ਪੁਤਿਨ ਦੀ ਪ੍ਰੇਮਿਕਾ ਹੋਈ ਅੰਡਰਗਰਾਊਂਡ, 3 ਦੇਸ਼ਾਂ ਦੇ 50 ਹਜ਼ਾਰ ਲੋਕਾਂ ਨੇ ਲੱਭਣ ਲਈ ਲਾਈ ਪਟੀਸ਼ਨ

ਮਾਸਕੋ- ਰੂਸ-ਯੂਕਰੇਨ ਯੁੱਧ ਦੇ ਵਿਚਕਾਰ, ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੀ ਇੱਕ ਸੀਕ੍ਰੇਟ ਗਰਲਫ੍ਰੈਂਡ ਇਨ੍ਹੀਂ ਦਿਨੀਂ ਕਾਫੀ ਚਰਚਾ ਵਿੱਚ ਹੈ।

ਪੁਤਿਨ ਦੀ ਕਥਿਤ ਪ੍ਰੇਮਿਕਾ ਅਤੇ ਸਾਬਕਾ ਜਿਮਨਾਸਟ ਅਲੀਨਾ ਕਾਬਾਏਵਾ ਯੂਕਰੇਨ ਯੁੱਧ ਦੌਰਾਨ ਅੰਡਰਗਰਾਉਂਡ ਹੋ ਗਈ ਹੈ। ਕੁਝ ਰਿਪੋਰਟਾਂ ‘ਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਉਹ ਸਵਿਟਜ਼ਰਲੈਂਡ ‘ਚ ਲੁਕੀ ਹੋਈ ਹੈ। ਅਜਿਹੇ ‘ਚ ਰੂਸ, ਯੂਕਰੇਨ ਅਤੇ ਬੇਲਾਰੂਸ ਦੇ ਕਰੀਬ 50 ਹਜ਼ਾਰ ਲੋਕਾਂ ਨੇ ਅਲੀਨਾ ਨੂੰ ਸਵਿਟਜ਼ਰਲੈਂਡ ਤੋਂ ਬਾਹਰ ਕੱਢਣ ਦੀ ਮੰਗ ਕਰਦੇ ਹੋਏ ਉਸ ਖਿਲਾਫ ਆਨਲਾਈਨ ਪਟੀਸ਼ਨ ਸ਼ੁਰੂ ਕੀਤੀ ਹੈ।

ਅਲੀਨਾ ਇੱਕ ਰੂਸੀ ਸਿਆਸਤਦਾਨ, ਮੀਡੀਆ ਮੈਨੇਜਰ ਅਤੇ ਇੱਕ ਰਿਟਾਇਰਡ ਰਿਦਮਿਕ ਜਿਮਨਾਸਟ ਹੈ। ਅਲੀਨਾ ਨੂੰ ਹਰ ਸਮੇਂ ਦੇ ਸਭ ਤੋਂ ਸਫਲ ਜਿਮਨਾਸਟਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਉਸਨੇ ਆਪਣੇ ਕਰੀਅਰ ਵਿੱਚ 2 ਓਲੰਪਿਕ ਤਗਮੇ, 14 ਵਿਸ਼ਵ ਚੈਂਪੀਅਨਸ਼ਿਪ ਅਤੇ 21 ਯੂਰਪੀਅਨ ਚੈਂਪੀਅਨਸ਼ਿਪ ਤਗਮੇ ਜਿੱਤੇ। ਦਿ ਗਾਰਡੀਅਨ ਵਰਗੇ ਕਈ ਅਖਬਾਰਾਂ ਨੇ ਦਾਅਵਾ ਕੀਤਾ ਹੈ ਕਿ ਅਲੀਨਾ ਪੁਤਿਨ ਦੀ ਪ੍ਰੇਮਿਕਾ ਹੈ। ਹਾਲਾਂਕਿ ਪੁਤਿਨ ਨੇ ਕਦੇ ਵੀ ਜਨਤਕ ਤੌਰ ‘ਤੇ ਇਸ ਗੱਲ ਨੂੰ ਸਵੀਕਾਰ ਨਹੀਂ ਕੀਤਾ ਹੈ। 

