ਪੰਜਾਬ ਅਤੇ ਹਰਿਆਣਾ ‘ਚ ਧਰਤੀ ਹੇਠਲੇ ਪਾਣੀ ਦਾ ਪੱਧਰ ਖ਼ਤਰਨਾਕ ਹੱਦ ਤੱਕ ਡਿੱਗਾ

Home » Blog » ਪੰਜਾਬ ਅਤੇ ਹਰਿਆਣਾ ‘ਚ ਧਰਤੀ ਹੇਠਲੇ ਪਾਣੀ ਦਾ ਪੱਧਰ ਖ਼ਤਰਨਾਕ ਹੱਦ ਤੱਕ ਡਿੱਗਾ
ਪੰਜਾਬ ਅਤੇ ਹਰਿਆਣਾ ‘ਚ ਧਰਤੀ ਹੇਠਲੇ ਪਾਣੀ ਦਾ ਪੱਧਰ ਖ਼ਤਰਨਾਕ ਹੱਦ ਤੱਕ ਡਿੱਗਾ

ਝੋਨੇ ਹੇਠ ਰਕਬਾ ਜ਼ਿਆਦਾ ਹੋਣ ਨਾਲ ਪਾਣੀ ਦੀ ਨਿਕਾਸੀ ਵਧੀ

ਨਵੀਂ ਦਿੱਲੀ / ਉੱਤਰ ਪੱਛਮੀ ਭਾਰਤ, ਖ਼ਾਸ ਤੌਰ ‘ਤੇ ਪੰਜਾਬ ਅਤੇ ਹਰਿਆਣਾ ‘ਚ ਧਰਤੀ ਹੇਠਲੇ ਪਾਣੀ ਦਾ ਪੱਧਰ ਖ਼ਤਰਨਾਕ ਪੱਧਰ ਤੱਕ ਹੇਠਾਂ ਚਲਾ ਗਿਆ ਹੈ | ਇਕ ਨਵੇਂ ਅਧਿਐਨ ‘ਚ ਇਹ ਗੱਲ ਸਾਹਮਣੇ ਆਈ ਹੈ | ਆਈ. ਆਈ. ਟੀ. ਕਾਨਪੁਰ ਵਲੋਂ ਪ੍ਰਕਾਸ਼ਿਤ ਖੋਜ ਪੱਤਰ ‘ਚ ਉਤਰ ਪੱਛਮੀ ਭਾਰਤ ਤੋਂ 4000 ਤੋਂ ਜ਼ਿਆਦਾ ਧਰਤੀ ਹੇਠਲੇ ਪਾਣੀ ਵਾਲੇ ਖੂਹਾਂ ਦੇ ਡਾਟਾ ਦੀ ਵਰਤੋਂ ਕੀਤੀ ਹੈ ਤਾਂ ਕਿ ਇਹ ਦਿਖਾਇਆ ਜਾ ਸਕੇ ਕਿ ਪੰਜਾਬ ਅਤੇ ਹਰਿਆਣਾ ਰਾਜਾਂ ‘ਚ ਪਿਛਲੇ ਚਾਰ ਪੰਜ ਦਹਾਕਿਆਂ ‘ਚ ਪਾਣੀ ਦਾ ਪੱਧਰ ਖ਼ਤਰਨਾਕ ਪੱਧਰ ਤੱਕ ਹੇਠਾਂ ਡਿੱਗਾ ਹੈ | ਭਾਰਤ ਵਿਸ਼ਵ ਵਿਚ ਸਿੰਚਾਈ, ਘਰੇਲੂ ਅਤੇ ਉਦਯੋਗਿਕ ਲੋੜਾਂ ਲਈ ਧਰਤੀ ਹੇਠਲੇ ਪਾਣੀ ਦੀ ਸਭ ਤੋਂ ਵੱਧ ਵਰਤੋਂ ਕਰਦਾ ਹੈ | ਭਾਰਤ ਵਿਚ ਧਰਤੀ ਹੇਠਲੇ ਪਾਣੀ ਦੀ ਕੁਲ ਸਾਲਾਨਾ ਨਿਕਾਸੀ 245 ਕਿਮੀ3 ਹੈ, ਜਿਸ ਵਿਚੋਂ 90 ਫ਼ੀਸਦੀ ਪਾਣੀ ਸਿੰਚਾਈ ਲਈ ਵਰਤਿਆ ਜਾਂਦਾ ਹੈ | ਇਸ ਵਿਚ ਅੱਗੇ ਕਿਹਾ ਗਿਆ ਹੈ ਕਿ ਗੰਗਾ ਦੇ ਮੈਦਾਨੀ ਇਲਾਕਿਆਂ ਦੇ ਕਈ ਹਿੱਸੇ ਮੌਜੂਦਾ ਸਮੇਂ ਧਰਤੀ ਹੇਠਲੇ ਪਾਣੀ ਦੇ ਇਸੇ ਤਰਾਂ ਬਹੁਤ ਜ਼ਿਆਦਾ ਮਾਤਰਾ ‘ਚ ਪਾਣੀ ਦੀ ਨਿਕਾਸੀ ਕਰਨ ਨਾਲ ਪੀੜਤ ਹਨ ਤੇ ਜੇ ਧਰਤੀ ਹੇਠਲੇ ਪਾਣੀ ਦੇ ਪ੍ਰਬੰਧਨ ਲਈ ਸਹੀ ਰਣਨੀਤੀ ਤਿਆਰ ਕੀਤੀ ਜਾ ਸਕੇ ਤਾਂ ਸਥਿਤੀ ਨੂੰ ਸਮਾਂ ਰਹਿੰਦੇ ਕਾਬੂ ਕੀਤਾ ਜਾ ਸਕਦਾ ਹੈ |

