ਪਾਕਿਸਤਾਨ ਪੰਜਾਬ ਵਿਧਾਨ ਸਭਾ ਬਣੀ ਅਖਾੜਾ

ਇਸਲਾਮਾਬਾਦ— ਪਾਕਿਸਤਾਨ ਦੀ ਪੰਜਾਬ ਵਿਧਾਨ ਸਭਾ ‘ਚ  ਜ਼ਬਰਦਸਤ ਹੰਗਾਮਾ ਹੋਇਆ।

ਜੀਓ ਨਿਊਜ਼ ਮੁਤਾਬਕ ਇਮਰਾਨ ਖ਼ਾਨ ਦੀ ਪਾਰਟੀ ਪਾਕਿਸਤਾਨ ਤਹਿਰੀਕ-ਏ-ਇਨਸਾਫ਼ ਦੇ ਮੈਂਬਰਾਂ ਨੇ ਕਥਿਤ ਤੌਰ ‘ਤੇ ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਦੋਸਤ ਮੁਹੰਮਦ ਮਜ਼ਾਰੀ ਨਾਲ ਕੁੱਟਮਾਰ ਕੀਤੀ। ਉਹ ਮੁੱਖ ਮੰਤਰੀ ਦੀ ਚੋਣ ਲਈ ਬੁਲਾਏ ਇਜਲਾਸ ਦੀ ਪ੍ਰਧਾਨਗੀ ਕਰਨ ਆਏ ਸਨ। ਜੀਓ ਨਿਊਜ਼ ਨੇ ਦੱਸਿਆ ਕਿ ਸੱਤਾਧਾਰੀ ਪਾਰਟੀ ਪੀਟੀਆਈ ਦੇ ਮੈਂਬਰਾਂ ਨੇ ਸੁਰੱਖਿਆ ਗਾਰਡਾਂ ਦੀ ਮੌਜੂਦਗੀ ਵਿੱਚ ਮਜ਼ਾਰੀ ‘ਤੇ ਹਮਲਾ ਕੀਤਾ ਅਤੇ ਉਸ ਦੇ ਵਾਲ ਪੁੱਟ ਦਿੱਤੇ। ਘਟਨਾ ਤੋਂ ਬਾਅਦ ਦੋਸਤ ਮੁਹੰਮਦ ਮਜ਼ਾਰੀ ਸਦਨ ਛੱਡ ਕੇ ਚਲੇ ਗਏ।

ਲਾਹੌਰ ਹਾਈ ਕੋਰਟ ਦੇ ਹੁਕਮਾਂ ਤੋਂ ਬਾਅਦ ਪੰਜਾਬ ਦੇ ਨਵੇਂ ਮੁੱਖ ਮੰਤਰੀ ਦੀ ਚੋਣ ਲਈ ਵਿਧਾਨ ਸਭਾ ਦਾ ਸੈਸ਼ਨ ਬੁਲਾਇਆ ਸੀ। ਇਹ ਮੁਕਾਬਲਾ ਪੀਐਮਐਲ-ਐਨ ਦੇ ਹਮਜ਼ਾ ਸ਼ਾਹਬਾਜ਼ ਅਤੇ ਪੀਐਮਐਲ-ਕਿਊ ਦੇ ਚੌਧਰੀ ਪਰਵੇਜ਼ ਇਲਾਹੀ ਵਿਚਕਾਰ ਹੋਣਾ ਸੀ। ਪੀਐੱਮਐੱਲ-ਐੱਨ ਦੇ ਹਮਜ਼ਾ ਸ਼ਾਹਬਾਜ਼ ਨੂੰ ਹੋਰ ਪਾਰਟੀਆਂ ਦਾ ਸਮਰਥਨ ਹਾਸਲ ਹੈ। ਜਦਕਿ ਇਮਰਾਨ ਖਾਨ ਦੀ ਪਾਰਟੀ ਪੀਟੀਆਈ ਪੀਐਮਐਲ-ਕਿਊ ਦੇ ਚੌਧਰੀ ਪਰਵੇਜ਼ ਇਲਾਹੀ ਦਾ ਸਮਰਥਨ ਕਰ ਰਹੀ ਹੈ। ਪੀਟੀਆਈ ਦੇ ਵਿਧਾਇਕ ਆਪਣੇ ਨਾਲ ਲਾਟ ਲੈ ਕੇ ਆਏ ਸਨ। ਸਦਨ ਦੀ ਕਾਰਵਾਈ ਸ਼ੁਰੂ ਹੁੰਦੇ ਹੀ ਉਨ੍ਹਾਂ ਲੋਟਾ-ਲੋਟਾ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ।ਇਮਰਾਨ ਖਾਨ ਦੀ ਪਾਰਟੀ ਦੇ ਵਿਧਾਇਕਾਂ ਨੇ ਆਪਣੇ ਨਾਲ ਲਿਆਂਦੀਆਂ ਪਰਚੀਆਂ ਨੂੰ ਡਿਪਟੀ ਸਪੀਕਰ ‘ਤੇ ਸੁੱਟਣਾ ਸ਼ੁਰੂ ਕਰ ਦਿੱਤਾ।