ਰਸ਼ੀਅਨ ਟਾਈਮਜ਼ ਦੀ ਇੱਕ ਰਿਪੋਰਟ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਅਲੀਨਾ ਆਪਣੇ ਤਿੰਨ ਬੱਚਿਆਂ ਨਾਲ ਇੱਕ ਲਗਜ਼ਰੀ ਵਿਲਾ ਵਿੱਚ ਲੁਕੀ ਹੋਈ ਹੈ। ਇਸ ਪਟੀਸ਼ਨ ਦੇ ਸਮਰਥਨ ਵਿੱਚ ਹੁਣ ਤੱਕ 50 ਹਜ਼ਾਰ ਤੋਂ ਵੱਧ ਲੋਕ ਦਸਤਖਤ ਕਰ ਚੁੱਕੇ ਹਨ। ਅਲੀਨਾ 38 ਸਾਲ ਦੀ ਹੈ ਅਤੇ ਉਹ ਓਲੰਪਿਕ ਗੋਲਡ ਮੈਡਲਿਸਟ ਹੈ। ਅਲੀਨਾ ਨੂੰ ਰੂਸ ਦੀ ਸਭ ਤੋਂ ਲਚਕੀਲੀ ਔਰਤ ਵਜੋਂ ਜਾਣਿਆ ਜਾਂਦਾ ਹੈ। ਉਹ ਪੁਤਿਨ ਦੀ ਯੂਨਾਈਟਿਡ ਰੂਸ ਪਾਰਟੀ ਦੀ ਸੰਸਦ ਮੈਂਬਰ ਵੀ ਰਹਿ ਚੁੱਕੀ ਹੈ।

ਪਟੀਸ਼ਨ ਵਿਚ ਕਿਹਾ ਗਿਆ ਹੈ ਕਿ ਯੁੱਧ ਦੇ ਬਾਵਜੂਦ ਸਵਿਟਜ਼ਰਲੈਂਡ ਨੇ ਪੁਤਿਨ ਸਰਕਾਰ ਦੇ ਸਹਿਯੋਗੀ ਦੀ ਮੇਜ਼ਬਾਨੀ ਜਾਰੀ ਰੱਖੀ ਹੈ। ਇਹ ਪਟੀਸ਼ਨ ਉਨ੍ਹਾਂ ਰਿਪੋਰਟਾਂ ਦੇ ਵਿਚਕਾਰ ਆਈ ਹੈ ਕਿ ਅਲੀਨਾ ਨੂੰ ਯੂਕਰੇਨ ਵਿੱਚ ਜੰਗ ਦੇ ਦੌਰਾਨ ਸਵਿਟਜ਼ਰਲੈਂਡ ਭੇਜਿਆ ਗਿਆ ਹੈ। ਅਲੀਨਾ 7 ਸਾਲਾਂ ਤੋਂ ਵੱਧ ਸਮੇਂ ਤੋਂ ਰੂਸੀ ਸਰਕਾਰ ਦੇ ਸਮਰਥਨ ਵਾਲੇ ਨੈਸ਼ਨਲ ਮੀਡੀਆ ਗਰੁੱਪ ਦੇ ਬੋਰਡ ਆਫ਼ ਡਾਇਰੈਕਟਰਜ਼ ਦੀ ਪ੍ਰਧਾਨ ਵੀ ਰਹੀ ਹੈ। ਡੇਲੀ ਮੇਲ ਮੁਤਾਬਕ, ਉਸ ਨੂੰ ਹਰ ਸਾਲ ਕਰੀਬ 8 ਮਿਲੀਅਨ ਯੂਰੋ ਦੀ ਤਨਖਾਹ ਵੀ ਮਿਲ ਰਹੀ ਹੈ।

Leave a Reply

Your email address will not be published. Required fields are marked *