ਪੰਜਾਬ ਅਤੇ ਹਰਿਆਣਾ ਸੂਬੇ ਸਭ ਤੋਂ ਜ਼ਿਆਦਾ ਬੁਰੀ ਤਰਾਂ ਪ੍ਰਭਾਵਿਤ ਹਨ ਤੇ ਪ੍ਰੋ. ਰਾਜੀਵ ਸਿਨਹਾ ਅਤੇ ਉਸ ਦੇ ਪੀ. ਐਚ. ਡੀ. ਦੇ ਵਿਦਿਆਰਥੀ ਸੁਨੀਲ ਕੁਮਾਰ ਜੋਸ਼ੀ ਦੀ ਅਗਵਾਈ ‘ਚ ਕੀਤੇ ਅਧਿਐਨ ‘ਚ ਦਰਸਾਇਆ ਗਿਆ ਹੈ ਕਿ 1974 ਦੌਰਾਨ ਉਪਰੀ ਜ਼ਮੀਨ ਹੇਠਲਾ ਪਾਣੀ ਜ਼ਮੀਨੀ ਪੱਧਰ ਤੋਂ 2 ਮੀਟਰ ਹੇਠਾਂ ਸੀ ਜੋ ਡਿਗ ਕੇ 2010 ‘ਚ ਲਗਪਗ 30 ਮੀਟਰ ਜ਼ਮੀਨ ਪੱਧਰ ਤੋਂ ਹੇਠਾਂ ਚਲਾ ਗਿਆ | ਇਹ ਵਿਸ਼ੇਸ਼ ਰੂਪ ਨਾਲ 2002 ਦੇ ਬਾਅਦ ਤੋਂ 50 ਕਿਮੀ3 (1.0 ਕਿਮੀ3/ ਸਾਲ) ਤੋਂ ਜ਼ਿਆਦਾ ਦੇ ਧਰਤੀ ਹੇਠਲੇ ਪਾਣੀ ਦੀ ਗਿਰਾਵਟ ਨੂੰ ਦਰਸਾਉਂਦਾ ਹੈ | ਅਧਿਐਨ ‘ਚ ਕਿਹਾ ਗਿਆ ਹੈ ਕਿ ਯੂ ਪੀ ਅਤੇ ਬਿਹਾਰ ਵਰਗੇ ਸੂਬਿਆਂ ਦੀ ਸਥਿਤੀ ਵੀ ਇਸੇ ਤਰਾਂ ਖ਼ਰਾਬ ਹੈ, ਇਹ ਸੂਬੇ ਵੀ ਖੇਤੀ ਪ੍ਰਧਾਨ ਸੂਬੇ ਹਨ ਅਤੇ ਜਿਥੇ ਧਰਤੀ ਹੇਠਲੇ ਪਾਣੀ ਪ੍ਰਬੰਧਨ ਦੀ ਰਣਨੀਤੀਆਂ ਅਜੇ ਵੀ ਕਾਫ਼ੀ ਪ੍ਰਾਚੀਨ ਹਨ |

