ਪ੍ਰਧਾਨ ਮੰਤਰੀ ਨਾਲ ਸਰਬ ਪਾਰਟੀ ਮੀਟਿੰਗ ‘ਚ ਸ਼ਾਮਿਲ ਹੋਵੇਗਾ ਗੁਪਕਰ ਗੱਠਜੋੜ-ਫਾਰੂਕ

Home » Blog » ਪ੍ਰਧਾਨ ਮੰਤਰੀ ਨਾਲ ਸਰਬ ਪਾਰਟੀ ਮੀਟਿੰਗ ‘ਚ ਸ਼ਾਮਿਲ ਹੋਵੇਗਾ ਗੁਪਕਰ ਗੱਠਜੋੜ-ਫਾਰੂਕ
ਪ੍ਰਧਾਨ ਮੰਤਰੀ ਨਾਲ ਸਰਬ ਪਾਰਟੀ ਮੀਟਿੰਗ ‘ਚ ਸ਼ਾਮਿਲ ਹੋਵੇਗਾ ਗੁਪਕਰ ਗੱਠਜੋੜ-ਫਾਰੂਕ

ਸ੍ਰੀਨਗਰ / ਪੀਪਲਜ਼ ਅਲਾਇੰਸ ਫਾਰ ਗੁਪਕਰ ਡੈਕਲਾਰੇਸ਼ਨ (ਪੀ.ਏ.ਜੀ.ਡੀ.) ਦੀ ਮੰਗਲਵਾਰ ਨੂੰ ਫਾਰੂਕ ਅਬਦੁੱਲਾ ਦੀ ਰਿਹਾਇਸ਼ ‘ਤੇ ਹੋਈ ਮੀਟਿੰਗ ‘ਚ ਮਹਿਬੂਬਾ ਮੁਫਤੀ, ਮੁਹੰਮਦ ਯੂਸੁਫ ਤਰੀਗਾਮੀ, ਮੁਜ਼ੱਫਰ ਸ਼ਾਹ ਸਮੇਤ ਜੰਮੂ-ਕਸ਼ਮੀਰ ਦੇ ਕਈ ਨੇਤਾ ਸ਼ਾਮਿਲ ਹੋਏ |

ਮੀਟਿੰਗ ਦੌਰਾਨ ਸਰਬਸੰਮਤੀ ਨਾਲ ਇਹ ਫ਼ੈਸਲਾ ਲਿਆ ਗਿਆ ਕਿ ਨਵੀਂ ਦਿੱਲੀ ਵਿਖੇ 24 ਜੂਨ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਹੋਣ ਜਾ ਰਹੀ ਸਰਬ ਪਾਰਟੀ ਮੀਟਿੰਗ ‘ਚ ਹਿੱਸਾ ਲਿਆ ਜਾਵੇਗਾ | ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਨੈਸ਼ਨਲ ਕਾਨਫਰੰਸ ਦੇ ਮੁਖੀ ਫਾਰੂਕ ਅਬਦੁੱਲਾ ਨੇ ਦੱਸਿਆ ਕਿ ਪੀ.ਏ.ਜੀ.ਡੀ. ‘ਚ ਸ਼ਾਮਿਲ ਪੀ.ਡੀ.ਪੀ. ਤੇ ਨੈਸ਼ਨਲ ਕਾਨਫਰੰਸ ਸਮੇਤ ਸ਼ਾਮਿਲ ਹੋਰ ਪਾਰਟੀਆਂ ਨੇਤਾਵਾਂ ਨੂੰ ਸੱਦਾ ਦਿੱਤਾ ਗਿਆ ਹੈ ਕਿ ਉਹ ਦਿੱਲੀ ਵਿਖੇ ਪ੍ਰਧਾਨ ਮੰਤਰੀ ਨਾਲ ਮੀਟਿੰਗ ‘ਚ ਹਿੱਸਾ ਲੈਣਗੇ | ਉਨ੍ਹਾਂ ਕਿਹਾ ਕਿ ਸਾਨੂੰ ਮੀਟਿੰਗ ਬਾਰੇ ਕੋਈ ਏਜੰਡਾ ਨਹੀਂ ਦਿੱਤਾ ਗਿਆ ਹੈ, ਇਸ ਲਈ ਅਸੀਂ ਆਪਣੇ ਏਜੰਡੇ ਤਹਿਤ ਹੀ ਪ੍ਰਧਾਨ ਮੰਤਰੀ ਤੇ ਗ੍ਰਹਿ ਮੰਤਰੀ ਨਾਲ ਮੀਟਿੰਗ ‘ਚ ਸ਼ਾਮਿਲ ਹੋਵਾਂਗੇ | ਉਨ੍ਹਾਂ ਦਾ ਇਸ਼ਾਰਾ ਧਾਰਾ 370 ਤੇ 35ਏ ਨਾਲ ਜੰਮੂ-ਕਸ਼ਮੀਰ ਲਈ ਰਾਜ ਦਾ ਦਰਜਾ ਬਹਾਲ ਕਰਨ ਦੀ ਮੰਗ ਵੱਲ ਹੈ |

