ਪ੍ਰਧਾਨ ਮੰਤਰੀ ਵਲੋਂ 100 ਲੱਖ ਕਰੋੜ ਦੀ ਗਤੀ ਸ਼ਕਤੀ ਯੋਜਨਾ ਦੀ ਸ਼ੁਰੂਆਤ

ਨਵੀਂ ਦਿੱਲੀ / ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ‘ਪ੍ਰਧਾਨ ਮੰਤਰੀ ਗਤੀ ਸ਼ਕਤੀ ਯੋਜਨਾ’ ਦੀ ਸ਼ੁਰੂਆਤ ਕੀਤੀ ।

ਦੇਸ਼ ਦੇ ਬੁਨਿਆਦੀ ਢਾਂਚੇ ਦੇ ਵਿਕਾਸ ਲਈ 100 ਲੱਖ ਕਰੋੜ ਰੁਪਏ ਦੀ ਇਸ ਗਤੀ ਸ਼ਕਤੀ ਯੋਜਨਾ ਨਾਲ ਦੇਸ਼ ‘ਚ ਲੱਖਾਂ ਨੌਜਵਾਨਾਂ ਨੂੰ ਰੁਜ਼ਗਾਰ ਦੇ ਮੌਕੇ ਉਪਲਬਧ ਕਰਾਉਣ ‘ਚ ਮਦਦ ਮਿਲੇਗੀ ਅਤੇ ਸਾਰੇ ਵਿਕਾਸ ਕਾਰਜ ਸਮੇਂ ਸਿਰ ਹੋ ਸਕਣਗੇ । ‘ਗਤੀ ਸ਼ਕਤੀ ਯੋਜਨਾ’ ਰੇਲ ਅਤੇ ਸੜਕ ਸਮੇਤ 16 ਮੰਤਰਾਲਿਆਂ ਨੂੰ ਜੋੜਨ ਵਾਲਾ ਇਕ ਡਿਜੀਟਲ ਪਲੇਟਫ਼ਾਰਮ ਹੈ । ਦੇਸ਼ ‘ਚ ਰੁਜ਼ਗਾਰ ਪੈਦਾ ਕਰਨ ਦੇ ਮਕਸਦ ਨਾਲ ਕਰੋੜਾਂ ਰੁਪਏ ਦੀ ਇਸ ਯੋਜਨਾ ਦਾ ਐਲਾਨ ਪ੍ਰਧਾਨ ਮੰਤਰੀ ਨੇ 15 ਅਗਸਤ, 2021 ਨੂੰ ਲਾਲ ਕਿਲ੍ਹੇ ਤੋਂ ਭਾਸ਼ਨ ਦੌਰਾਨ ਕੀਤਾ ਸੀ । ਇਸ ਯੋਜਨਾ ਦੀ ਸ਼ੁਰੂਆਤ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਗਤੀ ਸ਼ਕਤੀ ਮੁਹਿੰਮ ਦੇ ਕੇਂਦਰ ਵਿਚ ਭਾਰਤ ਦੇ ਲੋਕ, ਭਾਰਤ ਦਾ ਉਦਯੋਗ, ਭਾਰਤ ਦਾ ਵਪਾਰ ਜਗਤ, ਭਾਰਤ ਦੇ ਨਿਰਮਾਤਾ, ਭਾਰਤ ਦੇ ਕਿਸਾਨ ਹਨ । ਇਹ ਯੋਜਨਾ ਭਾਰਤ ਦੀ ਮੌਜੂਦਾ ਅਤੇ ਭਵਿੱਖ ਦੀਆਂ ਪੀੜ੍ਹੀਆਂ ਨੂੰ 21ਵੀਂ ਸਦੀ ਦੇ ਭਾਰਤ ਦੇ ਨਿਰਮਾਣ ਲਈ ਨਵੀਂ ਊਰਜਾ ਪ੍ਰਦਾਨ ਕਰੇਗੀ ਅਤੇ ਉਨ੍ਹਾਂ ਦੀ ਰਾਹ ‘ਚ ਆਉਣ ਵਾਲੇ ਅੜਿੱਕਿਆਂ ਨੂੰ ਵੀ ਪਾਸੇ ਹਟਾਏਗੀ ।

