ਟੋਕੀਓ : ਭਾਰਤ ਦਾ ਪੈਰਾਲੰਪਿਕ ਸਫਰ ਸੁਨਹਿਰੀ ਅੰਦਾਜ਼ ਵਿਚ ਖਤਮ ਹੋਇਆ ਭਾਰਤ ਨੇ ਆਖਰੀ ਦਿਨ ਜਿਥੇ ਇਕ ਸੋਨ ਤਗਮਾ ਜਿੱਤਿਆ, ਉਥੇ ਇਕ ਚਾਂਦੀ ਦਾ ਤਗਮਾ ਵੀ ਜਿੱਤਿਆ।
ਭਾਰਤ ਦੇ ਬੈਡਮਿੰਟਨ ਖਿਡਾਰੀ ਕ੍ਰਿਸ਼ਨਾ ਨਾਗਰ ਨੇ ਇਥੇ ਬੈਡਮਿੰਟਨ ਵਿਚ ਭਾਰਤ ਨੂੰ ਦੂਸਰਾ ਸੋਨ ਤਗਮਾ ਦਿਵਾਇਆ ਜਦੋਂ ਕਿ ਉਨ੍ਹਾਂ ਤੋਂ ਪਹਿਲਾਂ ਸੁਹਾਸ ਯਥੀਰਾਜ ਨੇ ਚਾਂਦੀ ਦਾ ਤਗਮਾ ਜਿੱਤਿਆ ਲਿਆ ਸੀ। ਜੇਕਰ ਕੁੱਲ ਤਗਮਿਆਂ ਦੀ ਗੱਲ ਕੀਤੀ ਜਾਵੇ ਤਾਂ ਭਾਰਤ ਨੇ ਟੋਕੀE ਪੈਰਾਲੰਪਿਕ ਵਿਚ 5 ਸੋਨ, 8 ਚਾਂਦੀ ਅਤੇ 6 ਕਾਂਸੀ ਦੇ ਤਗਮਿਆਂ ਨਾਲ ਕੁੱਲ 19 ਤਗਮੇ ਜਿੱਤੇ ਅਤੇ ਉਹ ਤਗਮਾ ਸੂਚੀ ‘ਚ 24ਵੇਂ ਸਥਾਨ ਉਤੇ ਰਿਹਾ। ਭਾਰਤ ਨੇ 1972 ਵਿਚ ਪਹਿਲੀ ਵਾਰ ਪੈਰਾਲੰਪਿਕ ਖੇਡਾਂ ਵਿਚ ਹਿੱਸਾ ਲਿਆ ਸੀ। ਇਸ ਤੋਂ ਪਹਿਲਾਂ ਬੀਤੇ ਮਹੀਨੇ 8 ਅਗਸਤ ਨੂੰ ਸਮਾਪਤ ਹੋਈਆਂ ਉਲੰਪਿਕ ਖੇਡਾਂ ‘ਚ ਭਾਰਤੀ ਖਿਡਾਰੀਆਂ ਨੇ ਨੀਰਜ ਚੋਪੜਾ ਦੇ ਇਕ ਸੋਨ ਤਗਮੇ ਅਤੇ ਮੀਰਾ ਬਾਈ ਚਾਨੂ ਅਤੇ ਰਵੀ ਕੁਮਾਰ ਦਹੀਆ ਦੇ ਦੋ ਚਾਂਦੀ ਤਗਮਿਆਂ ਸਮੇਤ ਕੁੱਲ 7 ਤਗਮੇ ਜਿੱਤੇ ਸਨ ਅਤੇ ਹੁਣ ਪੈਰਾਲੰਪਿਕ ਵਿਚ ਦੇਸ਼ ਦੇ ਨੌਜਵਾਨ ਵਿਕਲਾਂਗ ਖਿਡਾਰੀਆਂ ਨੇ ਕੁੱਲ 19 ਤਗਮੇ ਜਿੱਤ ਕੇ ਉਲੰਪਿਕ ‘ਚ ਭਾਰਤ ਦੇ ਸੁਨਹਿਰੀ ਸਫਰ ਦੀ ਸ਼ੁਰੂਆਤ ਕੀਤੀ ਹੈ।
