ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਨੇ ਆਮ ਜਨਤਾ ਦਾ ਕੱਢਿਆ ਕਚੂੰਬਰ

ਨਵੀਂ ਦਿੱਲੀ: ਦੇਸ਼ ਵਿਚ ਪੈਟਰੋਲ-ਡੀਜ਼ਲ ਤੇ ਘਰੇਲੂ ਗੈਸ ਦੀਆਂ ਕੀਮਤਾਂ ਵਿਚ ਵਾਧਾ ਰੁਕਣ ਦਾ ਨਾਮ ਨਹੀਂ ਲੈ ਰਿਹਾ ਹੈ।

ਪਿਛਲੇ ਤਕਰੀਬਨ ਡੇਢ ਹਫਤੇ ਤੋਂ ਤੇਲ ਕੀਮਤਾਂ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ। ਤਾਜ਼ਾ ਵਾਧੇ ਨੇ ਨਾ ਸਿਰਫ ਆਮ ਲੋਕਾਂ ਦੇ ਪੂਰੇ ਘਰੇਲੂ ਬਜਟ ਨੂੰ ਵਿਗਾੜ ਕੇ ਰੱਖ ਦਿੱਤਾ ਹੈ, ਸਗੋਂ ਇਸ ਦੇ ਨਾਲ ਦੇਸ਼ ‘ਚ ਜ਼ਰੂਰੀ ਘਰੇਲੂ ਵਰਤੋਂ ਦੀਆਂ ਚੀਜ਼ਾਂ ਖ਼ਾਸ ਤੌਰ ‘ਤੇ ਖਾਧ ਪਦਾਰਥਾਂ ਦੀਆਂ ਨਿਰੰਤਰ ਵਧਦੀਆਂ ਕੀਮਤਾਂ ਨੇ ਆਮ ਲੋਕਾਂ ਦਾ ਜਿਵੇਂ ਲੱਕ ਹੀ ਤੋੜ ਕੇ ਰੱਖ ਦਿੱਤਾ ਹੈ। ਦੇਸ਼ ਵਿਚ ਤਿਉਹਾਰਾਂ ਦਾ ਮੌਸਮ ਹੋਣ ਕਾਰਨ ਇਹ ਮਹਿੰਗਾਈ ਆਮ ਲੋਕਾਂ ‘ਤੇ ਦੋਹਰੀ ਮਾਰ ਕਰ ਰਹੀ ਹੈ। ਸਥਿਤੀ ਇਹ ਹੈ ਕਿ ਖਾਣਾ ਪਕਾਉਣ ਵਾਲੀ ਗੈਸ ਦੇ ਵਪਾਰਕ ਤੇ ਘਰੇਲੂ ਗੈਸ ਦੇ ਭਾਅ ‘ਚ ਭਾਰੀ ਵਾਧਾ ਹੋਇਆ ਹੈ। ਤਾਜ਼ਾ ਵਾਧੇ ਤੋਂ ਬਾਅਦ ਘਰੇਲੂ ਗੈਸ ਦੇ ਇਕ ਸਿਲੰਡਰ ਦੀ ਕੀਮਤ 900 ਰੁਪਏ ਤੋਂ ਉਪਰ ਪਹੁੰਚ ਗਈ ਹੈ, ਜੋ ਪਿਛਲੇ ਕੁਝ ਸਾਲਾਂ ਨਾਲੋਂ ਲਗਭਗ ਦੁੱਗਣੀ ਹੈ। ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ‘ਚ ਵੀ ਬੀਤੇ ਕੁਝ ਸਾਲਾਂ ‘ਚ ਦੁੱਗਣਾ ਵਾਧਾ ਹੋਇਆ ਹੈ। ਮੁੰਬਈ ਦੇਸ਼ ਦਾ ਪਹਿਲਾ ਅਜਿਹਾ ਮਹਾਂਨਗਰ ਬਣਿਆ, ਜਿਥੇ ਡੀਜ਼ਲ ਦੀ ਕੀਮਤ 100 ਰੁਪਏ ਲੀਟਰ ‘ਤੇ ਪਹੁੰਚ ਗਈ ਹੈ, ਜਦਕਿ ਪੈਟਰੋਲ ਪਹਿਲਾਂ ਹੀ ਮਹਾਂਨਗਰਾਂ ‘ਚ 111 ਰੁਪਏ ਲੀਟਰ ਤੱਕ ਪਹੁੰਚ ਗਿਆ ਹੈ।