ਅਧਿਐਨ ‘ਚ ਪਤਾ ਲਗਦਾ ਹੈ ਕਿ ਚੌਲਾਂ ਦੀ ਖੇਤੀ ਦਾ ਖੇਤਰ ਹਰਿਆਣਾ ‘ਚ 1966- 67 ਦੇ 1,92,000 ਹੈਕਟੇਅਰ ਤੋਂ ਵਧ ਕੇ 2017-18 ‘ਚ 14,22,000 ਹੈਕਟੇਅਰ ਅਤੇ ਪੰਜਾਬ ‘ਚ 1960-61 ਦੇ 2,27,000 ਦੇ ਮੁਕਾਬਲੇ 2017-18 ‘ਚ ਵਧ ਕੇ 30,64,000 ਹੈਕਟੇਅਰ ਹੋ ਗਿਆ | ਨਤੀਜੇ ਵਜੋਂ ਮੰਗ ਪੂਰੀ ਕਰਨ ਲਈ ਧਰਤੀ ਹੇਠਲੇ ਪਾਣੀ ਦੀ ਨਿਕਾਸੀ ਵਧ ਗਈ | ਇਸ ਦੇ ਇਲਾਵਾ ਧਰਤੀ ਹੇਠਲੇ ਪਾਣੀ ‘ਚ ਸਭ ਤੋਂ ਵੱਧ ਗਿਰਾਵਟ ਘੱਗਰ-ਹਕਰਾ ਪੈ ਲਿਉਚੈਨਲ (ਕੁਰੂਕਸ਼ੇਤਰ, ਪਟਿਆਲਾ ਅਤੇ ਫ਼ਤਿਹਾਬਾਦ) ਅਤੇ ਯਮੁਨਾ ਨਦੀ (ਪਾਣੀਪਤ ਅਤੇ ਕਰਨਾਲ ਜ਼ਿਲ੍ਹਿਆਂ ਦੇ ਕੁਝ ਹਿੱਸਿਆਂ) ਘਾਟੀ ਦੇ ਨਾਲ ਦਰਜ ਕੀਤੀ ਗਈ ਹੈ | ਲੇਖਕਾਂ ਦਾ ਸੁਝਾਅ ਹੈ ਕਿ ਭਾਰਤ ਦੇ ਪ੍ਰਮੁੱਖ ਖੇਤੀ ਖੇਤਰ ਪੰਜਾਬ ਅਤੇ ਹਰਿਆਣਾ ਰਾਜਾਂ ‘ਚ ਧਰਤੀ ਹੇਠਲੇ ਪਾਣੀ ਦੀ ਖਪਤ ਦੀ ਦਰ 20ਵੀਂ ਸ਼ਤਾਬਦੀ ਦੇ ਅੱਧ ‘ਚ ਖੇਤੀ ਉਤਪਾਦਕਤਾ ‘ਚ ਭਾਰੀ ਵਾਧਾ ਕਰਨ ਦਾ ਸਮਰਥਨ ਕਰਨ, ਜਿਸ ਨੂੰ ਹਰੀ ਕ੍ਰਾਂਤੀ ਕਿਹਾ ਜਾਂਦਾ ਹੈ, ਦੌਰਾਨ ਤੇਜ਼ੀ ਨਾਲ ਵਧੀ | ਹਰੀ ਕ੍ਰਾਂਤੀ ਦਾ ਮਨੋਰਥ ਅਨਾਜ ਉਤਪਾਦਨ ‘ਚ ਸਵੈ ਨਿਰਭਰ ਬਣਨਾ ਸੀ | ਅਧਿਐਨ ‘ਚ ਕਿਹਾ ਗਿਆ ਹੈ ਕਿ ਪੰਜਾਬ ਅਤੇ ਹਰਿਆਣਾ ਦੇ ਕਈ ਇਲਾਕਿਆਂ ‘ਚ ਧਰਤੀ ਹੇਠਲੇ ਪਾਣੀ ਦਾ ਪੱਧਰ ਤੇਜ਼ੀ ਨਾਲ ਗਿਰਾਵਟ ਦਰਜ ਕੀਤੀ ਗਈ ਹੈ, ਜਿਸ ਦੇ ਲਈ ਧਰਤੀ ਹੇਠਲੇ ਪਾਣੀ ਦੇ ਪੱਧਰ ‘ਚ ਬਦਲਾਅ ਦੀ ਨਿਗਰਾਨੀ ਵਧਾਉਣ ਅਤੇ ਅਤੇ ਨਿਕਾਸੀ ਦੇ ਦਬਾਅ ਖ਼ਿਲਾਫ਼ ਤੁਰੰਤ ਕਾਰਵਾਈ ਦੀ ਜ਼ਰੂਰਤ ਹੈ |

Leave a Reply

Your email address will not be published.