ਇਹ ਯੋਜਨਾ ਨਾ ਸਿਰਫ਼ ਸਰਕਾਰੀ ਪ੍ਰਕਿਿਰਆ ਅਤੇ ਇਸ ਨਾਲ ਜੁੜੇ ਵੱਖ-ਵੱਖ ਹਿੱਸੇਦਾਰਾਂ ਨੂੰ ਇਕੱਠਾ ਕਰਦੀ ਹੈ, ਸਗੋਂ ਇਹ ਟਰਾਂਸਪੋਰਟੇਸ਼ਨ ਦੇ ਵੱਖੋ ਵੱਖਰੇ ਤਰੀਕਿਆਂ ਨੂੰ ਜੋੜਨ ‘ਚ ਵੀ ਸਹਾਇਤਾ ਕਰਦੀ ਹੈ । ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਯੋਜਨਾ ਨਾਲ ਅਗਲੀ ਪੀੜ੍ਹੀ ਦੇ ਬੁਨਿਆਦੀ ਢਾਂਚੇ, ਮਲਟੀ-ਮਾਡਲ ਕਨੈਕਟੀਵਿਟੀ ਨਾਲ 21ਵੀਂ ਸਦੀ ‘ਚ ਭਾਰਤ ਨੂੰ ਬੜ੍ਹਾਵਾ ਮਿਲੇਗਾ । ਉਨ੍ਹਾਂ ਕਿਹਾ ਕਿ ਪਿਛੋਕੜ ‘ਚ ਦੇਰੀ ਅਤੇ ਵਿਕਾਸ ਕਾਰਜਾਂ ‘ਚ ਸੁਸਤੀ ਦੇ ਕਾਰਨ ਟੈਕਸ ਅਦਾ ਕਰਨ ਵਾਲੀ ਜਨਤਾ ਦੇ ਪੈਸੇ ਦੀ ਸਹੀ ਵਰਤੋਂ ਨਹੀਂ ਕੀਤੀ ਗਈ ਕਿਉਂਕਿ ਵਿਭਾਗ ਅਲਗ-ਅਲਗ ਕੰਮ ਕਰਦੇ ਸੀ ਅਤੇ ਪ੍ਰਾਜੈਕਟਾਂ ਨੂੰ ਲੈ ਕੇ ਉਨ੍ਹਾਂ ਵਿਚਕਾਰ ਕੋਈ ਤਾਲਮੇਲ ਨਹੀਂ ਹੁੰਦਾ ਸੀ । ਉਨ੍ਹਾਂ ਕਿਹਾ ਕਿ ਗੁਣਵੱਤਾ ਪੂਰਨ ਬੁਨਿਆਦੀ ਢਾਂਚੇ ਦੇ ਬਗੈਰ ਵਿਕਾਸ ਸੰਭਵ ਹੀ ਨਹੀਂ ਹੈ । ਇਸ ਯੋਜਨਾ ਨਾਲ ਸਾਰੇ ਪ੍ਰਾਜੈਕਟ ਹੁਣ ਤੈਅ ਸਮੇਂ ‘ਤੇ ਪੂਰੇ ਹੋਣਗੇ ਅਤੇ ਲੋਕਾਂ ਦੇ ਟੈਕਸ ਦਾ ਇਕ ਵੀ ਪੈਸਾ ਬਰਬਾਦ ਨਹੀਂ ਹੋਵੇਗਾ । ਉਨ੍ਹਾਂ ਕਿਹਾ ਕਿ ਪਿਛੋਕੜ ‘ਚ ਇੰਝ ਹੁੰਦਾ ਸੀ ਕਿ ਪਹਿਲਾਂ ਅਧਿਕਾਰੀ ‘ਕੰਮ ਪ੍ਰਗਤੀ ‘ਤੇ ਹੈ’ ਦਾ ਬੋਰਡ ਲਗਾ ਦਿੰਦੇ ਸਨ ਅਤੇ ਕੰਮ ਲਮਕਿਆ ਹੀ ਰਹਿ ਜਾਂਦਾ ਸੀ ।