ਇਸ ਮੌਕੇ ਮਹਿਬੂਬਾ ਮੁਫਤੀ ਨੇ ਕਿਹਾ ਕਿ ਗੁਪਕਰ ਗੱਠਜੋੜ ਨੂੰ ਦਿੱਲੀ ਦੇ ਏਜੰਡੇ ਬਾਰੇ ਪਤਾ ਨਹੀਂ ਹੈ, ਪਰ ਸਾਡੇ ਕੋਲ ਆਪਣਾ ਏਜੰਡਾ ਹੈ, ਜਿਸ ‘ਚ ਸਾਡੇ ਕੋਲੋਂ ਜੋ ਖੋਹਿਆ ਗਿਆ ਹੈ ਅਸੀਂ ਉਸ ਨੂੰ ਮੋੜਨ ਦੀ ਗੱਲ ਕਰਾਂਗੇ | ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਾਲ ਮੀਟਿੰਗ ‘ਚ ਕਸ਼ਮੀਰ ਲਈ ਵਿਸ਼ੇਸ਼ ਰਾਜ ਦੀ ਬਹਾਲੀ ਦੀ ਮੰਗ ਰੱਖਾਂਗੇ | ਉਨ੍ਹਾਂ ਕਿਹਾ ਕਿ ਕਸ਼ਮੀਰ ਮੁੱਦੇ ਦੇ ਹੱਲ ਲਈ ਕੇਂਦਰ ਨੂੰ ਪਾਕਿਸਤਾਨ ਸਮੇਤ ਹਰੇਕ ਨਾਲ ਗੱਲਬਾਤ ਕਰਨੀ ਚਾਹੀਦੀ ਹੈ | ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਆਪਣਾ ਵੱਡਾ ਭਰਾ ਦੱਸਣ ਵਾਲੇ ਵੱਖਵਾਦੀ ਤੋਂ ਮੁੱਖ ਧਾਰਾ ‘ਚ ਸ਼ਾਮਿਲ ਹੋਏ ਪੀਪਲਜ਼ ਕਾਨਫਰੰਸ ਦੇ ਚੇਅਰਮੈਨ ਸੱਜਾਦ ਗਨੀ ਪਹਿਲਾਂ ਹੀ ਪ੍ਰਧਾਨ ਮੰਤਰੀ ਵਲੋਂ ਬੁਲਾਈ ਮੀਟਿੰਗ ‘ਚ ਸ਼ਾਮਿਲ ਹੋਣ ਦਾ ਫੈਸਲਾ ਲੈਂਦੇ ਹੋਏ ਇਸ ਕਦਮ ਦਾ ਸਵਾਗਤ ਕਰ ਚੁੱਕੇ ਹਨ | ਭਾਜਪਾ ਦੀ ਸੂਬਾ ਇਕਾਈ ਵਲੋਂ ਪਾਰਟੀ ਦੇ 3 ਸੀਨੀਅਰ ਮੈਂਬਰ, ਜਿਨ੍ਹਾਂ ‘ਚ ਸਾਬਕਾ ਉਪ-ਮੁੱਖ ਮੰਤਰੀ ਡਾ. ਨਿਰਮਲ ਸਿੰਘ, ਕਵਿੰਦਰ ਗੁਪਤਾ ਤੇ ਪ੍ਰਦੇਸ਼ ਪ੍ਰਧਾਨ ਰਵਿੰਦਰ ਰੈਨਾ ਮੀਟਿੰਗ ‘ਚ ਸ਼ਾਮਿਲ ਹਣਗੇ | ਜੰਮੂ-ਕਸ਼ਮੀਰ ਦੀ ਅਪਨੀ ਪਾਰਟੀ ਦੇ ਪ੍ਰਧਾਨ ਸਈਦ ਅਲਤਾਫ ਬੁਖਾਰੀ ਵੀ ਪ੍ਰਧਾਨ ਮੰਤਰੀ ਨਾਲ ਮੀਟਿੰਗ ‘ਚ ਸ਼ਾਮਿਲ ਹੋਣ ਦਾ ਐਲਾਨ ਕਰ ਚੁੱਕੇ ਹਨ |

Leave a Reply

Your email address will not be published.