ਪ੍ਰਸ਼ਾਂਤ ਕਿਸ਼ੋਰ ਨੇ ਕਾਂਗਰਸ ‘ਚ ਸ਼ਾਮਲ ਹੋਣ ਤੋਂ ਕੀਤੀ ਨਾਂਹ

ਪਿਛਲੇ ਕਈ ਦਿਨਾਂ ਤੋਂ ਹਾਈਕਮਾਨ ਨਾਲ ਮੀਟਿੰਗਾਂ ਤੋਂ ਬਾਅਦ ਚੋਣ ਰਣਨੀਤੀਕਾਰ ਪ੍ਰਸ਼ਾਂਤ ਕਿਸ਼ੋਰ ਨੇ ਕਾਂਗਰਸ ਵਿੱਚ ਸ਼ਾਮਲ ਹੋਣ ਤੋਂ ਨਾਂਹ ਕਰ ਦਿੱਤੀ। ਇਸ ਗੱਲ ਦਾ ਖੁਲਾਸਾ ਪਹਿਲਾਂ ਕਾਂਗਰਸੀ ਆਗੂ ਰਣਦੀਪ ਸੁਰਜੇਵਾਲਾ ਨੇ ਟਵੀਟ ਕਰਕੇ ਕੀਤਾ ਤੇ ਫਿਰ ਨਾਲ ਹੀ ਪ੍ਰਸ਼ਾਂਤ ਕਿਸ਼ੋਰ ਨੇ ਟਵੀਟ ਕਰਕੇ ਖੁਦ ਇਸ ਬਾਰੇ ਦੱਸਿਆ।

ਪ੍ਰਸ਼ਾਂਤ ਕਿਸ਼ੋਰ ਨੇ ਕਿਹਾ ਕਿ ਮੈਂ ਐਂਪਾਵਰਡ ਐਕਸ਼ਨ ਗਰੁੱਪ  ਦੇ ਹਿੱਸੇ ਵਜੋਂ ਪਾਰਟੀ ਵਿੱਚ ਸ਼ਾਮਲ ਹੋਣ ਅਤੇ ਚੋਣਾਂ ਦੀ ਜ਼ਿੰਮੇਵਾਰੀ ਲੈਣ ਲਈ ਕਾਂਗਰਸ ਦੀ ਖੁੱਲ੍ਹੀ ਪੇਸ਼ਕਸ਼ ਨੂੰ ਠੁਕਰਾ ਦਿੱਤਾ। ਮੇਰੇ ਖਿਆਲ ‘ਚ ਪਾਰਟੀ ਨੂੰ ਪਰਿਵਰਤਨਸ਼ੀਲ ਸੁਧਾਰਾਂ ਰਾਹੀਂ ਡੂੰਘੀਆਂ ਜੜ੍ਹਾਂ ਵਾਲੀਆਂ ਢਾਂਚਾਗਤ ਸਮੱਸਿਆਵਾਂ ਨੂੰ ਹੱਲ ਕਰਨ ਲਈ ਲੀਡਰਸ਼ਿਪ ਅਤੇ ਸਮੂਹਿਕ ਇੱਛਾ ਸ਼ਕਤੀ ਦੀ ਲੋੜ ਹੈ।ਜ਼ਿਕਰਯੋਗ ਹੈ ਕਿ ਹਾਈਕਮਾਨ ਨਾਲ ਲਗਾਤਾਰ ਮੀਟਿੰਗਾਂ ਦੇ ਚੱਲਦਿਆਂ ਇਹ ਕਿਆਸ ਲਾਏ ਜਾ ਰਹੇ ਸਨ ਕਿ ਪ੍ਰਸ਼ਾਂਤ ਕਿਸ਼ੋਰ ਕਾਂਗਰਸ ਵਿੱਚ ਸ਼ਾਮਲ ਹੋਣਗੇ।

ਇਸ ਤੋਂ ਪਹਿਲਾਂ ਸੁਰਜੇਵਾਲਾ ਨੇ ਟਵੀਟ ਕਰਕੇ ਕਿਹਾ ਕਿ ਕਾਂਗਰਸ ਪ੍ਰਧਾਨ ਨੇ ਇਕ ਏਮਪਾਵਰਡ ਐਕਸ਼ਨ ਗਰੁੱਪ 2024 ਦਾ ਗਠਨ ਕੀਤਾ ਹੈ ਅਤੇ ਪ੍ਰਸ਼ਾਂਤ ਕਿਸ਼ੋਰ ਨੂੰ ਜ਼ਿੰਮੇਵਾਰੀ ਦਿੰਦੇ ਹੋਏ ਗਰੁੱਪ ਵਿਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਹੈ ਪਰ ਉਨ੍ਹਾਂ ਨੇ ਇਨਕਾਰ ਕਰ ਦਿੱਤਾ। ਅਸੀਂ ਉਨ੍ਹਾਂ ਦੇ ਯਤਨਾਂ ਅਤੇ ਪਾਰਟੀ ਨੂੰ ਦਿੱਤੇ ਸੁਝਾਵਾਂ ਦੀ ਸ਼ਲਾਘਾ ਕਰਦੇ ਹਾਂ।ਦੱਸ ਦੇਈਏ ਕਿ ਕਾਂਗਰਸ ਨੇ ਸੋਮਵਾਰ ਨੂੰ ਐਲਾਨ ਕੀਤੀ ਕਿ 2024 ਦੀਆਂ ਚੋਣਾਂ ਲਈ ਪਾਰਟੀ ਦੀ ਯੋਜਨਾ ‘ਤੇ ਚੋਣ ਰਣਨੀਤੀਕਾਰ ਪ੍ਰਸ਼ਾਂਤ ਕਿਸ਼ੋਰ ਵੱਲੋਂ ਪੇਸ਼ਕਾਰੀ ‘ਤੇ ਵਿਚਾਰ ਕਰਨ ਤੋਂ ਕੁਝ ਦਿਨ ਬਾਅਦ ਆਉਣ ਵਾਲੀਆਂ ਰਾਜਨੀਤਿਕ ਚੁਣੌਤੀਆਂ ਨਾਲ ਨਜਿੱਠਣ ਲਈ ਇੱਕ ਸ਼ਕਤੀਸ਼ਾਲੀ ਸਮੂਹ ਦਾ ਗਠਨ ਕੀਤਾ ਜਾਵੇਗਾ।ਕਿਸ਼ੋਰ ਵੱਲੋਂ ਪੇਸ਼ ਕੀਤੀ ਗਈ ਯੋਜਨਾ ਸਮੇਤ ਅਗਲੀਆਂ ਆਮ ਅਤੇ ਵਿਧਾਨ ਸਭਾ ਚੋਣਾਂ ਲਈ ਕਾਂਗਰਸ ਦੀ ਰਣਨੀਤੀ ਘੜਨ ਲਈ ਸੀਨੀਅਰ ਪਾਰਟੀ ਆਗੂਆਂ ਦੀ ਮੀਟਿੰਗ ਵਿੱਚ ਇਹ ਫੈਸਲੇ ਲਏ ਗਏ। ਕਾਂਗਰਸ ਲਗਾਤਾਰ ਹਾਰਾਂ ਦੇ ਮੱਦੇਨਜ਼ਰ ਆਉਣ ਵਾਲੀਆਂ ਚੋਣਾਂ ਲਈ ਆਪਣੀ ਰਣਨੀਤੀ ਬਣਾਉਣ ਲਈ ਜੱਦੋਜਹਿਦ ਕਰ ਰਹੀ ਹੈ।

Leave a Reply

Your email address will not be published. Required fields are marked *