ਨਵੀਂ ਦਿੱਲੀ / ਪੈਗਾਸਸ ਜਾਸੂਸੀ ਕਾਂਡ ਰਾਸ਼ਟਰਵਾਦ ਅਤੇ ਦੇਸ਼ ਧ੍ਰੋਹ ਨਾਲ ਜੁੜਿਆ ਮਾਮਲਾ ਹੈ |
ਇਸ ਹਥਿਆਰ ਦੀ ਵਰਤੋਂ ਲੋਕਤੰਤਰ ਦੇ ਖ਼ਿਲਾਫ਼ ਕੀਤੀ ਗਈ ਹੈ ਅਤੇ ਇਹ ਲੋਕਤੰਤਰ ਦੀ ਆਤਮਾ ‘ਤੇ ਲੱਗਾ ਤੀਰ ਹੈ | ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਬੁੱਧਵਾਰ ਨੂੰ ਪੈਗਾਸਸ ਮੁੱਦੇ ‘ਤੇ ਹਮਲਾਵਰ ਹੁੰਦਿਆਂ ਸਰਕਾਰ ਨੂੰ ਨਿਸ਼ਾਨੇ ‘ਤੇ ਲੈਂਦਿਆਂ ਉਕਤ ਬਿਆਨ ਦਿੱਤਾ | ਰਾਹੁਲ ਗਾਂਧੀ ਨੇ 14 ਵਿਰੋਧੀ ਪਾਰਟੀਆਂ ਦੇ ਨਾਲ ਸੰਸਦ ਦੇ ਅੰਦਰ ਪੈਗਾਸਸ ਮੁੱਦੇ ‘ਤੇ ਰਣਨੀਤਕ ਬੈਠਕ ਕਰਨ ਤੋਂ ਬਾਅਦ ਇਕ ਸਾਂਝੀ ਪੈ੍ਰੱਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਵਿਰੋਧੀ ਇਕਜੁੱਟਤਾ ‘ਤੇ ਉਚੇਚਾ ਜ਼ੋਰ ਦਿੰਦਿਆਂ ਕਿਹਾ ਕਿ ਸਮੁੱਚੀ ਵਿਰੋਧੀ ਧਿਰ ਇੱਥੇ ਹੈ | ਉਨ੍ਹਾਂ ਦੋਸ਼ ਲਾਉਂਦਿਆਂ ਕਿਹਾ ਕਿ ਸੰਸਦ ਦੇ ਅੰਦਰ ਰਾਹੁਲ ਗਾਂਧੀ ਨੇ ਸਰਕਾਰ ਤੋਂ ਸਿੱਧੇ ਤੌਰ ‘ਤੇ ਹਾਂ ਜਾਂ ਨਾਂਹ ‘ਚ ਦੋ ਸਵਾਲ ਪੁੱਛਦਿਆਂ ਕਿਹਾ ਕਿ ਕੀ ਸਰਕਾਰ ਨੇ ਪੈਗਾਸਸ ਖ਼ਰੀਦਿਆ ਹੈ ਅਤੇ ਕੀ ਸਰਕਾਰ ਨੇ ਇਸ ਦੀ ਵਰਤੋਂ ਆਪਣੇ ਹੀ ਦੇਸ਼ ਦੇ ਲੋਕਾਂ ਖ਼ਿਲਾਫ਼ ਕੀਤੀ ਹੈ? ਕਾਂਗਰਸੀ ਆਗੂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੈਗਾਸਸ ਜਾਸੂਸੀ ਕਾਂਡ ਲਈ ਜ਼ਿੰਮੇਵਾਰ ਠਹਿਰਾਉਂਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਨੇ ਤੁਹਾਡੇ ਫ਼ੋਨਾਂ ‘ਚ ਹਥਿਆਰ ਪਲਾਂਟ ਕੀਤਾ ਹੈ, ਜਿਸ ਦੀ ਵਰਤੋਂ ਵਿਰੋਧੀ ਧਿਰ ਦੇ ਨੇਤਾਵਾਂ, ਪੱਤਰਕਾਰਾਂ ਅਤੇ ਸਮਾਜਿਕ ਕਾਰਕੁੰਨਾਂ ਖ਼ਿਲਾਫ਼ ਕੀਤੀ ਜਾ ਰਹੀ ਹੈ |
ਉਨ੍ਹਾਂ ਮੀਡੀਆ ਨੂੰ ਸਵਾਲੀਆ ਲਹਿਜੇ ‘ਚ ਪੁੱਛਿਆ ਕਿ ਕੀ ਅਜਿਹੇ ਮੁੱਦੇ ‘ਤੇ ਸੰਸਦ ਦੇ ਅੰਦਰ ਚਰਚਾ ਹੋਣੀ ਚਾਹੀਦੀ ਹੈ? ਉਨ੍ਹਾਂ ਕਿਹਾ ਕਿ ਜੇਕਰ ਵਿਰੋਧੀ ਧਿਰਾਂ ਇਸ ‘ਤੇ ਰਾਜ਼ੀ ਹੋ ਜਾਣ ਕਿ ਪੈਗਾਸਸ ‘ਤੇ ਕੋਈ ਚਰਚਾ ਨਹੀਂ ਹੋਵੇਗੀ ਤਾਂ ਇਹ ਮੁੱਦਾ ਇੱਥੇ ਹੀ ਦੱਬਿਆ ਜਾਵੇਗਾ | ਉਨ੍ਹਾਂ ਫਿਰ ਜ਼ੋਰ ਦਿੰਦਿਆਂ ਕਿਹਾ ਕਿ ਜਦੋਂ ਤੱਕ ਪੈਗਾਸਸ ‘ਤੇ ਚਰਚਾ ਨਹੀਂ ਕਰਵਾਈ ਜਾਵੇਗੀ ਅਸੀਂ ਇੱਥੇ ਹੀ ਰਹਾਂਗੇ | ਵਿਰੋਧੀ ਧਿਰਾਂ ਨੇ ਸਾਂਝੀ ਪ੍ਰੈੱਸ ਕਾਨਫ਼ਰੰਸ ਤੋਂ ਪਹਿਲਾਂ ਬਾਰਿਸ਼ ‘ਚ ਹੀ ਸੰਸਦ ਤੋਂ ਲੈ ਕੇ ਵਿਜੈ ਚੌਕ ਤੱਕ ਰੋਸ ਮਾਰਚ ਵੀ ਕੱਢਿਆ | ਵਿਰੋਧੀ ਧਿਰਾਂ ਦੀ ਸਾਂਝੀ ਪ੍ਰੈੱਸ ਕਾਨਫ਼ਰੰਸ ‘ਚ ਮੌਜੂਦ ਆਰ.ਜੇ.ਡੀ. ਦੇ ਮਨੋਜ ਝਾਅ ਨੇ ਕਿਹਾ ਕਿ ਸਦਨ ‘ਚ ਸੂਚਨਾ ਤਕਨੀਕੀ ਮੰਤਰੀ ਵਲੋਂ ਦਿੱਤੇ ਬਿਆਨ ਨੂੰ ਚਰਚਾ ਦਾ ਨਾਂਅ ਨਹੀਂ ਦਿੱਤਾ ਜਾ ਸਕਦਾ| ਸ਼ਿਵ ਸੈਨਾ ਦੇ ਸੰਸਦ ਮੈਂਬਰ ਸੰਜੇ ਰਾਊਤ ਨੇ ਵੀ ਪੈਗਾਸਸ ‘ਤੇ ਚਰਚਾ ਦਾ ਸਮਰਥਨ ਕਰਦਿਆਂ ਕਿਹਾ ਕਿ ਸਰਕਾਰ ਨੇ ਇਸ ਹਥਿਆਰ (ਪੈਗਾਸਸ) ਨਾਲ ਲੋਕਤੰਤਰ ਦੀ ਆਤਮਾ ‘ਤੇ ਪਿੱਛੋਂ ਵਾਰ ਕੀਤਾ ਹੈ, ਜੋ ਕਿ ਲੋਕਾਂ ਨਾਲ ਕੀਤਾ ਧੋਖਾ ਕਰਾਰ ਦਿੱਤਾ ਜਾਵੇਗਾ |