੀ ਕੀਮਤ ਕੀ ਹੁੰਦੀ ਹੈ, ਇਹ ਕਾਂਗਰਸ ਨੂੰ ਪਤਾ ਲੱਗੇਗਾ । ਹਾਲਾਂਕਿ ਤ੍ਵਿੇਦੀ ਵਲੋਂ ਇਹ ਟਵੀਟ ਬਾਅਦ ‘ਚ ਹਟਾ ਦਿੱਤਾ ਗਿਆ ਪਰ ਇਸ ਟਵੀਟ ਤੋਂ ਬਾਅਦ ਇਹ ਕਿਆਸ ਲਗਾਏ ਜਾ ਰਹੇ ਹਨ ਕਿ ਕੈਪਟਨ ਅਮਰਿੰਦਰ ਸਿੰਘ ਵੀਰਵਾਰ ਨੂੰ ਭਾਜਪਾ ‘ਚ ਸ਼ਾਮਿਲ ਹੋ ਸਕਦੇ ਹਨ । ਹਲਕਿਆਂ ਮੁਤਾਬਿਕ ਸ਼ਾਹ ਦੀ ਰਿਹਾਇਸ਼ ‘ਤੇ ਹੋਈ ਮੁਲਾਕਾਤ ਦੌਰਾਨ ਨੱਢਾ ਵੀ ਉੱਥੇ ਮੌਜੂਦ ਸਨ । ਕੁਝ ਅਸਪੱਸ਼ਟ ਖ਼ਬਰਾਂ ਮੁਤਾਬਿਕ ਕੈਪਟਨ ਨੂੰ ਰਾਜ ਸਭਾ ਦਾ ਮੈਂਬਰ ਬਣਾ ਕੇ ਖੇਤੀਬਾੜੀ ਮੰਤਰੀ ਬਣਾਇਆ ਜਾ ਸਕਦਾ ਹੈ ਅਤੇ ਕੈਪਟਨ ਨੂੰ ਹੀ ਪ੍ਰਦਰਸ਼ਨਕਾਰੀ ਕਿਸਾਨਾਂ ਦੇ ਨਾਲ ਸਰਕਾਰ ਦੇ ਚੱਲ ਰਹੇ ਰੇੜਕੇ ਨੂੰ ਖ਼ਤਮ ਕਰਨ ਦਾ ਜ਼ਰੀਆ ਬਣਾਇਆ ਜਾ ਸਕਦਾ ਹੈ ।

ਖੇਤੀ ਕਾਨੂੰਨਾਂ ‘ਤੇ ਕੀਤੀ ਚਰਚਾ-ਕੈਪਟਨ ਕੈਪਟਨ ਨੇ ਸ਼ਾਹ ਨਾਲ ਮੁਲਾਕਾਤ ਤੋਂ ਬਾਅਦ ਦਿੱਤੇ ਸੰਖੇਪ ਜਿਹੇ ਬਿਆਨ ‘ਚ ਇਹ ਹੀ ਕਿਹਾ ਕਿ ਮੁਲਾਕਾਤ ‘ਚ ਕਿਸਾਨ ਅੰਦੋਲਨ ‘ਤੇ ਚਰਚਾ ਹੋਈ ਅਤੇ ਉਨ੍ਹਾਂ ਨੇ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਕੀਤੀ । ਜ਼ਿਕਰਯੋਗ ਹੈ ਕਿ ਕੈਪਟਨ ਸ਼ੁਰੂ ਤੋਂ ਹੀ ਕਿਸਾਨ ਅੰਦਲਨ ਦੇ ਸਮਰਥਕ ਰਹੇ ਹਨ । ਉਨ੍ਹਾਂ ਦੀ ਅਗਵਾਈ ‘ਚ ਹੀ ਅਕਤੂਬਰ 2020 ‘ਚ ਪੰਜਾਬ ਵਿਧਾਨ ਸਭਾ ‘ਚ ਕੇਂਦਰ ਦੇ ਲਿਆਂਦੇ ਤਿੰਨੋਂ ਖੇਤੀ ਕਾਨੂੰਨਾਂ ਨੂੰ ਖਾਰਜ ਕੀਤਾ ਗਿਆ ਸੀ ਅਤੇ ਪੰਜਾਬ ਸਰਕਾਰ ਨੇ ਖੇਤੀਬਾੜੀ ਲਈ ਸੂਬੇ ਦੇ 3 ਖੇਤੀਬਾੜੀ ਬਿੱਲ ਲਿਆਂਦੇ ਸਨ । ਪੰਜਾਬ ਅਜਿਹਾ ਕਰਨ ਵਾਲਾ ਪਹਿਲਾ ਸੂਬਾ ਸੀ । ਹਾਲੇ ਵੀ ਇਹ ਬਿੱਲ ਰਾਜਪਾਲ ਕੋਲ ਹਨ ।

Leave a Reply

Your email address will not be published.