ਦੇਖਦੇ ਹੀ ਦੇਖਦੇ ਪੀਟੀਆਈ ਦੇ ਮੈਂਬਰ ਡਿਪਟੀ ਸਪੀਕਰ ਦੀ ਕੁਰਸੀ ਨੇੜੇ ਪਹੁੰਚ ਗਏ ਅਤੇ ਉਨ੍ਹਾਂ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਇਮਰਾਨ ਖਾਨ ਦੀ ਪਾਰਟੀ ਦੇ ਵਿਧਾਇਕਾਂ ਨੇ ਦੋਸਤ ਮੁਹੰਮਦ ਮਜ਼ਾਰੀ ਦੇ ਵਾਲ ਪੁੱਟੇ ਅਤੇ ਥੱਪੜ ਵੀ ਮਾਰਿਆ।ਡਾਨ ਨਿਊਜ਼ ਦੀ ਪੱਤਰਕਾਰ ਅਬਸਾ ਕੋਮਲ ਨੇ ਟਵੀਟ ਕੀਤਾ, ‘ਆਖਿਰਕਾਰ ਪੰਜਾਬ ਅਸੈਂਬਲੀ ‘ਚ ਪੀਟੀਆਈ ਅਤੇ ਪੀਐਮਐਲਕਿਊ ਮੈਂਬਰਾਂ ਨੇ ਹਿੰਸਾ ਦਾ ਸਹਾਰਾ ਲਿਆ। ਡਿਪਟੀ ਸਪੀਕਰ ਦੋਸਤ ਮਜਾਰੀ ‘ਤੇ ਹਮਲਾ ਕੀਤਾ ਗਿਆ। ਇਹ ਇਸ ਦੇਸ਼ ਵਿੱਚ ਲੋਕਤੰਤਰ ਲਈ ਇੱਕ ਹੋਰ ਦੁਖਦਾਈ ਦਿਨ ਹੈ ਅਤੇ ਲਹੌਰ ਹਾਈ ਕੋਰਟ ਦੇ ਹੁਕਮਾਂ ਦੀ ਘੋਰ ਉਲੰਘਣਾ ਹੈ। ਰੱਬ ਜਾਣਦਾ ਹੈ ਕਿ ਸਾਡੇ ਕੋਲ ਹੋਰ ਕੀ ਵੇਖਣਾ ਬਾਕੀ ਹੈ, ਇੱਕ ਪਰੇਸ਼ਾਨ ਕਰਨ ਵਾਲਾ ਦ੍ਰਿਸ਼।’

ਕਾਬਲੇਗੌਰ ਹੈ ਕਿ ਪਾਕਿਸਤਾਨ ‘ਚ ਕਰੀਬ ਇਕ ਹਫਤੇ ਤੱਕ ਚੱਲੀ ਸਿਆਸੀ ਡਰਾਮੇਬਾਜ਼ੀ ‘ਚ ਇਮਰਾਨ ਖਾਨ 9 ਅਪ੍ਰੈਲ ਨੂੰ ਨੈਸ਼ਨਲ ਅਸੈਂਬਲੀ ‘ਚ ਭਰੋਸੇ ਦਾ ਵੋਟ ਹਾਰ ਗਏ ਸਨ ਅਤੇ ਉਨ੍ਹਾਂ ਨੂੰ ਪ੍ਰਧਾਨ ਮੰਤਰੀ ਦਾ ਅਹੁਦਾ ਛੱਡਣਾ ਪਿਆ ਸੀ। ਸੰਯੁਕਤ ਵਿਰੋਧੀ ਧਿਰ ਨੇ ਸ਼ਾਹਬਾਜ਼ ਸ਼ਰੀਫ ਨੂੰ ਪਾਕਿਸਤਾਨ ਦਾ ਨਵਾਂ ਪ੍ਰਧਾਨ ਮੰਤਰੀ ਚੁਣਿਆ ਹੈ। ਇਮਰਾਨ ਖਾਨ ਪਾਕਿਸਤਾਨ ਦੇ ਪਹਿਲੇ ਅਜਿਹੇ ਨੇਤਾ ਬਣ ਗਏ ਹਨ, ਜਿਨ੍ਹਾਂ ਨੂੰ ਬੇਭਰੋਸਗੀ ਮਤੇ ਰਾਹੀਂ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਹਟਾਇਆ ਗਿਆ ਹੈ। ਪਾਕਿਸਤਾਨ ਬਾਰੇ ਇੱਕ ਹੋਰ ਖਬਰ ਹੈ ਕਿ ਫੌਜ ਜਨਰਲ ਕਮਰ ਜਾਵੇਦ ਬਾਜਵਾ ਦਾ ਕਾਰਜਕਾਲ ਨਹੀਂ ਵਧੇਗਾ। ਉਹ 29 ਨਵੰਬਰ 2022 ਨੂੰ ਸੇਵਾਮੁਕਤ ਹੋ ਰਹੇ ਹਨ। ਪਾਕਿਸਤਾਨੀ ਫੌਜ ਦੇ ਬੁਲਾਰੇ ਨੇ ਜਨਰਲ ਬਾਜਵਾ ਦੇ ਕਾਰਜਕਾਲ ਨੂੰ ਵਧਾਉਣ ਦੀਆਂ ਅਟਕਲਾਂ ਨੂੰ ਸਿਰੇ ਤੋਂ ਖਾਰਜ ਕਰ ਦਿੱਤਾ ਹੈ।

Leave a Reply

Your email address will not be published. Required fields are marked *