ਪਾਕਿਸਤਾਨ ‘ਚ ਰਾਤੋ-ਰਾਤ ਮਹਾਨ ਸਿੱਖ ਜਰਨੈਲ ਹਰੀ ਸਿੰਘ ਨਲੂਆ ਦਾ ਬੁੱਤ ਢਾਹਿਆ ਗਿਆ, ਸਿੱਖਾਂ ‘ਚ ਰੋਸ

ਪਾਕਿਸਤਾਨ ਵਿੱਚ ਘੱਟਗਿਣਤੀਆਂ ਨੂੰ ਅਕਸਰ ਨਿਸ਼ਾਨਾ ਬਣਾਇਆ ਜਾਂਦਾ ਰਿਹਾ ਹੈ ਇਸ ਦੀ ਇੱਕ ਹੋਰ ਮਿਸਾਲ ਸਾਹਮਣੇ ਆਈ ਹੈ।

ਖੈਬਰ ਪਖਤੂਨਖਵਾ ਦੇ ਹਰੀਪੁਰ ‘ਚ ਸਥਾਨਕ ਪ੍ਰਸ਼ਾਸਨ ਨੇ ਸਿਦੀਕੀ-ਏ-ਅਕਬਰ ਚੌਕ ਤੋਂ ਮਹਾਨ ਸਿੱਖ ਜਰਨੈਲ ਹਰੀ ਸਿੰਘ ਨਲੂਆ ਦਾ ਬੁੱਤ ਰਾਤੋ-ਰਾਤ ਢਾਹ ਦਿੱਤਾ ਗਿਆ ਹੈ, ਜਿਸ ਨਾਲ ਸਿੱਖ ਭਾਈਚਾਰੇ ਵਿੱਚ ਕਾਫ਼ੀ ਰੋਸ ਪਾਇਆ ਜਾ ਰਿਹਾ ਹੈ।

ਹਰੀ ਸਿੰਘ ਨਲੂਆ ਅੱਠ ਫੁੱਟ ਉੱਚਾ ਧਾਤ ਦਾ ਢਾਂਚਾ 2017 ਵਿੱਚ ਚੌਂਕ ਵਿੱਚ ਲਗਾਇਆ ਗਿਆ ਸੀ। ਇਸ ਚੌਰਾਹੇ ਦਾ ਨਾਂ ਇਸਲਾਮ ਦੇ ਪਹਿਲੇ ਖਲੀਫਾ ਹਜ਼ਰਤ ਅਬਦੁਲ ਬਕਰ (ਆਰਏ) ਦੇ ਨਾਂ ‘ਤੇ ਹੈ, ਜਿਸ ਕਰਕੇ ਇਥੇ ਸਿੱਖ ਧਰਮ ਨਾਲ ਸਬੰਧਤ ਹਰੀ ਸਿੰਘ ਨਲੂਆ ਦੀ ਮੂਰਤੀ ਸਥਾਪਤ ਕਰਨ ਨੂੰ ਲੈ ਕੇ ਇਤਰਾਜ਼ ਉਠਾਇਆ ਗਿਆ। ਬੁੱਤ ਸਥਾਪਤ ਕਰਨ ਵੇਲੇ ਪ੍ਰਸ਼ਾਸਨ ਨੇ ਧਾਰਮਿਕ ਸੈਰ-ਸਪਾਟੇ ਤੇ ਸਹਿਣਸ਼ੀਲਤਾ ਨੂੰ ਉਤਸ਼ਾਹਤ ਕਰਨ ਵਰਗੇ ਲੰਮੇ-ਚੌੜੇ ਦਾਅਵੇ ਕੀਤੇ ਸਨ ਪਰ ਹੁਣ ਪ੍ਰਸ਼ਾਸਨ ਵੱਲੋਂ ਮੂਰਤੀ ਨੂੰ ਤੋੜਨ ਲੱਗਿਆਂ ਸਿੱਖ ਭਾਵਨਾਵਾਂ ਦਾ ਬਿਲਕੁਲ ਵੀ ਖ਼ਿਆਲ ਨਾਲ ਰਖਿਆ ਗਿਆ। ਇਸ ਬੁੱਤ ਦੇ ਹਟਾਉਣ ਨਾਲ ਸਿੱਖ ਭਾਈਚਾਰੇ ਵਿੱਚ ਕਾਫ਼ੀ ਰੋਸ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਹਰੀ ਸਿੰਘ ਨਲੂਆ ਦਾ ਬੁੱਤ ਹਟਾ ਕੇ ਪ੍ਰਸ਼ਾਸਨ ਨੇ ਉਨ੍ਹਾਂ ਦੇ ਭਾਵਨਾਤਮਕ ਤੇ ਧਾਰਮਿਕ ਕਦਰਾਂ-ਕੀਮਤਾਂ ਨੂੰ ਸੱਟ ਮਾਰੀ ਹੈ। ਸਿੱਖ ਭਾਈਚਾਰੇ ਦਾ ਕਹਿਣਾ ਹੈ ਕਿ ਪਾਕਿਸਤਾਨ ਵਿੱਚ ਅਜਿਹੇ ਫ਼ੈਸਲੇ ਲੈਣ ਵਾਲੇ ਅਧਿਕਾਰੀ ਭੁੱਲ ਰਹੇ ਹਨ ਕਿ ਇਤਿਹਾਸ ਨੂੰ ਨਾ ਤਾਂ ਬਦਲਿਆ ਜਾ ਸਕਦਾ ਹੈ ਤੇ ਨਾ ਹੀ ਪਲਟਿਆ ਜਾ ਸਕਦਾ ਹੈ।

