ਪਟਨਾ, 18 ਮਾਰਚ
ਤਾਮਿਲਨਾਡੂ ਵਿੱਚ ਪਰਵਾਸੀ ਕਾਮਿਆਂ ‘ਤੇ ਹਮਲੇ ਸਬੰਧੀ ਫਰਜ਼ੀ ਵੀਡੀਓ ਸੋਸ਼ਲ ਮੀਡੀਆ ‘ਤੇ ਸਾਂਝੀ ਕਰਨ ਦੇ ਦੋਸ਼ ਹੇਠ ਬਿਹਾਰ ਪੁਲੀਸ ਨੂੰ ਲੋੜੀਂਦੇ ਮੁਲਜ਼ਮ ਯੂ-ਟਿਊਬਰ ਮਨੀਸ਼ ਕਸ਼ਯਪ ਨੇ ਅੱਜ ਪੱਛਮੀ ਚੰਪਾਰਨ ਜ਼ਿਲ੍ਹੇ ਦੇ ਜਗਦੀਸ਼ਪੁਰ ਵਿੱਚ ਪੁਲੀਸ ਅੱਗੇ ਆਤਮ-ਸਮਰਪਣ ਕਰ ਦਿੱਤਾ ਹੈ। ਬਿਹਾਰ ਪੁਲੀਸ ਦੀ ਆਰਥਿਕ ਅਪਰਾਧ ਇਕਾਈ (ਈਓਯੂ) ਨੇ ਕਸ਼ਯਪ ਅਤੇ ਹੋਰਾਂ ਖ਼ਿਲਾਫ਼ ‘ਤਾਮਿਲਨਾਡੂ ਵਿੱਚ ਪਰਵਾਸੀਆਂ ਦੀ ਹੱਤਿਆ ਅਤੇ ਕੁੱਟਮਾਰ ਕਰਨ ਦੀ ਫਰਜ਼ੀ ਵੀਡੀਓ ਸੋਸ਼ਲ ਮੀਡੀਆ ‘ਤੇ ਸਾਂਝੀ ਕਰਨ’ ਦੇ ਦੋਸ਼ ਹੇਠ ਤਿੰਨ ਕੇਸ ਦਰਜ ਕੀਤੇ ਗਏ ਸਨ। ਈਓਯੂ ਨੇ ਕਸ਼ਯਪ ਦੇ ਚਾਰ ਬੈਂਕ ਖਾਤਿਆਂ ਦੇ ਲੈਣ-ਦੇਣ ‘ਤੇ ਰੋਕ ਲਗਾ ਦਿੱਤੀ ਸੀ। ਈਓਯੂ ਨੇ ਇੱਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਯੂਟਿਊਬਰ ਮਨੀਸ਼ ਕਸ਼ਯਪ ਨੇ ਜਾਇਦਾਦ ਕੁਰਕੀ ਅਤੇ ਹੋਰ ਕਾਰਵਾਈ ਦੇ ਡਰੋਂ ਪੁਲੀਸ ਅੱਗੇ ਆਤਮ-ਸਮਰਪਣ ਕਰ ਦਿੱਤਾ ਹੈ। -ਪੀਟੀਆਈ