7 ਸਾਲ ਦੇ ਕਾਰਜਾਂ ਦਾ ਜ਼ਿਕਰ ਕਰਦਿਆਂ ਪ੍ਰਧਾਨ ਮੰਤਰੀ ਨੇ ਦੱਸਿਆ ਕਿ 2014 ਤੋਂ ਪਹਿਲੇ 5 ਸਾਲਾਂ ‘ਚ ਸਿਰਫ਼ 1900 ਕਿਲੋਮੀਟਰ ਰੇਲਵੇ ਲਾਈਨਾਂ ਦੁੱਗਣੀਆਂ ਹੋ ਰਹੀਆਂ ਸਨ ਜਦਕਿ ਪਿਛਲੇ 7 ਸਾਲਾਂ ‘ਚ ਅਸੀਂ 9 ਹਜ਼ਾਰ ਕਿਲੋਮੀਟਰ ਤੋਂ ਵੱਧ ਰੇਲਵੇ ਲਾਈਨਾਂ ਨੂੰ ਦੁੱਗਣਾ ਅਤੇ 24 ਹਜ਼ਾਰ ਕਿਲੋਮੀਟਰ ਤੋਂ ਵੱਧ ਰੇਲਵੇ ਟਰੈਕਾਂ ਦਾ ਬਿਜਲੀਕਰਨ ਕੀਤਾ ਹੈ । ਉਨ੍ਹਾਂ ਦੱਸਿਆ ਕਿ ਮੌਜੂਦਾ ਸਮੇਂ ਦੇਸ਼ ਭਰ ‘ਚ 16,000 ਕਿਲੋਮੀਟਰ ਤੋਂ ਵੱਧ ਅੰਤਰਰਾਜੀ ਕੁਦਰਤੀ ਗੈਸ ਪਾਈਪਲਾਈਨ ‘ਤੇ ਕੰਮ ਚੱਲ ਰਿਹਾ ਹੈ ਜਦਕਿ 1987 ਤੋਂ 2014 ਤੱਕ ਦੇ 27 ਸਾਲਾਂ ‘ਚ ਦੇਸ਼ ਵਿਚ 15000 ਕਿਲੋਮੀਟਰ ਕੁਦਰਤੀ ਗੈਸ ਪਾਈਪਲਾਈਨ ਬਣਾਈ ਗਈ ਸੀ । ਮੈਟਰੋ ਦਾ ਜ਼ਿਕਰ ਕਰਦੇ ਹੋਏ ਮੋਦੀ ਨੇ ਕਿਹਾ ਕਿ 2014 ਤੋਂ ਪਹਿਲਾਂ ਮੈਟਰੋ ਸਿਰਫ਼ 250 ਕਿਲੋਮੀਟਰ ਟਰੈਕ ‘ਤੇ ਚੱਲ ਰਹੀ ਸੀ । ਅੱਜ ਮੈਟਰੋ ਨੂੰ 700 ਕਿਲੋਮੀਟਰ ਤੱਕ ਫੈਲਾਅ ਦਿੱਤਾ ਗਿਆ ਹੈ ਅਤੇ ਇੱਕ ਹਜ਼ਾਰ ਕਿਲੋਮੀਟਰ ਨਵੇਂ ਮੈਟਰੋ ਰੂਟ ‘ਤੇ ਕੰਮ ਚੱਲ ਰਿਹਾ ਹੈ । ਉਨ੍ਹਾਂ ਕਿਹਾ ਕਿ ਕਿਸਾਨਾਂ ਅਤੇ ਮਛੇਰਿਆਂ ਦੀ ਆਮਦਨ ਵਧਾਉਣ ਦੇ ਲਈ ਪ੍ਰੋਸੈਸਿੰਗ ਨਾਲ ਜੁੜੇ ਬੁਨਿਆਦੀ ਢਾਂਚੇ ਦਾ ਵੀ ਤੇਜ਼ੀ ਨਾਲ ਵਿਸਥਾਰ ਕੀਤਾ ਜਾ ਰਿਹਾ ਹੈ ।

Leave a Reply

Your email address will not be published. Required fields are marked *