ਤੇਲ ਕੰਪਨੀਆਂ ਤੇ ਦੇਸ਼ ਦੀਆਂ ਸਰਕਾਰਾਂ ਬੀਤੇ ਕੁਝ ਸਾਲਾਂ ਤੋਂ ਲਾਗਤ ‘ਚ ਵਾਧੇ ਅਤੇ ਆਪਣੇ ਮੁਨਾਫੇ ਦਾ ਸਾਰਾ ਭਾਰ ਉਪਭੋਗਤਾਵਾਂ ‘ਤੇ ਪਾ ਰਹੀਆਂ ਹਨ। ਬੀਤੇ ਕਈ ਦਿਨਾਂ ਤੋਂ ਇਨ੍ਹਾਂ ਪਦਾਰਥਾਂ ਦੇ ਭਾਅ ‘ਚ ਹੋਣ ਵਾਲੇ ਵਾਧੇ ਨੂੰ ਅੰਤਰਰਾਸ਼ਟਰੀ ਬਾਜ਼ਾਰ ਦੀ ਆੜ ‘ਚ ਸਹੀ ਵੀ ਠਹਿਰਾਇਆ ਜਾ ਰਿਹਾ ਹੈ। ਪੈਟਰੋਲ-ਡੀਜ਼ਲ ਦੇ ਭਾਅ ਨੂੰ ਅੰਤਰਰਾਸ਼ਟਰੀ ਤੇਲ ਬਾਜ਼ਾਰ ਨਾਲ ਜੋੜੇ ਜਾਣ ਤੋਂ ਬਾਅਦ ਅਕਸਰ ਦੇਸ਼ ‘ਚ ਇਨ੍ਹਾਂ ਤੇਲ ਪਦਾਰਥਾਂ ਦੇ ਭਾਅ ਘਟਦੇ-ਵਧਦੇ ਰਹਿੰਦੇ ਹਨ, ਪਰ ਭਾਰਤ ਦੀਆਂ ਸਰਕਾਰਾਂ ਨੇ ਕੁਝ ਅਜਿਹਾ ਰਵੱਈਆ ਧਾਰਨ ਕਰ ਰੱਖਿਆ ਹੈ ਕਿ ਜਦੋਂ ਕਦੇ ਵੀ ਅੰਤਰਰਾਸ਼ਟਰੀ ਬਾਜ਼ਾਰ ‘ਚ ਕੱਚੇ ਤੇਲ ਦੀਆਂ ਕੀਮਤਾਂ ਵਧੀਆਂ, ਤਾਂ ਦੇਸ਼ ‘ਚ ਵੀ ਇਨ੍ਹਾਂ ਤੇਲ ਪਦਾਰਥਾਂ ਦੇ ਭਾਅ ‘ਚ ਵਾਧਾ ਕਰ ਦਿੱਤਾ ਜਾਂਦਾ ਰਿਹਾ, ਪਰ ਵਿਦੇਸ਼ੀ ਬਾਜ਼ਾਰ ‘ਚ ਕੱਚੇ ਤੇਲ ਦੀਆਂ ਕੀਮਤਾਂ ਘਟਣ ਦੇ ਬਾਵਜੂਦ ਭਾਰਤ ਵਿਚ ਇਨ੍ਹਾਂ ਦੀਆਂ ਕੀਮਤਾਂ ਨਹੀਂ ਘਟਾਈਆਂ ਗਈਆਂ। ਇਸ ਨਾਲ ਸਰਕਾਰਾਂ ਦੇ ਮਾਲੀਏ ‘ਚ ਤਾਂ ਵੱਡੇ ਪੱਧਰ ਉਤੇ ਵਾਧਾ ਹੁੰਦਾ ਹੈ, ਪਰ ਆਮ ਲੋਕਾਂ ਦਾ ਘਰੇਲੂ ਬਜਟ ਪੂਰੀ ਤਰ੍ਹਾਂ ਵਿਗੜ ਜਾਂਦਾ ਹੈ।

Leave a Reply

Your email address will not be published. Required fields are marked *