ਉਲੰਪਿਕ ਵਿਚ 7 ਸਿਖਰਲੀਆਂ ਪ੍ਰਾਪਤੀਆਂ ਵਿਚ ਪੁਰਸ਼ ਹਾਕੀ ਟੀਮ ਵੱਲੋਂ ਮੁਕਾਬਲੇ ਵਿਚ 1980 ਵਿਚ ਮਾਸਕੋ ‘ਚ ਜਿੱਤੇ ਗਏ ਸੋਨ ਤਗਮੇ ਦੇ 41 ਸਾਲ ਬਾਅਦ ਜਿੱਤਿਆ ਗਿਆ ਕਾਂਸੀ ਦਾ ਤਗਮਾ ਵੀ ਸ਼ਾਮਲ ਸੀ। ਟੋਕੀਓ ਉਲੰਪਿਕ ਵਿਚ ਦੇਸ਼ ਦੇ ਲਈ ਇਕ ਹੋਰ ਮਾਣ ਦੀ ਗੱਲ ਇਹ ਵੀ ਰਹੀ ਸੀ ਕਿ ਭਾਰਤੀ ਮਹਿਲਾ ਹਾਕੀ ਟੀਮ ਪਹਿਲੀ ਵਾਰ ਸੈਮੀਫਾਈਨਲ ਤੱਕ ਪਹੁੰਚੀ। ਦੇਸ਼ ਵਿਚ ਉਲੰਪਿਕ ਜਿੱਤ ਦਾ ਜਸ਼ਨ ਅਜੇ ਚੱਲ ਹੀ ਰਿਹਾ ਸੀ ਕਿ 24 ਅਗਸਤ ਨੂੰ ਪੈਰਾਲੰਪਿਕ ਖੇਡਾਂ ਦੀ ਸ਼ੁਰੂਆਤ ਹੋ ਗਈ। ਇਨ੍ਹਾਂ ਖੇਡਾਂ ਵਿਚ ਭਾਰਤੀ ਖਿਡਾਰੀਆਂ ਨੇ ਨਾ ਸਿਰਫ ਨਵੇਂ ਕੀਰਤੀਮਾਨ ਸਥਾਪਤ ਕੀਤੇ ਸਗੋਂ ਨਵੇਂ ਰਿਕਾਰਡ ਵੀ ਆਪਣੇ ਨਾਂ ਕੀਤੇ, ਪੈਰਾਲੰਪਿਕ ਖੇਡਾਂ ਵਿਚ ਕਿਉਂਕਿ ਸਰੀਰਕ ਤੌਰ ‘ਤੇ ਅਪਾਹਜ ਅਤੇ ਵਿਕਲਾਂਗ ਖਿਡਾਰੀ ਹੀ ਹਿੱਸਾ ਲੈਂਦੇ ਹਨ, ਇਸ ਲਈ ਇਨ੍ਹਾਂ ਵੱਲ ਲੋਕਾਂ ਦਾ ਆਕਰਸ਼ਨ ਅਤੇ ਰੁਚੀ ਵਧ ਜਾਂਦੀ ਹੈ। ਰਾਸ਼ਟਰ ਦੇ ਲਈ ਮਾਣ ਤੇ ਖ਼ੁਸ਼ੀ ਦੀ ਗੱਲ ਇਹ ਹੈ ਕਿ ਟੋਕੀE ਪੈਰਾਲੰਪਿਕ ਖੇਡਾਂ ਵਿਚ ਭਾਰਤੀ ਖਿਡਾਰੀਆਂ ਨੇ 5 ਸੋਨੇ, 8 ਚਾਂਦੀ ਅਤੇ 6 ਕਾਂਸੀ ਦੇ ਤਗਮੇ ਜਿੱਤੇ ਹਨ। ਦੱਸਣਯੋਗ ਹੈ ਕਿ ਇਕ-ਇਕ ਦਿਨ ਵਿਚ ਭਾਰਤ ਨੇ 4-4 ਤਗਮੇ ਵੀ ਜਿੱਤੇ। ਭਾਰਤੀ ਪੈਰਾਲੰਪਿਕ ਦਲ ਲਈ ਐਤਵਾਰ ਦਾ ਦਿਨ ਵੀ ਸੁਨਹਿਰੀ ਰਿਹਾ ਜਦੋਂ ਕ੍ਰਿਸ਼ਨਾ ਨਾਗਰ ਨੇ ਬੈਡਮਿੰਟਨ ਵਿਚ ਸੋਨ ਤਗਮਾ ਆਪਣੇ ਨਾਂ ਕਰ ਲਿਆ।