ਪ੍ਰਿੰਸ ਐਡਵਰਡ ਆਈਲੈਂਡ ਸੂਬੇ ‘ਚ ਬਣਿਆ ਪਹਿਲਾ ਗੁਰੂ ਘਰ

ਸਟ੍ਰੈਟਫੋਰਡ: ਦੁਨੀਆਂ ਭਰ ਵਿੱਚ ਵਸਦੇ ਸਿੱਖਾਂ ਵਲੋਂ ਬੀਤੇ ਲਗਭਗ 5 ਦਹਾਕਿਆਂ ਵਿੱਚ ਜਿਥੇ ਆਪਣੇ ਮਿਹਤਨੀ ਹੋਣ ਦਾ ਲੋਹਾ ਮਨਾਇਆ ਹੈ, ਉੱਥੇ ਹੀ ਹਰ ਖੇਤਰ ‘ਚ ਤਰੱਕੀ ਦੀਆਂ ਬੁਲੰਦੀਆਂ ਨੂੰ ਛੂਹਿਆ ਹੈ।

ਸਿੱਖਾਂ ਨੇ ਮਿਹਨਤ ਤੇ ਕਿਰਤ ਕਰਨ ਦੇ ਨਾਲ-ਨਾਲ ਦਾਨ ਤੇ ਲੰਗਰ ਲਗਾਉਣ ‘ਚ ਵੀ ਹਮੇਸ਼ਾਂ ਨਾਮਣਾ ਖੱਟਿਆ ਹੈ। ਹੁਣ ਕੈਨੇਡਾ ਦੇ ਪ੍ਰਿੰਸ ਐਡਵਰਡ ਆਈਲੈਂਡ ਸੂਬੇ ‘ਚ ਵੱਡੀ ਗਿਣਤੀ ‘ਚ ਸਿੱਖ ਵਸਦੇ ਹਨ ਅਤੇ ਭਾਈਚਾਰੇ ਵੱਲੋਂ ਸੂਬੇ ‘ਚ ਪਹਿਲਾ ਗੁਰੂ ਘਰ ਬਣਿਆ ਗਿਆ ਹੈ। ਇਸ ਖੇਤਰ ‘ਚ ਵੱਡੀ ਗਿਣਤੀ ‘ਚ ਸਿੱਖ ਵਸੇ ਹੋਏ ਹਨ, ਇਸ ਦੇ ਬਾਵਜੂਦ ਹੁਣ ਤੱਕ ਇੱਥੇ ਕੋਈ ਗੁਰਦੁਆਰਾ ਸਾਹਿਬ ਨਹੀਂ ਸੀ, ਪਰ ਹੁਣ ਲੰਬੇ ਸਮੇਂ ਤੋਂ ਕੀਤੀ ਜਾ ਰਹੀ ਇਹ ਮੰਗ ਪੂਰੀ ਹੋ ਗਈ ਹੈ। ਪ੍ਰਿੰਸ ਐਡਵਰਡ ਆਈਲੈਂਡ ਸਿੱਖ ਐਸੋਸੀਏਸ਼ਨ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਸਟ੍ਰੈਟਫੋਰਡ ਸ਼ਹਿਰ ਦੇ ਐਲਿਜ਼ਾਬੈਥ ਕਰੀਮੈਂਟ ਵਿਖੇ ਗੁਰੂ ਘਰ ਦੀ ਇਮਾਰਤ ਬਣਵਾਈ ਗਈ ਹੈ।
ਪ੍ਰਭਜੋਤ ਸਿੰਘ ਨਾਮ ਵੀ ਉਨ੍ਹਾਂ ਨੌਜਵਾਨਾਂ ‘ਚੋਂ ਹੀ ਇੱਕ ਹੈ, ਜਿਨ੍ਹਾਂ ਨੇ ਸੂਬੇ ਵਿੱਚ ਪਹਿਲਾਂ ਗੁਰੂ ਘਰ ਬਣਵਾਉਣ ਵਿੱਚ ਅਹਿਮ ਯੋਗਦਾਨ ਪਾਇਆ ਹੈ। ਪ੍ਰਭਜੋਤ ਸਿੰਘ ਦਾ ਕਹਿਣਾ ਹੈ ਕਿ ਜਦੋਂ ਉਹ ਤਿੰਨ ਸਾਲ ਪਹਿਲਾਂ ਪ੍ਰਿੰਸ ਐਡਵਰਡ ਆਈਲੈਂਡ ਆਏ ਸਨ ਤਾਂ ਉਸ ਵੇਲੇ ਇੱਥੇ ਕੋਈ ਗੁਰਦੁਆਰਾ ਸਾਹਿਬ ਨਹੀਂ ਸੀ, ਪਰ ਹੁਣ ਇੱਥੇ ਗੁਰੂ ਘਰ ਸਥਾਪਤ ਹੋ ਗਿਆ ਹੈ, ਜਿਸ ਨਾਲ ਸਾਰੇ ਸਿੱਖ ਭਾਈਚਾਰੇ ਵਿੱਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। ਦੱਸ ਦਈਏ ਕਿ ਲਗਭਗ 2007 ਤੋਂ ਪ੍ਰਿੰਸ ਐਡਵਰਡ ਆਈਲੈਂਡ ਸੂਬੇ ਦੀ ਆਬਾਦੀ ਤੇਜ਼ੀ ਨਾਲ ਵਧ ਰਹੀ ਹੈ, ਜਿਸ ਵਿੱਚ ਸੈਂਕੜੇ ਸਿੱਖ ਵੀ ਸ਼ਾਮਲ ਹਨ। ਵੱਡੀ ਗਿਣਤੀ ਵਿੱਚ ਸਿੱਖ ਹੋਣ ਦੇ ਬਾਵਜੂਦ ਇੱਥੇ ਗੁਰਦੁਆਰਾ ਸਾਹਿਬ ਨਹੀਂ ਸੀ, ਪਰ ਬਾਅਦ ਵਿੱਚ ਇੱਥੇ ਵਸਦੇ ਸਿੱਖ ਭਾਈਚਾਰੇ ਨੇ ਬੀਕਸਫੀਲਡ ਹਿਸਟਰਿਕ ਹਾਊਸ ਦੇ ਕੈਰਿਜ ਹਾਊਸ ਦੀ ਵਰਤੋਂ ਲੰਗਰ ਹਾਲ ਵਜੋਂ ਕਰਨੀ ਸ਼ੁਰੂ ਕਰ ਦਿੱਤੀ। ਇੱਥੇ ਇਕੱਠੇ ਹੋਏ ਸਾਰੇ ਸਿੱਖ ਕੋਈ ਧਾਰਮਿਕ ਪ੍ਰੋਗਰਾਮ ਕਰਨ ਮਗਰੋਂ ਕਤਾਰਾਂ ਵਿੱਚ ਬੈਠ ਕੇ ਲੰਗਰ ਛਕਦੇ ਸਨ, ਪਰ ਇਨਾਂ ਨੂੰ ਗੁਰਦੁਆਰਾ ਸਾਹਿਬ ਦੀ ਘਾਟ ਜ਼ਰੂਰ ਮਹਿਸੂਸ ਹੁੰਦੀ ਸੀ।ਹਾਲਾਂਕਿ ਹੁਣ ਇੱਥੇ ਗੁਰਦੁਆਰਾ ਸਾਹਿਬ ਬਣਾ ਦਿੱਤਾ ਗਿਆ ਹੈ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਵੀ ਕਰ ਦਿੱਤਾ ਗਿਆ ਹੈ, ਪਰ ਇਸ ਦੀ ਇਮਾਰਤ ੲਲੇ ਵੀ ਕਿਰਾਏ ‘ਤੇ ਹੈ ਤੇ ਸਿੱਖ ਭਾਈਚਾਰਾ ਆਪਣੀ ਇਮਾਰਤ ਖਰੀਦਣ ਲਈ ਕੰਮ ਕਰ ਰਿਹਾ ਹੈ। ਅਰਸ਼ਜੋਤ ਸਿੰਘ ਨਾਮ ਦਾ ਸਿੱਖ ਨੌਜਵਾਨ ਇੱਥੇ ਹਰ ਰੋਜ਼ ਤੜਕੇ ਸਾਢੇ 4 ਵਜੇ ਉੱਠ ਕੇ ਪਾਠ ਕਰਦਾ ਹੈ।

Leave a Reply

Your email address will not be published. Required fields are marked *