ਰਿਪੋਰਟਾਂ ਮੁਤਾਬਕ ਮਹਾਰਾਜਾ ਹਰੀ ਸਿੰਘ ਨਲੂਆ ਦੀ ਮੂਰਤੀ ਨੂੰ ਜੀ.ਟੀ.ਰੋਡ ‘ਤੇ ਪੂਰਬ ਵੱਲ ਅੱਧਾ ਫਰਲਾਂਗ ਇਕ ਤਲਾਬ ‘ਤੇ ਲਿਜਾਇਆ ਜਾਵੇਗਾ। ਇਸ ਦੇ ਨਾਲ ਹੀ ਸਿੱਦੀਕੀ-ਏ-ਅਕਬਰ ਚੌਕ ਵਿਖੇ ਖਲੀਫਾ ਦੇ ਨਾਂ ‘ਤੇ ਨਵਾਂ ਸਮਾਰਕ ਸਥਾਪਿਤ ਕੀਤਾ ਜਾਵੇਗਾ। 

ਦੱਸਣਯੋਗ ਹੈ ਕਿ ਮਹਾਰਾਜਾ ਰਣਜੀਤ ਸਿੰਘ ਦੇ ਸਾਮਰਾਜ ਵਿੱਚ ਹਰੀ ਸਿੰਘ ਨਲੂਆ ਸਿੱਖ ਖਾਲਸਾ ਫੌਜ ਦੇ ਕਮਾਂਡਰ-ਇਨ-ਚੀਫ ਸਨ। ਉਨ੍ਹਾਂ ਕਈ ਲੜਾਈਆਂ ਲੜੀਆਂ ਜਿਨ੍ਹਾਂ ਵਿੱਚ ਕਸੂਰ, ਸਿਆਲਕੋਟ, ਅਟਕ, ਮੁਲਤਾਨ, ਕਸ਼ਮੀਰ, ਪਿਸ਼ਾਵਰ ਅਤੇ ਜਮਰੌਦ ਦੀਆਂ ਪ੍ਰਸਿੱਧ ਲੜਾਈਆਂ ਸਨ, ਜਿਨ੍ਹਾਂ ਵਿੱਚ ਹਰੀ ਸਿੰਘ ਨਲੂਆ ਨੇ ਕਮਾਂਡ ਸੰਭਾਲੀ ਅਤੇ ਜਿੱਤ ਹਾਸਲ ਕੀਤੀ।

Leave a Reply

Your email address will not be published. Required fields are marked *